ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਅਕਾਲ ਤਖਤ ਕੀ ਅਤੇ ਕਿੱਥੇ :-
-: ਅਕਾਲ ਤਖਤ ਕੀ ਅਤੇ ਕਿੱਥੇ :-
Page Visitors: 3024

-: ਅਕਾਲ ਤਖਤ ਕੀ ਅਤੇ ਕਿੱਥੇ :-
ਸਿੱਖ ਜਗਤ ਵਿੱਚ ਅਕਾਲ ਤਖਤ ਸੰਬੰਧੀ ਬਹੁਤ ਵੱਡਾ ਭੁਲੇਖਾ (/ਝਮੇਲਾ) ਪਿਆ ਹੋਇਆ ਹੈ। ਆਮ ਸਧਾਰਣ ਸਿੱਖਾਂ ਦੀ ਤੇ ਗੱਲ ਛੱਡੋ, ਪੰਥ ਦੇ ਕਈ ਮਹਾਨ ਵਿਦਵਾਨ ਵੀ ਜਾਣੇ-ਅਨਜਾਣੇ ਇਸ ਭੁਲੇਖੇ ਦਾ ਸ਼ਿਕਾਰ ਹਨ।ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ, ਅਕਾਲ ਤਖਤ ਸੰਬੰਧੀ ਭੁਲੇਖੇ ਦੇ ਸ਼ਿਕਾਰ ਇੱਕ ਮਹਾਨ ਵਿਦਵਾਨ ਜੀ ਦੇ ਲੇਖ ਵਿੱਚੋਂ ਕੁਝ ਅੰਸ਼ ਪੇਸ਼ ਹਨ-
“ਅੱਜ ਅਕਾਲ ਤਖਤ ਦੇ ਨਾਮ ਦੀ ਦੁਰਵਰਤੋਂ ਕਰਕੇ ਇਕ ਦੇਹਧਾਰੀ ਮਨੁਖਾਂ ਦਾ ਗੁਲਾਮ ਮਨੁਖ ਅਕਾਲ ਤਖਤ ਪ੍ਰਚਾਰਿਆ ਜਾ ਰਿਹਾ ਹੈ,।
 …ਤਖਤ ਉਸਦਾ ਮੰਨਿਆਂ ਜਾਂਦਾ ਹੈ ਜਿਸਦਾ ਹੁਕਮ ਚਲਦਾ ਹੋਵੇ। ਕਿਉਂਕੇ ਸਾਰਾ ਬ੍ਰਹਿਮੰਡ ਉਸ ਅਕਾਲ ਪੁਰਖ ਦੇ ਹੁਕਮ ਵਿਚ ਹੈ,
 ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥
 ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥
 ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥
 ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥
 ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥
 ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ
॥੨॥ ”
“ਇਸ ਲਈ ਪੂਰਾ ਬ੍ਰਹਮੰਡ ਅਕਾਲ ਦਾ ਰਾਜ ਹੈ, ਤਖਤ ਅਕਾਲ ਪੁਰਖ ਤੋ ਅਰੰਭ ਹੋਇਆ ਹੈ ਅਤੇ ਅਕਾਲ ਪੁਰਖ ਦੇ ਸਿਧਾਂਤ {ਸਵਿਧਾਨ}ਹੁਕਮ ਅਨਸਾਰ ਹੀ ਚੱਲਦਾ ਹੈ ।”
ਰਾਜੁ ਤੇਰਾ ਕਬਹੁ ਨ ਜਾਵੈ ॥
ਰਾਜੋ ਤ ਤੇਰਾ ਸਦਾ ਨਿਹਚਲੁ ਏਹੁ ਕਬਹੁ ਨ ਜਾਵਏ ॥
 ਜਹ ਬੈਸਾਲਹਿ ਤਹ ਬੈਸਾ ਸੁਆਮੀ ਜਹ ਭੇਜਹਿ ਤਹ ਜਾਵਾ ॥
 ਸਭ ਨਗਰੀ ਮਹਿ ਏਕੋ ਰਾਜਾ ਸਭੇ ਪਵਿਤੁ ਹਹਿ ਥਾਵਾ
॥”
ਵਿਚਾਰ:- ਦੇਖੋ ਵਿਦਵਾਨ ਸੱਜਣ ਜੀ ਲਿਖ ਰਹੇ ਹਨ ਕਿ ‘ਤਖਤ ਉਸ ਦਾ ਮੰਨਿਆਂ ਜਾਂਦਾ ਹੈ ਜਿਸ ਦਾ ਸਾਰੇ ਬ੍ਰਹਮੰਡ ਤੇ *ਹੁਕਮ* ਚੱਲਦਾ ਹੈ।ਪਰ ਇਸ ਤੋਂ ਅੱਗੇ ਵਿਦਵਾਨ ਸੱਜਣ ਜੀ ਲਿਖਦੇ ਹਨ-
“ਗੁਰਬਾਣੀ ਅਨਸਾਰ ਇਹ ਹੈ ਜੋਤ ਰੂਪ ਅਕਾਲ ਪੁਰਖ ਦਾ ਤਖਤ ।ਹੁਣ ਜੋਤ ਰੂਪ ਅਕਾਲ ਪੁਰਖ ਨੇ ਸਿਧਾਂਤ ਰੂਪ ਰਾਜ ਜੋਗ {ਮੀਰੀ ਪੀਰੀ} ਦੇ ਅਕਾਲ ਤਖਤ ਦਾ ਵਾਰਸ ਜੋਤ ਰੂਪ ਹੋ ਕੇ ਗੁਰੁ ਨਾਨਕ ਕਹਾਇਆ ।
ਜੋਤਿ ਰੂਪਿ ਹਰਿ ਆਪਿ ਗੁਰੁ ਨਾਨਕੁ ਕਹਾਯਉ
 ਗੁਰੁ ਨਾਨਕ ਜੀ ਨੇ ਉਸ ਰਾਜ ਜੋਗ{ਮੀਰੀ ਪੀਰੀ} ਦੇ ਅਕਾਲ ਤਖਤ ਨੂੰ ਮਾਣਿਆਂ ”
ਵਿਚਾਰ:- ਪਾਠਕ ਧਿਆਨ ਦੇਣ, ‘ਜੋਤਿ ਰੂਪਿ ਹਰਿ ਆਪਿ *ਨਾਨਕ ਕਹਾਯਉ*’ ਦਾ ਮਤਲਬ ਹੈ ਕਿ, ਜੋਤਿ ਰੂਪ ਵਿੱਚ ਗੁਰੂ ਨਾਨਕ ਖੁਦ ਪਰਮਾਤਮਾ ਦਾ ਹੀ ਰੂਪ ਹੈ। ਤਖਤ ਦੇ ਵਾਰਸ ਹੋਣ ਦਾ ਕੋਈ ਜ਼ਿਕਰ ਨਹੀਂ ਹੈ। ਵਿਦਵਾਨ ਸੱਜਣ ਜੀ ਮੁਤਾਬਕ ਹੀ ਜਿਸ ਦਾ ਸਾਰੇ ਬ੍ਰਹਮੰਡ ਤੇ ਹੁਕਮ ਚੱਲਦਾ ਹੈ, ਉਸੇ ਦਾ ਤਖਤ ਹੈ ਅਤੇ ਹੁਕਮ ਕੀ ਹੈ, ਉਸ ਬਾਰੇ ਉਪਰ ਗੁਰਬਾਣੀ ਉਦਾਹਰਣਾਂ ਵੀ ਪੇਸ਼ ਕੀਤੀਆਂ ਗਈਆਂ ਹਨ-
 ‘ਹੁਕਮੀ ਹੋਵਨਿ ਆਕਾਰ… ਹੁਕਮੀ ਹੋਵਨਿ ਜੀਅ…॥’
 ਸੋਚਣ ਵਾਲੀ ਗੱਲ ਹੈ ਕਿ ਕੀ ਜਿਸ ਦਾ ਸਾਰੇ ਬ੍ਰਹਮੰਡ ਤੇ (ਹੁਣ ਵੀ) ਹੁਕਮ ਚੱਲਦਾ ਹੈ ਉਸ ਦਾ ਤਖਤ ਅੱਗੇ ਕਿਸੇ ਨੂੰ ਵਿਰਾਸਤ ਵਿੱਚ ਦਿੱਤਾ ਜਾ ਸਕਦਾ ਹੈ? ਜਿਸ ਤਖਤ ਤੇ ਬੈਠ ਕੇ ਉਹ ਸਾਰਿਆਂ ਦੀ ਸੰਭਾਲ ਕਰਦਾ ਹੈ (ਜਿਤੁ ਬਹਿ ਸਰਬ ਸਮਾਲੇ), ਕੀ ਅਕਾਲ ਪੁਰਖ ਦਾ ਉਹ ਤਖਤ ਅੱਗੇ ਗੁਰੂ ਨਾਨਕ ਜੀ ਨੂੰ ਵਿਰਾਸਤ ਵਿੱਚ ਮਿਲ ਗਿਆ? ਲੇਖਕ ਜੀ ਦੀ ਉਪਰ ਦਿੱਤੀ ਪੰਗਤੀ- ਵਿੱਚ *ਅਰੰਭ ਹੋਇਆ* ਲਫਜ਼ਾਂ ਵੱਲ ਖਾਸ ਧਿਆਨ ਦੇਣ ਦੀ ਜਰੂਰਤ ਹੈ, ਇਸ ਦਾ ਮਤਲਬ ਬਣਦਾ ਹੈ ਕਿ ਅਕਾਲ ਪੁਰਖ ਤੋਂ ਅਰੰਭ ਹੋ ਕੇ ਤਖਤ ਅੱਗੇ ਟ੍ਰਾਂਸਫਰ ਹੁੰਦਾ ਗਿਆ।
ਸਵਾਲ ਪੈਦਾ ਹੁੰਦਾ ਹੈ ਕਿ, ਕੀ ਅਕਾਲ ਪੁਖ ਦਾ ਬ੍ਰਹਮੰਡ-ਰੂਪੀ ਤਖਤ ਗੁਰੂ ਨਾਨਕ ਜੀ ਨੂੰ ਵਿਰਾਸਤ ਵਿੱਚ ਟ੍ਰਾਂਸਫਰ ਹੋਣ ਨਾਲ ਇਹ ਮੰਨਿਆ ਜਾਵੇਗਾ ਕਿ ਗੁਰੂ ਨਾਨਕ ਜੀ ਦੇ ਹੁਕਮ ਨਾਲ ਹੁਣ ਸੰਸਾਰ ਦੇ ਸਾਰੇ ਆਕਾਰ ਹੋਂਦ ਵਿੱਚ ਆਉਂਦੇ ਹਨ? ਗੁਰੂ ਨਾਨਕ  ਜੀ ਦੇ ਹੁਕਮ ਨਾਲ ਹੁਣ ਸਾਰੇ ਜੀਵ ਪੈਦਾ ਹੁੰਦੇ ਹਨ?-
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥
 ਹੁਕਮੀ ਹੋਵਨਿ ਜੀਅ
….”
ਵਿਦਵਾਨ ਸੱਜਣ ਜੀ ਅੱਗੇ ਲਿਖਦੇ ਹਨ:-
 “ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ
 ਇਹ ਰਾਜ ਜੋਗ ਮੀਰੀ ਪੀਰੀ ਦਾ ਤਖਤ ਅੱਗੇ ਚੱਲਦਾ ਗਿਆ। ”
ਅਫਸੋਸ ਹੈ ਕਿ ਵਿਦਵਾਨ ਸੱਜਣ ਜੀ ਉਤੇ ਅਜੋਕੇ ਅਖੌਤੀ ਜਾਗਰੁਕ ਵਿਦਵਾਨਾਂ ਦੀ ਸੋਚ ਦਾ ਪ੍ਰਭਾਵ ਕੁਝ ਜਿਆਦਾ ਪਿਆ ਹੋਇਆ ਹੈ (ਅਜੋਕੇ ਅਖੌਤੀ ਜਾਗਰਕ ਵਿਦਵਾਨ = ਜਿਹੜੇ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਵੱਧ ਪੜ੍ਹੇ ਲਿਖੇ ਅਤੇ ਸਮਝਦਾਰ ਹੋਣ ਦਾ ਭਰਮ ਪਾਲੀ ਬੈਠੇ ਹਨ।ਅਤੇ ਜਿਹੜੇ ਪੁਰਾਤਨ ਸਾਰੀਆਂ ਸਿੱਖ ਮਰਿਆਦਾਵਾਂ ਅਤੇ ਪਰਮਪਰਾਵਾਂ ਨੂੰ ਰੱਦ ਕਰਕੇ ਆਪਣੀਆਂ ਨਵੀਆਂ ਪਰਮਪਰਾਵਾਂ ਕਾਇਮ ਕਰਨ ਤੇ ਤੁਲੇ ਹੋਏ ਹਨ)।ਇਸੇ ਲਈ ਗੁਰਬਾਣੀ ਨੂੰ ਆਪਣੇ ਹੀ ਢੰਗ ਦੀ ਰੰਗਤ ਦੇ ਕੇ ਆਪਣਾ ਮਕਸਦ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਦੇਖੋ ਗੁਰਬਾਣੀ ਦੀ ਜਿਹੜੀ ਉਪਰ ਦਿੱਤੀ ਤੁਕ ਪੇਸ਼ ਕਰਕੇ ਵਿਦਵਾਨ ਸੱਜਣ ਜੀ ਤਖਤ ਦੇ ਅਰਥਾਂ ਨੂੰ ਪਹਿਲਾਂ ‘ਰਾਜ ਜੋਗ’ ਅਤੇ ਫੇਰ ‘ਮੀਰੀ ਪੀਰੀ’ ਦੇ ਅਰਥਾਂ ਵਿੱਚ ਤਬਦੀਲ ਕਰ ਰਹੇ ਹਨ, ਉਸ ਵਿੱਚ ਇਸ ਤਰ੍ਹਾਂ ਦਾ ਭਾਵ ਕਿਤੇ ਨੇੜੇ ਤੇੜੇ ਵੀ ਨਹੀਂ ਹੈ।ਤੁਕ ਵਿੱਚ ਤਾਂ ਇਹ ਗੱਲ ਕਹੀ ਗਈ ਹੈ ਕਿ ਜੋ ਮੈਨੂੰ ਧੁਰੋਂ ਖਸਮ ਵੱਲੋਂ ਗਿਆਨ ਜਾਂ ਸੋਝੀ ਆ ਰਿਹੀ ਹੈ ਉਹੀ ਮੈਂ ਅੱਗੇ ਬਿਆਨ ਕਰ ਰਿਹਾ ਹਾਂ।ਇਸ ਵਿੱਚ ਤਖਤ ਦੇ ਟ੍ਰਾਂਸਫਰ ਹੋਣ ਵਰਗੀ ਕੋਈ ਵੀ ਗੱਲ ਨਹੀਂ ਹੈ।
‘ਰਾਜ ਜੋਗ’ ਬਾਰੇ ਅਤੇ ਪ੍ਰਭੂ ਤੋਂ ਗੁਰੂ ਨਾਨਕ ਜੀ ਨੂੰ ਅਤੇ ਅੱਗੋਂ ਹੋਰ ਗੁਰੂ ਸਾਹਿਬਾਂ ਨੂੰ ਤਖਤ ਦੇ ਟ੍ਰਾਂਸਫਰ ਹੋਣ ਬਾਰੇ ਵਿਦਵਾਨ ਸੱਜਣ ਜੀ ਵੱਲੋਂ ਕੁੱਝ ਉਦਾਹਰਣਾਂ ਪੇਸ਼ ਕੀਤੀਆਂ ਗਈਆਂ ਹਨ –
ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥ …
.. ਸਭ ਬਿਧਿ ਮਾਨਿਉ ਮਨੁ ਤਬ ਹੀ ਭਯਉ ਪ੍ਰਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ
॥੪॥ ”
 “ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ ॥
 ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ ॥
 ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ ॥
ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ ॥
 ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ ॥
 ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ
॥੧॥
ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ ॥
 ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ ॥
 ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥
 ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥
 ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ ॥”
ਸਭ ਉਮਤਿ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ ॥
 ਤਖਤਿ ਬੈਠਾ ਅਰਜਨ ਗੁਰੁ ਸਤਿਗੁਰ ਕਾ ਖਿਵੈ ਚੰਦੋਆ
॥ ”
ਵਿਦਵਾਨ ਲੇਖਕ ਜੀ ਲਿਖਦੇ ਹਨ:- “ਕਿਉਂਕੇ ਇਹ ਤਖਤ, *ਅਕਾਲ ਪੁਰਖ ਤੋ ਚਲ ਰਿਹਾ ਸੀ* ਜੋ ਗੁਰੁ ਜਾਮਿਆਂ ਦੇ ਰਾਹੀ ਚਲਦਾ ਰਿਹਾ ਅਤੇ ਚਲਦਾ ਆਇਆ ਇਸੇ ਲਈ ਇਸ ਅਕਾਲ ਸਿਧਾਂਤ ਅਕਾਲ ਹੁਕਮ ਰੂਪ ਤਖਤ ਦਾ ਨਾਮ ਅਕਾਲ ਤਖਤ ਪ੍ਰਚੱਲਤ ਹੋਇਆ ਸਿਖ ਨੂੰ ਦ੍ਰਿੜਤਾ ਨਾਲ ਸਮਝ ਲੈਣਾ ਚਾਹੀਦਾ ਹੈ। ਕਿਉਂਕੇ ਇਹ ਧੁਰ ਕੀ ਬਾਣੀ ਅਕਾਲ ਹੁਕਮ ਹੈ ਇਸ ਲਈ ਗੁਰਬਾਣੀ ਸਿਧਾਂਤ ਹੀ ਅਕਾਲ ਤਖਤ ਦਾ ਪਰਤੀਕ ਹੈ।ਅਤੇ ਅੱਜ ਪਰਗਟ ਗੁਰਾਂ ਕੀ ਦੇਹ ਸ੍ਰੀ ਗੁਰੁ ਗ੍ਰੰਥ ਸਾਹਿਬ ਹੀ ਅਕਾਲ ਤਖਤ ਦਾ ਵਾਰਸ ਹੈ। ਹੋਰ ਕੋਈ ਇਮਾਰਤ ਜੋ ਉਸਾਰੀ ਜਾਂ ਢਾਹੀ ਜਾਂ ਸਕਦੀ ਹੈ, ਕੋਈ ਮਨੁਖ ਜੋ ਜਨਮ ਲੈਂਦਾ ਤੇ ਕਾਲ ਵਾਸ ਹੋ {ਮਰ} ਜਾਂਦਾ ਹੈ, ਅਕਾਲ ਜਾਂ ਅਕਾਲ ਤਖਤ ਨਹੀਂ ਹੋ ਸਕਦਾ।”
ਵਿਚਾਰ:- ਜਿਵੇਂ ਕਿ ਉਪਰ ਵੀ ਦੱਸਿਆ ਜਾ ਚੁੱਕਾ ਹੈ ਕਿ, ‘ਰਾਜ ਜੋਗ’ ਵਾਲਾ ਤਖਤ ਪ੍ਰਭੂ ਵੱਲੋਂ ਗੁਰੂ ਸਾਹਿਬਾਂ ਨੂੰ ਸੌਂਪੇ ਜਾਣ ਦਾ ਮਤਲਬ ਇਹ ਨਹੀਂ ਕਿ ਪ੍ਰਭੂ ਨੇ ਆਪਣਾ ਅਲਾਹੀ ਤਖਤ, ਜਿਸ ਤੇ ਬੈਠਕੇ ਉਹ ਸਾਰੇ ਸੰਸਾਰ ਦੀ ਸੰਭਾਲ ਕਰਦਾ ਹੈ, ਅਤੇ ਜੀਵ ਦੇ ਕੀਤੇ ਕਰਮਾਂ ਅਨੁਸਾਰ ਆਪਣਾ ਹੁਕਮ ਚਲਾਉਂਦਾ ਹੈ ,
ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ ॥
 ਨਾਨਕ ਸਚਾ ਸਚਿ ਨਾਇ ਸਚੁ ਸਭਾ ਦੀਬਾਨੁ

 ਅੱਗੇ ਟ੍ਰਾਂਸਫਰ ਕਰ ਦਿੱਤਾ।
ਰਾਜ ਜੋਗ ਵਾਲਾ ਤਖਤ ਅਤੇ ਅਕਾਲ ਪੁਰਖ ਦਾ ਉਹ ਅਲਾਹੀ ਤਖਤ ਜਿੱਥੇ ਬੈਠ ਕੇ ਸਭ ਦੀ ਸੰਭਾਲ ਕਰਦਾ ਹੈ, ਦਾ ਫਰਕ ਸਮਝਣ ਦੀ ਜਰੂਰਤ ਹੈ।ਰਾਜ ਜੋਗ ਵਾਲਾ ਤਖਤ ਗੁਰੂ ਸਾਹਿਬਾਂ ਨੂੰ ਸੌਂਪਣ ਤੇ ਵੀ ਪ੍ਰਭੂ ਦਾ ਅਲਾਹੀ ਤਖਤ ਉਸੇ ਤਰ੍ਹਾਂ ਨਿਹਚਲ ਸੀ, ਨਿਹਚਲ ਹੈ ਅਤੇ ਨਿਹਚਲ ਰਹੇਗਾ।ਅਕਾਲ ਪੁਰਖ ਦਾ ਅਲਾਹੀ ਤਖਤ ਅੱਗੇ ਟ੍ਰਾਂਸਫਰ ਨਹੀਂ ਹੁੰਦਾ।
ਰਾਜ ਜੋਗ’ ਦਾ ਮਤਲਬ ਮਹਾਨ ਕੋਸ਼ ਮੁਤਾਬਕ ਹੈ- ‘ਸੰਸਾਰ ਦੇ ਵਿਹਾਰ ਕਰਦੇ ਹੋਏ ਕਰਤਾਰ ਦੇ ਨਾਲ ਮਨ ਜੋੜਨਾ’। ਅਰਥਾਤ (ਕਿਤੇ ਜੰਗਲਾਂ ਪਹਾੜਾਂ ਵਿੱਚ ਸਮਾਧੀਆਂ ਲਗਾ ਕੇ ਨਹੀਂ) ਸੰਸਾਰ ਤੇ ਵਿਚਰਦੇ ਹੋਇਆਂ, ਕਰਤਾਰ ਨਾਲ ਲਿਵ ਜੋੜੀ ਰੱਖੀ।ਅਕਾਲ ਪੁਰਖ ਨੇ ਉਹ ਤਖਤ ਬਖਸ਼ਿਆ ਜਿਸ ਤੇ ਬਹਿਕੇ ਗੁਰੂ ਸਾਹਿਬ ਪ੍ਰਵਿਰਤੀ ਵਿੱਚ ਨਿਵਰਤ ਰਹਿਕੇ ਵਿਚਰੇ, ਮਾਇਆ ਵਿੱਚ ਰਹਿੰਦੇ ਹੋਏ ਮਾਇਆ ਤੋਂ ਨਿਰਲੇਪ ਰਹਿਕੇ ਅਕਾਲ ਪੁਰਖ ਨਾਲ ਲਿਵ ਜੋੜੀ ਰੱਖੀ।ਇਹ ਹੈ ਰਾਜ ਜੋਗ।
ਮੌਜੂਦਾ ਅਕਾਲ ਤਖਤ ਬਾਰੇ:-
ਵਿਦਵਾਨ ਲੇਖਕ ਜੀ:- “ਪਰ ਅੱਜ ਸਿਖ ਕੌਮ ਨਾਲ ਧੋਖਾ ਹੋ ਰਿਹਾ ਹੈ ਜੋ ਅਪਣੇ ਗੁਲਾਮ ਦੇਹ ਧਾਰੀਆਂ ਨੂੰ ਸ੍ਰੀ ਅਕਾਲ ਤਖਤ ਆਖ ਕੇ ਗੁਰੁ ਦੇ ਅਕਾਲ ਪੁਰਖ ਦੇ ਬਰਾਬਰ ਖੜਾ ਕੀਤਾ ਜਾ ਰਿਹਾ ਹੈ ਜੋ ਅਕਾਲ ਪੁਰਖ ਵਲੋਂ ਧੁਰ ਕੀ ਬਾਣੀ ਦੀ ਥਾਵੇਂ ਅਪਣੇ ਸਿਆਸੀ ਹੁਕਮ ਨਾਮੇ ਜਾਰੀ ਕਰਕੇ ਸਿਖੀ ਨੂੰ ਅਕਾਲ ਪੁਰਖ ਦੇ ਤਖਤ ਰੂਪ ਗੁਰਬਾਣੀ ਤੋਂ ਤੋੜ ਰਹੇ ਹਨ ਅੱਜ ਕੌਮ ਨੂੰ ਜਾਗਰਤੀ ਦੀ ਲੋੜ ਹੈ।”
ਵਿਚਾਰ:- ਗੁਰਬਾਣੀ ਵਿੱਚ ਤਿੰਨ ਕਿਸਮ ਦੇ ਤਖਤਾਂ ਦਾ ਜ਼ਿਕਰ ਹੈ ਅਤੇ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਚਉਥਾ ਮੀਰੀ ਪੀਰੀ ਦਾ ਤਖਤ ਉਹਨਾਂ ਤਿੰਨਾਂ ਤਖਤਾਂ ਤੋਂ ਵੱਖਰਾ ਸਥਾਪਿਤ ਕੀਤਾ ਗਿਆ ਹੈ।ਇਸ ਫਰਕ ਨੂੰ ਸਮਝਣ ਦੀ ਜਰੂਰਤ ਹੈ।
ਪਹਿਲਾ ਤਖਤ, ਪ੍ਰਭੁ ਦਾ ਅਲਾਹੀ ਤਖਤ:-
ਸਚੈ ਤਖਤੁ ਰਚਾਇਆ ਬੈਸਣ ਕਉ ਜਾਂਈ ॥
 ਸਭੁ ਕਿਛੁ ਆਪੇ ਆਪਿ ਹੈ ਗੁਰ ਸਬਦਿ ਸੁਣਾਈ ॥
 ਆਪੇ ਕੁਦਰਤਿ ਸਾਜੀਅਨੁ ਕਰਿ ਮਹਲ ਸਰਾਈ ॥
 ਚੰਦੁ ਸੂਰਜੁ ਦੁਇ ਚਾਨਣੇ ਪੂਰੀ ਬਣਤ ਬਣਾਈ ॥
 ਆਪੇ ਵੇਖੈ ਸੁਣੇ ਆਪਿ ਗੁਰ ਸਬਦਿ ਧਿਆਈ
॥੧॥ {ਪੰਨਾ 947}
ਅਰਥ:- ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ ਇਹ (ਜਗਤ-ਰੂਪ) ਤਖ਼ਤ ਆਪਣੇ ਬੈਠਣ ਲਈ ਥਾਂ ਬਣਾਇਆ ਹੈ । (ਇਸ ਜਗਤ ਵਿਚ) ਹਰੇਕ ਚੀਜ਼ ਉਸ ਪ੍ਰਭੂ ਦਾ ਆਪਣਾ ਹੀ ਸਰੂਪ ਹੈ—ਇਹ ਗੱਲ ਸਤਿਗੁਰੂ ਦੇ ਸ਼ਬਦ ਨੇ ਦੱਸੀ ਹੈ । ਇਹ ਸਾਰੀ ਕੁਦਰਤਿ ਉਸ ਨੇ ਆਪ ਹੀ ਪੈਦਾ ਕੀਤੀ ਹੈ, (ਕੁਦਰਤਿ ਦੇ ਸਾਰੇ ਰੁੱਖ ਬਿਰਖ ਆਦਿਕ, ਮਾਨੋ, ਰਹਿਣ ਲਈ ਉਸ ਨੇ) ਮਹਲ ਮਾੜੀਆਂ ਬਣਾਏ ਹਨ; ਇਹਨਾਂ ਮਹਲ ਮਾੜੀਆਂ (ਵਿਚ) ਚੰਦ ਤੇ ਸੂਰਜ ਦੋਵੇਂ (ਮਾਨੋ ਉਸ ਦੇ ਜਗਾਏ ਹੋਏ) ਦੀਵੇ ਹਨ । (ਪ੍ਰਭੂ ਨੇ ਕੁਦਰਤਿ ਦੀ ਸਾਰੀ) ਬਣਤਰ ਮੁਕੰਮਲ ਬਣਾਈ ਹੋਈ ਹੈ । (ਇਸ ਵਿਚ ਬੈਠ ਕੇ) ਆਪ ਹੀ ਵੇਖ ਰਿਹਾ ਹੈ, ਆਪ ਹੀ ਸੁਣ ਰਿਹਾ ਹੈ; ਉਸ ਪ੍ਰਭੂ ਨੂੰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਧਿਆਇਆ ਜਾ ਸਕਦਾ ਹੈ।”
ਅਰਥਾਤ, ਇਹ ਸਾਰਾ ਸੰਸਾਰ, ਸਾਰਾ ਪਸਾਰਾ ਹੀ ਉਸ ਦਾ ਤਖਤ ਹੈ।
ਸਚੀ ਕੀਮਤਿ ਪਾਇ ਤਖਤੁ ਰਚਾਇਆ ॥
 ਦੁਨੀਆ ਧੰਧੈ ਲਾਇ ਆਪੁ ਛਪਾਇਆ ॥
 ਧਰਮੁ ਕਰਾਏ ਕਰਮ ਧੁਰਹੁ ਫੁਰਮਾਇਆ
॥ {ਪੰਨਾ 1279}
 (ਪ੍ਰਭੂ ਨੇ) ਸਦਾ ਅਟੱਲ ਰਹਿਣ ਵਾਲੇ ਮੁੱਲ ਵਾਲੀ (ਆਪਣੀ ਸੱਤਿਆ) ਪਾ ਕੇ (ਇਹ ਜਗਤ, ਮਾਨੋ, ਆਪਣਾ) ਤਖ਼ਤ ਬਣਾਇਆ ਹੈ, ਇਸ ਵਿਚ ਦੁਨੀਆ (ਦੇ ਜੀਵਾਂ) ਨੂੰ ਧੰਧੇ ਵਿਚ ਰੁੰਨ੍ਹ ਕੇ (ਪ੍ਰਭੂ ਨੇ) ਆਪਣੇ ਆਪ ਨੂੰ ਲੁਕਾ ਰੱਖਿਆ ਹੈ । (ਇਹ ਭੀ) ਧੁਰੋਂ (ਪ੍ਰਭੂ ਦਾ ਹੀ) ਫ਼ੁਰਮਾਨ ਹੈ ਕਿ ਧਰਮ ਰਾਜ (ਜੀਵਾਂ ਤੋਂ ਚੰਗੇ ਮੰਦੇ) ਕੰਮ ਕਰਾ ਰਿਹਾ ਹੈ ”
ਦੂਸਰਾ ਤਖਤ ਉਹ ਹੈ ਜਿਸ ਤੇ ਬੈਠ ਕੇ ਗੁਰੂ ਸਾਹਿਬਾਂ ਨੇ ਰਾਜ ਜੋਗ ਮਾਣਿਆ।(ਉਦਾਹਰਣਾਂ ਉਪਰ ਦਿੱਤੀਆਂ ਜਾ ਚੁੱਕੀਆਂ ਹਨ)
ਤੀਸਰਾ ਤਖਤ
ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥
 ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ ॥
 ਏਹਿ ਭੂਪਤਿ ਰਾਜੇ ਨ ਆਖੀਅਹਿ ਦੂਜੈ ਭਾਇ ਦੁਖੁ ਹੋਈ
॥ {ਪੰਨਾ 1088}
ਅਰਥ:- ਜੋ ਮਨੁੱਖ ਤਖ਼ਤ ਦੇ ਜੋਗ ਹੁੰਦਾ ਹੈ ਉਹੀ ਰਾਜਾ ਬਣ ਕੇ ਤਖ਼ਤ ਤੇ ਬੈਠਦਾ ਹੈ (ਭਾਵ, ਜੋ ਮਾਇਆ ਦੀ ‘ਤ੍ਰਿਸ਼ਨਾ ਭੁਖ’ ਗਵਾ ਕੇ ਬੇਪਰਵਾਹ ਹੋ ਜਾਂਦਾ ਹੈ ਉਹੀ ਆਦਰ ਪਾਂਦਾ ਹੈ); ਸੋ, ਜਿਨ੍ਹਾਂ ਨੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਹੈ ਉਹੀ ਅਸਲ ਰਾਜੇ ਹਨ ।
ਧਰਤੀ ਦੇ ਮਾਲਕ ਬਣੇ ਹੋਏ ਇਹ ਲੋਕ ਰਾਜੇ ਨਹੀਂ ਕਹੇ ਜਾ ਸਕਦੇ, ਇਹਨਾਂ ਨੂੰ ਮਾਇਆ ਦੇ ਮੋਹ ਕਰਕੇ ਸਦਾ ਦੁੱਖ ਵਾਪਰਦਾ ਹੈ”।
ਚਉਥਾ ਤਖਤ ਉਹ ਹੈ ਜੋ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ ਪੀਰੀ ਦਾ ਸਥਾਪਤ ਕੀਤਾ।ਪੀਰੀ ਦਾ ਸੰਕਲਪ ਤਾਂ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਰੂਪ ਵਿੱਚ ਪਹਿਲਾਂ ਹੀ ਸਥਿਤ ਸੀ।ਪਰ ਗੁਰੂ ਅਰਜੁਨ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਸਾਹਿਬ ਨੇ ‘ਮੀਰੀ + ਪੀਰੀ’ ਦਾ ਤਖਤ ਸਥਾਪਿਤ ਕਰ ਦਿੱਤਾ।ਜਿੱਥੋਂ ਸਿੱਖਾਂ ਨਾਲ ਸੰਬੰਧਤ ਰਾਜਸੀ, ਸਿਆਸੀ ਅਤੇ ਹੋਰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਸੰਬੰਧੀ ਵਿਚਾਰ ਵਿਮਰਸ਼ ਹੁੰਦਾ ਸੀ ਅਤੇ ਉਥੋਂ ਹੁਕਮ ਨਾਮੇ, ਸੰਦੇਸ਼ ਅਤੇ ਆਦੇਸ਼ ਜਾਰੀ ਕੀਤੇ ਜਾਂਦੇ ਸਨ।ਇਸ ਸਿਧਾਂਤ ਨੂੰ ਸਮਝਣ ਦੀ ਜਰੂਰਤ ਹੈ ਕਿ ਗੁਰੂ ਗ੍ਰੰਥ ਸਾਹਿਬ ਤੋਂ ਅਧਿਆਤਮਕ ਪੱਖੋਂ ਸੇਧ ਮਿਲਦੀ ਹੈ ਅਤੇ ਗੁਰੂ ਸਾਹਿਬ ਦੇ ਫਲਸਫੇ ਮੁਤਾਬਕ ਅਧਿਆਤਮਕ ਵਿਚਾਰ ਵੇਲੇ ਦੁਨਿਆਵੀ ਜਾਂ ਪੰਥਕ ਮਸਲਿਆਂ ਬਾਰੇ ਵਿਚਾਰ ਨਹੀਂ ਹੋਣੀ ਚਾਹੀਦੀ।ਇਸ ਲਈ ਵੱਖਰੇ ਤੌਰ ਤੇ ਅਕਾਲ ਬੁੰਗਾ/ ਅਕਾਲ ਤਖਤ ਸਥਾਪਤ ਕੀਤਾ ਗਿਆ।ਜਿੱਥੇ ਗੁਰੂ ਗ੍ਰੰਥ ਸਾਹਿਬ(ਪੀਰੀ) ਦੇ ਫਲਸਫੇ ਨੂੰ ਜ਼ਹਨ ਵਿੱਚ ਰੱਖਦੇ ਹੋਏ ਮੀਰੀ ਪੱਖੋਂ ਵਿਚਾਰ ਵਟਾਂਦਰਾ ਕੀਤਾ ਜਾਂਦਾ ਸੀ।
ਪਰ ਅਕਾਲ ਤਖਤ ਦੀ ਮੌਜੂਦਾ ਵਿਗੜੀ ਅਤੇ ਅਤ ਦਰਜੇ ਦੀ ਗੰਧਲੀ ਹੋਈ ‘ਵਿਵਸਥਾ’ ਦੇ ਕਾਰਣ ਅਜੋਕੇ ਕੁਝ ਵਿਦਵਾਨ ਜਾਣੇ ਅਨਜਾਣੇ ਅਕਾਲ ਤਖਤ ਤੇ ਹੀ ਪ੍ਰਸ਼ਨ ਚਿੰਨ੍ਹ ਲਗਾਉਣ ਲੱਗੇ ਹੋਏ ਹਨ।ਚੇਤਾ ਰੱਖਣਾ ਚਾਹੀਦਾ ਹੈ ਕਿ ਸਿੱਖਾਂ ਨੂੰ ਮਸਲੇ ਗੁਰੂ ਸਾਹਿਬਾਂ ਦੇ ਸਮੇਂ ਵੀ ਪੇਸ਼ ਆਉਂਦੇ ਰਹੇ ਹਨ ਅਤੇ ਹੁਣ ਵੀ ਆ ਰਹੇ ਹਨ। ਗੁਰੂ ਸਾਹਿਬਾਂ ਦੇ ਸਮੇਂ ਗੁਰੂ ਸਾਹਿਬ ਖੁਦ ਅਕਾਲ ਤਖਤ ਤੋਂ ਮਸਲਿਆਂ ਦੇ ਹਲ ਬਾਰੇ ਫੈਸਲੇ ਕਰਦੇ ਰਹੇ ਹਨ। ਮੌਜੂਦਾ ਸਮੇਂ ਅਕਾਲ ਤਖਤ ਦੀ ਵਿਵਸਥਾ ਦੇ ਮੁਖੀ ਨੂੰ ਜੱਥੇਦਾਰ ਕਿਹਾ ਜਾਂਦਾ ਹੈ।ਇਹ ਮੁੱਖ ਤੌਰ ਤੇ ਸਮਝਣ ਦੀ ਜਰੂਰਤ ਹੈ ਕਿ ਮੌਜੂਦਾ ਕਾਫੀ ਲੰਬੇ ਸਮੇਂ ਤੋਂ ਗੰਧਲੀ ਰਾਜ ਨੀਤਕ ਦਖਲ ਅੰਦਾਜੀ ਕਰਕੇ ਅਕਾਲ ਤਖਤ ਦੀ ਵਿਵਸਥਾ ਵਿੱਚ ਵੀ ਗੰਧਲਾਪਨ ਆਇਆ ਹੈ, ਪਰ ਗੁਰੂ ਸਾਹਿਬ ਦੁਆਰਾ ਸਥਾਪਤ ਕੀਤਾ ਅਕਾਲ ਬੁੰਗਾ/ ਅਕਾਲ ਤਖਤ ਵਾਲਾ *ਫਲਸਫਾ* ਹਮੇਸ਼ਾਂ ਹੀ ਦੋਸ਼-ਰਹਿਤ ਰਹੇਗਾ।ਜਰੂਰਤ ਵਿਕੇ ਹੋਏ ਅਜੋਕੇ ਅਖੌਤੀ ਜੱਥੇਦਾਰਾਂ ਤੋਂ ਅਕਾਲ ਤਖਤ ਨੂੰ ਆਜ਼ਾਦ ਕਰਵਾ ਕੇ ਕਿਸੇ ਕਾਰਗਰ ਵਿਵਸਥਾ ਬਾਰੇ ਸੋਚਣ ਦੀ ਹੈ। ਗੁਰਬਾਣੀ ਦੀਆਂ ਉਦਾਹਰਣਾ ਦੇ ਆਪਣੇ ਹੀ ਅਰਥ ਸਮਝ ਸਮਝਾ ਅਕਾਲ ਤਖਤ ਦੇ ਫਲਸਫੇ ਨੂੰ ਹੀ ਰੱਦ ਕਰਨ ਦੀ ਨਹੀਂ।
ਇੱਕ ਗੱਲ ਹੋਰ ਧਿਆਨ ਵਿੱਚ ਰੱਖਣ ਦੀ ਜਰੂਰਤ ਹੈ ਕਿ ਦਰਬਾਰ ਸਾਹਿਬ ਤੋਂ ਵੱਖਰੇ ਅਕਾਲ ਤਖਤ ਦੀ ਸਥਾਪਨਾ ਦਾ ਮਕਸਦ ਇਹ ਵੀ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਕਦੇ ਵੀ ਬਦਲਦਾ ਨਹੀਂ ਪਰ ਸਿੱਖਾਂ ਨੂੰ ਦਰ-ਪੇਸ਼ ਆਉਂਦੀਆਂ ਚਨੌਤੀਆਂ ਅਤੇ ਸਮੱਸਿਆਵਾਂ ਸਮੇਂ ਸਮੇਂ ਤੇ ਬਦਲਦੀਆਂ ਰਹਿਣ ਕਰਕੇ ਅਕਾਲ ਤਖਤ ਤੋਂ ਜਾਰੀ ਹੁੰਦੇ ਹੁਕਮਨਾਮੇਂ, ਸੰਦੇਸ਼ ਅਤੇ ਆਦੇਸ਼ ਸਮੇਂ ਸਮੇਂ ਤੇ ਬਦਲ ਸਕਦੇ ਹਨ।ਪਰ ਕਦੇ ਵੀ ਕਿਸੇ ਵੀ ਸਮੇਂ ਤੇ ਅਕਾਲ ਤਖਤ ਤੋਂ ਬਦਲਦੇ ਸੰਦੇਸ਼ ਅਤੇ  ਆਦੇਸ਼ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨਾਲ ਟਕਰਾਵ ਵਾਲੇ ਨਹੀਂ ਹੋ ਸਕਦੇ। ਇਸੇ ਕਰਕੇ ‘ਮੀਰੀ + ਪੀਰੀ’ ਦਾ ਸਿਧਾਂਤ ਹੈ। ਅਕਾਲ ਤਖਤ ਨੂੰ ਦਰਬਾਰ ਸਾਹਿਬ ਤੋਂ ਵੱਖਰਾ ਸਥਾਪਿਤ ਕਰਕੇ ਗੁਰੂ ਸਾਹਿਬ ਨੇ ਸਿਧਾਂਤ ਰੂਪ ਇੱਕ ਵੱਖਰਾ ਫਲਸਫਾ ਦਿੱਤਾ ਹੈ।ਤਾਂ ਕਿ ਪ੍ਰਸਥਿਤੀਆਂ ਦੇ ਬਦਲਣ ਨਾਲ, ਅਕਾਲ ਤਖਤ ਤੋਂ ਬਦਲਦੇ ਸੰਦੇਸ਼ਾਂ ਆਦੇਸ਼ਾਂ ਦੀ ਵਜ੍ਹਾ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਬਦਲਣ ਵਾਲੇ ਫਲਸਫੇ ਦੇ ਰੂਪ ਵਿੱਚ ਨਾ ਸਮਝ ਲਿਆ ਜਾਵੇ।
ਆਓ ਆਪਾਂ ਸਾਰੇ ਗੁਰਸਿੱਖ ਵੀਰ ਸਿੱਖਾਂ ਨੂੰ ਪੇਸ਼ ਆਉਂਦੇ ਮਸਲਿਆਂ ਦੇ ਸਹੀ ਕਾਰਣ ਨੂੰ ਪਛਾਣ ਕੇ ਸਹੀ ਹਲ ਲਭਣ ਦੀ ਕੋਸ਼ਿਸ਼ ਕਰੀਏ।ਅਕਾਲ ਤਖਤ ਨੂੰ ਪੰਥ-ਦੋਖੀਆਂ ਤੋਂ ਆਜ਼ਾਦ ਕਰਵਾਉਣ ਬਾਰੇ ਹਲ ਸੋਚੀਏ। ਨੁਕਸ ਕਿਤੇ ਹੋਰ ਅਤੇ ਦਵਾਈ ਕੋਈ ਹੋਰ ਕਰਕੇ,
 ਨੀਮ ਹਕੀਮ ਖਤਰਾ ਏ ਜਾਨ ਅਤੇ ਮਰਜ ਬੜਤਾ ਗਿਆ ਜਿਉਂ ਜਿਉਂ ਦਵਾ ਕੀ’
 ਵਾਲੇ ਡਾਕਟਰ ਸਾਬਤ ਨਾ ਹੋਈਏ।
ਜਸਬੀਰ ਸਿੰਘ ਵਿਰਦੀ

 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.