ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਕਰਮ ਸਿਧਾਂਤ :- (ਭਾਗ-1)
-: ਕਰਮ ਸਿਧਾਂਤ :- (ਭਾਗ-1)
Page Visitors: 3166

               -: ਕਰਮ ਸਿਧਾਂਤ :-  (ਭਾਗ-1)
  (ਇਹ ਲੇਖ ਭਗਤ ਸਿੰਘ ਹੀਰਾ ਦੀ ਕਿਤਾਬ ‘ਗੁਰਮਤਿ ਵਿਚਾਰਧਾਰਾ’ ਵਿੱਚੋਂ ਉਤਾਰਾ ਕੀਤਾ ਗਿਆ ਹੈ)
                (ਅਨ-ਮੱਤੀ ਧਰਮਾਂ ਅਨੁਸਾਰ ਕਰਮ ਸਿਧਾਂਤ-)
ਦੇਹ ਸੰਯੁਕਤ ਜੀਵ-ਆਤਮਾ ਦਾ ਪੁੰਨ-ਪਾਪ ਦੀ ਚੇਸ਼ਟਾ ਅਨੁਸਾਰ ਕ੍ਰਿਆ ਕਰਨ ਦਾ ਨਾਮ ਹੀ ‘ਕਰਮ’ ਹੈ। ਸ੍ਰਿਸ਼ਟੀ ਕਰਮ ਖੇਤਰ ਹੈ,ਤੇ ਇਸ ਖੇਤਰ ਵਿੱਚ ਜੰਮੇ ਹਰ ਮਨੁੱਖ ਨੇ ਕੁਝ ਨਾ ਕੁਝ ਕਰਨਾ ਹੀ ਹੈ। ਇਹ ਕੁਝ ਨਾ ਕੁਝ ਕਰਨਾ ਹੀ ਉਸਦੇ ਕਰਮ ਹਨ। ਜਿਸ ਤਰ੍ਹਾਂ ਜ਼ਹਰ ਦੀ ਤਾਸੀਰ ਮਾੜੀ ਅਤੇ ਅੰਮ੍ਰਿਤ ਦੀ ਖਾਸੀਅਤ ਚੰਗੀ ਹੁੰਦੀ ਹੈ। ਇਸੇ ਤਰ੍ਹਾਂ ਕਰਮ ਚੰਗੇ ਤੇ ਮੰਦੇ ਹੁੰਦੇ ਹਨ। ਤੇ ਫਲੀਭੂਤ ਵੀ ਹੁੰਦੇ ਹਨ। ਆਵਾਗਉਣ, ਸਵਰਗ-ਨਰਕ, ਬਹਿਸ਼ਤ-ਦੋਜਖ ਦੇ ਸਿਧਾਂਤ ਇਸ ਕਰਮ ਖੇਤਰ ਵਿੱਚ ਕੀਤੇ ਪੁੰਨ-ਪਾਪ ਜਾਂ ਚੰਗੇ ਮੰਦੇ ਕਰਮਾਂ ਦਾ ਹੀ ਨਬੇੜਾ ਹਨ।
ਮਤ-ਮਤਾਂਤਰ੍ਹਾਂ ਦੀ ਛਾਣ-ਬੀਣ ਕਰਨ ਉਪਰੰਤ ਸਾਨੂੰ ਲਗਭਗ ਹਰ ਮੱਤ ਵਿੱਚ ਇਸ ਮਸਲੇ ਦੇ ਵਿਚਾਰਾਂ ਵਿੱਚ ਸਪੱਸ਼ਟ ਅੰਤਰ ਪ੍ਰਤੀਤ ਹੁੰਦਾ ਹੈ। ਇਉਂ ਜਾਪਦਾ ਹੈ ਜਿਵੇਂ ਹਰ ਮੱਤ ਦਾ ਆਪਣਾ ਵੱਖਰਾ ਹੀ ਦ੍ਰਿਸ਼ਟੀਕੋਨ ਹੈ।
ਗੌਤਮ ਅਤੇ ਕਣਾਦ ਵਿਅਕਤੀਗਤ ਆਤਮਾਵਾਂ, ਜੀਵਨ ਅਤੇ ਹੋਣੀ ਭੌਤਕ ਨਿਯਮਾਂ ਦੇ ਅਧੀਨ ਹੀ ਨਹੀਂ ਮੰਨਦਾ, ਸਗੋਂ ਉਸਦੇ ਖਿਆਲ ਅਨੁਸਾਰ ਕਰਮਾਂ ਦਾ ਇਖ਼ਲਾਕੀ ਨਿਯਮ ਵੀ ਇਨ੍ਹਾਂ ਤੇ ਲਾਗੂ ਹੁੰਦਾ ਹੈ। ਜੀਵਾਂ ਦੇ ਅਦ੍ਰਿਸ਼ਟ ਕਰਮ ਹੀ ਜੀਵਾਂ ਦੀ ਉਤਪਤੀ ਦਾ ਕਾਰਣ ਹਨ।
ਕਪਲ ਰਿਸ਼ੀ ਅਨੁਸਾਰ-ਪ੍ਰਕ੍ਰਿਤੀ ਦੀ ਵਿਭੂਤੀ ਦੁਆਰਾ ਜੀਵ ਆਤਮਾ ਦਾ ਸਥੂਲ ਸਰੀਰ ਸਾਜਣਾ ਤੇ ਜੂਨਾਂ ਵਿੱਚ ਭਰਮਣਾ ਕਰਮਾਂ ਅਨੁਸਾਰੀ ਹੈ। ਉਸ ਦੇ ਖਿਆਲ ਵਿੱਚ ਕਰਮ ਤੇ ਪੁਨਰ ਜਨਮ ਦੇ ਨਿਯਮ ਹੀ ਸ੍ਰਿਸ਼ਟੀ ਰਚਨਾ ਦੇ ਸੰਚਾਲਕ ਹਨ। ਸਾਂਖ ਸ਼ਾਸਤਰ ਅਨੁਸਾਰ ਹਰ ਜੀਵ-ਆਤਮਾ ਅਸਥੂਲ ਸਰੀਰ ਦੇ ਨਾਲ-ਨਾਲ ਹੀ ਇਕ ਸੂਖਮ ਸਰੀਰ ਵੀ ਧਾਰਨ ਕਰ ਲੈਂਦਾ ਹੈ ਤੇ ਕਰਮ ਅਤੇ ਗਿਆਨ ਵਾਸ਼ਨਾ ਤੋਂ ਇਹ ‘ਸੂਖਮ ਸਰੀਰ (ਲਿੰਗ ਸਰੀਰ)’ ਹੀ ਪ੍ਰੇਰਨਾ ਲੈ ਕੇ ਇੱਕ ਅਸਥੂਲ ਸਰੀਰ ਤੋਂ ਵਿਛੜਦਾ ਤੇ ਦੂਜੀ ਸਥੂਲ ਦੇਹੀ ਵਿੱਚ ਪ੍ਰਵੇਸ਼ ਕਰਦਾ ਹੈ। ‘ਲਿੰਗ ਸਰੀਰ (ਸੂਖਮ ਸਰੀਰ)’ ਦਾ ਨਾਸ਼ ਪਰਲੈ ਤੱਕ ਨਹੀਂ ਹੁੰਦਾ। ਪਰਲੈ ਹੋਣ ਤੇ ਇਹ ਪ੍ਰਕਿਰਤੀ ਵਿੱਚ ਹੀ ਲੀਨ ਹੋ ਜਾਂਦਾ ਹੈ, ਅਤੇ ਮੁੜ ਉਤਪਤੀ ਹੋਣ ਤੇ ਨਵੇਂ ਸਿਰੇ ਫੇਰ ਉਪਜਦਾ ਹੈ। ਇਸ ਮੱਤ ਅਨੁਸਾਰ ‘ਮੁਕਤੀ’ ‘ਕਰਮ-ਮੁਕਤ’ ਹੋਣ ਦਾ ਨਾਮ ਨਹੀਂ, ਸਗੋਂ ਪੁਰਖ ਵਿਵੇਕ ਨਾਲ ਆਪਣੇ ਆਪ ਨੂੰ ਪ੍ਰਕਿਰਤੀ ਤੇ ਉਸਦੇ ਕਾਰਜਾਂ ਤੋਂ ਭਿੰਨ ਭਿੰਨ ਵੇਖਣਾ ਹੈ। ਤੇ ਜਦੋਂ ਇਹ ਅਵਸਥਾ ਪ੍ਰਾਪਤ ਹੋ ਜਾਵੇ, ਤਾਂ ਫੇਰ ਬੁੱਧੀ ਕਰਕੇ ਪ੍ਰਾਪਤ ਹੋਏ ਸੰਤਾਪਾਂ ਤੋਂ ਦੁਖ ਨਹੀਂ ਹੁੰਦਾ।
ਯੋਗ ਨੇ ਕਰਮ ਸੰਬੰਧੀ ਸਿਧਾਂਤ ਵਿੱਚ ਸਾਂਖ ਦੇ ਵਿਚਾਰ ਹੀ ਅਪਨਾਏ ਹਨ। ਯੋਗੀ ਪ੍ਰਕ੍ਰਿਤੀ ਦੇ ਬੰਧਨਾ ਤੋਂ ਮੁਕਤ ਹੋ ਕੇ ਵੀ ਕਰਮਾਂ ਦਾ ਲੇਖਾ ਮੁਕਾਣ ਲਈ ਕਾਯਾਂ-ਵਿਊਹ ਪੈਦਾ ਕਰ ਲੈਂਦਾ ਹੈ। ਕਾਯਾਂ-ਵਿਊਹ ਦਾ ਭਾਵ, ਆਪਣੀ ਸ਼ਕਤੀ ਰਾਹੀਂ ਬਹੁਤ ਸਾਰੇ ਸ਼ਰੀਰ ਬਣਾ ਕੇ ਉਨ੍ਹਾਂ ਵਿੱਚ ਆਪਣੇ ਮਨ ਨੂੰ ਸਾਜਣਾ ਤੇ ਆਪਣੇ ਸੁਚੱਜੇ ਕਰਮਾਂ ਦਾ ਭੁਗਤਾਨ ਕਰਨਾ ਹੈ। ਅਜਿਹਾ ਕਰਨ ਦਾ ਮਤਲਬ ਪੁਨਰ ਜਨਮ ਤੋਂ ਛੁਟਕਾਰਾ ਪਾਣਾ ਹੀ ਹੈ। ਯੋਗੀ ਨੇ ਕਰਮਾਂ ਦੇ ਭੁਗਤਾਨ ਕਰਨ ਲਈ ਜਿਤਨੇ ਜਨਮ ਲੈਣੇ ਸਨ, ਉਹ ਵਰਤਮਾਨ ਜਨਮ ਵਿੱਚ ਹੀ, ਕਾਯਾ-ਵਿਊਹ ਪੈਦਾ ਕਰਕੇ ਭੁਗਤਾ ਦਿੰਦਾ ਹੈ। ਕਾਯਾ-ਵਿਊਹ ਦਾ ਜ਼ਿਕਰ ਪਾਤੰਜਲੀ ਨੇ ਯੋਗ ਦਰਸ਼ਨ ਵਿੱਚ ਚੌਥੇ ਅਧਿਆਏ ਦੇ ਚੌਥੇ ਤੇ ਪੰਜਵੇਂ ਸਲੋਕ ਵਿੱਚ ਕੀਤਾ ਹੈ।
ਸਾਰੇ ਮੱਤ ਕਰਮਾਂ ਨੂੰ ਅਮਿੱਟ ਮੰਨਦੇ ਹਨ। ਕਰਮ ਇਨ੍ਹਾਂ ਅਨੁਸਾਰ ਇਤਨੇ ਸ਼ਕਤੀ-ਸ਼ਾਲੀ ਹਨ ਕਿ ਇਨ੍ਹਾਂ ਦਾ ਪੂਰਨ ਭੁਗਤਾਨ ਕੀਤੇ ਬਿਨਾ ਗਰਭ-ਗੇੜ ਤੋਂ ਛੁਟਕਾਰਾ ਹੋ ਹੀ ਨਹੀਂ ਸਕਦਾ। ਮੀਮਾਨਸਕ ਵੀ ਲਗਭਗ ਇਹੋ ਵਿਚਾਰ ਰੱਖਦਾ ਹੈ। ਜੈਮਨੀ ਅਨੁਸਾਰ ਕਰਮ ਸਰਵ ਸ਼ਕਤੀਮਾਨ ਹਨ। ਹਰ ਕਰਮ ਨੇ ਅਵੱਸ਼ ਹੀ ਫਲੀਭੂਤ ਹੋਣਾ ਹੈ। ਜੈਮਨੀ ਆਵਾ-ਗਉਨ ਤੋਂ ਛੁਟਕਾਰਾ ਪਾਣ ਨੂੰ ਹੀ ਮੁਕਤੀ ਮੰਨਦਾ ਹੈ। ਜਦ ਤੱਕ ਸਾਰੇ ਦੇ ਸਾਰੇ ਕਰਮ ਫਲੀਭੂਤ ਨਹੀਂ ਹੋ ਜਾਂਦੇ, ਜਾਂ ਉਨ੍ਹਾਂ ਦਾ ਪੂਰੇ ਤੌਰ ਤੇ ਭੁਗਤਾਨ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪੁਨਰ ਜਨਮ ਦਾ ਗੇੜ ਬਣਿਆ ਹੀ ਰਹਿੰਦਾ ਹੈ। ਇਸ ਲਈ ਮੁਕਤੀ ਸੰਭਵ ਨਹੀਂ। ਧਰਮ ਦਾ ਪੂਰਨ ਗਿਆਨ ਹੀ ਮੁਕਤੀ ਦਾ ਸਾਧਨ ਹੈ। ਯੱਗ ਆਦਿਕ ਵੇਦਾਂ ਦੇ ਦੱਸੇ ਹੋਏ ਕਰਮ ਕਰਨੇ ਹੀ ਧਰਮ ਹੈ। ਕਰਮਾਂ ਦੇ ਪ੍ਰਭਾਵ ਕਰਕੇ ਹੀ ਜੀਵ ਦੇਵਤਾ, ਅਵਤਾਰ ਆਦਿਕ ਪਦਵੀਆਂ ਦੀ ਪ੍ਰਾਪਤੀ ਕਰਦੇ ਹਨ। ਅਤੇ ਸ੍ਵਰਗ ਆਦਿਕ ਲੋਕਾਂ ਦੇ ਅਨੰਦ ਭੋਗਦੇ ਹਨ।
ਵੇਦਾਂਤ ਦਰਸ਼ਨ ਦੇ ਰਚਨਹਾਰ ਬਿਆਸ ਨੇ ਕਰਮਾਂ ਸੰਬੰਧੀ ਆਪਣੇ ਵਿਚਾਰ ਕੁਝ ਇਸਤਰ੍ਹਾਂ ਸੁਝਾਏ ਹਨ:-
ਕਰਮ ਤਿੰਨ ਪ੍ਰਕਾਰ ਦੇ ਹਨ।
1- ਸਿੰਚਤ      2- ਪ੍ਰਾਰਬਧ     3- ਕ੍ਰਿਆਮਾਨ
ਸਿੰਚਿਤ ਕਰਮ-
ਅਦ੍ਰਿਸ਼ਟ ਤੇ ਪੂਰਬ-ਕਾਲ ਵਿੱਚ ਲਏ ਗਏ ਜਨਮਾਂ ਵਿੱਚ ਕੀਤੇ ਗਏ ਕਰਮਾਂ ਨੂੰ ਸਿੰਚਤ ਕਰਮ ਕਿਹਾ ਜਾਂਦਾ ਹੈ। ਇਨ੍ਹਾਂ ਅਨੁਸਾਰ ਘੜਿਆ ਗਿਆ ਸੁਭਾਵ ਵਰਤਮਾਨ ਜੀਵਨ ਨੂੰ ਵਿਰਸੇ ਵਿੱਚ ਮਿਲਦਾ ਹੈ।
ਪ੍ਰਾਰਬਧ ਕਰਮ-
ਸਿੰਚਿਤ ਕਰਮਾਂ ਵਿੱਚੋਂ ਜਿਨ੍ਹਾਂ ਕਰਮਾਂ ਨੂੰ ਜੀਵ ਨੇ ਪਹਿਲੇ ਭੋਗਣਾ ਹੈ, ਉਹ ਉਸਦੇ ਪ੍ਰਾਰਬਧ ਕਰਮ ਹਨ। ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ, ਜੋ ਧੁਰ ਪੂਰਬ ਤੋਂ ਲੈ ਕੇ ਹੁਣ ਤੋਂ ਛੁੱਟ ਪਿੱਛੇ ਲਏ ਗਏ ਸਾਰੇ ਜਨਮਾਂ ਦੇ ਸਿੰਚਿਤ ਕਰਮ ਹੀ ਵਰਤਮਾਨ ਜੀਵਨ ਵਿੱਚ ਪ੍ਰਾਰਬਧ ਕਰਮ ਅਖਵਾਂਦੇ ਹਨ।
ਕ੍ਰਿਆਮਾਨ ਕਰਮ -
ਗਿਆਨ ਪ੍ਰਾਪਤੀ ਤੋਂ ਪਹਿਲਾਂ ਜਾਂ ਪਿੱਛੋਂ ਇਸ ਵਰਤਮਾਨ ਜੀਵਨ ਵਿੱਚ ਕੀਤੇ ਕਰਮ ਕ੍ਰਿਆਮਾਨ ਕਰਮ ਹਨ।
ਗਿਆਨ ਹਾਸਲ ਹੋ ਜਾਣ ਤੇ ਸਿੰਚਿਤ ਕਰਮ ਮਿਟ ਜਾਂਦੇ ਹਨ। ਕ੍ਰਿਆਮਾਨ ਕਰਮ ਵੀ ਜੇਕਰ ਹਉਂ-ਰਹਿਤ ਜਾਂ ਨਿਸ਼ਕਾਮ ਹੋਣ ਤਾਂ ਫਲੀਭੂਤ ਨਹੀਂ ਹੁੰਦੇ। ਪਰ ਪ੍ਰਾਰਬਧ ਕਰਮ ਤਾਂ ਅਵੱਸ਼ ਭੋਗਣੇ ਹੀ ਪੈਂਦੇ ਹਨ। ਵੇਖਣ ਵਿੱਚ ਆਉਂਦਾ ਹੈ, ਜੋ ਗਿਆਨੀ, ਪੁਰਸ਼ਾਂ ਦੇ ਭਾਗਾਂ ਵਿੱਚ ਅੰਤਰ ਹੈ। ਕੋਈ ਰਾਜਾ ਹੈ ਤੇ ਕੋਈ ਭਿਖਾਰੀ। ਇਸ ਦੀ ਤਹਿ ਵਿੱਚ ਗਿਆਨੀ ਦੇ ਪ੍ਰਾਰਬਧ ਕਰਮ ਹੀ ਫਲੀਭੂਤ ਹੋ ਰਹੇ ਹੁੰਦੇ ਹਨ। ਗਿਆਨੀ ਪੁਰਸ਼, ਜਿਸਦੇ ਪ੍ਰਾਰਬਧ ਕਰਮ ਰਾਜ ਦੇ ਹੇਤੂ ਹਨ, ਰਾਜ ਭੋਗਦਾ ਹੈ। ਇਸਦੇ ਉਲਟ ਜੇਕਰ ਪ੍ਰਾਰਬਧ ਕਰਮ ਭਿਖਿਆ ਭੋਜਨ ਵਿੱਚ ਪ੍ਰਵਿਰਤ ਹੋਣ ਦੇ ਹਨ, ਤਾਂ ਉਸ ਨੂੰ ਅਵੱਸ਼ ਭਿਖਾਰੀ ਜੀਵਨ ਹੀ ਬਤੀਤ ਕਰਨਾ ਪੈਂਦਾ ਹੈ। ਜਿਸਤਰ੍ਹਾਂ ਕਪੜੇ ਦਾ ਥਾਨ ਸੜ ਜਾਣ ਦੇ ਮਗ਼ਰੋਂ ਵੀ ਉਹੋ ਜਿਹਾ ਹੀ ਪ੍ਰਤੀਤ ਹੁੰਦਾ ਹੈ, ਜਿਹੋ ਜਿਹਾ ਉਹ ਸੜਨ ਤੋਂ ਪਹਿਲਾਂ ਸੀ। ਪਰ ਉਸ ਦੇ ਵਿੱਚ ਸਰਦੀ ਜਾਂ ਗਰਮੀ ਰੋਕਣ ਦੀ ਸ਼ਕਤੀ ਨਹੀਂ ਹੁੰਦੀ। ਹਵਾ ਦਾ ਝੋਕਾ ਲੱਗਣ ਤੇ ਉਹ ਸਵਾਹ ਦੇ ਢੇਰ ਵਾਂਗ ਹੀ ਉੱਡ ਜਾਂਦਾ ਹੈ ਅਤੇ ਪਿੱਛੇ ਕੁਝ ਵੀ ਨਹੀਂ ਰਹਿੰਦਾ। ਇਸੇ ਤਰ੍ਹਾਂ ਗਿਆਨੀ ਪੁਰਸ਼ ਨੂੰ ਗਿਆਨ ਪ੍ਰਾਪਤੀ ਦੇ ਮਗ਼ਰੋਂ ਕੁਝ ਕਾਲ ਤਾਂ ਪ੍ਰਾਰਬਧ ਕਰਮਾਂ ਦੀ ਚੇਸ਼ਟਾ ਕਰਨੀ ਹੀ ਪੈਂਦੀ ਹੈ। ਪਰ ਬਾਵਜੂਦ ਗਿਆਨ ਅਗਨੀ ਨਾਲ ਭਸਮ ਹੋ ਜਾਣ ਦੇ ਵੀ ਉਹ ਉਦੋਂ ਤੱਕ ਕ੍ਰਿਆ ਕਰਦਾ ਪ੍ਰਤੀਤ ਹੁੰਦਾ ਹੈ, ਜਦ ਤੱਕ ਕਿ ਪ੍ਰਾਰਬਧ ਕਰਮਾਂ ਦਾ ਮੁਕੰਮਲ ਭੁਗਤਾਨ ਨਹੀਂ ਹੋ ਜਾਂਦਾ। ਪ੍ਰਾਰਬਧ ਕਰਮਾਂ ਦੀ ਸਮਾਪਤੀ ਹੋ ਜਾਣ ਤੇ ਉਸਦਾ ਸੂਖਮ ਅਤੇ ਅਸਥੂਲ ਦੋਵੇਂ ਸਰੀਰ ਤੇ ਸਮੁਚਾ ਬ੍ਰਹਮੰਡ ਬ੍ਰਹਮ ਚੇਤਨ ਵਿੱਚ ਲੀਨ ਹੋ ਜਾਂਦੇ ਹਨ। ਬਿਆਸ ਨੇ ਇਸ ਨੂੰ ਬਦੇਹੀ ਮੁਕਤੀ ਆਖਿਆ ਹੈ।
ਉਪਰੋਕਤ ਵਿਚਾਰ ਤੋਂ ਸਹਿਜੇ ਹੀ ਇਹ ਕਿਹਾ ਜਾ ਸਕਦਾ ਹੈ ਕਿ ਲਗਭਗ ਆਸਤਕ ਅਤੇ ਨਾਸਤਕ ਸਾਰੇ ਹੀ ਸ਼ਾਸਤਰਕਾਰ ਕਿਸੇ ਨਾ ਕਿਸੇ ਹਾਲਤ ਵਿੱਚ ਕਰਮਾਂ ਦਾ ਭੁਗਤਾਨ ਕਰਨਾ ਤੇ ਉਨ੍ਹਾਂ ਦਾ ਅਮਿਟ ਹੋਣਾ ਮੰਨਦੇ ਹਨ।
ਕਰਮਾਂ ਸੰਬੰਧੀ ਜੈਨ ਧਰਮ ਦਾ ਖਿਆਲ ਉਪਰੋਕਤ ਸਾਰੇ ਧਰਮਾਂ ਤੋਂ ਨਿਆਰਾ ਹੈ। ਇਸ ਮੱਤ ਅਨੁਸਾਰ ਕਰਮਾਂ ਦੀ ਨੀਂਹ ਪ੍ਰਮਾਣੂ ਹਨ ਜੋ ਜੜ੍ਹ ਹਨ। ਬੋਰੀ ਵਿੱਚ ਭਰੀ ਰੇਤ ਵਾਂਗ ਇਹ ਕਰਮ-ਪ੍ਰਮਾਣੂ ਆਤਮਾ ਵਿੱਚ ਭਰੇ ਪਏ ਹਨ। ਆਤਮਾ ਦਾ ਸੁਭਾਵ ਤਾਂ ਉੱਪਰ ਆਕਾਸ਼ਾਂ ਵੱਲ ਉੱਡਣ ਦਾ ਹੈ। ਪਰ ਜੜ੍ਹ ਕਰਮ-ਪ੍ਰਮਾਣੂਆਂ ਦੀ ਖਿੱਚ ਇਸਨੂੰ ਧਰਤੀ ਤੋਂ ਉੱਠਣ ਨਹੀਂ ਦੇਂਦੀ। ਮੁਕਤੀ ਪਰਾਪਤ ਕਰਨ ਲਈ ਇਨ੍ਹਾਂ ਕਰਮ-ਪ੍ਰਮਾਣੂਆਂ ਤੋਂ ਛੁਟਕਾਰਾ ਪਾਣਾ ਬਹੁਤ ਜਰੂਰੀ ਹੈ, ਨਹੀਂ ਤਾਂ ਮੁਕਤੀ ਸੰਭਵ ਨਹੀਂ। ਏਸ ਲਈ ਪੁਰਾਣੇ ਕਰਮਾਂ ਨੂੰ ਧਰਮ-ਕਰਮਾਂ ਰਾਹੀਂ ਆਤਮਾ ਵਿੱਚੋਂ ਕੱਢਣਾ ਤੇ ਨਵੇਂ ਕਰਮਾਂ ਨੂੰ ਅੰਦਰ ਨਾ ਦਾਖਲ ਹੋਣ ਦੇਣਾ ਹੀ ਕਰਮ-ਪਰਮਾਣੂਆਂ ਤੋਂ ਮੁਕਤ ਕਰਵਾ ਸਕਦਾ ਹੈ ਕਰਮ-ਪ੍ਰਮਾਣੂਆਂ ਤੋਂ ਮੁਕਤ ਹੋਣ ਤੇ ਆਤਮਾ ਉਚੇਰੀ ਉੱਠੇਗੀ ਤੇ ਉਥੇ ਅਪੜ ਜਾਏਗੀ ਜਿਥੇ ਸਾਰੀਆਂ ਮੁਕਤ ਰੂਹਾਂ ਦਾ ਟਿਕਾਣਾ ਹੈ। ਇਸ ਮੁਕਤ-ਪਦ ਨੂੰ ਹਾਸਲ ਕਰਨ ਲਈ ਕਠਨ ਤਪੱਸਿਆ ਕਰਕੇ ਨਿਸ਼ਕ੍ਰਿਆ ਹੋਣ ਦੀ ਲੋੜ ਹੈ। ਜੈਨ ਧਰਮ ਵੇਦਾਂਤ ਵਾਂਗ ਸੰਨਿਆਸ ਤੇ ਕਰਮਾਂ ਦੇ ਤਿਆਗ ਵਿੱਚ ਮੁਕਤੀ ਦੀ ਬੁਨਿਆਦ ਨਹੀਂ ਮੰਨਦਾ ਸਗੋਂ ਸਾਰੇ ਕਰਮਾਂ ਨੂੰ ਮੁਕਾਣ ਵਿੱਚ ਮੁਕਤੀ ਮੰਨਦਾ ਹੈ।
ਬੁਧ ਧਰਮ ਵੀ ਵੇਦਕ ਮੱਤਾਂ ਅਰਥਾਤ ਸ਼ਾਸਤਰਕਾਰਾਂ ਵਾਂਗ ਪ੍ਰਾਰਬਧ ਕਰਮਾਂ ਦਾ ਫਲੀਭੂਤ ਹੋਣਾ ਅਵਸ਼ਯ ਮੰਨਦਾ ਹੈ। ਪਰ ਆਤਮਾ ਤੋਂ ਆਵਾਗਵਨ ਸੰਬੰਧੀ ਉਸਦੇ ਵਿਚਾਰ ਵੱਖਰੇ ਹਨ। ਬੁਧ ਅਨੁਸਾਰ; ‘ਸਰਵਮ ਦੁਖਮ ਦੁਖਮ’ ‘ਸਰਵਮ ਕਸ਼ਣਿਕਮ ਕਸ਼ਣਿਕਮ’। ਭਾਵ ਸਾਰੇ ਸੰਸਾਰਕ ਅਮਲ ਅਨਾਤਮਤਾ, ਅਨਿਤਯਤਾ ਤੇ ਦੁਖਿਤਾ ਦੇ ਲਖਾਇਕ ਹਨ। ਬਾਹਦ ਵਿੱਚ ਇਸਦੀ ਮਹਾਨ ਯਾਨ ਸੰਪ੍ਰਦਾਯ ਨੇ ਇਸ ਦਾ ਰੂਪ ‘ਸਰਵਮ ਕਸ਼ਣਿਕ ਕਸ਼ਣਿਕਮ, ਤੋਂ ‘ਸਰਵਮ ਸ਼ੂੰਨਯਮ ਸ਼ੁੰਨਯਮ, ਅਰਥਾਤ ‘ਸਭ ਸ਼ੁੰਨ ਹੀ ਸ਼ੁੰਨ’ ਕਰ ਦਿਤਾ ਹੈ।

ਬੁਧ ਧਰਮ ਆਤਮਾ ਨੂੰ ਸਦੀਵੀ ਨਹੀਂ ਮੰਨਦਾ। ਇਸ ਮੱਤ ਦਾ ਸਿਧਾਂਤ ਹੈ ਕਿ ਆਤਮਾ ਹਰ ਖਿਣ ਵਿੱਚ ਬਦਲਦੀ ਰਹਿੰਦੀ ਹੈ।ਇਸ ਲਈ ਨਾ ਇਹ ਭੋਗਤਾ ਹੈ, ਤੇ ਨਾ ਹੀ ਇਹ ਸ਼ੁਭ ਕਰਮਾਂ ਯਾਂ ਯਗਾਂ ਆਦਿ ਦੇ ਫਲਸਰੂਪ ਸ੍ਵਰਗ ਆਦਿ ਪ੍ਰਾਪਤ ਕਰਦਾ ਹੈ। ਜੇ ਮਨੁੱਖ ਅੱਜ ਅਜਿਹੇ ਕਰਮ ਕਰ ਰਿਹਾ ਹੈ, ਉਸਦੀ ਆਤਮਾ ਕਲ੍ਹ ਉਹੋ ਨਹੀਂ ਹੋਵੇਗੀ, ਸਗੋਂ ਬਦਲ ਚੁੱਕੀ ਹੋਵੇਗੀ। ਫੇਰ ਅੱਜ ਵਾਲੀ ਆਤਮਾ ਦੇ ਕਰਮਫਲ਼ ਉਸ ਵਿਅਕਤੀ ਨੂੰ ਜੋ ਕੋਈ ਹੋਰ ਹੋ ਚੁੱਕਾ ਹੈ ਕਿਵੇਂ ਪਰਾਪਤ ਹੋ ਸਕਦਾ ਹੈ?
ਬੁੱਧ ਨੇ ਆਤਮਾ ਨੂੰ ਕਸ਼ਣਿਕ ਹੋਂਦ ਆਖਿਆ ਹੈ। ਬੁਧ ਅਨੁਸਾਰ ਭੌਤਿਕ ਸਰੀਰ; ਪ੍ਰਿਥਵੀ, ਜਲ, ਅਗਨੀ ਤੇ ਪਵਨ ਚਾਰ ਤੱਤਾਂ ਦੀ ਉਪਜ ਹੈ।…ਪੁਰਾਣੇ ਹਰ-ਦਮ ਬਦਲਦੇ ਰਹਿਣ ਵਾਲੇ ਜੀਵਨ ਵਿੱਚੋਂ ਹੀ ਇਕ ਨਵਾਂ ਜੀਵਨ ਉਸਰ ਪੈਂਦਾ ਹੈ। ਮਿਸਾਲ ਦੇ ਤੌਰ ਤੇ ਇੱਕ ਬੱਤੀ ਤੋਂ ਨਵੀਂ ਬੱਤੀ ਜਗਾਈ ਤਾਂ ਜਾਂਦੀ ਹੈ, ਪਰ ਉਸ ਪੁਰਾਣੀ ਬੱਤੀ ਵਿੱਚੋਂ ਨਵੀਂ ਜਗੀ ਬੱਤੀ ਵਿੱਚ ਕੋਈ ਚੀਜ ਨਹੀਂ ਜਾਂਦੀ। ਜਿਸ ਤਰ੍ਹਾਂ ਇਕ ਬੁਝੀ ਹੋਈ ਬੱਤੀ ਤੋਂ ਕੋਈ ਨਵੀਂ ਬੱਤੀ ਜਗਾਈ ਨਹੀਂ ਜਾ ਸਕਦੀ, ਇਸੇ ਤਰ੍ਹਾਂ ਜਨਮ ਵਿੱਚ ਲਿਆਉਣ ਵਾਲੇ ਸਕੰਧਾਂ ਦੇ ਨਾਸ ਹੋਣ ਨਾਲ ਫਿਰ ਕੋਈ ਨਵਾਂ ਵਿਅਕਤੀ ਜਨਮ ਨਹੀਂ ਲੈ ਸਕਦਾ। ਚੇਤਨ ਪਰਵਾਹ ਦੇ ਲਗਾਤਾਰ ਚੱਲਦੇ ਰਹਿਣ ਤੋਂ ਹੀ ਵਿਅਕਤੀਤਵ ਦਾ ਖਿਆਲ ਪੈਦਾ ਹੁੰਦਾ ਹੈ। ਅਸੀਂ ਦੀਵਾ ਜਗਾਂਦੇ ਹਾਂ, ਉਸਦੀ ਵਟੀ ਤੇ ਤੇਲ ਹਰ ਖਿਨ ਬਦਲਦੇ ਰਹਿੰਦੇ ਹਨ।ਪਰ ਕਿਉਂਕਿ ਦੀਵਾ ਲਗਾਤਾਰ ਚਾਨਣ ਦਿੰਦਾ ਰਹਿੰਦਾ ਹੈ, ਇਹ ਚਾਨਣ ਸ਼ੁਰੂ ਤੋਂ ਅਖੀਰ ਤੱਕ ਇਕੋ ਜਿਹਾ ਰਹਿੰਦਾ ਹੈ, ਅਸੀਂ ਸਮਝ ਲੈਂਦੇ ਹਾਂ ਜੋ ਦੀਵਾ ਜਗ ਰਿਹਾ ਹੈ। ਪਰ ਵਾਸਤਵ ਵਿੱਚ ਸਾਡਾ ਇਹ ਕਿਆਫਾ ਠੀਕ ਨਹੀਂ। ਕੋਈ ਵਸਤੂ ਕਿਸੇ ਹੋਰ ਵਸਤੂ ਨਾਲ ਇਕੋ ਜਿਹੀ ਨਹੀਂ। ਉਹ ਆਪਣੇ ਕ੍ਰਸ਼ਣਿਕ ਰੂਪ ਕਰਕੇ ਇਕੋ ਜਿਹੀ ਪ੍ਰਤੀਤ ਹੁੰਦੀ ਹੈ।
ਬੁਧ ਅਨੁਸਾਰ ਵਿਅਕਤੀਤਵ (ਸ਼ਖਸੀਅਤ) ਦਾ ਖਿਆਲ ਹੀ ਖੁਦਗ਼ਰਜ਼ੀ ਦਾ ਕਾਰਣ ਹੈ ਤੇ ਇਹੀ ਵਿਅਕਤੀਤਵ ਇਸ ਤੇ ਅਗਲੀ ਦੁਨੀਆਂ ਵਿੱਚ ਸੁਖ ਮਾਨਣ ਦੀ ਲਾਲਸਾ ਕਰਦਾ ਹੈ। ਮਨੁੱਖ ਦਾ ਅਸਤਿਤਵ ਭਾਵੇਂ ਸਦੀਵ ਨਹੀਂ, ਪਰ ਫਿਰ ਵੀ ਕਿਸੇ ਇਕ ਸਿਕੰਧ ਦੇ ਕੀਤੇ ਕਰਮ ਉਸ ਤੋਂ ਉਪਜੇ ਨਵੇਂ ਸਿਕੰਧ ਲਈ ਦੁਖ ਸੁਖ ਪੈਦਾ ਕਰ ਸਕਦੇ ਹਨ। ਇਸ ਲਈ ਵਿਅਕਤੀਗਤ ਜਿੰਮੇਵਾਰੀ ਵਧ ਜਾਂਦੀ ਹੈ। ਕਿ ਆਪਣੇ ਕਰਮਾਂ ਦੁਆਰਾ ਉਹ ਅਗੋਂ ਉਪਜੇ ਸਿਕੰਧ ਲਈ ਦੁਖ ਦਾ ਕਾਰਣ ਨਾ ਬਣੇ। ਬੁਧ ਕਰਮਾਂ ਦੇ ਫਲੀਭੂਤ ਹੋਣ ਲਈ ਕਿਸੇ ਧਰਮਰਾਜ ਆਦਿ ਦਾ ਵਿਚੋਲਾਪਣ ਨਹੀਂ ਮੰਨਦਾ, ਅਤੇ ਨਾ ਹੀ ਕਿਸੇ ਆਤਮਾ ਦੇ ਮੁੜ ਮੁੜ ਜਨਮ ਲੈਣ ਜਾਂ ਸਰੀਰ ਧਾਰਨ ਵਿੱਚ ਵਿਸ਼ਵਾਸ਼ ਰੱਖਦਾ ਹੈ। ਬੁਧ ਦਾ ਸਿਧਾਂਤ- ਸਦਾਚਾਰਕ ਨਿਯਮ ਆਪਣੇ ਆਪ ਹੀ ਕੰਮ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ (ਸਦਾਚਾਰਕ ਨਿਯਮਾਂ) ਦਾ ਅਮਲ ਓਦੋਂ ਰੁਕ ਜਾਂਦਾ ਹੈ ਜਦੋਂ ਇਕ ਉਚੇਰਾ ਕਾਨੂੰਨ ਲਾਗੂ ਹੋ ਜਾਏ, ਭਾਵ ਗਿਆਨ ਦੀ ਪਰਾਪਤੀ ਹੋ ਜਾਏ।
 ਗਿਆਨ ਹੋ ਜਾਣ ਤੇ ਸਿੰਚਤ ਅਤੇ ਆਗਮਨਿ (ਕ੍ਰਿਆਮਾਨ) ਕਰਮ ਤਾਂ ਨਾਸ਼ ਹੋ ਜਾਂਦੇ ਹਨ, ਪਰ ਪਰਾਲਭਦ ਕਰਮ, ਜੋ ਜੀਵਨ ਵਿੱਚ ਪਹਿਲਾਂ ਹੀ ਫਲੀਭੂਤ ਹੋ ਰਹੇ ਹਨ, ਨਾਸ਼ ਨਹੀਂ ਹੁੰਦੇ। ਅਜਿਹੀ ਅਵਸਥਾ ਵਿੱਚ ਇਕ ਬੁਧ ਜਾਂ ਅਰਹੰਤ ਨੂੰ ਉਪਾਧੀ-ਸ਼ੇਸ਼ ਨਿਰਵਾਨ ਤਾਂ ਪਰਾਪਤ ਹੋ ਜਾਂਦਾ ਹੈ, ਅਤੇ ਉਹ ਸਰੀਰਕ ਕ੍ਰਿਆ ਵੀ ਕਰਦਾ ਰਹਿੰਦਾ ਹੈ, ਪਰ ਉਸ ਦੀਆਂ ਸਾਰੀਆਂ ਕਾਮਨਾਵਾਂ ਦੇ ਨਾਸ਼ ਹੋ ਜਾਣ ਦੇ ਕਾਰਨ ਹੁਣ ਉਸਦਾ ਮਾਨਸਕ ਸਿਕੰਧ ਪੁਨਰ ਜਨਮ ਲਈ ਉਤਸ਼ਾਹ ਪੈਦਾ ਨਹੀਂ ਕਰਦਾ। ਸਰੀਰ ਦੇ ਨਾਸ਼ ਹੋ ਜਾਣ ਮਗ਼ਰੋਂ ਉਹ ਅਨ-ਉਪਾਧੀ ਸ਼ੇਸ਼ ਨਿਰਵਾਨ ਪਰਾਪਤ ਕਰ ਲੈਂਦਾ ਹੈ।
 ਕਰਮਾਂ ਦੇ ਨਾਲ ਗਿਆਨ ਦੀ ਪਰਾਪਤੀ ਲਈ ਤਪ ਆਦਿ ਸਾਧਨਾਂ ਵਿੱਚ ਬੁਧ ਦਾ ਵਿਸ਼ਵਾਸ਼ ਨਹੀਂ ਹੈ, ਬਲਕਿ ਮਨੁੱਖ ਨੇ ਝੂਠੇ ਵਿਅਕਤੀਤਵ ਨੂੰ ਜੜੋਂ ਉਖੇੜਨਾ ਹੈ ਅਤੇ ਇਸ ਮੰਤਵ ਦੀ ਪੂਰਨਤਾ ਲਈ ਗਿਆਨ, ਸਦਾਚਾਰਕ ਕਰਮ ਤੇ ਮਾਨਸਕ ਭਾਵਾਂ ਦੀ ਪਵਿਤਰਤਾ ਆਦਿ ਜਰੂਰੀ ਅੰਗ ਹਨ।
ਸੋ ਬੁਧ ਧਰਮ ਵਿੱਚ ਕਰਮ ਅਮਿਟ ਹੀ ਕਹੇ ਗਏ ਹਨ ਅਤੇ ਇਨ੍ਹਾਂ ਦਾ ਲੇਖਾ ਜੋਖਾ ਕਿਸੇ ਨਾ ਕਿਸੇ ਹਾਲਤ ਵਿੱਚ ਚੁਕਾਣਾ ਜਰੂਰੀ ਮੰਨਿਆ ਗਿਆ ਹੈ।
ਇਬਰਾਨੀ ਮਤਾਂ ਅਨੁਸਾਰ ਚੰਗੇ ਮੰਦੇ ਕਰਮਾਂ ਅਤੇ ਅਮਲਾਂ ਦੇ ਫਲ-ਸਰੂਪ ਦੋਜ਼ਖ ਅਤੇ ਬਹਿਸ਼ਤ ਮੰਨੇ ਗਏ ਹਨ। ਲਗਭਗ ਸਾਰੇ ਇਬਰਾਨੀ ਮੱਤ ਰੂਹ (ਆਤਮਾ) ਦੇ ਪੁਨਰ ਜਨਮ ਅਰਥਾਤ ਆਵਾਗਵਨ ਦੇ ਸਿਧਾਂਤ ਨੂੰ ਨਹੀਂ ਮੰਨਦੇ। ਬਹੁਤੇ ਕਰਕੇ ਨਸਲੀ ਫਿਤਰਤ ਦੇ ਹਾਮੀ ਹਨ, ਭਾਵ ਇਨ੍ਹਾਂ ਦਾ ਖਿਆਲ ਹੈ, ਜੋ ਚੰਗਾ ਮੰਦਾ ਸੁਭਾ ਮਾਤਾ ਪਿਤਾ ਆਪਣੀ ਸੰਤਾਨ ਨੂੰ ਵਿਰਸੇ ਵਿੱਚ ਦਿੰਦੇ ਹਨ, ਧਾਰਮਿਕ ਅਸੂਲਾਂ ਦੇ ਪਾਲਣ ਕਰਨ ਨਾਲ ਇਸ ਵਿੱਚ ਸੁਧਾਰ ਵੀ ਹੋ ਸਕਦਾ ਹੈ। ਤੌਬਾ ਕਰਨ ਤੇ ਪਿਛਲੇ ਭੈੜੇ ਕਰਮ ਬਦਲੇ ਵੀ ਜਾ ਸਕਦੇ ਹਨ।
ਇਸਲਾਮੀ ਸ਼ਰ੍ਹਾ ਤੇ ਚੱਲਣ ਵਾਲਾ, ਹਜ਼ਰਤ ਮੁਹੰਮਦ ਸਾਹਿਬ ਦੀ ਸਿਫਾਰਸ਼ ਤੇ ਬਖਸ਼ਿਆ ਜਾਂਦਾ ਹੈ ਤੇ ਬਹਿਸ਼ਤ ਦਾ ਹੱਕਦਾਰ ਹੋ ਜਾਂਦਾ ਹੈ। ਕਰਮ ਅਮਿੱਟ ਨਹੀਂ, ਤੌਬਾ ਕਰਨ ਤੇ ਬਖਸ਼ੇ ਜਾਂਦੇ ਹਨ। ਇਹ ਵੀ ਖਿਆਲ ਹੈ ਕਿ ਜੇਕਰ ਕੋਈ ਸੌ ਵਾਰੀਂ ਵੀ ਕੁਕਰਮ ਕਰੇ ਤੇ ਸੌ ਵਾਰੀਂ ਹੀ ਤੌਬਾ ਕਰੇ ਤਾਂ ਖੁਦਾ ਉਸਦੇ ਗੁਨਾਹ ਬਖਸ਼ ਦਿੰਦਾ ਹੈ। ਰਵਾਇਤ ਹੈ ਕਿ ਜਿਸ ਤਰ੍ਹਾਂ ਮੋਹਰ ਤੇ ਲਿਖੇ ਉਲਟੇ ਅੱਖਰ ਕਾਗਜ਼ ਤੇ ਸਜਦਾ ਕਰਨ ਨਾਲ ਸਿੱਧੇ ਹੋ ਜਾਂਦੇ ਹਨ, ਇਸੇ ਤਰ੍ਹਾਂ ਖੁਦਾ ਤੇ ਰਸੂਲ ਦੇ ਸਾਹਮਣੇ ਤੌਬਾ ਤੇ ਸਜਦਾ ਕਰਨ ਨਾਲ ਕਰਮ ਵੀ ਬਦਲ ਜਾਂਦੇ ਹਨ।ਇਸ ਵਿੱਚ ਸ਼ੱਕ ਨਹੀਂ ਕਿ ਅੰਤ ਤੇ ਨਬੇੜਾ ਅਮਲਾਂ ਤੇ ਹੀ ਹੋਣਾ ਹੈ, ਪਰ ਖੁਦਾ ਤੇ ਰਸੂਲ ਦੀ ਸ਼ਫਕਤ (ਮਿਹਰਬਾਨੀ) ਨਾਲ ਕਰਮ ਮੇਟੇ ਵੀ ਜਾ ਸਕਦੇ ਹਨ, ਕਰਮ ਅਮਿੱਟ ਨਹੀਂ।
ਇਸਲਾਮ ਵਿੱਚ ਅਸਲੀ ਨਿਬੇੜਾ ਤਾਂ ਕਿਆਮਤ ਵਾਲੇ ਦਿਨ ਹੀ ਹੋਣਾ ਹੈ, ਜਦੋਂ ਖੁਦਾ ਨਾਲ ਹਜ਼ਰਤ ਮੁਹੰਮਦ ਸਾਹਿਬ ਨੇ ਵੀ ਹੋਣਾ ਹੈ ਤੇ ਉਨ੍ਹਾਂਨੇ ਹਰ ਬੰਦੇ ਦੇ ਅਹਿਲਾਮ-ਨਾਮੇ ਵਿਚਾਰਨੇ ਹਨ, ਉਸਦੇ ਅਨੁਸਾਰ ਹੀ ਦੋਜ਼ਖ ਤੇ ਬਹਿਸ਼ਤ ਨਸੀਬ ਹੋਣੀ ਹੈ। ਪਰ ਜੋ ਹਜ਼ਰਤ ਮੁਹੰਮਦ ਸਾਹਿਬ ਦੀ ਰਸਾਤਲ ਤੋਂ ਮੁਨਕਰ ਹੋਣਗੇ, ਉਨ੍ਹਾਂ ਨੂੰ ਕਬਰ ਵਿੱਚ ਕਿਆਮਤ ਤੋਂ ਪਹਿਲਾਂ ਵੀ ਆਜ਼ਾਬ (ਤਸੀਹੇ) ਮਿਲਦੇ ਰਹਿਣਗੇ। ਸੋ ਇਸਲਾਮ ਬਾਕੀ ਮਤਾਂ ਵਾਂਗ ਰੂਹਾਂ ਦੇ ਬਾਰ ਬਾਰ ਜੰਮਣ ਮਰਨ, ਗਰਭ ਗੇੜ ਵਿੱਚ ਪੈਣ ਜਾਂ ਆਵਾਗਉਣ ਦੇ ਸਿਧਾਂਤ ਦਾ ਹਾਮੀ ਨਹੀਂ ਤੇ ਕਰਮਾਂ ਨੂੰ ਅਮਿਟ ਵੀ ਨਹੀਂ ਮੰਨਦਾ।
ਉਪਰੋਕਤ ਵਿਚਾਰ ਦਾ ਸਿੱਟਾ ਇਹ ਨਿਕਲਦਾ ਹੈ ਕਿ- ਦਾਰਸ਼ਨਿਕ ਮਤਾਂ ਅਨੁਸਾਰ, ਕਰਮ ਅਮਿੱਟ ਹਨ, ਅਤੇ ਫਲੀਭੂਤ ਅਵੱਸ਼ ਹੋਣਗੇ। ਜਿਹਾ ਕੋਈ ਕਰੇਗਾ ਤੇਹਾ ਹੀ ਭਰੇਗਾ ।ਕਰਮਾਂ ਦਾ ਅਟੱਲ ਕਾਨੂੰਨ ਆਪ-ਮੁਹਾਰਾ ਸਹੀ ਸਹੀ ਨਿਬੇੜੇ ਕਰਦਾ ਰਹਿੰਦਾ ਹੈ। ਦਾਰਸ਼ਨਿਕ ਮੱਤਾਂ ਦੇ ਵਿਚਾਰ ਮਨੁੱਖੀ ਭਾਵਨਾ ਵਿੱਚ ਸੁਤੇ ਹੀ ਹਉਮੈ ਅਤੇ ਨਾਸਤਕਤਾ ਪੈਦਾ ਕਰ ਦਿੰਦੇ ਹਨ। ਇਬਰਾਨੀ ਮੱਤ ਦੀ ਨਿੱਤ ਦੀ ਤੌਬਾ ਅਤੇ ਅੱਲਾ ਦੀ ਅਮਿਟ ਬਖਸ਼ਿਸ਼ ਦਾ ਸਿਧਾਂਤ ਸੁਤੇ ਹੀ ਮਨੁੱਖੀ ਸੁਭਾਵ ਨੂੰ ਹੂੜ-ਮੱਤ, ਜ਼ਬਰ, ਅਨਿਆਇ ਤੇ ਪਾਪ ਵੱਲ ਪਰੇਰ ਦਿੰਦਾ ਹੈ।
ਪਰ ਗੁਰਮਤਿ ਇਨ੍ਹਾਂ ਦੋਨਾਂ ਮੱਤਾਂ ਤੋਂ ਨਿਆਰੀ ਹੈ- ਗੁਰਮਤਿ ਅਨੁਸਾਰ ਕਰਮ ਨਾ ਤਾਂ ਇਤਨੇ ਅਮਿੱਟ ਹਨ ਜੋ ਬਿਨਾ ਕਿਸੇ ਨਿਆਇਧੀਸ਼ ਦੇ ਆਪਣੇ ਆਪ ਅਵੱਸ਼ ਹੀ ਫਲੀਭੂਤ ਹੋਣੇ ਹਨ। ਇਹ ਹਰ ਤੌਬਾ ਤੋਂ ਬਾਅਦ ਮੁਆਫ ਹੋ ਜਾਣ ਵਾਲੇ ਵੀ ਨਹੀਂ, ਤਾਂ ਜੋ ਹਰ ਤੌਬਾ ਤੋਂ ਬਾਅਦ ਮੁਆਫੀ ਦੇ ਮਗ਼ਰੋਂ ਮੁੜ ਗੁਨਾਹ ਕਰਨ ਤੇ ਮੁਆਫੀ ਮੰਗਣ ਦਾ ਸਿਲਸਿਲਾ ਸਦਾ ਲਈ ਜਾਰੀ ਰਹੇ।
ਜਸਬੀਰ ਸਿੰਘ ਵਿਰਦੀ  

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.