ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਅੱਗੇ ਤੋਂ ਸਾਰੇ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਮਨਾਏ ਜਾਣਗੇ ਨਾਨਕਸ਼ਾਹੀ ਕੈਲੰਡਰ ਅਨੁਸਾਰ: ਕੈਪਟਨ ਮੱਲ ਸਿੰਘ
ਅੱਗੇ ਤੋਂ ਸਾਰੇ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਮਨਾਏ ਜਾਣਗੇ ਨਾਨਕਸ਼ਾਹੀ ਕੈਲੰਡਰ ਅਨੁਸਾਰ: ਕੈਪਟਨ ਮੱਲ ਸਿੰਘ
Page Visitors: 2567

ਅੱਗੇ ਤੋਂ ਸਾਰੇ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਮਨਾਏ ਜਾਣਗੇ ਨਾਨਕਸ਼ਾਹੀ ਕੈਲੰਡ ਅਨੁਸਾਰ:  ਕੈਪਟਨ ਮੱਲ ਸਿੰਘ
1984 ’ਚ 3 ਜੂਨ ਨੂੰ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਅਤੇ 6 ਜੂਨ ਨੂੰ ਸੰਤ ਜਰਨੈਲ ਸਿੰਘ ਦੀ ਸ਼ਹੀਦੀ ਹੋਈ ਸੀ। ਸਿੱਖ ਕੌਮ ਸੰਤ ਜਰਨੈਲ ਸਿੰਘ ਦਾ ਸ਼ਹੀਦੀ ਦਿਹਾੜਾ ਤਾਂ ਹਰ ਸਾਲ 6 ਜੂਨ ਨੂੰ ਮਨਾਉਂਦੀ ਹੈ ਪਰ ਕੀ ਕਾਰਨ ਹੈ ਕਿ ਉਸ ਤੋਂ ਪਿੱਛੋਂ ਗੁਰੂ ਅਰਜਨ ਸਾਹਿਬ ਜੀ ਸ਼ਹੀਦੀ ਦਿਹਾੜਾ ਅੱਜ ਤੱਕ ਕਦੀ ਵੀ 3 ਜੂਨ ਨਹੀਂ ਆਇਆ? : ਡਾ. ਹਰਦੀਪ ਸਿੰਘ
ਸ਼੍ਰੋਮਣੀ ਕਮੇਟੀ ਵੱਲੋਂ ਵਿਗਾੜਿਆ ਹੋਇਆ ਕੈਲੰਡਰ ਤਿੰਨ ਪ੍ਰਣਾਲੀਆਂ ’ਤੇ ਅਧਾਰਤ ਹੈ। ਗੁਰਪੁਰਬ ਚੰਦਰਮਾਂ ਦੀਆਂ ਤਿੱਥਾਂ ਮੁਤਾਬਿਕ, ਪੁਰਾਤਨ ਸਿੱਖ ਇਤਿਹਾਸਕ ਦਿਹਾੜੇ ਸੂਰਜੀ ਤਰੀਖਾਂ ਮੁਤਾਬਿਕ ਅਤੇ ਨਵੀਨ ਇਤਿਹਾਸਕ ਦਿਹਾੜੇ ਈਸਵੀ ਕੈਲੰਡਰ ਮੁਤਾਬਿਕ ਮਨਾਏ ਜਾਂਦੇ ਹਨ ਇਸੇ ਕਾਰਨ ਕੋਈ ਵੀ ਦਿਹਾੜਾ ਕਦੀ ਵੀ ਨਿਸਚਤ ਤਰੀਖਾਂ ਨੂੰ ਨਹੀਂ ਆਉਂਦਾ : ਕਿਰਪਾਲ ਸਿੰਘ
ਬਠਿੰਡਾ, 19 ਜੂਨ (ਕਿਰਪਾਲ ਸਿੰਘ ): ਅੱਗੇ ਤੋਂ ਸਾਰੇ ਗੁਰਪੁਰਬ ਅਤੇ ਸਿੱਖ ਇਤਿਹਾਸਕ ਨਾਲ ਸਬੰਧਤ ਦਿਹਾੜੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਇਆ ਜਾਇਆ ਕਰਨਗੇ। ਇਹ ਐਲਾਨ ਬੀਤੇ ਦਿਨ ਭਾਈ ਮਤੀਦਾਸ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਕੀਤੇ ਗਏ ਸਮਾਗਮ ਦੀ ਸਮਾਪਤੀ ਉਪ੍ਰੰਤ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੈਪਟਨ ਮੱਲ ਸਿੰਘ ਨੇ ਕੀਤਾ। ਇਹ ਦੱਸਣਯੋਗ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ 2 ਹਾੜ 16 ਜੂਨ ਨੂੰ ਹੀ ਹੁੰਦਾ ਹੈ ਪਰ ਐਤਵਾਰ ਦੀ ਛੁੱਟੀ ਹੋਣ ਕਰਕੇ ਬੀਤੇ ਦਿਨ ਇਹ 18 ਜੂਨ ਨੂੰ ਮਨਾਇਆ ਗਿਆ।
 ਸਮਾਗਮ ਦੀ ਅਰੰਭਤਾ ਭਾਈ ਤਰਸੇਮ ਸਿੰਘ ਹਰਰਾਇਪੁਰ ਵਾਲਿਆਂ ਦੇ ਕੀਰਤਨੀ ਜਥੇ ਨੇ ਰਸਭਿੰਨੇ ਸ਼ਬਦ ਕੀਰਤਨ ਰਾਹੀਂ ਕੀਤੀ। ਕੀਰਤਨ ਦੀ ਸਮਾਪਤੀ ਉਪ੍ਰੰਤ ਭਾਈ ਹਰਦੀਪ ਸਿੰਘ (ਡਾ:) ਖਿਆਲੀਵਾਲੇ ਨੇ ਗੁਰੂ ਸਾਹਿਬ ਜੀ ਦੀ ਸ਼ਹੀਦੀ ਪਿੱਛੇ ਮੁੱਖ ਕਾਰਨਾਂ ਨੂੰ ਸੰਗਤ ਨਾਲ ਵਿਸਥਾਰ ਸਹਿਤ ਸਾਂਝੇ ਕਰਦਿਆਂ ਦੱਸਿਆ ਕਿ ਭਾਵੇਂ ਸ਼ਹੀਦੀ ਦਾ ਇੱਕ ਕਾਰਨ ਗੁਰੂ ਸਾਹਿਬ ਜੀ ਵੱਲੋਂ ਸੰਗਤਾਂ ਦੇ ਕਹਿਣ ’ਤੇ ਆਪਣੇ ਸਾਹਿਬਜ਼ਾਦੇ (ਗੁਰੂ) ਹਰਗੋਬਿੰਦ ਸਾਹਿਬ ਜੀ ਲਈ ਚੰਦੂ ਦੀ ਲੜਕੀ ਦਾ ਰਿਸ਼ਤਾ ਅਪ੍ਰਵਾਨ ਕਰਨਾ ਵੀ ਸੀ ਪਰ ਸਿਰਫ ਇਹੀ ਮੁੱਖ ਕਾਰਨ ਨਹੀਂ ਸੀ ਬਲਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਮੌਕੇ ਗੁਰਬਾਣੀ ਦੀ ਕਸਵੱਟੀ ’ਤੇ ਪੂਰੀ ਨਾ ਉਤਰਨ ਵਾਲੀ ਕਾਨ੍ਹੇ, ਪੀਲੂ, ਛੱਜੂ, ਸ਼ਾਹ ਹੁਸੈਨ ਆਦਿਕ ਦੀ ਕੱਚੀ ਰਚਨਾ ਨੂੰ ਦਰਜ ਕਰਨ ਤੋਂ ਨਾਂਹ ਕਰ ਕੇ ਸਿਧਾਂਤ ’ਤੇ ਪਹਿਰਾ ਦੇਣ ਦੀ ਦ੍ਰਿੜਤਾ ਵਿਖਾਉਣੀ, ਧਰਮ ਦੇ ਪਰਦੇ ਹੇਠ ਆਪਣੀਆਂ ਦੁਕਾਨਦਾਰੀਆਂ ਚਲਾ ਰਹੇ ਪੁਜਾਰੀਆਂ ਤੇ ਰਾਜਿਆਂ ਦੇ ਗਠਜੋੜ ਦੀ, ਗੁਰੂ ਅਰਜਨ ਸਾਹਿਬ ਜੀ ਦੀ ਵੱਧ ਰਹੀ ਲੋਕਪ੍ਰਿਯਤਾ ਤੋਂ ਪ੍ਰੇਸ਼ਾਨੀ ਅਤੇ ਗੁਰਗੱਦੀ ਪ੍ਰਾਪਤ ਕਰਨ ਦੀ ਲਾਲਸਾ ਅਧੀਨ ਗੁਰੂ ਸਾਹਿਬ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਵੱਲੋਂ ਗੁਰੂ ਘਰ ਦੀ ਵਿਰੋਧਤਾ ਆਦਿਕ ਮੁੱਖ ਕਰਨ ਸਨ ਜਿਨ੍ਹਾਂ ਨੂੰ ਜਹਾਂਗੀਰ ਤੱਕ ਪਹੁੰਚਾਉਣ ਲਈ ਉਸ ਦੇ ਅਹਿਲਕਾਰ ਚੰਦੂ ਨੇ ਇੱਕ ਕੜੀ ਦਾ ਕੰਮ ਕਰਕੇ ਸ਼ਹੀਦੀ ਲਈ ਪੂਰਾ ਤਾਣਾ ਬਾਣਾ ਉਣ ਕੇ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ।
ਡਾ: ਹਰਦੀਪ ਸਿੰਘ ਨੇ ਕਿਹਾ ਇਹ ਹਾਲਤ ਸਿਰਫ ਗੁਰੂ ਸਾਹਿਬ ਜੀ ਦੀ ਸ਼ਹੀਦੀ ਮੌਕੇ ਹੀ ਨਹੀਂ ਸਨ ਬਲਕਿ ਗੁਰਬਾਣੀ ਦਾ ਸੱਚ ਲੋਕਾਂ ਤੱਕ ਪਹੁੰਚਾਉਣ ਤੋਂ ਰੋਕਣ ਲਈ ਅੱਜ ਵੀ ਮੌਜੂਦ ਹਨ; ਜਿਸ ਦੀ ਉੱਘੀ ਉਦਾਹਰਣ ਹੈ ਕਿ ਡੇਰਾਵਾਦ (ਪਜਾਰੀਵਾਦ) ’ਚੋਂ ਨਿਕਲੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਦੋਂ ਤੱਕ ਹੋਰਨਾਂ ਡੇਰੇਦਾਰਾਂ ਵਾਂਗ ਗੁਰਬਾਣੀ ਦੀ ਕਸਵੱਟੀ ’ਤੇ ਪੂਰਾ ਨਾ ਉਤਰਨ ਵਾਲਾ ਵਿਰੋਧੀਆਂ ਵੱਲੋਂ ਲਿਖੀਆ ਇਤਿਹਾਸ ਸੁਣਾ ਕੇ ਆਪਣਾ ਪਾਖੰਡਵਾਦ ਚਲਾਉਂਦੇ ਰਹੇ ਉਤਨੀ ਦੇਰ ਤੱਕ ਉਨ੍ਹਾਂ ਦਾ ਕੋਈ ਵਿਰੋਧ ਨਹੀਂ ਸੀ ਸਗੋਂ ਉਨ੍ਹਾਂ ਨੂੰ ਪੂਰਨ ਬ੍ਰਹਮਗਿਆਨੀ ਸੰਤ ਮਹਾਰਾਜ ਕਹਿ ਕੇ ਆਦਰ ਸਤਿਕਾਰ ਦਿੰਦੇ ਰਹੇ ਪਰ ਜਦੋਂ ਹੀ ਉਨ੍ਹਾਂ ਨੂੰ ਗੁਰਬਾਣੀ ਦਾ ਸੱਚ ਸਮਝ ਆਇਆ ਤਾਂ ਉਨ੍ਹਾਂ ਨੇ ਗੁਰਬਾਣੀ ’ਤੇ ਖ਼ਰੇ ਨਾ ਉਤਰਨ ਵਾਲੀਆਂ ਮਨਘੜਤ ਸਾਖੀਆਂ ਸੁਣਾਉਣ ਦਾ ਪੂਰਨ ਤੌਰ ’ਤੇ ਤਿਆਗ ਕਰ ਕੇ ਨਿਰੋਲ ਗੁਰਬਾਣੀ ਦਾ ਸੱਚ ਪ੍ਰਚਾਰਨਾਂ ਸ਼ੁਰੂ ਕਰ ਦਿੱਤਾ ਤਾਂ ਤੁਰੰਤ ਉਨ੍ਹਾਂ ’ਤੇ ਹਮਲੇ ਹੋਣੇ ਸ਼ੁਰੂ ਹੋ ਗਏ ।   
     ਭਾਈ ਹਰਦੀਪ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਜੀ ਦਾ ਸ਼ਹੀਦੀ ਪੁਰਬ ਮਨਾਉਣਾ ਤਾਂ ਹੀ ਸਫਲ ਹੈ ਜੇ ਕਰ ਅਸੀਂ ਉਨ੍ਹਾਂ ਤੋਂ ਪ੍ਰੇਰਣਾਂ ਲੈ ਕੇ ਸੱਚ ’ਤੇ ਪਹਿਰਾ ਦੇਣ ਦੀ ਜਾਚ ਸਿੱਖਣ ਵੱਲ ਵਧਣਾਂ ਸ਼ੁਰੂ ਕਰੀਏ। ਗੁਰਮਤਿ ਅਤੇ ਇਤਿਹਾਸਕ ਵੀਚਾਰਾਂ ਉਪ੍ਰੰਤ ਨਾਨਕਸ਼ਾਹੀ ਕੈਲੰਡਰ ਵੱਲ ਪ੍ਰਤਦਿਆਂ ਭਾਈ ਹਰਦੀਪ ਸਿੰਘ ਨੇ ਕਿਹਾ ਕਿ 1984 ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 3 ਜੂਨ ਨੂੰ ਸੀ ਜਿਸ ਦਿਨ ਪੰਜਾਬ ਵਿੱਚ ਕਰਫਿਊ ਲਾ ਕੇ ਭਾਰਤੀ ਫੌਜ ਨੇ ਦਰਬਾਰ ਸਾਹਿਬ ਕੰਪਲੈਕਸ ਨੂੰ ਘੇਰਾ ਪਾ ਲਿਆ, 4 ਜੂਨ ਨੂੰ ਦਰਬਾਰ ਸਾਹਿਬ ’ਤੇ ਹਮਲਾ ਕਰ ਦਿੱਤਾ ਜਿਸ ਨੂੰ ਸਿੱਖ ਕੌਮ ਤੀਜੇ ਘਲੂਘਾਰੇ ਦਾ ਨਾਮ ਦਿੰਦੀ ਹੈ ਅਤੇ 6 ਜੂਨ ਨੂੰ ਅਕਾਲ ਤਖ਼ਤ ਸਾਹਿਬ ਨੂੰ ਢਹਿਢੇਰੀ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਨ੍ਹਾਂ ਦੇ ਹੋਰ ਸਾਥੀ ਸ਼ਹੀਦ ਕਰ ਦਿੱਤੇ ਗਏ। ਸਿੱਖ ਕੌਮ ਸੰਤ ਜਰਨੈਲ ਸਿੰਘ ਦਾ ਸ਼ਹੀਦੀ ਦਿਹਾੜਾ ਹਰ ਸਾਲ 6 ਜੂਨ ਨੂੰ ਮਨਾਉਂਦੀ ਹੈ ਪਰ ਕੀ ਕਾਰਨ ਹੈ ਕਿ ਉਸ ਤੋਂ ਪਿੱਛੋਂ ਗੁਰੂ ਅਰਜਨ ਸਾਹਿਬ ਜੀ ਸ਼ਹੀਦੀ ਦਿਹਾੜਾ ਅੱਜ ਤੱਕ ਕਦੀ ਵੀ 3 ਜੂਨ ਨਹੀਂ ਆਇਆ? ਇਸੇ ਕਾਰਨ ਤੀਜੇ ਘੱਲੂਘਾਰੇ ਤੇ ਸੰਤ ਜਰਨੈਲ ਸਿੰਘ ਦਾ ਸ਼ਹੀਦੀ ਦਿਨ ਤਾਂ ਸਾਨੂੰ ਸਭ ਨੂੰ ਯਾਦ ਹੈ ਪਰ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਨ ਕਿਸੇ ਨੂੰ ਵੀ ਯਾਦ ਨਹੀਂ ਰਹਿੰਦਾ।
ਇਸ ਉਪ੍ਰੰਤ ਭਾਈ ਕਿਰਪਾਲ ਸਿੰਘ ਨੇ ਦੱਸਿਆ ਕਿ ਇਸ ਦਾ ਕਾਰਨ ਇਹ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਵਿਗਾੜਿਆ ਹੋਇਆ ਕੈਲੰਡਰ ਤਿੰਨ ਪ੍ਰਣਾਲੀਆਂ ’ਤੇ ਅਧਾਰਤ ਹੈ। ਗੁਰਪੁਰਬ ਚੰਦਰਮਾਂ ਦੀਆਂ ਤਿੱਥਾਂ ਮੁਤਾਬਿਕ ਮਨਾਏ ਜਾਂਦੇ ਹਨ ਜਿਸ ਦੇ ਸਾਲ ਦੀ ਲੰਬਾਈ ਕਦੀ 354/55 ਦਿਨ ਅਤੇ ਕਦੀ 383/84 ਦਿਨ ਹੋ ਜਾਂਦੀ ਹੈ, ਪੁਰਾਤਨ ਸਿੱਖ ਇਤਿਹਾਸਕ ਦਿਹਾੜੇ ਜਿਵੇਂ ਕਿ ਸਾਹਿਬਜ਼ਾਦਿਆਂ ਤੇ ਗੁਰਸਿੱਖਾਂ ਦੇ ਸ਼ਹੀਦੀ ਦਿਹਾੜੇ ਤੇ ਹੋਰ ਅਹਿਮ ਘਟਨਾਵਾਂ ਸੂਰਜੀ ਤਰੀਖਾਂ ਮੁਤਾਬਿਕ ਮਨਾਏ ਜਾਂਦੇ ਹਨ ਜਿਸ ਦੇ ਸਾਲ ਦੀ ਲੰਬਾਈ 365/66 ਦਿਨ ਹੈ, ਅੰਗਰੇਜਾਂ ਵੱਲੋਂ ਭਾਰਤ ’ਤੇ ਕਬਜ਼ਾ ਕੀਤੇ ਜਾਣ ਉਪ੍ਰੰਤ ਇੱਥੇ ਈਸਵੀ ਕੈਲੰਡਰ ਲਾਗੂ ਹੋ ਗਿਆ ਇਸ ਲਈ ਨਵੀਨ ਇਤਿਹਾਸਕ ਦਿਹਾੜੇ ਈਸਵੀ ਕੈਲੰਡਰ ਮੁਤਾਬਿਕ ਮਨਾਏ ਜਾਂਦੇ ਹਨ। ਇਹੋ ਕਾਰਨ ਹੈ ਕਿ ਗੁਰੂ ਅਰਜਨ ਸਾਹਿਬ ਜੀ ਤੇ ਸੰਤ ਜਰਨੈਲ ਸਿੰਘ ਦੇ ਸ਼ਹੀਦੀ ਦਿਨਾਂ ਦੀ ਤਰਤੀਬ ਨਾ ਮਿਲਣ ਤੋਂ ਇਲਾਵਾ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 8 ਪੋਹ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸੂਰਜੀ ਤਰੀਖ 23 ਪੋਹ ਦੀ ਵਜਾਏ ਚੰਦਰਮਾਂ ਦੇ ਹਿਸਾਬ ਪੋਹ ਸੁਦੀ 7 ਨੂੰ ਮਨਾਏ ਜਾਣ ਕਰਕੇ ਕਦੀ ਗੁਰੂ ਸਾਹਿਬ ਜੀ ਦਾ ਗੁਰਪੁਰਬ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਤੋਂ ਪਹਿਲਾਂ; ਕਦੀ ਪਿੱਛੋਂ ਆਉਂਦਾ ਹੈ ਤੇ ਕਦੀ ਕਦੀ ਦੋਵੇਂ ਦਿਹਾੜੇ ਇਕੱਠੇ ਵੀ ਆ ਜਾਂਦੇ ਹਨ ਜਿਵੇਂ ਕਿ ਸੰਨ 1995 ਅਤੇ 2014 ’ਚ ਪੋਹ ਸੁਦੀ 7 ਅਤੇ 13 ਪੋਹ ਦੋਵੇਂ ਹੀ ਇਕੱਠੇ 28 ਦਸੰਬਰ ਨੂੰ ਆਉਣ ਕਰਕੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਇਕੱਠੇ ਆਏ ਸਨ ਅਤੇ 1982 ’ਚ ਪੋਹ ਸੁਦੀ 7 ਅਤੇ 8 ਪੋਹ ਦੋਵੇਂ ਹੀ ਇਕੱਠੇ 22 ਦਸੰਬਰ ਨੂੰ ਆਉਣ ਕਰਕੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਇੱਕੋ ਦਿਨ ਆਏ ਸੀ। ਬਿਕ੍ਰਮੀ ਕੈਲੰਡਰ ਅਤੇ ਈਸਵੀ ਕੈਲੰਡਰ ਦੋਵਾਂ ਦੇ ਸਾਲਾਂ ਦੀ ਹੀ ਲੰਬਾਈ ਭਾਵੇਂ 365/66 ਦਿਨ ਹੈ ਪਰ ਕਿਉਂਕਿ ਈਸਵੀ ਸਾਲ ਦੀ ਲੰਬਾਈ ਰੁੱਤੀ ਸਾਲ ਦੀ ਲੰਬਾਈ ਦੇ ਬਹੁਤ ਜੀ ਨਜ਼ਦੀਕ ਹੈ ਜਦੋਂ ਕਿ ਬਿਕ੍ਰਮੀ ਸਾਲ ਦੀ ਲੰਬਾਈ ਪਹਿਲਾਂ ਰੁੱਤੀ ਸਾਲ ਨਾਲੋਂ 24 ਮਿੰਟ ਵੱਧ ਅਤੇ ਹਿੰਦੂ ਵਿਦਵਾਨਾਂ ਵੱਲੋਂ 1964 ਵਿੱਚ ਕੀਤੀ ਸੋਧ ਉਪ੍ਰੰਤ ਤਕਰੀਬਨ 20 ਮਿੰਟ ਵੱਧ ਹੋਣ ਕਰਕੇ ਇਨ੍ਹਾਂ ਦੋਵਾਂ ਕੈਲੰਡਰਾਂ ਦੀ ਤਰੀਖਾਂ ਵੀ ਸਮੇਂ ਦੀ ਚਾਲ ਨਾਲ ਆਪਣਾ ਤਾਲਮੇਲ ਬਣਾ ਕੇ ਨਹੀਂ ਰੱਖ ਸਕਦੀਆਂ; ਜਿਵੇਂ ਕਿ 1699 ਦੀ ਵੈਸਾਖੀ 29 ਮਾਰਚ ਨੂੰ ਆਈ ਸੀ ਪਰ ਅੱਜ ਕੱਲ੍ਹ 13 ਜਾਂ 14 ਅਪ੍ਰੈਲ ਨੂੰ ਆ ਰਹੀ ਹੈ। ਕੇਵਲ 20 ਮਿੰਟ ਦਾ ਫਰਕ ਹੋਣ ਕਰਕੇ ਸਦੀਆਂ ਪਿੱਛੋਂ ਇਤਨਾ ਫਰਕ ਤਾਂ ਸਮਝਿਆ ਜਾ ਸਕਦਾ ਹੈ ਪਰ ਹਰ ਦੋ ਸਾਲ ਬਾਅਦ ਹੀ ਵੈਸਾਖੀ ਦੀ ਤਰੀਖ ਬਦਲ ਜਾਣੀ ਹੈਰਾਨੀਜਨਕ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਵੀ ਹਰ ਸਾਲ ਬਦਲ ਜਾਂਦੀ ਹੈ ਭਾਵ ਜਿਹੜਾ ਮਹੀਨਾ ਇਸ ਸਾਲ 29 ਦਿਨਾਂ ਦਾ ਹੈ ਉਹ ਅਗਲੇ ਸਾਲ 30 ਦਿਨਾਂ ਦਾ ਹੈ; ਜਿਹੜਾ ਇਸ ਸਾਲ 30 ਦਿਨਾਂ ਦਾ ਹੈ ਉਹ ਅਗਲੇ ਸਾਲ 31 ਦਿਨ ਅਤੇ ਜਿਹੜਾ 31 ਦਿਨਾਂ ਦਾ ਉਹ ਅਗਲੇ ਸਾਲ 32 ਦਿਨਾਂ ਦਾ ਜਾਂਦਾ ਹੈ ਅਤੇ ਦੋ ਸਾਲਾਂ ਪਿੱਛੋਂ ਫਿਰ ਆਪਣੀ ਪਹਿਲੀ ਗਿਣਤੀ ਵਾਲਾ ਹੋ ਜਾਂਦਾ ਹੈ। ਸਾਰੇ ਮਹੀਨਿਆਂ ਦਾ ਹਾਲ ਇੱਕੋ ਜਿਹਾ ਹੀ ਹੈ ਪਰ ਆਪਾਂ ਉਦਾਹਰਣ ਸਿਰਫ ਵੈਸਾਖੀ ਭਾਵ ਪਹਿਲੀ ਵੈਸਾਖ ਦੀ ਲੈਂਦੇ ਹਾਂ। ਜੇ ਪਿਛਲੇ ਸਾਲਾਂ ਦੇ ਕੈਲੰਡਰ ਵੇਖੋ ਤਾਂ ਪਤਾ ਚਲੇਗਾ ਕਿ ਸਾਲ 1999 ਵਿੱਚ ਵੈਸਾਖੀ 14 ਅਪ੍ਰੈਲ ਦੀ ਸੀ, 2000 ਵਿੱਚ 12 ਅਪ੍ਰੈਲ, 2001 ਅਤੇ 2002 ਵਿੱਚ 13 ਅਪ੍ਰੈਲ, 2003 ਵਿੱਚ 14 ਅਪ੍ਰੈਲ, 2004 ਅਤੇ 5 ਵਿੱਚ 13 ਅਪ੍ਰੈਲ, 2006 ਅਤੇ 7 ਵਿੱਚ 14 ਅਪ੍ਰੈਲ, 2008 ਅਤੇ 9 ਵਿੱਚ 13 ਅਪ੍ਰੈਲ 2010 ਅਤੇ 11 ਵਿੱਚ 14 ਅਪ੍ਰੈਲ 2012 ਅਤੇ 13 ਵਿੱਚ 13 ਅਪ੍ਰੈਲ, 2014 ਅਤੇ 2015 ਵਿੱਚ 14 ਅਪ੍ਰੈਲ 2016 ਅਤੇ 17 ਵਿੱਚ 13 ਅਪ੍ਰੈਲ ਨੂੰ ਆਈ ਸੀ; ਅਗਲੇ ਸਾਲ ਭਾਵ 2018 ਵਿੱਚ ਫਿਰ 14 ਅਪ੍ਰੈਲ ਨੂੰ ਆਵੇਗੀ। ਇਸ ਦਾ ਕਾਰਨ ਇਹ ਹੈ ਕਿ 14 ਮਾਰਚ ਨੂੰ ਹੀ ਸ਼ੁਰੂ ਹੋਇਆ ਚੇਤ ਮਹੀਨਾ ਜਦੋਂ 30 ਦਿਨਾਂ ਦਾ ਹੁੰਦਾ ਹੈ ਤਾਂ ਉਸ ਤੋਂ ਅਗਲੇ ਮਹੀਨੇ ਵੈਸਾਖ ਦੀ ਪਹਿਲੀ ਤਰੀਖ ਭਾਵ ਵੈਸਾਖੀ 13 ਅਪ੍ਰੈਲ ਦੀ ਅਤੇ ਜਦੋਂ 31 ਦਿਨਾਂ ਦਾ ਹੋ ਜਾਂਦਾ ਹੈ ਤਾਂ ਵੈਸਾਖੀ 14 ਅਪ੍ਰੈਲ ਦੀ ਹੋ ਜਾਂਦੀ ਹੈ। ਸੋ ਬਿਕ੍ਰਮੀ ਕੈਲੰਡਰ ’ਚ ਇਤਨਾ ਗੋਰਖ ਧੰਦਾ ਹੈ ਕਿ ਇਸ ਦੀ ਸਾਧਾਰਨ ਮਨੁੱਖ ਨੂੰ ਸਮਝ ਆ ਹੀ ਨਹੀਂ ਸਕਦੀ ਅਤੇ ਨਾ ਹੀ ਕਦੀ ਦਿਨ ਦਿਹਾੜੇ, ਨਿਸਚਤ ਤਰੀਖਾਂ ਨੂੰ ਆ ਸਕਦੇ ਹਨ।
ਸ: ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤੇ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਬਿਲਕੁਲ ਈਸਵੀ ਸਾਲ ਦੇ ਬਰਾਬਰ ਅਤੇ ਇਸ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਪੱਕੇ ਤੌਰ ’ਤੇ ਨਿਸਚਤ ਕੀਤੇ ਜਾਣ ਸਦਕੇ ਵੈਸਾਖੀ ਹਰ ਸਾਲ 14 ਅਪ੍ਰੈਲ ਨੂੰ ਹੀ ਆਵੇਗੀ ਤੇ ਸਾਰੇ ਗੁਰਪੁਰਬ ਤੇ ਇਤਿਹਾਸਕ ਦਿਹਾੜੇ ਸੂਰਜੀ ਤਰੀਖਾਂ ਮੁਤਾਬਿਕ ਨਿਸਚਤ ਕੀਤੇ ਜਾਣ ਸਦਕਾ ਹਮੇਸ਼ਾਂ ਹਮੇਸ਼ਾਂ ਲਈ ਨਿਸਚਤ ਤਰੀਖਾਂ ਨੂੰ ਹੀ ਆਉਣਗੇ ਜਿਵੇਂ ਕਿ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 8 ਪੋਹ/ 21 ਦਸੰਬਰ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦਾ ਦਿਹਾੜਾ 13 ਪੋਹ/ 26 ਦਸੰਬਰ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ/ 5 ਜਨਵਰੀ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 2 ਹਾੜ/ 16 ਜੂਨ ਨੂੰ ਹਰ ਸਾਲ ਹੀ ਆਉਣਗੇ। ਜੇ ਕਰ ਨਾਨਕਸ਼ਾਹੀ ਕੈਲੰਡਰ 1984 ਤੋਂ ਪਹਿਲਾਂ ਲਾਗੂ ਹੋਇਆ ਹੁੰਦਾ ਤਾਂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ, ਤੀਜਾ ਘੱਲੂਘਾਰਾ ਅਤੇ ਸੰਤ ਜਰਨੈਲ ਸਿੰਘ ਦੀ ਸ਼ਹੀਦੀ ਦਿਨਾਂ ਦੀ ਤਰਤੀਬ ਹਮੇਸ਼ਾਂ ਲਈ ਇੱਕੋ ਰਹਿਣੀ ਸੀ ਪਰ 1999 ਨੂੰ ਬੇਸ ਮੰਨ ਕੇ ਲਾਗੂ ਹੋਏ ਕੈਲੰਡਰ ਸਦਕਾ ਹੁਣ ਸੰਤਾਂ ਦੀ ਸ਼ਹੀਦੀ 6 ਜੂਨ ਅਤੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ 16 ਜੂਨ ਨੂੰ ਆਉਂਦੀ ਰਹੇਗੀ। ਸਿੱਖੀ ਦਾ ਸਿਧਾਂਤ ਹੈ ਹਮੇਸ਼ਾਂ ਇੱਕ ਨਾਲ ਜੁੜਨਾ ਇਸ ਲਈ ਸ਼੍ਰੋਮਣੀ ਕਮੇਟੀ ਵੱਲੋਂ ਵਿਗਾੜੇ ਕੈਲੰਡਰ ਦਾ ਖਹਿੜਾ ਛੱਡ ਕੇ ਇੱਕ ਅਕਾਲ ਪੁਰਖ, ਇੱਕ ਗੁਰੂ ਗ੍ਰੰਥ ਸਾਹਿਬ ਜੀ, ਇੱਕ ਸਿੱਖ ਰਹਿਤ ਅਤੇ ਇੱਕ ਨਾਨਕਸ਼ਾਹੀ ਕੈਲੰਡਰ ਹੀ ਮੰਨਣਾ ਚਾਹੀਦਾ ਹੈ।
ਸਮਾਗਮ ਦੀ ਸਮਾਪਤੀ ਉਪ੍ਰੰਤ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੈਪਟਨ ਮੱਲ ਸਿੰਘ ਨੇ ਹਾਜਰ ਸੰਗਤ ਦੀ ਸਹਿਮਤੀ ਲੈ ਕੇ ਐਲਾਨ ਕਰ ਦਿੱਤਾ ਕਿ ਅੱਗੇ ਤੋਂ ਸਾਰੇ ਗੁਰਪੁਰਬ ਤੇ ਹੋਰ ਇਤਿਹਾਸਕ ਦਿਹਾੜੇ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਹੀ ਮਨਾਇਆ ਜਾਇਆ ਕਰਨਗੇ।
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.