ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਸਿਆਟਲ ਵਾਲੀ ਸਿੱਖ ਚੇਤਨਾ ਕਾਨਫਰੰਸ ਕਾਮਯਾਬ ਰਹੀ
ਸਿਆਟਲ ਵਾਲੀ ਸਿੱਖ ਚੇਤਨਾ ਕਾਨਫਰੰਸ ਕਾਮਯਾਬ ਰਹੀ
Page Visitors: 2466

ਸਿਆਟਲ ਵਾਲੀ ਸਿੱਖ ਚੇਤਨਾ ਕਾਨਫਰੰਸ ਕਾਮਯਾਬ ਰਹੀ
ਕਿਉਂਕਿ ਉਸ ਨੂੰ ਕਰਾਉਂਣ ਵਾਲੇ ਸ਼ੁਧ ਹਿਰਦੇ ਵਿਚੋਂ ਕਰਵਾ ਰਹੇ ਸਨ। ਉਸ ਪਿੱਛੇ ਕੋਈ ਰਾਜਸੀ ਬੂਅ ਨਹੀ ਸੀ ਆ ਰਹੀ, ਕਿਸੇ ਕਬਜੇ ਜਾਂ ਈਗੋ ਵਰਗੀ ਕੋਈ ਭਾਵਨਾ ਨਹੀ ਸੀ। ਭਾਵਨਾ ਸੀ ਤਾਂ ਇੱਕੋ ਕਿ ਸ੍ਰੀ ਗੁਰੂ ਸਾਹਿਬ ਜੀ ਦੀ ਸ਼ੁਧ ਵਿਚਾਰਧਾਰਾ ਵਿਚ ਪਾ ਦਿੱਤਾ ਗਿਆ ਗੰਦਲਾਪਨ ਦੂਰ ਕਰਕੇ ਇਸ ਦੇ ਨਿਰਮਲ ਜਲ ਨੂੰ ਲੋਕ ਹਿਰਦੇ ਤੱਕ ਕਿਵੇਂ ਪਹੁੰਚਾਇਆ ਜਾ ਸਕੇ। ਜਦ ਕਿਸੇ ਕੰਮ ਪਿੱਛੇ ਤੁਹਾਡਾ ਨਿੱਜੀ ਮੁਫਾਦ ਨਾ ਹੋਵੇ ਅਤੇ ਭਾਵਨਾ ਸ਼ੁਧ ਹੋਵੇ ਤਾਂ ਲੋਕਾਂ ਦਾ ਸਹਿਜੋਗ ਅਪਣੇ ਆਪ ਆ ਜੁੜਦਾ ਹੈ।
ਉਝਂ ਪ੍ਰਬੰਧਕਾਂ ਦਾ ਇਹ ਤਜਰਬਾ ਕਾਮਯਾਬ ਰਿਹਾ ਕਿ ਪਹਿਲੇ ਦਿਨ ਬਾਹਰ ਕਰਵਾ ਕੇ ਦੇਖਿਆ ਜਾਵੇ ਕਿ ਲੋਕ ਕਿੰਨਾ ਕੁ ਸਹਿਜੋਗ ਦਿੰਦੇ ਹਨ ਕਿਉਂਕਿ ਕੁਝ ਇੱਕ ਧਿਰਾਂ ਵਿਚ ਚਰਚਾ ਸੀ ਕਿ ਗੁਰਦੁਆਰੇ ਤਾਂ ਲੋਕ ਉਈਂ ਆ ਜਾਂਦੇ ਹਨ। ਹਾਲ ਵਿਚ ਵੀ ਕੋਈ ੫ ਤੋਂ ੬੦੦ ਦੇ ਕਰੀਬ ਲੋਕਾਂ ਦਾ ਜੁੜਨਾ ਉਹ ਵੀ ਅਜਿਹੇ ਥਾਂ ਜਿਥੇ ਕੋਈ ਢੋਲਕੀ ਚੁਮਟਾ ਨਾ ਖੜਕਨਾ ਹੋਵੇ, ਪ੍ਰਬੰਧਕਾਂ ਲਈ ਅਚੰਬਾ ਰਿਹਾ। ਇਹ ਵੀ ਕਿ ਕਰੀਬਨ ਸਾਰੇ ਲੋਕਾਂ ਕੁੱਲ ਪ੍ਰੋਗਰਾਮ ਨੂੰ ਅਖੀਰ ਤੱਕ ਯਾਣੀ ੧੦ ਘੰਟੇ ਦੇ ਕਰੀਬ ਨਿੱਠ ਕੇ ਸੁਣਿਆ ਸਿਵਾਏ ਇੱਕ ਘੰਟੇ ਲੰਗਰ ਦੀ ਬਰੇਕ ਦੇ!
ਪਰ ਅਗਲੇ ਦਿਨ ਵਾਲਾ ਇਕੱਠ ਹੋਰ ਵੀ ਹੈਰਾਨ ਕਰ ਦੇਣ ਵਾਲਾ ਸੀ ਜਿਹੜਾ ਗੁਰਦੁਆਰਾ ਸੱਚਾ ਮਾਰਗ ਵਿਖੇ ਰੱਖਿਆ ਗਿਆ ਸੀ। ਪ੍ਰਬੰਧਕਾਂ ਨੂੰ ਹਾਲ ਤੋਂ ਬਾਹਰ ਤੱਕ ਦਰੀਆਂ ਵਿਛਾਉਂਣੀਆਂ ਪਈਆਂ ਬਾਵਜੂਦ ਇਸ ਦੇ ਕਿ ਕੁਝ ਇੱਕ ਧਿਰਾਂ ਵਲੋਂ ਇਸ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਗਈ।
ਪਤਾ ਨਹੀ ਕਿਉਂ ਸਿਆਟਲ ਦੇ ਲੋਕ ਮੈਨੂੰ ਸ਼ਹਿਰੀ ਘੱਟ ਪਰ ਪੇਡੂੰ ਜਿਆਦਾ ਜਾਪੇ। ਨਿਰਸ਼ਲ ਜਿਹੇ! ਅਪਣਾ ਪੂਰਾ ਦਿੱਲ ਹੀ ਤੁਹਾਡੇ ਅੱਗੇ ਖੋਹਲ ਕੇ ਰੱਖ ਦੇਣ ਵਰਗੇ। ਪਿਆਰੇ ਲੋਕ। ਕੁਝ ਕਰਨਾ ਚਾਹੁੰਣ ਵਾਲੇ। ਅਪਣੇ ਸਿੱਖ ਹੋਣ ਦੇ ਅਕੀਦੇ ਪ੍ਰਤੀ ਦ੍ਰਿੜ। ਤੇ ਸ਼ਾਇਦ ਬੱਸ ਇਹੀ ਕਾਰਨ ਹੋਵੇ ਕਿ ਲੋਕ ਉਨ੍ਹਾਂ ਦੀ ਪਿੱਠ ਤੇ ਆਣ ਖੜੋਤੇ। ਇਹ ਵੀ ਕਿ ਕੇਵਲ ਸਿਆਟਲ ਹੀ ਨਹੀ ਦੂਰੋਂ ਵੀ।
ਬਹੁਤੀ ਸਮਝ ਨਾ ਲੱਗਣ ਦੇ ਬਾਵਜੂਦ ਵੀ ਮੈਨੂੰ ਪਾਲ ਸਿੰਘ ਪੁਰੇਵਾਲ ਅਤੇ ਸਰਬਜੀਤ ਸਿੰਘ ਸੈਕਰਾਮੈਟੋ ਦੀ ਮਿਹਨਤ ਨੇ ਸਭ ਤੋਂ ਜਿਆਦਾ ਆਕਰਸ਼ ਕੀਤਾ। ਕਿਉਂਕਿ ਅਜਿਹੇ ਛੇਤੀ ਨਾ ਸਮਝ ਆਉਂਣ ਵਾਲੇ ਵਿਸ਼ੇ ਵਿਚ ਮਨ ਨੂੰ ਖੋਭਣਾ ਤਪੱਸਿਆ ਤੋਂ ਘੱਟ ਨਹੀ ਅਤੇ ਵਿਸ਼ਾ ਵੀ ਉਹ ਜਿਹੜਾ ਪੂਰੀ ਕੌਮ ਨੂੰ ਪ੍ਰਭਾਵਤ ਕਰਦਾ ਹੋਵੇ ਅਤੇ ਉਸ ਅੰਦਰਲੀ ਕੌਮੀਅਤ ਨੂੰ ਅੰਗੜਾਈ ਭਰਨ ਲਈ ਪ੍ਰੇਰਦਾ ਹੋਵੇ। ਮੇਰੇ ਵਰਗੇ ਨਾ ਸਮਝਾ ਲਈ ਇਹ ਬੜਾ ਰੁੱਖਾ ਵਿਸ਼ਾ ਹੈ ਪਰ ਇਸ ਨੇ ਪੂਰੀ ਕੱਟੜ ਹਿੰਦੂ ਜਮਾਤ ਅਤੇ ਉਨ੍ਹਾਂ ਵਰਗੇ ਗੋਲ ਪੱਗਾਂ ਵਾਲਿਆਂ ਦੀ ਨੀਂਦ ਬੁਰੀ ਤਰ੍ਹਾਂ ਹਰਾਮ ਕਰੀ ਰੱਖੀ ਹੈ।
ਨਾਨਕਸ਼ਾਹੀ ਕਲੰਡਰ ਨੂੰ ਚੈਲਿੰਜ ਕਰਨ ਵਾਲੇ ਡੇਰਾਵਾਦੀਆਂ ਲਈ ਇੱਕ ਮੁਸ਼ਕਲ ਹੋਰ ਖੜੀ ਹੋਈ ਜਦ ਪਹਿਲਾਂ ਖੁਦ ਪੁਰੇਵਾਲ ਹੁਰਾਂ ਇਸ ਨੂੰ ਗਲਤ ਸਾਬਤ ਕਰਨ ਵਾਲਿਆਂ ਲਈ ਕੁਝ ਲੱਖ ਦਾ ਈਨਾਮ ਰੱਖ ਦਿੱਤਾ ਪਰ ਪ੍ਰਬੰਧਕਾਂ ਤਾਂ ਸਿਰਾ ਹੀ ਲਾ ਦਿੱਤਾ ਜਦ ਉਨੀ੍ਹ ਅੱਧਾ ਮਿਲੀਅਨ ਡਾਲਰ ਕਰ ਦਿੱਤਾ!!
ਉਂਝ ਡੇਰਾ ਵਾਦੀਆਂ ਨੂੰ ਛੱਡ ਸਿਆਣੇ ਸਿੱਖ ਇਸ ਗੱਲ ਨੂੰ ਸਮਝਦੇ ਹਨ ਤਾਂ ਹੀ ਪੁਰੇਵਾਲ ਹੁਰੀਂ ਅਜਿਹੀਆਂ ਸਟੇਜਾਂ ਤੇ ਬਕਾਇਦਾ ਸੱਦੇ ਜਾਂਦੇ ਹਨ।
ਸਭ ਦਾ ਰੋਲ ਚੰਗਾ ਰਿਹਾ ਬੜਾ ਕੁਝ ਸਿਖਣ ਨੂੰ ਮਿਲਿਆ। ਨਵੀਆਂ ਗੱਲਾਂ, ਨਵੇਂ ਖਿਆਲ, ਨਵੇਂ ਵਿਚਾਰ। ਪ੍ਰਬੰਧਕਾਂ ਦੇ ਦੁਬਾਰਾ ਅਸ਼ਕੇ ਜਿੰਨਾ ਕਈ ਰੁਕਾਵਟਾਂ ਦੇ ਬਾਵਜੂਦ ਵਿਚ ਕਾਨਫਰੰਸ ਨੂੰ ਸਫਲ ਕੀਤਾ ਅਤੇ ਬੇਹੱਦ ਸਫਲ ਕੀਤਾ ਉਥੇ ਪਹੁੰਚੇ ਲੋਕਾਂ ਨੇ ਜਿੰਨਾ ਅੰਦਰ ਕੁਝ ਨਵਾਂ ਸੁਣਨ ਦੀ, ਨਵਾਂ ਜਾਨਣ ਦੀ ਲਾਲਸਾ ਅੰਗੜਾਈ ਭਰ ਰਹੀ ਹੈ ਜਿਸ ਤੋਂ ਕਿਸੇ ਉੱਜਲੇ ਭਵਿੱਖ ਦੀ ਉਮੀਦ ਕੀਤੀ ਜਾਣੀ ਚਾਹੀਦੀ ਹੈ।
ਯਾਦ ਰਹੇ ਕਿ ਇਸ ਵਿਚ ਸਭ ਤੋਂ ਜਿਆਦਾ ਜੋਰ ਲੱਗਾ ਸ੍ਰ ਕੁਲਦੀਪ ਸਿੰਘ ਸ਼ੇਰੇ-ਪੰਜਾਬ ਵਾਲਿਆਂ ਦਾ। ਜਿੰਨਾ ਪ੍ਰਬੰਧ ਨੂੰ 'ਆਰਗੇਨਾਈਜ' ਕਰਨ ਵਿਚ ਵੀ ਅਤੇ ਇਸ ਨੂੰ ਸਿਰੇ ਲਾਉਂਣ ਵਿਚ ਵੀ ਦਿਨ ਰਾਤ ਇੱਕ ਕਰੀ ਰੱਖਿਆ।

ਗੁਰਦੇਵ ਸਿੰਘ ਸੱਧੇਵਾਲੀਆ।



 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.