ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ’ਚੋਂ ਵਾਕਆਊਟ
ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ’ਚੋਂ ਵਾਕਆਊਟ
Page Visitors: 2422

ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ’ਚੋਂ ਵਾਕਆਊਟ

Posted On 27 Mar 2017
By :
aap

ਚੰਡੀਗੜ੍ਹ, 27 ਮਾਰਚ (ਪੰਜਾਬ ਮੇਲ)- ਪੰਜਾਬ ਵਿਧਾਨ ਸਭਾ ਵਿੱਚ ਅੱਜ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਰਾਜਪਾਲ ਦੇ ਭਾਸ਼ਣ ’ਤੇ ਬਹਿਸ ਦੀ ਮੰਗ ਕਰਦਿਆਂ ਭਾਰੀ ਸ਼ੋਰ-ਸ਼ਰਾਬਾ ਕੀਤਾ ਅਤੇ ਸਪੀਕਰ ਦੀ ਚੋਣ ਦੌਰਾਨ ਸਦਨ ਦੀ ਕਾਰਵਾਈ ਦਾ ਬਾਈਕਾਟ ਵੀ ਕੀਤਾ। ‘ਆਪ’ ਵਿਧਾਇਕਾਂ ਦੇ ਸ਼ੋਰ-ਸ਼ਰਾਬੇ ਦੌਰਾਨ ਹੀ ਸਦਨ ਦੇ ਨੇਤਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਣਾ ਕੇ.ਪੀ. ਸਿੰਘ ਨੂੰ ਸਪੀਕਰ ਚੁਣੇ ਜਾਣ ਦਾ ਮਤਾ ਰੱਖਿਆ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਇਸ ਦੀ ਤਾਈਦ ਕੀਤੀ। ਨਾਅਰੇਬਾਜ਼ੀ ਦੌਰਾਨ ਹੀ ਰਾਣਾ ਕੇ.ਪੀ. ਸਿੰਘ ਨੇ ਸਪੀਕਰ ਦੀ ਚੋਣ ‘ਸਰਬਸੰਮਤੀ’ ਨਾਲ ਹੋਣ ਦਾ ਐਲਾਨ ਕਰ ਦਿੱਤਾ।
ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਦੇ ਨੇਤਾ ਐਚ.ਐਸ. ਫੂਲਕਾ ਨੇ ਨਿਯਮਾਂ ਤੇ ਕਾਨੂੰਨ ਦਾ ਹਵਾਲਾ ਦਿੰਦਿਆਂ ਰਾਜਪਾਲ ਵੱਲੋਂ ਮੰਗਲਵਾਰ ਨੂੰ ਸਦਨ ਵਿੱਚ ਦਿੱਤੇ ਜਾਣ ਵਾਲੇ ਭਾਸ਼ਣ ਤੋਂ ਬਾਅਦ ਇਸ ਉਤੇ ਬਹਿਸ ਦੀ ਮੰਗ ਕੀਤੀ। ਉਨ੍ਹਾਂ ਹਾਕਮ ਧਿਰ ’ਤੇ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਦੇ ਦੋਸ਼ ਲਾਏ। ‘ਆਪ’ ਦੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਨਸ਼ਿਆਂ ਦੀ ਸਮਗਲਿੰਗ, ਭ੍ਰਿਸ਼ਟਾਚਾਰ ਅਤੇ ਮੁੱਖ ਮੰਤਰੀ ਵੱਲੋਂ ਕੀਤੀਆਂ ਸਿਆਸੀ ਨਿਯੁਕਤੀਆਂ ਸਮੇਤ ਕਈ ਮੁੱਦਿਆਂ ਬਾਰੇ ਸਦਨ ਵਿੱਚ ਬਹਿਸ ਹੋਣੀ ਲਾਜ਼ਮੀ ਹੈ। ਸਪੀਕਰ ਨੇ ਜਦੋਂ ਉਨ੍ਹਾਂ ਦੀ ਮੰਗ ਰੱਦ ਕਰਦਿਆਂ ਸਦਨ ਦੀ ਕਾਰਵਾਈ ਚਲਾਉਣ ਦਾ ਐਲਾਨ ਕੀਤਾ ਤਾਂ ‘ਆਪ’ ਵਿਧਾਇਕ ਖੜ੍ਹੇ ਹੋ ਕੇ ਨਾਅਰੇਬਾਜ਼ੀ ਕਰਨ ਲੱਗੇ। ਅਕਾਲੀ ਦਲ ਦੇ ਮੈਂਬਰ ਚੁੱਪ-ਚਾਪ ਬੈਠੇ ਰਹੇ। ਉਨ੍ਹਾਂ ‘ਆਪ’ ਦੀ ਹਮਾਇਤ ਨਹੀਂ ਕੀਤੀ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ਬਹਿਸ ਤੋਂ ਨਹੀਂ ਭੱਜਦੀ, ਪਰ ਜਦੋਂ ਅਜੇ ਸਰਕਾਰ ਨੇ ਕੋਈ ਕੰਮ ਹੀ ਸ਼ੁਰੂ ਨਹੀਂ ਕੀਤਾ ਤਾਂ ਬਹਿਸ ਕਿਸ ਮੁੱਦੇ ’ਤੇ ਹੋਵੇਗੀ। ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੇ ਵੀ ਬਹਿਸ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਪਿੱਛੋਂ ‘ਆਪ’ ਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਵਾਕਆਊਟ ਕਰ ਗਏ ਤੇ ਵਾਪਸ ਨਹੀਂ ਆਏ। ਇਸ ਤਰ੍ਹਾਂ ਨਾਲ 15ਵੀਂ ਵਿਧਾਨ ਸਭਾ ਦੇ ਪਹਿਲੇ ਹੀ ਸੈਸ਼ਨ ਵਿੱਚ ‘ਆਪ’ ਨੇ ਸਰਕਾਰ ਵਿਰੁਧ ਮੋਰਚਾ ਖੋਲ੍ਹ ਦਿੱਤਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ‘ਆਪ’ ਵਿਧਾਇਕਾਂ ਵੱਲੋਂ ਅਖ਼ਤਿਆਰ ਕੀਤਾ ਰੁਖ਼ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸਪੀਕਰ ਦੀ ਚੋਣ ’ਚ ਵਿਘਨ ਨਹੀਂ ਸੀ ਪਾਉਣਾ ਚਾਹੀਦਾ। ਉਨ੍ਹਾਂ ਰਾਣਾ ਕੇ.ਪੀ. ਸਿੰਘ ਨੂੰ ਸਪੀਕਰ ਚੁਣੇ ਜਾਣ ’ਤੇ ਵਧਾਈ ਦਿੰਦਿਆਂ ਉਨ੍ਹਾਂ ਨੂੰ ਤਜਰਬੇਕਾਰ ਸਿਆਸਤਦਾਨ ਕਰਾਰ ਦਿੱਤਾ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਪੀਕਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਦਨ ’ਚ ਹੁੰਦੀ ਬਹਿਸ ਦੇ ਮਿਆਰ ’ਚ ਕਾਫ਼ੀ ਗਿਰਾਵਟ ਆਈ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨਕ ਤੌਰ ’ਤੇ ਕਾਰਜਪਾਲਿਕਾ ਨੂੰ ਵਿਧਾਨਪਾਲਿਕਾ ਮੂਹਰੇ ਜਵਾਬਦੇਹ ਹੋਣਾ ਚਾਹੀਦਾ ਹੈ ਪਰ ਇਸ ਸਮੇਂ ਕਾਰਜਪਾਲਿਕਾ ਦਾ ਰਵੱਈਆ ਵਿਧਾਨਪਾਲਿਕਾ ਪ੍ਰਤੀ ਜਵਾਬਦੇਹੀ ਵਾਲਾ ਨਹੀਂ ਰਿਹਾ। ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਨੇ ਵੀ ਵਧਾਈ ਦਿੱਤੀ। ਦੋਹਾਂ ਮੰਤਰੀਆਂ ਨੇ ‘ਆਪ’ ਵਿਧਾਇਕਾਂ ’ਤੇ ਨਿਸ਼ਾਨਾ ਵੀ ਸੇਧਿਆ। ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਸਦਨ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਉਣ ਲਈ ਹਾਕਮ ਤੇ ਵਿਰੋਧੀ ਧਿਰ ਦੋਹਾਂ ਨੇ ਹੀ ਭੂਮਿਕਾ ਨਿਭਾਉਣੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਸਦਨ ਪੰਜਾਬੀਆਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਤੇ ਨੁਮਾਇੰਦਗੀ ਕਰਦਾ ਹੈ। ਇਸ ਲਈ ਸਦਨ ਨੂੰ ਰਾਜਸੀ ਕਿੜਾਂ ਕੱਢਣ ਦੀ ਥਾਂ ਸੰਵਾਦ ਦਾ ਕੇਂਦਰ ਬਣਾਇਆ ਜਾਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ, ਸੰਸਦੀ ਮਾਮਲਿਆਂ ਦੇ ਮੰਤਰੀ ਬ੍ਰਹਮ ਮਹਿੰਦਰਾ, ਅਕਾਲੀ ਵਿਧਾਇਕ ਦਲ ਦੇ ਉਪ ਨੇਤਾ ਅਜੀਤ ਸਿੰਘ ਕੋਹਾੜ, ਭਾਜਪਾ ਵਿਧਾਇਕ ਦਿਨੇਸ਼ ਸਿੰਘ ਬੱਬੂ ਨੇ ਰਵਾਇਤ ਮੁਤਾਬਕ ਚੋਣ ਤੋਂ ਬਾਅਦ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਸਪੀਕਰ ਦੀ ਕੁਰਸੀ ’ਤੇ ਬਿਠਾਇਆ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਵਿਧਾਇਕ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਅੱਜ ਸਪੀਕਰ ਦੇ ਚੈਂਬਰ ’ਚ ਸਹੁੰ ਚੁੱਕਣ ਤਾਂ ਆਏ ਪਰ ਦੋਹਾਂ ਨੇ ਸਦਨ ਦੀ ਕਾਰਵਾਈ ਵਿੱਚ ਹਿੱਸਾ ਨਹੀਂ ਲਿਆ। ਗ਼ੌਰਤਲਬ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੂੰ ਨਮੋਸ਼ੀ ਭਰੀ ਹਾਰ ਹੋਈ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.