ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕਰਤਾਰਪੁਰ ਲਾਂਘੇ ਲਈ ਪਾਕਿ ਵੱਲੋਂ ਭੂਮੀ ਸਰਵੇਖਣ ਦੀ ਕਾਰਵਾਈ ਸ਼ੁਰੂ
ਕਰਤਾਰਪੁਰ ਲਾਂਘੇ ਲਈ ਪਾਕਿ ਵੱਲੋਂ ਭੂਮੀ ਸਰਵੇਖਣ ਦੀ ਕਾਰਵਾਈ ਸ਼ੁਰੂ
Page Visitors: 2351

ਕਰਤਾਰਪੁਰ ਲਾਂਘੇ ਲਈ ਪਾਕਿ ਵੱਲੋਂ ਭੂਮੀ ਸਰਵੇਖਣ ਦੀ ਕਾਰਵਾਈ ਸ਼ੁਰੂਕਰਤਾਰਪੁਰ ਲਾਂਘੇ ਲਈ ਪਾਕਿ ਵੱਲੋਂ ਭੂਮੀ ਸਰਵੇਖਣ ਦੀ ਕਾਰਵਾਈ ਸ਼ੁਰੂ

September 12
10:07 2018

-ਭਾਰਤ ਵਲੋਂ ਹੁੰਗਾਰਾ ਮਿਲਣ ‘ਤੇ ਚਾਰ ਮਹੀਨੇ ‘ਚ ਕੀਤਾ ਜਾਵੇਗਾ ਲਾਂਘਾ ਤਿਆਰ : ਰਮੇਸ਼ ਸਿੰਘ ਅਰੋੜਾ
ਅੰਮ੍ਰਿਤਸਰ, 12 ਸਤੰਬਰ (ਪੰਜਾਬ ਮੇਲ)- ਭਾਵੇਂ ਕਿ ਸ੍ਰੀ ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਸਾਂਝੇ ਲਾਂਘੇ ਲਈ ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲਿਆਂ ਵਲੋਂ ਅਜੇ ਤੱਕ ‘ਮੈਮੋਰੰਡਮ ਆਫ਼ ਅੰਡਰਸਟੈਂਡਿੰਗ’ ਭਾਵ ਸਾਂਝੇ ਲਾਂਘੇ ਨੂੰ ਲੈ ਕੇ ਲਿਖਤੀ ਸਮਝੌਤੇ ਲਈ ਕੋਈ ਸਹਿਮਤੀ ਪ੍ਰਗਟ ਨਹੀਂ ਕੀਤੀ ਗਈ ਹੈ, ਇਸ ਦੇ ਬਾਵਜੂਦ ਪਾਕਿਸਤਾਨ ਸਰਕਾਰ ਵਲੋਂ ਇਸ ਸਾਂਝੇ ਲਾਂਘੇ ਦੀਆਂ ਤਿਆਰੀਆਂ ਆਰੰਭ ਕਰਦਿਆਂ ਭੂਮੀ ਸਰਵੇਖਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।         ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਦੇ ਬਾਅਦ ਹੁਣ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਲਹਿੰਦੇ ਪੰਜਾਬ ਦੇ ਸਾਬਕਾ ਐੱਮ.ਪੀ.ਏ. ਸ. ਰਮੇਸ਼ ਸਿੰਘ ਅਰੋੜਾ ਨੇ ਦਾਅਵਾ ਕੀਤਾ ਹੈ ਕਿ ਪਾਕਿ ਸਰਕਾਰ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਦਰਸ਼ਨੀ ਸਥਲ ਤੱਕ ਆਉਂਦੇ ਲਗਪਗ 4.5 ਕਿਲੋਮੀਟਰ ਲੰਬੇ ਰਸਤੇ ‘ਤੇ ਪੱਕੀ ਸੜਕ ਤੇ ਪੁਲ ਬਣਾਉਣ ਲਈ ਮਾਹਿਰਾਂ ਪਾਸੋਂ ਭੂਮੀ ਸਰਵੇਖਣ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਸਰਹੱਦ ਵੱਲ ਨੂੰ ਜਾਣ ‘ਤੇ ਸਭ ਤੋਂ ਪਹਿਲਾਂ ਦੇਗ ਬੇਈ ਨਹਿਰ ਅਤੇ ਗੁਰਦੁਆਰਾ ਸਾਹਿਬ ਤੋਂ ਭਾਰਤੀ ਸਰਹੱਦ ਵੱਲ ਨੂੰ ਦੋ ਕਿਲੋਮੀਟਰ ਦੀ ਦੂਰੀ ‘ਤੇ 629 ਮੀਟਰ ਚੌੜਾ ਦਰਿਆ ਰਾਵੀ ਮੌਜੂਦ ਹੈ। ਲਾਂਘਾ ਤਿਆਰ ਕਰਨ ਲਈ ਡੇਰਾ ਬਾਬਾ ਨਾਨਕ ਦਰਸ਼ਨੀ ਸਥਲ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਮਿਆਨ ਪੱਕੀ ਸੜਕ ਅਤੇ ਦਰਿਆ ‘ਤੇ ਪੁਲ ਬਣਾਏ ਜਾਣੇ ਜ਼ਰੂਰੀ ਹਨ। ਇਸ ਦੇ ਇਲਾਵਾ ਪੂਰੇ ਰਸਤੇ ‘ਚ ਦੋਵੇਂ ਪਾਸੇ ਸੁਰੱਖਿਆ ਦੀਵਾਰ ਜਾਂ ਕੰਡੇਦਾਰ ਤਾਰ ਅਤੇ ਸੁਰੱਖਿਆ ਚੌਂਕੀਆਂ ਵੀ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਭਾਰਤ ਪਾਕਿਸਤਾਨ ਸਰਕਾਰਾਂ ਵਲੋਂ ਉਕਤ ਸਾਂਝੇ ਲਾਂਘੇ ਦੇ ਸਬੰਧ ‘ਚ ਲਿਖਤੀ ਸਮਝੌਤਾ ਕਰਨ ਦੇ ਬਾਅਦ 4-5 ਮਹੀਨਿਆਂ ‘ਚ ਪਾਕਿ ਸਰਕਾਰ ਵਲੋਂ ਲਾਂਘਾ ਤਿਆਰ ਕਰ ਲਿਆ ਜਾਵੇਗਾ। ਸ. ਅਰੋੜਾ ਅਨੁਸਾਰ ਗੁਰਦੁਆਰਾ ਸਾਹਿਬ ‘ਚ ਯਾਤਰੂਆਂ ਦੀ ਰਿਹਾਇਸ਼ ਅਤੇ ਲੰਗਰ ਲਈ ਉਚਿਤ ਪ੍ਰਬੰਧ ਕੀਤੇ ਜਾ ਚੁੱਕੇ ਹਨ, ਜਿਸ ਦੇ ਚੱਲਦਿਆਂ ਗੁਰਦੁਆਰਾ ਸਾਹਿਬ ‘ਚ ਦਰਸ਼ਨਾਂ ਹਿੱਤ ਆਉਣ ਵਾਲੇ ਭਾਰਤੀ ਸਿੱਖ ਯਾਤਰੂਆਂ ਲਈ ਲਾਂਘਾ ਖੁੱਲਣ ‘ਤੇ ਜੇਕਰ ਪਾਕਿ ਸਰਕਾਰ ਮਨਜ਼ੂਰੀ ਦੇਵੇਗੀ, ਤਾਂ ਉਨ੍ਹਾਂ ਦੇ ਰਾਤ ਰੁਕਣ ‘ਚ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ‘ਤੇ ਜਿੱਥੇ ਭਾਰਤੀ ਸਿੱਖ ਸੰਗਤ ਬਿਨਾਂ ਪਾਸਪੋਰਟ-ਵੀਜ਼ਾ ਜਾਂ ਕਿਸੇ ਹੋਰ ਰੁਕਾਵਟ ਦੇ ਸਰਹੱਦ ਪਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇਗੀ, ਉੱਥੇ ਹੀ ਭਾਰਤ ਤੇ ਪਾਕਿਸਤਾਨ ਵਿਚਾਲੇ ਅਮਨ ਬਹਾਲ ਹੋਣ ਦੇ ਨਾਲ-ਨਾਲ ਭਾਈਚਾਰਕ ਸਬੰਧ ਹੋਰ ਬਿਹਤਰ ਬਣਨਗੇ। ਉਨ੍ਹਾਂ ਇਸ ਨੂੰ ਲੈ ਕੇ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਕਿ ਮੌਜੂਦਾ ਪਾਕਿ ਸਰਕਾਰ ਨੂੰ ਭਾਰਤ ਵਲੋਂ ਇਸ ਬਾਰੇ ‘ਚ ਅਜੇ ਤੱਕ ਕੋਈ ਵੀ ਹਾਂ-ਪੱਖੀ ਹੁੰਗਾਰਾ ਜਾਂ ਸੰਕੇਤ ਨਹੀਂ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਨਵੰਬਰ 2000 ‘ਚ ਸ੍ਰੀ ਗੁਰੂ ਨਾਨਕ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਪਾਕਿਸਤਾਨ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਲਈ ਸਾਂਝਾ ਲਾਂਘਾ ਬਣਾਏ ਜਾਣ ਲਈ ਸਹਿਮਤੀ ਪ੍ਰਗਟ ਕਰਨ ਦੇ 18 ਵਰ੍ਹੇ ਬਾਅਦ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰੀ ਦੌਰਾਨ ਸ੍ਰੀ ਗੁਰੂ ਨਾਨਕ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਲਾਂਘਾ ਖੋਲ੍ਹਣ ਲਈ ਪਾਕਿ ਵਲੋਂ ਸਹਿਮਤੀ ਪ੍ਰਗਟ ਕੀਤੀ ਗਈ ਹੈ। ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕਿਹਾ ਹੈ ਕਿ ਸੰਗਤ ਜਲਦੀ ਟਿਕਟ ਲੈ ਕੇ ਸਰਹੱਦ ਪਾਰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਕਰ ਸਕੇਗੀ। ਉੱਧਰ ਨਵੀਂ ਸਰਹੱਦਬੰਦੀ ਲਈ ਜਗ੍ਹਾ ਦੀ ਨਿਸ਼ਾਨਦੇਹੀ ਕਰਕੇ ਫੈਸਿੰਗ (ਕੰਡੇਦਾਰ ਤਾਰ) ਲਗਾਉਣ ਅਤੇ ਨਵੀਆਂ ਸੁਰੱਖਿਆ ਪੋਸਟਾਂ ਕਾਇਮ ਕਰਨ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਤੇ ਭਾਰਤੀ ਸੁਰੱਖਿਆ ਬਲਾਂ ਲਈ ਸਥਿਤੀ ਲਗਾਤਾਰ ਭੰਬਲਭੂਸੇ ਵਾਲੀ ਬਣੀ ਹੋਈ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.