ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਨਵੇਂ ਟੈਕਸ ਲਗਾ ਕੇ ਪੰਜਾਬ ਦੇ ਲੋਕਾਂ ਦਾ ਕਚੂਮਰ ਕੱਢਣਾ ਬੰਦ ਕਰੇ ਕੈਪਟਨ ਸਰਕਾਰ - ਪ੍ਰੋ. ਬਲਜਿੰਦਰ ਕੌਰ
ਨਵੇਂ ਟੈਕਸ ਲਗਾ ਕੇ ਪੰਜਾਬ ਦੇ ਲੋਕਾਂ ਦਾ ਕਚੂਮਰ ਕੱਢਣਾ ਬੰਦ ਕਰੇ ਕੈਪਟਨ ਸਰਕਾਰ - ਪ੍ਰੋ. ਬਲਜਿੰਦਰ ਕੌਰ
Page Visitors: 2336

ਨਵੇਂ ਟੈਕਸ ਲਗਾ ਕੇ ਪੰਜਾਬ ਦੇ ਲੋਕਾਂ ਦਾ ਕਚੂਮਰ ਕੱਢਣਾ ਬੰਦ ਕਰੇ ਕੈਪਟਨ ਸਰਕਾਰ - ਪ੍ਰੋ. ਬਲਜਿੰਦਰ ਕੌਰ 
By : ਬਾਬੂਸ਼ਾਹੀ ਬਿਊਰੋ
Saturday, Nov 17, 2018 06:41 PM
ਜਲੰਧਰ, ਨਵੰਬਰ 17, 2018 - 
ਸੂਬੇ ਦੀ ਕੈਪਟਨ ਸਰਕਾਰ ਦੁਆਰਾ ਟਰਾਂਸਪੋਰਟ ਵਾਹਨਾਂ ‘ਤੇ 10 ਪ੍ਰਤੀਸ਼ਤ ਟੈਕਸ ਲਗਾਉਣ ਅਤੇ ਨਵੇਂ ਵਾਹਨਾਂ ਦੀ ਖ਼ਰੀਦ ‘ਤੇ ਪਹਿਲਾਂ ਤੋਂ ਲਗਾਏ ਟੈਕਸ ਵਿਚ 1 ਪ੍ਰਤੀਸ਼ਤ ਦਾ ਵਾਧਾ ਕੀਤੇ ਜਾਣ ਦਾ ਆਮ ਆਦਮੀ ਪਾਰਟੀ ਨੇ ਵਿਰੋਧ ਕਰਦਿਆਂ ਇਸ ਨੂੰ ਲੋਕ ਵਿਰੋਧੀ ਫ਼ੈਸਲਾ ਕਰਾਰ ਦਿੱਤਾ ਹੈ।    ਜਲੰਧਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ‘ਆਪ’ ਵਿਧਾਇਕ ਅਤੇ ਪਾਰਟੀ ਦੇ ਮੁੱਖ ਬੁਲਾਰੇ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਲੋਕਾਂ ਉੱਤੇ ਟੈਕਸਾਂ ਦਾ ਵਾਧੂ ਭਾਰ ਪਾ ਕੇ ਕੈਪਟਨ ਸਰਕਾਰ ਆਮ ਲੋਕਾਂ ਦਾ ਜੀਵਨ ਹੋਰ ਕਠੋਰ ਕਰ ਰਹੀ ਹੈ। ਕਾਂਗਰਸ ‘ਤੇ ਚੋਣਾਂ ਤੋਂ ਪਹਿਲਾਂ ਨਵੇਂ ਟੈਕਸ ਨਾ ਲਗਾਉਣ ਦੇ ਵਾਅਦੇ ਤੋਂ ਮੁੱਕਰਨ ਦਾ ਇਲਜ਼ਾਮ ਲਗਾਉਂਦਿਆਂ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਕਾਂਗਰਸ ਸੱਤਾ ਦੇ ਨਸ਼ੇ ਵਿਚ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੀ ਹੈ। 
    ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਅਨੇਕਾਂ ਵਾਰ ਬਿਜਲੀ ਦੇ ਰੇਟਾਂ ਵਿਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਿੱਜੀ ਬਿਜਲੀ ਕੰਪਨੀਆਂ ਨੂੰ ਫ਼ਾਇਦਾ ਪਹੁੰਚਾਉਣ ਦੇ ਮਕਸਦ ਨਾਲ ਲੋਕਾਂ ਉੱਤੇ ਟੈਕਸ ਲਗਾ ਰਹੀ ਹੈ।
ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਵਿਧਾਨ ਸਭਾ ਵਿਚ ਕੋਈ ਵੀ ਨਵੇਂ ਟੈਕਸ ਨਾ ਲਗਾਉਣ ਦਾ ਵਾਅਦਾ ਕੀਤਾ ਸੀ ਪਰੰਤੂ ਹੁਣ ਚੋਰ ਮੋਰੀ ਰਾਹੀਂ ਹਰ ਰੋਜ਼ ਟੈਕਸ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਬੱਸ ਕਿਰਾਇਆਂ ਵਿਚ ਭਾਰੀ ਵਾਧਾ ਕੀਤਾ ਗਿਆ ਹੈ। ਸੂਬਾ ਸਰਕਾਰ ਦੁਆਰਾ ਡੀਜ਼ਲ ਅਤੇ ਪੈਟਰੋਲ ਉੱਤੇ ਲਗਾਏ ਟੈਕਸ ਨੂੰ ਘੱਟ ਕਰਨ ਤੋਂ ਨਾਂਹ ਕਰਨ ਉੱਤੇ ਬੋਲਦਿਆਂ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਇਹ ਟੈਕਸ ਲੋਕ ਭਲਾਈ ਦੇ ਕਾਰਜਾਂ ਵਿਚ ਖ਼ਰਚਣ ਦੇ ਨਾਮ ‘ਤੇ ਲਗਾਏ ਜਾਂਦੇ ਹਨ ਪਰੰਤੂ ਇਸ ਦਾ ਕੋਈ ਵੀ ਲਾਭ ਆਮ ਲੋਕਾਂ ਨੂੰ ਨਹੀਂ ਪਹੁੰਚ ਰਿਹਾ। 
  ਸੂਬੇ ਵਿੱਚ ਸਿੱਖਿਆ ਅਤੇ ਸਿਹਤ ਸੇਵਾਵਾਂ ਦੀ ਨਿੱਘਰਦੀ ਹਾਲਤ ਬਾਰੇ ਬੋਲਦਿਆਂ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਮੁੱਢਲੀਆਂ ਸੁਵਿਧਾਵਾਂ ਦੀ ਵੀ ਘਾਟ ਹੈ। ਸਰਕਾਰੀ ਅੰਕੜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਸਕੂਲਾਂ ਵਿਚ ਕਰੀਬ 5 ਲੱਖ ਬੱਚਿਆਂ ਦੇ ਬੈਠਣ ਲਈ ਡੈਸਕ ਵੀ ਨਹੀਂ ਹਨ ਅਤੇ ਉਹ ਧਰਤੀ ਉੱਤੇ ਬੈਠਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਇਹ ਅਤਿ ਨਿੰਦਣਯੋਗ ਅਤੇ ਮੰਦਭਾਗਾ ਹੈ ਕਿ ਸਰਕਾਰੀ ਸਕੂਲਾਂ ਦੇ ਬੱਚੇ ਮੰਦਰਾਂ ਅਤੇ ਗੁਰਦਵਾਰਿਆਂ ਵਿਚ ਦਰੀਆਂ ਲੈ ਕੇ ਪੜ੍ਹਨ ਲਈ ਮਜਬੂਰ ਹਨ।   
ਸੂਬੇ ਦੇ ਕੁਦਰਤੀ ਸਰੋਤਾਂ ਦੀ ਲੁੱਟ ਉੱਤੇ ਬੋਲਦਿਆਂ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਰੇਤ ਮਾਫ਼ੀਆ ਨੇ ਕੁਦਰਤ ਨਾਲ ਖਿਲਵਾੜ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਗੁੰਡਾ ਟੈਕਸ ਦੇ ਮਾਮਲੇ ਵਿਚੋਂ ਕਾਂਗਰਸੀਆਂ ਨੇ ਅਕਾਲੀਆਂ ਨੂੰ ਵੀ ਮਾਤ ਪਾ ਦਿੱਤੀ ਹੈ।
ਕੈਪਟਨ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਉਹ ਸੂਬੇ ਦੇ ਲੋਕਾਂ ਦਾ ਇਮਤਿਹਾਨ ਲੈਣਾ ਬੰਦ ਕਰਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਗ਼ਰੀਬ ਅਤੇ ਆਮ ਲੋਕਾਂ ਦਾ ਖ਼ੂਨ ਚੂਸਣਾ ਬੰਦ ਨਾ ਕੀਤਾ ਤਾਂ ‘ਆਪ’ ਸਰਕਾਰ ਨੂੰ ਘੇਰੇਗੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.