ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸੁਪਰੀਮ ਕੋਰਟ ਦੇ ਵਕੀਲ ਐੱਚ.ਐੱਸ. ਫੂਲਕਾ ਨੂੰ ਸਨਮਾਨਿਤ ਨਹੀਂ ਕਰੇਗੀ; ’84 ਸਿੱਖ ਪੀੜਤਾਂ ਵੱਲੋਂ ਫੈਸਲਾ ‘ਗ਼ੈਰ-ਵਾਜਿਬ’ ਕਰਾਰ
ਸੁਪਰੀਮ ਕੋਰਟ ਦੇ ਵਕੀਲ ਐੱਚ.ਐੱਸ. ਫੂਲਕਾ ਨੂੰ ਸਨਮਾਨਿਤ ਨਹੀਂ ਕਰੇਗੀ; ’84 ਸਿੱਖ ਪੀੜਤਾਂ ਵੱਲੋਂ ਫੈਸਲਾ ‘ਗ਼ੈਰ-ਵਾਜਿਬ’ ਕਰਾਰ
Page Visitors: 2358
 

ਸੁਪਰੀਮ ਕੋਰਟ ਦੇ ਵਕੀਲ ਐੱਚ.ਐੱਸ. ਫੂਲਕਾ ਨੂੰ ਸਨਮਾਨਿਤ ਨਹੀਂ ਕਰੇਗੀ; ’84 ਸਿੱਖ ਪੀੜਤਾਂ ਵੱਲੋਂ ਫੈਸਲਾ ‘ਗ਼ੈਰ-ਵਾਜਿਬ’ ਕਰਾਰਸੁਪਰੀਮ ਕੋਰਟ ਦੇ ਵਕੀਲ ਐੱਚ.ਐੱਸ. ਫੂਲਕਾ ਨੂੰ ਸਨਮਾਨਿਤ ਨਹੀਂ ਕਰੇਗੀ;  ’84 ਸਿੱਖ ਪੀੜਤਾਂ ਵੱਲੋਂ ਫੈਸਲਾ ‘ਗ਼ੈਰ-ਵਾਜਿਬ’ ਕਰਾਰ

January 18
17:30 2019

ਅੰਮ੍ਰਿਤਸਰ, 18 ਜਨਵਰੀ (ਪੰਜਾਬ ਮੇਲ)-ਆਉਂਦੀ 22 ਜਨਵਰੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਵੰਬਰ 1984 ‘ਚ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦੇ ਪੀੜਤਾਂ ਤੇ ਅਦਾਲਤਾਂ ‘ਚ ਉਨ੍ਹਾਂ ਦੇ ਕੇਸ ਲੜਨ ਵਾਲੇ ਵਕੀਲਾਂ ਨੂੰ ਸਨਮਾਨਿਤ ਕਰਨ ਜਾ ਰਹੀ ਹੈ ਪਰ ਉਹ ਸੁਪਰੀਮ ਕੋਰਟ ਦੇ ਵਕੀਲ ਐੱਚ.ਐੱਸ. ਫੂਲਕਾ ਨੂੰ ਸਨਮਾਨਿਤ ਨਹੀਂ ਕਰੇਗੀ ਪਰ ਸਿੱਖ ਕਤਲੇਆਮ ਦੇ ਪੀੜਤਾਂ, ਖ਼ਾਸ ਕਰ ਕੇ ਚਸ਼ਮਦੀਦ ਗਵਾਹਾਂ ਨੇ ਸ਼੍ਰੋਮਣੀ ਕਮੇਟੀ ਦੇ ਇਸ ਫ਼ੈਸਲੇ ਨੂੰ ‘ਗ਼ੈਰ-ਵਾਜਿਬ’ ਕਰਾਰ ਦਿੱਤਾ ਹੈ।
ਚੇਤੇ ਰਹੇ ਕਿ ਬੁੱਧਵਾਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਐਲਾਨ ਕੀਤਾ ਸੀ ਕਿ ਜਿਹੜੇ ਗਵਾਹਾਂ ਦੀ ਬਦੌਲਤ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੰਭਵ ਹੋਈ ਹੈ, ਉਨ੍ਹਾਂ ਨੂੰ ਆਉਂਦੀ 22 ਜਨਵਰੀ ਨੂੰ ਸਵੇਰੇ 10 ਵਜੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਅੰਦਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸਨਮਾਨਿਤ ਕੀਤਾ ਜਾਵੇਗਾ।
ਪਹਿਲਾਂ ਜਥੇਦਾਰ ਲੌਂਗੋਵਾਲ ਨੇ ਜਦੋਂ ਇਹ ਸਨਮਾਨ ਸਮਾਰੋਹ ਬੀਤੀ 26 ਦਸੰਬਰ, 2018 ਨੂੰ ਕਰਵਾਉਣ ਦਾ ਐਲਾਨ ਕੀਤਾ ਸੀ; ਉਦੋਂ ਉਨ੍ਹਾਂ ਨੇ ਬਾਕਾਇਦਾ ਸ਼੍ਰੀ ਐੱਚ.ਐੱਸ. ਫੂਲਕਾ ਦਾ ਨਾਂ ਲਿਆ ਸੀ ਕਿ ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨਾਲ ਉਨ੍ਹਾਂ ਇਕ ਹੋਰ ਵਕੀਲ ਰਾਜਿੰਦਰ ਸਿੰਘ ਚੀਮਾ ਦਾ ਨਾਂ ਵੀ ਲਿਆ ਸੀ। ਇਸ ਤੋਂ ਇਲਾਵਾ ਗਵਾਹਾਂ ਜਗਦੀਸ਼ ਕੌਰ, ਨਿਰਪ੍ਰੀਤ ਕੌਰ ਤੇ ਜਗਸ਼ੇਰ ਸਿੰਘ ਨੂੰ ਵੀ ਸਨਮਾਨਿਤ ਕਰਨ ਦਾ ਐਲਾਨ ਕੀਤਾ ਸੀ। ਪਰ ਫਿਰ ਉਸ ਦਿਨ ਉਹ ਪ੍ਰੋਗਰਾਮ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੰਦਰਵਾੜੇ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਫਿਰ ਉਸ ਤੋਂ ਬਾਅਦ ਸ਼੍ਰੀ ਫੂਲਕਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਪਰਿਵਾਰ ਦੇ ਕਬਜ਼ੇ ‘ਚੋਂ ਆਜ਼ਾਦ ਕਰਵਾਉਣ ਦਾ ਐਲਾਨ ਕਰ ਦਿੱਤਾ ਸੀ।
ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਏ ਜਾਣ ਬਾਰੇ ਗੱਲਬਾਤ ਦੌਰਾਨ ਅੰਮ੍ਰਿਤਸਰ ਦੇ ਬੀਬੀ ਜਗਦੀਸ਼ ਕੌਰ ਨੇ ਕਿਹਾ, ‘ਐੱਚ.ਐੱਸ. ਫੂਲਕਾ ਨੇ ਸੱਜਣ ਕੁਮਾਰ ਤੇ 1984 ਸਿੱਖ ਕਤਲੇਆਮ ਦੇ ਹੋਰ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਉਣ ਵਿਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਸ਼੍ਰੀ ਫੂਲਕਾ 1985 ਤੋਂ ਸਾਡੇ ਨਾਲ ਇਹ ਕੇਸ ਲੜਦੇ ਆ ਰਹੇ ਹਨ। 22 ਜਨਵਰੀ ਦੇ ਸਮਾਰੋਹ ‘ਚ ਉਨ੍ਹਾਂ ਨੂੰ ਸਨਮਾਨਿਤ ਨਾ ਕਰਨਾ ‘ਗ਼ੈਰ-ਵਾਜਿਬ ਹੈ।’
ਇੰਝ ਹੀ ਇਕ ਹੋਰ ਪ੍ਰਮੁੱਖ ਗਵਾਹ ਨਿਰਪ੍ਰੀਤ ਕੌਰ ਨੇ ਕਿਹਾ, ‘ਸਾਨੂੰ ਹਾਲੇ ਤੱਕ ਤਾਂ ਸ਼੍ਰੋਮਣੀ ਕਮੇਟੀ ਦਾ ਕੋਈ ਸੱਦਾ ਮਿਲਿਆ ਨਹੀਂ। ਸਾਨੂੰ ਖ਼ਬਰਾਂ ਤੋਂ ਹੀ ਅਜਿਹੇ ਸਮਾਰੋਹ ਬਾਰੇ ਪਤਾ ਲੱਗਾ ਹੈ। ਜੇ ਸ਼੍ਰੋਮਣੀ ਕਮੇਟੀ ਫੂਲਕਾ ਜਿਹੇ ਵਕੀਲਾਂ ਨੂੰ ਸਨਮਾਨਿਤ ਨਹੀਂ ਕਰ ਰਹੀ, ਤਾਂ ਇਹ ਠੀਕ ਨਹੀਂ ਹੈ। ਉਨ੍ਹਾਂ ਨੇ ਹੀ ਤਾਂ ਸਾਡੇ ਨਾਲ ਕਾਨੂੰਨੀ ਜੰਗ ਲੜੀ ਹੈ। ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ।’
ਉਂਝ ਦੋਵੇਂ ਬੀਬੀਆਂ ਜਗਦੀਸ਼ ਕੌਰ ਤੇ ਨਿਰਪ੍ਰੀਤ ਕੌਰ ਨੇ ਇਹੋ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦੇ ਉਸ ਸਨਮਾਨ ਸਮਾਰੋਹ ‘ਚ ਭਾਗ ਲੈਣਗੇ।
ਇਸ ਦੌਰਾਨ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਜਿਨ੍ਹਾਂ ਨੇ 1984 ਸਿੱਖ ਕਤਲੇਆਮ ਦੇ ਪੀੜਤਾਂ ਦੀ ਮਦਦ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ, ਨੇ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਕੁਝ ਚੋਣਵੇਂ ਵਿਅਕਤੀਆਂ ਨੂੰ ਹੀ ਸਨਮਾਨਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਫੂਲਕਾ ਤੇ ਹੋਰ ਬਹੁਤ ਸਾਰੇ ਅਹਿਮ ਵਕੀਲਾਂ ਨੇ ਇਸ ਮਾਮਲੇ ‘ਚ ਬਹੁਤ ਅਹਿਮ ਭੂਮਿਕਾ ਵੀ ਨਿਭਾਈ ਹੈ। ਦਿੱਲੀ ਸਿੱਖ ਕਤਲੇਆਮ ਦੇ ਹੋਰ ਵੀ ਬਹੁਤ ਸਾਰੇ ਗਵਾਹ ਹਨ। ਉਨ੍ਹਾਂ ਸਾਰੇ ਵਕੀਲਾਂ ਤੇ ਗਵਾਹਾਂ ਨੂੰ ਵੀ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ।
    ਇਸ ਮਾਮਲੇ ‘ਤੇ ਟਿੱਪਣੀ ਲਈ ਜਥੇਦਾਰ ਲੌਂਗੋਵਾਲ ਉਪਲੱਬਧ ਨਹੀਂ ਸਨ। ਜਦੋਂ ਉਨ੍ਹਾਂ ਦੇ ਨਿੱਜੀ ਸਹਾਇਕ (ਪੀ.ਏ.) ਸੁਖਮਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਕਿਹਾ, ‘ਸ਼੍ਰੀ ਫੂਲਕਾ ਉਸ ਦਿਨ ਹੋਰ ਰੁਝੇਵਿਆਂ ‘ਚ ਸਨ, ਇਸੇ ਲਈ ਸਿਰਫ਼ ਗਵਾਹਾਂ ਨੂੰ ਹੀ ਸਨਮਾਨਿਤ ਕੀਤਾ ਜਾ ਰਿਹਾ ਹੈ।’

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.