ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਔਰਤਾਂ ਲਈ ਮਹਿਫ਼ੂਜ਼ ਨਹੀਂ ਲੁਧਿਆਣਾ ਨੇੜਲੇ ਖੇਤਰ
ਔਰਤਾਂ ਲਈ ਮਹਿਫ਼ੂਜ਼ ਨਹੀਂ ਲੁਧਿਆਣਾ ਨੇੜਲੇ ਖੇਤਰ
Page Visitors: 2312

 

ਔਰਤਾਂ ਲਈ ਮਹਿਫ਼ੂਜ਼ ਨਹੀਂ ਲੁਧਿਆਣਾ ਨੇੜਲੇ ਖੇਤਰ
Posted On February - 20 - 2019

AddThis Sharing Buttons
Share to Print

ਦਵਿੰਦਰ ਪਾਲ
ਚੰਡੀਗੜ੍ਹ, 19 ਫਰਵਰੀ

ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਮੁੱਲਾਂਪੁਰ ਸਮੂਹਿਕ ਬਲਾਤਕਾਰ ਮਾਮਲੇ ਦੀ ਤਫ਼ਤੀਸ਼ ਕਰਦਿਆਂ ਹੈਰਾਨੀਜਨਕ ਤੱਥ ਸਾਹਮਣੇ ਆਇਆ ਹੈ ਕਿ ਸੂਬੇ ਦੇ ਸਨਅਤੀ ਸ਼ਹਿਰ ਨਾਲ ਲਗਦਾ ਇਹ ਖੇਤਰ ਔਰਤਾਂ ਦੀ ਪੱਤ ਲੁੱਟਣ ਵਾਲਿਆਂ ਲਈ ਸਭ ਤੋਂ ਸੁਰੱਖਿਅਤ ਥਾਂ ਬਣੀ ਹੋਈ ਸੀ।
   ਇੱਕ ਸੀਨੀਅਰ ਅਧਿਕਾਰੀ ਨੇ ਇਸ ਮਾਮਲੇ ਨਾਲ ਜੁੜੀਆਂ ਪਰਤਾਂ ਖੋਲ੍ਹਦਿਆਂ ਦਰਦਮਈ ਕਹਾਣੀ ਬਿਆਨ ਕੀਤੀ ਹੈ ਕਿ ਕਿਸ ਤਰ੍ਹਾਂ ਇਸ ਬਲਾਤਕਾਰ ਮਾਮਲੇ ਦਾ ਮੁੱਖ ਦੋਸ਼ੀ ਅਤੇ ਉਸ ਦੇ ਸਾਥੀ ਸਾਲ 2011 ਤੋਂ ਇਸ ਸੰਗੀਨ ਅਪਰਾਧ ਨੂੰ ਅੰਜਾਮ ਦਿੰਦੇ ਆ ਰਹੇ ਹਨ। ਉਧਰ ਤਫ਼ਤੀਸ਼ੀ ਪੁਲੀਸ ਅਧਿਕਾਰੀਆਂ ਲਈ ਇਹ ਗੱਲ ਅਜੇ ਵੀ ਗੁੱਝਾ ਸਵਾਲ ਹੈ ਕਿ ਸਿੱਧਵਾਂ ਨਹਿਰ ਨੇੜਲਾ ਇਹ ਖੇਤਰ, ਜਿੱਥੇ ਸੂਰਜ ਢਲਣ ਤੋਂ ਬਾਅਦ ਔਰਤਾਂ ਜਾਣਾ ਸੁਰੱਖਿਅਤ ਨਹੀਂ ਸਨ ਸਮਝਦੀਆਂ, ਬਾਰੇ ਲੁਧਿਆਣਾ ਸ਼ਹਿਰ ਦੀ ਪੁਲੀਸ ਨੂੰ ਕਿਵੇਂ ਇਸ ਦੀ ਭਿਣਕ ਤੱਕ ਨਹੀਂ ਲੱਗੀ।
ਪਿਛਲੇ ਦਿਨੀਂ ਜਬਰ-ਜਨਾਹ ਦਾ ਸ਼ਿਕਾਰ ਹੋਈ ਲੜਕੀ ਤੇ ਉਸ ਦੇ ਦੋਸਤ ਨੂੰ ਵੀ ਲੋਕਾਂ ਨੇ ਇਸ ਰਾਹ ’ਤੇ ਜਾਣ ਤੋਂ ਵਰਜਿਆ ਸੀ। ਜਾਂਚ ਨਾਲ ਜੁੜੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬਲਾਤਕਾਰ ਦੇ ਸਾਰੇ ਮਾਮਲੇ ਮਹਿਜ਼ ਸਮਾਜ ਦੇ ਡਰੋਂ ਇੱਜ਼ਤ ’ਤੇ ਪਰਦਾ ਪਾਈ ਰੱਖਣ ਲਈ ਢਕੇ ਰਹਿ ਗਏ ਤੇ ਅਪਰਾਧੀਆਂ ਦੇ ਹੌਸਲੇ ਬੁਲੰਦ ਹੁੰਦੇ ਗਏ। ਇਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਖੇਤਰ ਵਿੱਚ ਹੋਈਆਂ ਘਟਨਾਵਾਂ ਦੀਆਂ ਪਰਤਾਂ ਖੋਲ੍ਹਦਿਆਂ ਪੰਜਾਬ ਦੇ ਮਾਮਲੇ ਵਿੱਚ ਇੱਕ ਨਵੀਂ ਹੀ ਤਸਵੀਰ ਸਾਹਮਣੇ ਆਈ ਹੈ ਕਿ ਕਿਸ ਤਰ੍ਹਾਂ ਪੰਜਾਬੀ ਕੁੜੀਆਂ ਆਪਣੇ ਨਾਲ ਹੁੰਦੀ ਜ਼ਿਆਦਤੀ ਸਹਿਣ ਕਰ ਗਈਆਂ।
ਸੀਨੀਅਰ ਪੁਲੀਸ ਅਧਿਕਾਰੀ ਦਾ ਦੱਸਣਾ ਹੈ ਕਿ ਲੁਧਿਆਣ ਸ਼ਹਿਰ ਦੇ ਖ਼ਤਮ ਹੁੰਦਿਆਂ ਹੀ ਸਿੱਧਵਾਂ ਨਹਿਰ ਦੇ ਨਜ਼ਦੀਕ ਮੰਨਿਆ ਜਾਂਦਾ ਇਹ ਖੇਤਰ ਸੁੰਨਮਸਾਨ ਖੇਤਰ ਹੈ। ਜਿੱਥੇ ਆਬਾਦੀ ਕੋਈ ਜ਼ਿਆਦਾ ਨਹੀਂ ਹੈ। ਪੁਲੀਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਸੂਰਜ ਢਲਣ ਤੋਂ ਬਾਅਦ ਇਸ ਖੇਤਰ ਵਿੱਚ ਬਹੁਤ ਘੱਟ ਲੋਕ ਜਾਂਦੇ ਹਨ। ਸ਼ਾਮ ਤੋਂ ਬਾਅਦ ਮੁੰਡੇ ਕੁੜੀਆਂ ਅਕਸਰ ਇੱਥੇ ਟਹਿਲਣ ਚਲੇ ਜਾਂਦੇ ਹਨ। ਪੁਲੀਸ ਦੇ ਕਾਬੂ ਆਏ ਗਰੋਹ ਦੇ ਸਰਗਨੇ ਨੇ ਤਫ਼ਤੀਸ਼ ਦੌਰਾਨ ਮੰਨਿਆ ਕਿ ਉਹ ਸਾਲ 2011 ਤੋਂ ਲਗਾਤਾਰ ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਰਹੇ ਹਨ।
 ਇਨ੍ਹਾਂ ਨੇ ਮੰਨਿਆ ਕਿ ਹੁਣ ਤੱਕ 11 ਦੇ ਕਰੀਬ ਕੁੜੀਆਂ ਇਸ ਗਰੋਹ ਤੋਂ ਆਬਰੂ ਲੁਟਾ ਚੁੱਕੀਆਂ ਹਨ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਾਜ਼ਾ ਘਟਨਾ ਦੀ ਸ਼ਿਕਾਰ ਲੜਕੀ ਦੀ ਦਲੇਰੀ ਕਰਕੇ ਹੀ ਇਹ ਅਪਰਾਧੀ ਫੜੇ ਗਏ ਹਨ। ਇਨ੍ਹਾਂ ਅਪਰਾਧੀਆਂ ਦੀ ਰਣਨੀਤੀ ਹੀ ਇਹ ਹੁੰਦੀ ਸੀ ਕਿ ਇਕੱਲੇ ਮੁੰਡੇ ਤੇ ਕੁੜੀ ਨੂੰ ਦੇਖ ਕੇ ਘੇਰ ਲੈਂਦੇ। ਮੁੰਡੇ ਤੇ ਕੁੜੀ ਤੋਂ ਪੈਸਾ ਤੇ ਹੋਰ ਸਮਾਨ ਲੁੱਟਣ ਮਗਰੋਂ ਕੁੜੀਆਂ ਦੀ ਪੱਤ ਵੀ ਲੁਟਦੇ ਸਨ।
ਸਮੂਹਿਕ ਬਲਾਤਕਾਰ ਦੀਆਂ 4 ਘਟਨਾਵਾਂ ਤਾਂ ਜਨਵਰੀ ਮਹੀਨੇ ਦੌਰਾਨ ਹੀ ਵਾਪਰੀਆਂ ਹੋਣ ਦਾ ਪੁਲੀਸ ਕੋਲ ਇਨ੍ਹਾਂ ਨੇ ਖੁਲਾਸਾ ਕੀਤਾ ਹੈ। ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਔਰਤਾਂ ਦੀ ਪੱਤ ਲੁੱਟਣ ਵਾਲੇ ਇਹ ਅਪਰਾਧੀ ਆਮ ਤੌਰ ’ਤੇ 4 ਜਾਂ 6 ਜਣੇ ਹੁੰਦੇ ਸਨ। ਇਹ ਸਾਰੀਆਂ ਘਟਨਾਵਾਂ ਵੀ ਤਕਰੀਬਨ ਇੱਕੋ ਥਾਂ ’ਤੇ ਹੀ ਵਾਪਰੀਆਂ। ਇਹ ਵੀ ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਪੰਜਾਬ ਪੁਲੀਸ ਦੇ ਹੀ ਇੱਕ ਡੀਐਸਪੀ ਅਤੇ ਇੱਕ ਮਹਿਲਾ ਦਾ ਕਤਲ ਵੀ ਇਸੇ ਖੇਤਰ ਵਿੱਚ ਕੀਤਾ ਗਿਆ ਸੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.