ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਭਾਰਤ ‘ਚ ਪਾਕਿ ਵਸਤਾਂ ‘ਤੇ 200 ਫੀਸਦੀ ਵਧੇ ਕਸਟਮ ਕਾਰਨ ਅਟਾਰੀ ਬਾਰਡਰ ਰਾਹੀਂ ਹੋਣ ਵਾਲਾ ਵਪਾਰ ਲਗਭਗ ਖਤਮ ਹੋਣ ਕੰਢੇ ਪੁੱਜਾ
ਭਾਰਤ ‘ਚ ਪਾਕਿ ਵਸਤਾਂ ‘ਤੇ 200 ਫੀਸਦੀ ਵਧੇ ਕਸਟਮ ਕਾਰਨ ਅਟਾਰੀ ਬਾਰਡਰ ਰਾਹੀਂ ਹੋਣ ਵਾਲਾ ਵਪਾਰ ਲਗਭਗ ਖਤਮ ਹੋਣ ਕੰਢੇ ਪੁੱਜਾ
Page Visitors: 2313

ਭਾਰਤ ‘ਚ ਪਾਕਿ ਵਸਤਾਂ ‘ਤੇ 200 ਫੀਸਦੀ ਵਧੇ ਕਸਟਮ ਕਾਰਨ ਅਟਾਰੀ ਬਾਰਡਰ ਰਾਹੀਂ ਹੋਣ ਵਾਲਾ ਵਪਾਰ ਲਗਭਗ ਖਤਮ ਹੋਣ ਕੰਢੇ ਪੁੱਜਾ   
February 19 18:21 2019
Print This Article
Share it With Friends
ਅੰਮ੍ਰਿਤਸਰ, 19 ਫਰਵਰੀ (ਪੰਜਾਬ ਮੇਲ)-
  ਭਾਰਤ ’ਚ ਪਾਕਿਸਤਾਨੀ ਵਸਤਾਂ ਦੀ ਦਰਾਮਦ ’ਤੇ ਕਸਟਮ ਵਧਾ ਕੇ 200 ਫ਼ੀਸਦੀ ਕਰ ਦੇਣ ਨਾਲ ਅਟਾਰੀ ਬਾਰਡਰ ਰਾਹੀਂ ਹੋਣ ਵਾਲਾ ਭਾਰਤ–ਪਾਕਿਸਤਾਨ ਵਪਾਰ ਹੁਣ ਲਗਭਗ ਖ਼ਤਮ ਹੋਣ ਕੰਢੇ ਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਰੋਜ਼ਾਨਾ ਪਾਕਿਸਤਾਨ ਤੋਂ 150 ਤੋਂ 200 ਟਰੱਕ ਵਸਤਾਂ ਦੇ ਲੱਦੇ ਇਸੇ ਸਰਹੱਦ ਰਾਹੀਂ ਭਾਰਤ ਆਇਆ ਕਰਦੇ ਸਨ ਪਰ ਹੁਣ ਇਹ ਗਿਣਤੀ ਘਟ ਕੇ ਸਿਰਫ਼ ਪੰਜ ਤੋਂ 10 ਟਰੱਕਾਂ ਦੀ ਰਹਿ ਗਈ ਹੈ।
   ਇਸੇ ਲਈ ਹੁਣ ਇਸ ਸਰਹੱਦ ਉੱਤੇ ਜਿਵੇਂ ਕਾਂ ਪੈਣ ਲੱਗ ਪਏ ਹਨ। ਇਸ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨ ਤੋਂ ‘ਮੋਸਟ ਫ਼ੇਵਰਡ ਨੇਸ਼ਨ’ ਦਾ ਰੁਤਬਾ ਵੀ ਵਾਪਸ ਲੈ ਲਿਆ ਹੈ, ਜੋ ਉਸ ਨੂੰ ਸਾਲ 1996 ਦੌਰਾਨ ਦਿੱਤਾ ਗਿਆ ਸੀ।
ਅਟਾਰੀ ਸਰਹੱਦ ਉੱਤੇ ਹਰ ਤਰ੍ਹਾਂ ਦੀਆਂ ਕਾਰੋਬਾਰੀ ਗਤੀਵਿਧੀਆਂ ਲਈ ਜ਼ਿੰਮੇਵਾਰ ‘ਲੈਂਡ ਪੋਰਟ ਅਥਾਰਟੀਜ਼ ਆਫ਼ ਇੰਡੀਆ’ (LPAI – ਭਾਰਤੀ ਜ਼ਮੀਨੀ ਬੰਦਰਗਾਹ ਅਥਾਰਟੀਜ਼) ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਤੀ 14 ਫ਼ਰਵਰੀ ਨੂੰ ਕਸ਼ਮੀਰ ਵਿੱਚ ਪੁਲਵਾਮਾ ਵਿਖੇ ਹੋਏ ਦਹਿਸ਼ਤਗਰਦ ਹਮਲੇ ਤੋਂ ਬਾਅਦ ਇਹ ਸਭ ਕਾਰਵਾਈ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਹੈ।
LPAI ਦੇ ਅਟਾਰੀ ਸਥਿਤ ਮੈਨੇਜਰ ਸ੍ਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਅੱਜ ਮੰਲਵਾਰ ਨੂੰ ਸੁੱਕੀਆਂ ਖਜੂਰਾਂ ਨਾਲ ਲੱਦੇ ਸਿਰਫ਼ ਪੰਜ ਟਰੱਕ ਲੰਘੇ ਹਨ। ਕੱਲ੍ਹ ਸੋਮਵਾਰ ਨੂੰ ਵੀ ਸਿਰਫ਼ ਖਜੂਰਾਂ ਦੇ ਹੀ 10 ਟਰੱਕ ਪਾਕਿਸਤਾਨ ਤੋਂ ਭਾਰਤ ਆਏ ਸਨ। ਦਰਅਸਲ, ਖਜੂਰਾਂ ਉੱਤੇ ਕੋਈ ਡਿਊਟੀ ਨਹੀਂ ਲੱਗਦੀ।
 ਉਨ੍ਹਾਂ ਦੱਸਿਆ ਕਿ ਪਹਿਲਾਂ ਜਿਪਸਮ, ਸੀਮਿੰਟ, ਕੱਚ, ਸੁੱਕੇ ਮੇਵੇ, ਪਲਾਸਟਰ ਆਫ਼ ਪੈਰਿਸ, ਕਾਸਟਿਕ ਸੋਡਾ ਜਿਹੀਆਂ ਵਸਤਾਂ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਤੋਂ ਭਾਰਤ ਆਉ਼ਦੀਆਂ ਰਹੀਆਂ ਹਨ। ਪਰ ਹੁਣ ਡਿਊਟੀ ਵਧਣ ਤੋਂ ਬਾਅਦ ਪਾਕਿਸਤਾਨੀ ਵਸਤਾਂ ਕਿਉਂਕਿ ਬਹੁਤ ਜ਼ਿਆਦਾ ਮਹਿੰਗੀਆਂ ਹੋ ਗਈਆਂ ਹਨ, ਇਸ ਕਾਰਨ ਹੁਣ ਉਨ੍ਹਾਂ ਦਾ ਭਾਰਤ ਵਿੱਚ ਕੋਈ ਖ਼ਰੀਦਦਾਰ ਹੀ ਨਹੀਂ ਰਿਹਾ।
  ਅਟਾਰੀ ਸਥਿਤ ਸੰਗਠਤ ਚੌਕੀ ਦੇ ਸੂਤਰਾਂ ਨੇ ਦੱਸਿਆ ਕਿ ਜੇ ਭਾਰਤ ਤੇ ਪਾਕਿਸਤਾਨ ਵਿਚਾਲੇ ਇੰਝ ਹੀ ਤਣਾਅ ਕਾਇਮ ਰਿਹਾ, ਤਾਂ ਇਹ ਚੌਕੀ ਬੰਦ ਕਰਨ ਦੀ ਨੌਬਤ ਵੀ ਆ ਸਕਦੀ ਹੈ ਤੇ ਇੱਥੇ ਕੰਮ ਕਰਨ ਵਾਲੇ ਸੈਂਕੜੇ ਕਾਮਿਆਂ, ਕੁਲੀਆਂ ਤੇ ਹੋਰ ਮਜ਼ਦੂਰਾਂ ਦਾ ਰੁਜ਼ਗਾਰ ਖੁੱਸ ਜਾਵੇਗਾ ਤੇ ਉਨ੍ਹਾਂ ਦੇ ਪਰਿਵਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਹਨ।
  ਇਸ ਦੌਰਾਨ ਕਨਫ਼ੈਡਰੇਸ਼ਨ ਆਫ਼ ਇੰਟਰਨੈਸ਼ਨਲ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ ਦੇ ਸੀਨੀਅਰ ਪ੍ਰਤੀਨਿਧ ਰਾਜਦੀਪ ਉੱਪਲ ਨੇ ਕਿਹਾ ਕਿ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਤੋਂ ਵਸਤਾਂ ਦਰਾਮਦ ਕਰਨ ਵਾਲੀਆਂ ਭਾਰਤ ਦੀਆਂ ਸਾਰੀਆਂ ਵਪਾਰਕ ਜੱਥੇਬੰਦੀਆਂ ਇਸ ਮਾਮਲੇ ’ਤੇ ਪੂਰੀ ਤਰ੍ਹਾਂ ਇੱਕਜੁਟ ਹਨ। ‘ਭਾਵੇਂ ਸਾਡਾ ਆਰਥਿਕ ਨੁਕਸਾਨ ਹੋ ਰਿਹਾ ਹੇ ਪਰ ਪੁਲਵਾਮਾ ਹਮਲੇ ਦੌਰਾਨ ਮਾਰੇ ਗਏ ਪਰਿਵਾਰਾਂ ਲਈ ਇਨਸਾਫ਼ ਵੀ ਜ਼ਰੂਰ ਚਾਹੀਦਾ ਹੈ। ਦਹਿਸ਼ਤਗਰਦ ਹਮਲੇ ਲਈ ਜ਼ਿੰਮੇਵਾਰ ਅਨਸਰਾਂ ਵਿਰੁੱਧ ਭਾਰਤ ਸਰਕਾਰ ਨੂੰ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ।’
ਅਟਾਰੀ ਬਾਰਡਰ ਗੁਰੂ ਕੀ ਪਵਿੱਤਰ ਨਗਰੀ ਤੋਂ 30 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ। ਅਟਾਰੀ ਤੋਂ ਲਾਹੌਰ ਦਾ ਲਗਭਗ ਇੰਨਾ ਕੁ ਹੀ ਰਸਤਾ, ਜਿੰਨਾ ਅੰਮ੍ਰਿਤਸਰ ਤੋਂ ਅਟਾਰੀ ਦਾ ਹੈ। ਅਟਾਰੀ ਚੌਕੀ ਕੁੱਲ 118 ਏਕੜ ਰਕਬੇ ਵਿੱਚ ਸਥਿਤ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.