ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਬਿਰਹੋਂ-ਰਿਸ਼ਤੇ!!?
ਬਿਰਹੋਂ-ਰਿਸ਼ਤੇ!!?
Page Visitors: 2550

ਬਿਰਹੋਂ-ਰਿਸ਼ਤੇ!!?

ਅਸੀਂ ਰਿਸ਼ਤੇ ਬਣਾਉਂਦੇ ਫਨਾਹ ਹੋ ਗਏ ,
ਉਹ ਤੇ ਰਿਸ਼ਤੇ ਮਿਟਾਕੇ ਖੁਦਾ ਹੋ ਗਏ ।
ਜੋ ਵੀ ਰਸਮਾਂ ਦੇ ਰੱਸੇ ਹਿਫਾਜਤ ਬਣੇ,
ਉਹ ਵੀ ਬਿਰਹੋਂ ਚ ਸੜਕੇ ਸਵਾਹ ਹੋ ਗਏ।

ਬੰਦਾ ਜਿਓਂਦਾ ਸਵਾਰਥ ਹੀ ਅਪਣਾਂਵਦਾ ,
ਅੱਖਾਂ ਚੋਭਣ ਲਈ ਦੂਜੇ ਦੇ ਕੰਮ ਆਂਵਦਾ ।
ਜਿਨਾਂ ਅੱਖਾਂ `ਚ ਹੰਝੂ ਵੀ ਸੁੱਕਦੇ ਰਹੇ,
ਉਹਨਾਂ ਅੱਖਾਂ ਤੇ ਕਾਹਤੋਂ ਫਿਦਾ ਹੋ ਗਏ ।

ਇਹ ਧਰਤੀ ਤਾਂ ਪਾਲਣ ਦਾ ਮੰਗਕੇ ਕਰਜ ,
ਸਦਾ ਚੇਤੇ ਕਰਾਉਂਦੀ ਨਿਭਾਉਣਾ ਫਰਜ ।
ਉਸ ਕੁਰਬਾਨੀ ਦਾ, ਦੱਸੋ ਕੀ ਹੈ ਸਿਲਾ ?
ਜਦੋਂ ਪਸ਼ੂਆਂ ਦੇ ਵਾਂਗੂ ਜਿਬਾਹ ਹੋ ਗਏ ।


ਅਸੀਂ ਵੱਖਰਿਆਂ ਰਾਹਾਂ ਤੇ ਤੁਰਦੇ ਰਹੇ ,
ਸਾਡੀ ਮੰਜਿਲ ਦੇ ਰਾਹ ਨਾ ਕਦੇ ਵੀ ਮਿਲੇ ।
ਜੇ ਮਿਲੇ ਪੰਗਡੰਡੀਆਂ ਦੇ ਮਿਲਣੇ ਦੇ ਵਾਂਗ,
ਇੱਕ ਦੂਜੇ ਨੂੰ ਕੱਟਕੇ ਵਿਦਾ ਹੋ ਗਏ ।

ਬੰਦ ਅੱਖਾਂ ਨੂੰ ਕਰਕੇ ਜੋ ਕਰਦੇ ਵਫਾ ,
ਇਹ ਜਮਾਨਾ ਨਾਂ ਭੁੱਲਦਾ ਕਦੇ ਵੀ ਦਗਾ ।
ਸੰਸਕਾਰਾਂ ਦੀ ਲੋਈ ਜੋ ਫਿਰਦੇ ਲਈ,
ਏਸ ਦੁਨੀਆਂ `ਚ ਅੱਜ ਉਹ ਸਜਾ ਹੋ ਗਏ ।

ਓਸ ਰਿਸ਼ਤੇ ਦਾ ਦੱਸੋ ਕੀ ਰੱਖੋਗੇ ਨਾਮ ?
ਜਿਹੜਾ ਮੁਰਸ਼ਦ ਤੋਂ ਵਧਕੇ ਹੀ ਦੇਵੇ ਪੈਗਾਮ ।
ਇਹ ਰਿਸ਼ਤੇ ਜੋ ਚਾਨਣ ਤੇ ਰਿਸ਼ਮਾ ਦੇ ਨੇ,
ਕਿਓਂ ਹਨ੍ਹੇਰੇ ਦੇ ਸਾਹਵੇਂ ਗੁਨਾਹ ਹੋ ਗਏ ।

ਅਸੀਂ ਰਿਸ਼ਤੇ ਬਣਾਉਂਦੇ ਫਨਾਹ ਹੋ ਗਏ ,
ਉਹ ਤੇ ਰਿਸ਼ਤੇ ਮਿਟਾਕੇ ਖੁਦਾ ਹੋ ਗਏ ।
ਜੋ ਵੀ ਰਸਮਾਂ ਦੇ ਰੱਸੇ ਹਿਫਾਜਤ ਬਣੇ,
ਉਹ ਵੀ ਬਿਰਹੋਂ ਚ ਸੜਕੇ ਸਵਾਹ ਹੋ ਗਏ ।


ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.