ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਚੋਰ ਅਤੇ ਕੁੱਤੀ,Chor Ate Kutti,Thief and Bitch
ਚੋਰ ਅਤੇ ਕੁੱਤੀ,Chor Ate Kutti,Thief and Bitch
Page Visitors: 2609

                        Chor Ate Kutti
The poem may help to get answer as to why National Human Rights Commission failed to act against the Shameful act?

ਚੋਰ ਅਤੇ ਕੁੱਤੀ
Thief and Bitch 

ਨਿਰਮਲ ਸਿੰਘ ਕੰਧਾਲਵੀ

ਹਫ਼ਦਾ ਹੋਇਆ ਚੇਲਾ ਬਾਬੇ ਦਾ ,
ਵਿਚ ਡੇਰੇ ਦੇ ਆਇਆ।
ਰੋ ਰੋ ਕੇ ਉਹਨੇ ਦੁਖੜਾ ਸਾਰਾ
ਬਾਬੇ ਤਾਈਂ ਸੁਣਾਇਆ।

ਭੁੱਕੀ ਪੁਲਿਸ ਨੇ ਫੜੀ ਅਸਾਡੀ,
ਨਾਲੇ ਖੋਹ ਲਈ ਮਾਇਆ।
ਖੂਹੀ ਵਾਲੇ ਮੋੜ ਦੇ ਉੱਤੇ,
ਸੀ ਨਾਕਾ ਉਨ੍ਹੀਂ ਲਗਾਇਆ।

ਗੁਰਮੁਖ ਨੂੰ ਤਾਂ ਲੈ ਗਏ ਠਾਣੇ,
ਮੇਰੇ ਵੀ ਉਨ੍ਹੀਂ ਤੌਣੀ ਲਾਈ।
ਹੱਡ ਹੱਡ ਮੇਰਾ ਢਿੱਲਾ ਕਰ 'ਤਾ,
ਸੁਣੀਂ ਨਾ ਮੇਰੀ ਉਨ੍ਹੀਂ ਦੁਹਾਈ।

ਨਾਂ ਦੱਸਦੇ ਤੁਸੀਂ ਪੁਲਿਸ ਨੂੰ ਮੇਰਾ,
ਪਰ ਥੋਨੂੰ ਅਕਲ ਨਹੀਂ ਆਉਣੀਂ।
ਕੀ ਸਿੱਖਿਆ ਤੁਸੀਂ ਇੱਥੇ ਰਹਿ ਕੇ?
ਜੇ ਆਈ ਨਹੀਂ ਗੱਲ ਬਣਾਉਣੀ।

ਨਿਉਂਦਾ ਪਾ ਕੇ ਲਾਹਵਾਂਗੇ ਹੁਣ,
ਇਹ ਜੋ ਭਾਜੀ ਪੁਲਿਸ ਨੇ ਚਾੜ੍ਹੀ।
ਸਹੁਰੀ ਦੇ ਨਾਲੇ ਖਾਂਦੇ ਸਾਥੋਂ,
ਨਾਲੇ ਫੜਨ ਅਸਾਡੀ ਦਾਹੜੀ।

ਨਾਮ ਥੋਡਾ ਤਾਂ ਦੱਸਿਆ ਸੀ ਜੀ,
ਪਰ ਠਾਣੇਦਾਰ ਨੇ ਇਕ ਨਾ ਮੰਨੀ।
ਕਹਿੰਦਾ ਮੈਂ ਸਿੱਧੇ ਕਰਨੇ ਬੂਬਨੇ,
ਪਾ ਦੇਣੇ ਮੈਂ ਇਹ ਬੰਨੋ ਬੰਨੀ।

ਧੋ ਧੋ ਕੇ ਥੋਨੂੰ ਕੱਢੀਆਂ ਗਾਲ਼ਾਂ,
ਥੋਡੀ ਮਾਂ ਭੈਣ ਇਕ ਕੀਤੀ।
ਸਾਧ ਤੇ ਸੂਰ ਕਹਿੰਦਾ ਵਧਗੇ ਬਹੁਤੇ,
ਬਾਬਾ ਜੀ! ਉਹਨੇ ਕਰੀ ਵਧੀਕੀ।

ਪਾਰਾ ਚੜ੍ਹ ਗਿਆ ਬਾਬੇ ਦਾ ਫਿਰ,
ਮਣ ਮਣ ਦੀ ਉਹਨੇ ਕੱਢੀ ਗਾਲ਼ੀ।
ਕਹਿੰਦਾ ਫੂਕ ਦਊਂ ਅੱਗ ਲਾ ਕੇ,
ਕੰਮ ਆਊ ਮੇਰੀ ਕਦੋਂ ਦੁਨਾਲੀ।

ਐਥੋਂ ਚੱਕੀਂ ਓਏ ਮੋਬਾਈਲ ਮੇਰਾ,
ਡੀ. ਐਸ. ਪੀ. ਨੂੰ ਫੋਨ ਘੁਮਾਵਾਂ।
ਸਾਡੀ ਬਿੱਲੀ ਮਿਆਂਊਂ ਸਾਨੂੰ ਹੀ,
ਏਸ ਠਾਣੇਦਾਰ ਨੂੰ ਮਜ਼ਾ ਚਖਾਵਾਂ। 

ਡੀ.ਐਸ.ਪੀ. ਨੇ ਫੋਨ ਉਠਾਇਆ,
ਬਾਬਿਉ ਅਸੀਂ ਤਾਬੇਦਾਰ ਤੁਹਾਡੇ।
ਥੋਡੇ ਸਿਰ 'ਤੇ ਹੀ ਉਡਦੇ ਫਿਰੀਏ,
ਮੁੱਕ ਜਾਂਦੇ ਸਭ ਫਿਕਰ ਅਸਾਡੇ।

ਕੀ ਹੈ ਹੁਕਮ ਅਸਾਨੂੰ ਸੰਤੋ?
ਤੁਸੀਂ ਫੋਨ ਦਾ ਕਸ਼ਟ ਉਠਾਇਆ।
ਸੁਖ-ਸਾਂਦ ਤਾਂ ਸਭ ਹੈ ਡੇਰੇ?
ਕਿਸੇ ਭੜਥੂ ਤਾਂ ਨਹੀਂ ਪਾਇਆ।

ਤੇਰੇ ਹੁੰਦਿਆਂ ਫੜੇ ਪੁਲਿਸ ਅਸਾਨੂੰ,
ਬਈ ਇਹ ਗੱਲ ਨਹੀਂਉਂ ਚੰਗੀ।
ਫੁਰਤੀ ਨਾਲ ਪਹੁੰਚਾਈਏ ਤੈਨੂੰ,
ਤੂੰ ਜਦੋਂ ਵੀ ਸ਼ੈਅ ਕੋਈ ਮੰਗੀ।

ਠਾਣੇਦਾਰ ਨੇ ਮਾਲ ਫੜ ਲਿਐ,
ਨਾਲੇ ਕੁੱਟਿਐ ਸਾਡੇ ਬੰਦਿਆਂ ਨੂੰ।
ਗੁਰਮੁਖ ਅਜੇ ਵੀ ਠਾਣੇ ਬੈਠਾ,
ਸਾਂਭ ਪੁਲਸੀਆਂ ਗੰਦਿਆਂ ਨੂੰ।

ਲਾਹ ਕੇ ਠਾਣੇਦਾਰ ਦੀ ਪੇਟੀ,
ਠੰਢ ਮਿਰੇ ਸੀਨੇ ਵਿਚ ਪਾ ਦੇ।
ਸਾਧਾਂ ਨਾਲ ਨਾ ਲਈਏ ਪੰਗੇ,
ਠਾਣੇਦਾਰ ਨੂੰ ਗੱਲ ਸਮਝਾ ਦੇ।

ਸੰਤੋ, ਇਹ ਨਵਾਂ ਈ ਆਇਐ,
ਅਜੇ ਵਾਕਫ਼ ਨਹੀਂ ਇਲਾਕੇ ਦਾ।
ਬਿਨ ਪੁੱਛਿਆਂ ਹੀ ਮੇਰੇ ਕੋਲੋਂ,
ਇਹਨੇ ਲੈ ਲਿਆ ਪੰਗਾ ਨਾਕੇ ਦਾ।

ਪੇਟੀ ਲਾਹਿਆਂ ਕੀ ਮਿਲੂ ਤੁਹਾਨੂੰ?
ਤੁਸੀਂ ਥੁੱਕ ਦਿਉ ਗੁੱਸਾ ਬਾਬਾ ਜੀ।
ਨੀਤੀ ਵਰਤ ਕੇ ਦੁਨੀਆਂ ਚਾਰੋ,
ਜ਼ਰਾ ਠੰਢ ਵਰਤਾਉ ਬਾਬਾ ਜੀ।

ਦਫਤਰ ਵਿਚ ਬੁਲਾ ਕੇ ਇਸਨੂੰ,
ਛੋਈ ਇਸਦੀ ਲਾਹਵਾਂਗਾ।
ਕਰੂਗਾ ਥੋਡੇ ਦਰਸ਼ਨ ਆਕੇ,
ਤੇ ਚਰਨੀਂ ਥੋਡੀ ਪੁਆਵਾਂਗਾ।

ਮੁੜ ਨਾ ਕਰੂ ਅਜਿਹੀ ਗ਼ਲਤੀ,
ਥੋਡਾ ਸੇਵਕ ਬਣ ਕੇ ਚੱਲੂਗਾ।
ਜੀਪ ਠਾਣੇ ਦੀ, ਮਾਲ ਤੁਹਾਡਾ,
ਜਿੱਧਰੇ ਵੀ ਚਾਹੋਂ, ਘੱਲੂਗਾ।

ਗੁਰਮੁਖ ਆ ਜਾਊ ਸ਼ਾਮ ਨੂੰ ਡੇਰੇ,
ਨਾ ਫਿਕਰ ਕੇਸ ਦਾ ਕਰਨਾ ਜੀ।
ਮਾਲ ਤੇ ਮਾਇਆ ਪਹੁੰਚੂ ਡੇਰੇ,
ਕਿਸੇ ਗੱਲੋਂ ਨਹੀਂ ਡਰਨਾ ਜੀ।

ਕੰਮ ਮਿਰਾ ਨਾ ਭੁੱਲਿਉ ਬਾਬਿਉ,
ਮੈਂ ਫੀਤੀ ਹੋਰ ਲੁਆਉਣੀ ਐ।
ਯਾਰ ਤੁਹਾਡਾ ਬਣਿਐ ਮੰਤਰੀ,
ਮਿਰੀ ਵਿਗੜੀ ਤੁਸੀਂ ਬਣਾਉਣੀ ਐ।

ਬਾਬਾ ਜੀ! ਮੈਂ ਚਾਂਭਲ ਚਾਂਭਲ,
ਅਣਗਿਣਤ ਹੀ ਬੰਦੇ ਮਾਰੇ ਸੀ।
ਰੁਕੀ ਪਈ ਐ ਮਿਰੀ ਤਰੱਕੀ,
ਮੈਥੋਂ ਲੰਘ ਗਏ ਅੱਗੇ ਸਾਰੇ ਜੀ।

Courtesy: www. badhni.com


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.