ਕੈਟੇਗਰੀ

ਤੁਹਾਡੀ ਰਾਇ



ਸਰਵਜੀਤ ਸਿੰਘ ਸੈਕਰਾਮੈਂਟੋ
ਸ਼੍ਰੋਮਣੀ ਅਤੇ ਪਾਕਿ ਕਮੇਟੀ `ਚ ਰੇੜਕਾ–ਜਿੰਮੇਵਾਰ ਕੌਣ?
ਸ਼੍ਰੋਮਣੀ ਅਤੇ ਪਾਕਿ ਕਮੇਟੀ `ਚ ਰੇੜਕਾ–ਜਿੰਮੇਵਾਰ ਕੌਣ?
Page Visitors: 2792

ਸ਼੍ਰੋਮਣੀ ਅਤੇ ਪਾਕਿ ਕਮੇਟੀ `ਚ ਰੇੜਕਾ–ਜਿੰਮੇਵਾਰ ਕੌਣ?
ਸਰਵਜੀਤ ਸਿੰਘ ਸੈਕਰਾਮੈਂਟੋ
ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਜਾਣ ਵਾਲੇ ਜਥੇ ਦੇ ਵੀਜ਼ੇ ਸਬੰਧੀ, ਪਿਛਲੇ ਸਾਲਾਂ ਦੀ ਤਰ੍ਹਾਂ, ਇਸ ਸਾਲ ਫੇਰ ਰੇੜਕਾ ਪੈਦਾ ਹੋ ਗਿਆ ਹੈ। ਸ਼੍ਰੋਮਣੀ ਕਮੇਟੀ ਸੋਧਾਂ ਦੇ ਨਾਮ ਤੇ ਵਿਗਾੜੇ ਹੋਏ ਕੈਲੰਡਰ ਮੁਤਾਬਕ ਜੇਠ ਸੁਦੀ 4 ਮੁਤਾਬਕ 1 ਜੂਨ  ਨੂੰ ਸ਼ਹੀਦੀ ਦਿਹਾੜਾ ਮਨਾਉਣ ਲਈ ਬਜ਼ਿਦ ਹੈ ਜਦੋਂ ਕਿ ਪਾਕਿਸਤਾਨ `ਚ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਮੁਤਾਬਕ 2 ਹਾੜ/16 ਜੂਨ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸੇ ਸਬੰਧ `ਚ ਪਾਕਿਸਤਾਨ `ਚ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਮਨਾਉਣ/ਸਮਝਾਉਣ ਲਈ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ 5 ਮੈਂਬਰੀ ਵਫ਼ਦ ਅਵਤਾਰ ਸਿੰਘ ਹਿੱਤ ਦੀ ਅਗਵਾਈ `ਚ, 11 ਮਈ ਨੂੰ ਪਾਕਿਸਤਾਨ ਗਿਆ ਸੀ, ਜਿਸ ਨੂੰ ਆਪਣੇ ਮਿਸ਼ਨ `ਚ ਸਫਲਤਾ ਨਾ ਮਿਲੀ ਤਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਖ਼ੁਦ 8 ਮੈਂਬਰੀ ਵਫ਼ਦ ਦੇ ਨਾਲ 18 ਮਈ ਨੂੰ ਪਾਕਿਸਤਾਨ ਪੁਜਾ। ਅਖ਼ਬਾਰੀ ਖ਼ਬਰਾਂ ਮੁਤਾਬਕ ਸ਼੍ਰੋਮਣੀ ਕਮੇਟੀ ਦਾ ਵਫ਼ਦ ਵੀ, ਪਾਕਿ ਕਮੇਟੀ ਵੱਲੋਂ ਧੁਮੱਕੜਸ਼ਾਹੀ ਕੈਲੰਡਰ ਦੇ ਹੱਕ   ਵਿੱਚ ਹਾਮੀ ਭਰਵਾਉਣ ਤੋਂ ਅਸਫਲ ਰਿਹਾ। ਆਓ, ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਇਸ ਸਮੱਸਿਆ ਬਾਰੇ ਮੁੱਢਲੀ ਜਾਣਕਾਰੀ ਸਾਂਝੀ ਕਰੀਏ ਅਤੇ ਪਿਛਲੇ ਚਾਰ ਸਾਲ ਤੋਂ ਪਏ ਇਸ ਰੇੜਕੇ ਦੇ ਕਾਰਨ ਬਾਰੇ ਜਾਣੀਏ ਤਾਂ ਜੋ ਇਕ ਧਿਰ ਦੀ ਜਿੰਮੇਵਾਰੀ ਨਿਰਧਾਰਤ ਕੀਤੀ ਜਾ ਸਕੇ।
ਇਤਿਹਾਸਕ ਵਸੀਲਿਆਂ ਮੁਤਾਬਕ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ 2 ਹਾੜ, ਜੇਠ ਸੁਦੀ 4 ਬਿਕ੍ਰਮੀ ਸੰਮਤ 1663 ਮੁਤਾਬਕ 30 ਮਈ ਸੰਨ 1606 ਯੂਲੀਅਨ ਦਿਨ ਸ਼ੁੱਕਰਵਾਰ ਨੂੰ ਹੋਈ ਸੀ। ਇਨ੍ਹਾਂ ਵਿਚੋਂ ਇਕ ਤਾਰੀਖ 2 ਹਾੜ, ਸੂਰਜੀ ਕੈਲੰਡਰ ਦੀ ਹੈ ਅਤੇ ਦੂਜੀ ਜੇਠ ਸੁਦੀ 4, ਚੰਦਰ ਸੂਰਜੀ ਕੈਲੰਡਰ ਦੀ ਹੈ। ਭਾਵੇ ਅੱਜ ਤੋਂ 407 ਸਾਲ ਪਹਿਲਾ, ਇਹ ਦੋਵੇਂ ਤਾਰੀਖਾਂ (2 ਹਾੜ ਅਤੇ ਜੇਠ ਸੁਦੀ 4) ਇਕ ਦਿਨ ਹੀ ਆਈਆਂ ਸਨ ਪਰ ਹਰ ਸਾਲ ਅਜੇਹਾ ਨਹੀ ਹੁੰਦਾ। 1663 ਬਿਕ੍ਰਮੀ ਤੋਂ ਪਿਛੋਂ ਇਹ ਦੋਵੇਂ ਤਾਰੀਖਾਂ 1682 ਬਿਕ੍ਰਮੀ ਨੂੰ ਇਕੱਠੀਆਂ ਆਈਆਂ ਸਨ। 2010 ਵਿਚ ਵੀ ਇਹ ਦੋਵੇਂ ਤਾਰੀਖਾਂ ਇਕੋ ਦਿਨ, 16 ਜੂਨ ਨੂੰ ਹੀ ਸਨ। ਅੱਜ ਇਨ੍ਹਾਂ ਦੋ ਤਾਰੀਖਾਂ `ਚ ਇਕ ਤਾਰੀਖ ਦੀ ਚੋਣ ਕਰਨੀ ਸਮੱਸਿਆ ਬਣ ਗਈ ਹੈ।
ਧਰਤੀ ਆਪਣੇ ਧੁਰੇ ਦੁਵਾਲੇ ਘੁੰਮਦੀ ਹੈ ਇਸ ਦਾ ਇਕ ਚੱਕਰ 24 ਘੰਟੇ ਵਿਚ ਪੂਰਾ ਹੁੰਦਾ ਹੈ। ਕੈਲੰਡਰ `ਚ ਇਸ ਨੂੰ ਇਕ ਦਿਨ ਗਿਣਿਆ ਜਾਂਦਾ ਹੈ। ਧਰਤੀ ਸੂਰਜ ਦੇ ਦੁਵਾਲੇ ਵੀ ਘੁੰਮਦੀ ਹੈ, ਇਹ ਚੱਕਰ 365.2422 ਦਿਨ (365 ਦਿਨ, 5 ਘੰਟੇ, 48 ਮਿੰਟ ਅਤੇ 45 ਸੈਕੰਡ) ਵਿਚ ਪੂਰਾ ਹੁੰਦਾ ਹੈ। ਇਸ ਨੂੰ ਮੌਸਮੀ ਸਾਲ ਕਿਹਾ ਜਾਂਦਾ ਹੈ। ਚੰਦ ਧਰਤੀ ਦੇ ਦੁਵਾਲੇ ਘੁੰਮਦਾ ਹੈ ਇਹ ਚੱਕਰ 354.37 ਦਿਨ (354 ਦਿਨ, 8 ਘੰਟੇ, 52 ਮਿੰਟ,ਅਤੇ 48 ਸੈਕੰਡ) ਵਿਚ ਪੂਰਾ ਹੁੰਦਾ ਹੈ। ਭਾਵ ਚੰਦ ਦਾ ਇਕ ਸਾਲ ਸੂਰਜੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4, 2010 ਵਿੱਚ 16 ਜੂਨ ਅਤੇ 2011 ਵਿਚ 5 ਜੂਨ ਅਤੇ 2012 ਵਿਚ ਉਸ ਤੋਂ 11 ਦਿਨ ਪਹਿਲਾਂ 25 ਮਈ ਆਇਆ ਸੀ। ਇਸ ਹਿਸਾਬ ਨਾਲ ਤਾਂ ਇਹ 2013 ਵਿਚ ਇਹ ਦਿਹਾੜਾ 14 ਮਈ ਨੂੰ ਆਉਣਾ ਚਾਹੀਦਾ ਸੀ ਪਰ ਇਹ ਦਿਹਾੜਾ 14 ਮਈ ਨੂੰ ਨਹੀਂ ਸਗੋਂ 12 ਜੂਨ ਨੂੰ ਸੀ। ਅਜੇਹਾ ਕਿਓ?
ਚੰਦ ਦਾ ਸਾਲ, ਜੋ ਸੂਰਜੀ ਸਾਲ ਨਾਲੋਂ 11 ਦਿਨ ਛੋਟਾ ਹੈ, ਇਕ ਸਾਲ `ਚ 11 ਦਿਨ, ਦੋ ਸਾਲਾ ਵਿਚ 22 ਦਿਨ ਸੂਰਜੀ ਸਾਲ ਤੋਂ ਪਿਛੇ ਰਹਿ ਗਿਆ ਹੈ। ਇਸ ਨੂੰ ਸੂਰਜੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਇਸ ਵਿਚ ਇਕ ਮਹੀਨਾ ਹੋਰ ਜੋੜ ਦਿੱਤਾ ਜਾਂਦਾ ਹੈ। 2012 ਵਿਚ ਚੰਦ ਦੇ ਸਾਲ ਦੇ 13 ਮਹੀਨੇ ਸਨ। (ਭਾਦੋਂ ਦੇ ਦੋ ਮਹੀਨੇ ਸਨ) 19 ਸਾਲਾਂ ਵਿਚ ਚੰਦ ਦੇ 7 ਸਾਲ, 13 ਮਹੀਨਿਆਂ ਦੇ ਹੁੰਦੇ ਹਨ। ਤੇਰਵਾਂ ਮਹੀਨੇ ਨੂੰ ਮਲ ਮਾਸ ਕਿਹਾ ਜਾਂਦਾ ਹੈ। ਹਿੰਦੂ ਮਤ ਅਨੁਸਾਰ ਇਹ ਮਹੀਨਾ ਮਾੜਾ ਹੁੰਦਾ ਹੈ। ਇਸ ਵਿੱਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾ ਸਕਦਾ। ਹੁਣ ਭਾਦੋਂ ਦੇ ਮਹੀਨੇ ਤੋਂ ਪਿਛੋਂ ਆਉਣ ਵਾਲੇ ਸਾਰੇ ਦਿਹਾੜੇ ਇਕ ਮਹੀਨਾ ਪੱਛੜ ਜਾਣਗੇ। 2013 ਵਿਚ, ਜਿਹੜਾ ਦਿਹਾੜਾ 14 ਮਈ ਨੂੰ ਆਉਣਾ ਚਾਹੀਦਾ ਹੈ ਹੁਣ ਉਹ 12 ਜੂਨ ਨੂੰ ਆਇਆ ਸੀ। ਹੁਣ ਫੇਰ ਚੰਦ ਦੇ ਸਾਲ ਲੰਬਾਈ ਮੁਤਾਬਕ ਸ਼ਹੀਦੀ ਦਿਹਾੜਾ ਇਸ ਸਾਲ (2014) `ਚ ਪਿਛਲੇ ਸਾਲ (2013) ਤੋਂ 11 ਦਿਨ ਪਹਿਲਾ ਭਾਵ 1 ਜੂਨ ਨੂੰ ਆਇਆ ਹੈ ਅਤੇ ਅਗਲੇ ਸਾਲ (2015) 22 ਮਈ ਨੂੰ ਆਵੇਗਾ। 2015 ਵਿੱਚ ਚੰਦ ਦੇ ਸਾਲ ਦੇ ਫੇਰ 13 ਮਹੀਨੇ ਹੋਣਗੇ (ਹਾੜ ਦੇ ਦੋ ਮਹੀਨੇ) ਇਸ ਕਾਰਨ 2016 ਵਿੱਚ ਦਿਹ ਦਿਹਾੜਾ 8 ਜੂਨ ਨੂੰ ਆਵੇਗਾ।
ਭਾਵੇ ਸ਼੍ਰੋਮਣੀ ਕਮੇਟੀ ਵੱਲੋਂ ਸੋਧਾਂ ਦੇ ਨਾਮ ਦੇ ਵਿਗਾੜੇ ਗਏ ਕੈਲੰਡਰ ਨੂੰ 14 ਮਾਰਚ 2010 `ਚ ਲਾਗੂ ਕੀਤਾ ਗਿਆ ਸੀ ਪਰ ਉਸ ਸਾਲ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਪਾਕਿਸਤਾਨ ਭੇਜੇ ਜਾਣ ਵਾਲੇ ਜਥੇ ਨੂੰ ਕੋਈ ਸਮੱਸਿਆ ਨਹੀ ਸੀ ਆਈ। ਕਿਉਂਕਿ 2010 ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਇਹ ਦਿਹਾੜਾ ਨਾਨਕ ਸ਼ਾਹੀ ਕੈਲੰਡਰ ਮੁਤਾਬਕ, 2 ਹਾੜ/16 ਜੂਨ ਨੂੰ ਹੀ ਮਨਾਇਆ ਗਿਆ ਸੀ। ਸ਼੍ਰੋਮਣੀ ਕਮੇਟੀ ਵੱਲੋਂ 2011 ਵਿਚ ਜਾਰੀ ਕੀਤੇ ਗਏ ਕੈਲੰਡਰ `ਚ ਇਹ ਦਿਹਾੜਾ 5 ਜੂਨ ਅਤੇ 2012 ਵਿਚ 25 ਮਈ ਨੂੰ ਦਰਜ ਹੋਣ ਕਰਕੇ ਦੋਵੇਂ ਸਾਲ ਹੀ ਸ਼੍ਰੋਮਣੀ ਕਮੇਟੀ ਆਪਣਾ ਜਥਾ ਪਾਕਿਸਤਾਨ ਨਹੀ ਭੇਜ ਸਕੀ। ਪਾਕਿਸਤਾਨ `ਚ ਨਾਨਕ ਸ਼ਾਹੀ ਕੈਲੰਡਰ ਲਾਗੂ ਹੈ। ਉਥੇ ਹਰ ਸਾਲ 2 ਹਾੜ/16 ਜੂਨ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ। ਇਸ ਕਰਕੇ ਪਾਕਿਸਤਾਨੀ ਸਫਾਰਤਖ਼ਾਨੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਜਥੇ ਨੂੰ ਕਿਸੇ ਹੋਰ ਤਾਰੀਖ ਲਈ ਵੀਜੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਜਦੋਂ ਕਿ ਦਿੱਲੀ ਕਮੇਟੀ ਦੇ ਜਥੇ ਨੂੰ ਵੀਜ਼ਾ ਦੇ ਦਿੱਤਾ ਗਿਆ ਸੀ ਕਿਉਂਕਿ ਦਿੱਲੀ ਕਮੇਟੀ ਵੱਲੋਂ ਨਾਨਕ ਸ਼ਾਹੀ ਕੈਲੰਡਰ ਨੂੰ ਮਾਨਤਾ ਦਿੱਤੀ ਗਈ ਸੀ। ਪਿਛਲੇ ਸਾਲ ਤੋਂ ਦਿੱਲੀ ਕਮੇਟੀ ਨੇ ਵੀ ਧੁਮੱਕੜਸ਼ਾਹੀ ਕੈਲੰਡਰ ਹੀ ਲਾਗੂ ਕਰ ਦਿੱਤਾ ਹੈ ਇਸ ਲਈ 2013 ਵਿਚ ਦੋਵਾਂ ਕਮੇਟੀਆਂ ਦੇ ਜਥਿਆਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ। ਪਿਛਲੇ ਸਾਲ ਪਾਕਿਸਤਾਨੀ ਸਫਾਰਤਖ਼ਾਨੇ ਵੱਲੋਂ ਬਾਹਰੋਂ ਆਉਣ ਵਾਲੇ ਜਥਿਆਂ ਨੂੰ 8 ਜੂਨ ਤੋਂ 18 ਜੂਨ ਤਾਈ ਵੀਜ਼ਾ ਦਿੱਤਾ ਗਿਆ ਸੀ। ਸ਼੍ਰੋਮਣੀ ਕਮੇਟੀ ਦਾ ਜਥਾ ਵੀ 8 ਜੂਨ ਨੂੰ ਰਵਾਨਾ ਹੋਇਆ ਸੀ ਅਤੇ 12 ਜੂਨ ਨੂੰ ਸ਼ਹੀਦੀ ਦਿਹਾੜਾ ਗੁਰਦਵਾਰਾ ਡੇਹਰਾ ਸਾਹਿਬ (ਲਾਹੌਰ) ਵਿਖੇ ਮਨਾਉਣ ਉਪ੍ਰੰਤ 13 ਜੂਨ ਨੂੰ ਵਾਪਸ ਆ ਗਿਆ ਸੀ। ਜਦੋਂ ਕੇ ਬਾਕੀ ਜਥੇ 16 ਜੂਨ ਨੂੰ ਸ਼ਹੀਦੀ ਦਿਹਾੜਾ ਮਨਾਉਣ ਉਪਰੰਤ 18 ਜੂਨ ਨੂੰ ਵਾਪਸ ਆਏ ਸਨ। ਪਿਛਲੇ ਸਾਲ ਤਾਂ 4 ਦਿਨਾਂ ਦਾ ਫਰਕ ਹੋਣ ਕਰਕੇ ਅਜੇਹਾ ਸੰਭਵ ਹੋ ਸਕਿਆ ਸੀ ਪਰ ਇਸ ਸਾਲ ਅਤੇ ਅਗਲੇ ਸਾਲਾਂ `ਚ  ਅਜੇਹਾ ਸੰਭਵ ਨਹੀ ਹੋਵੇਗਾ ਕਿਉਂਕਿ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ  ਕਮੇਟੀ ਨੇ, ਦਿੱਲੀ ਕਮੇਟੀ ਦੇ ਵਫ਼ਦ ਨੂੰ (13 ਮਈ 2014)  ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਹੀ ਸਾਰੇ ਗੁਰਪੁਰਬ ਮਨਾਉਂਦੇ ਹਾਂ। ਪਾਕਿਸਤਾਨ ਕਮੇਟੀ ਵੱਲੋਂ ਨਾਨਕ ਸ਼ਾਹੀ ਕੈਲੰਡਰ ਦੇ ਹੱਕ `ਚ ਲਏ ਗਏ ਸਪੱਸ਼ਟ ਫੈਸਲੇ ਕਾਰਨ ਆਉਣ ਵਾਲੇ ਸਾਲਾਂ ਸ਼੍ਰੋਮਣੀ ਕਮੇਟੀ ਤੇ ਪਾਕਿਸਤਾਨ ਕਮੇਟੀ `ਚ ਰੇੜਕਾ ਇਸੇ ਤਰ੍ਹਾਂ ਹੀ ਚਲਦਾ ਰਹੇਗਾ। ਹੁਣ ਜਾਂ ਤਾਂ ਸ਼੍ਰੋਮਣੀ ਕਮੇਟੀ ਨੂੰ ਨਾਨਕਸ਼ਾਹੀ ਕੈਲੰਡਰ ਮੁਤਾਬਕ ਜਥਾ 2 ਹਾੜ/16 ਜੂਨ ਨੂੰ ਭੇਜ ਸਕੇਗੀ ਜਾਂ 2021 ਤਾਈ ਸਬਰ ਕਰਨਾ ਪੈਣਾ ਹੈ। 2021 ਧੁਮੱਕੜਸ਼ਾਹੀ ਕੈਲੰਡਰ ਮੁਤਾਬਕ, ਇਹ ਦਿਹਾੜਾ 32 ਹਾੜ/14 ਜੂਨ ਨੂੰ ਆਵੇਗਾ। ਸ਼੍ਰੋਮਣੀ ਕਮੇਟੀ 2021 `ਚ ਹੀ ਪਾਕਿਸਤਾਨ ਜਥਾ ਭੇਜ ਸਕੇਗੀ।
 ਮਤਾ ਨੰ 1 (ਨੰਬਰ ਅ:3/09/3570) `ਚ ਸਪੱਸ਼ਟ ਲਿਖਿਆ ਹੋਇਆ ਹੈ ਕਿ, ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਗੁਰਪੁਰਬ ਪੁਰਾਤਨ ਮਰਯਾਦਾ ਅਨੁਸਾਰ ਪੋਹ ਸੁਦੀ ਸੱਤਮੀ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਬਿਰਾਜਮਾਨ ਹੋਣ ਦਾ ਗੁਰਪੁਰਬ ਕੱਤਕ ਸੁਦੀ ਦੂਜ ਨੂੰ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਪੁਰਾਤਨ ਮਰਯਾਦਾ ਅਨੁਸਾਰ ਕੱਤਕ ਸੁਦੀ ਪੰਚਮੀ ਨੂੰ ਮਨਾਇਆ ਜਾਵੇਗਾ। ਇਸ ਮਤੇ ਮੁਤਾਬਕ ਨਾ ਤਾ ਦੋ ਮੈਂਬਰੀ ਕਮੇਟੀ ਨੇ, ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ ਪੁਰਾਤਨਤਾ ਅਨੁਸਾਰ ਜੇਠ ਸੁਦੀ 4 ਕਰਨ ਦੀ ਸਿਫ਼ਾਰਿਸ਼ ਕੀਤੀ ਹੈ ਅਤੇ ਨਾ ਹੀ ਪੰਜ ਸਿੰਘ ਸਾਹਿਬ ਨੇ ਆਪਣੀ 30 ਦਸੰਬਰ ਦੀ ਮੀਟਿੰਗ `ਚ ਪ੍ਰਵਾਨ ਕੀਤੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ 2 ਹਾੜ ਤੋਂ ਬਦਲ ਕੇ ਜੇਠ ਸੁਦੀ 4 ਕਿਸ ਨੇ ਅਤੇ ਕਦੋਂ ਕੀਤੀ ਹੈ? ਵਾਰ-ਵਾਰ ਬੇਨਤੀਆਂ ਕਰਨ ਤੇ ਵੀ ਸ਼੍ਰੋਮਣੀ ਕਮੇਟੀ ਨੇ ਇਸ ਸਵਾਲ ਦਾ ਜਵਾਬ ਨਹੀ ਦਿੱਤਾ। ਹੁਣ, ਜਿੰਨਾ ਚਿਰ ਸ਼੍ਰੋਮਣੀ ਕਮੇਟੀ ਦਸਤਾਵੇਜ਼ੀ ਸਬੂਤ ਪੇਸ਼ ਨਹੀਂ ਕਰਦੀ, ਉਨ੍ਹਾਂ ਚਿਰ ਸਾਡਾ ਇਹ ਦਾਵਾ ਕਾਇਮ ਰਹੇਗਾ ਕਿ ਇਹ ਸੋਧ 2011 ਵਿੱਚ ਕੈਲੰਡਰ ਛਾਪਣ ਵੇਲੇ ਚੁਪ-ਚੁਪੀਤੇ ਹੀ ਕੀਤੀ ਗਈ ਹੈ।
ਜੇ ਗੁਰੂ ਅਰਜਨ ਦੇਵ ਜੀ ਦਾ ਜਨਮ ਦਿਹਾੜਾ 19 ਵੈਸਾਖ/2 ਮਈ, ਗੁਰਗੱਦੀ ਦਿਵਸ 2 ਅੱਸੂ/16 ਸਤੰਬਰ ਅਤੇ ਗੁਰੂ ਹਰਿਗੋਬਿੰਦ ਜੀ ਦਾ ਗੁਰਗੱਦੀ ਦਿਵਸ 28 ਜੇਠ/11 ਜੂਨ, ਨਾਨਕ ਸ਼ਾਹੀ ਕੈਲੰਡਰ ਮੁਤਾਬਕ ਮਨਾਇਆ ਜਾ ਸਕਦਾ ਹੈ ਤਾਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 2 ਹਾੜ/16 ਜੂਨ ਨੂੰ ਕਿਓ ਨਹੀ ਮਨਾਇਆ ਜਾ ਸਕਦਾ? ਕੀ ਸ਼੍ਰੋਮਣੀ ਕਮੇਟੀ ਕੌਲ ਇਸ ਸਵਾਲ ਦਾ ਕੋਈ ਜਵਾਬ ਹੈ ਕਿ ਗੁਰੂ ਅਰਜਨ ਦੇਵ ਦੀ ਸ਼ਹੀਦੀ ਭਾਵ 1 ਜੂਨ ਤੋਂ ਗੁਰੂ ਹਰਿਗੋਬਿੰਦ ਦੀ ਗੁਰਗੱਦੀ ਦਿਵਸ ਭਾਵ 11 ਜੂਨ ਦੇ ਦਰਮਿਆਨ ਗੁਰਗੱਦੀ ਤੇ ਕੌਣ ਵਿਰਾਜ ਮਾਨ ਸੀ?
ਜੇ ਹੋਰ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਸੂਰਜੀ ਕੈਲੰਡਰ ਜਿਸ ਦੇ ਸਾਲ ਦੇ 365 ਦਿਨ ਹੁੰਦੇ ਹਨ, ਮੁਤਾਬਕ ਮਨਾਏ ਜਾ ਸਕਦੇ ਹਨ ਤਾਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਚੰਦ ਦੇ ਕੈਲੰਡਰ ਮੁਤਾਬਕ, ਜਿਸ ਦੇ ਸਾਲ `ਚ 354 ਦਿਨ ਹੁੰਦੇ ਹਨ, ਮੁਤਾਬਕ ਮਨਾਉਣ ਦੇ ਪਿਛੇ ਕੀ ਕਾਰਨ ਹੋ ਸਕਦੇ ਹਨ? ਸਪੱਸ਼ਟ ਹੈ ਕਿ ਅੱਜ ਸਾਡੇ ਸਾਹਮਣੇ, ਆਪਣੇ ਆਪ ਨੂੰ ਸ਼੍ਰੋਮਣੀ ਅਖਵਾਉਣ ਵਾਲੀ ਕਮੇਟੀ ਵੱਲੋਂ ਸਾਡੇ ਇਤਹਾਸ ਨੂੰ ਵਿਗਾੜਿਆ ਜਾ ਰਿਹਾ ਹੈ। ਖਾਲਸਾ ਜੀ ਜਾਗੋ! ਨਾਨਕਸ਼ਾਹੀ ਕੈਲੰਡਰ ਨੂੰ ਸੋਧਾ ਲਾਉਣ ਦੇ ਪਿਛੇ ਕੰਮ ਕਰਦੀ ਮੰਦ ਭਾਵਨਾ ਨੂੰ ਸਮਝੋ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.