ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
ਗੁਰਬਾਣੀ ਚਾਨਣ ਵਿੱਚ ਸ਼ਰਧਾ ਬਾਰੇ ਵਿਚਾਰ-੫੧
ਗੁਰਬਾਣੀ ਚਾਨਣ ਵਿੱਚ ਸ਼ਰਧਾ ਬਾਰੇ ਵਿਚਾਰ-੫੧
Page Visitors: 2624

ਗੁਰਬਾਣੀ ਚਾਨਣ ਵਿੱਚ ਸ਼ਰਧਾ ਬਾਰੇ ਵਿਚਾਰ-੫੧
ਅਵਤਾਰ ਸਿੰਘ ਮਿਸ਼ਨਰੀ (5104325827)
ਸ਼ਰਧਾ ਸੰਸਕ੍ਰਿਤ ਦਾ ਸ਼ਬਦ ਤੇ ਇਸ ਦੇ ਪ੍ਰਕਰਣ ਅਨੁਸਾਰ ਵੱਖ ਵੱਖ ਅਰਥ ਇਹ ਹਨ। ਸ਼ਰਧਾ-ਯਕੀਨ, ਭਰੋਸਾ, ਵਿਸ਼ਵਾਸ਼, ਨਿਸ਼ਚਾ, ਮੁਰਾਦ, ਪ੍ਰੀਤ ਆਦਿਕ। ਸ਼ਰਧਾ ਵੀ ਦੋ ਪ੍ਰਕਾਰ ਦੀ ਹੈ ਗਿਆਨਵਾਨ ਸੱਚੀ ਅਤੇ ਅੰਧਵਿਸ਼ਵਾਸੀ ਝੂਠੀ ਸ਼ਰਧਾ। ਸੱਚੀ ਸ਼ਰਧਾ ਰੱਬ ਦੀ ਕੁਦਰਤ ਰਾਹੀਂ ਰੱਬ ਨਾਲ ਪਿਆਰ ਅਤੇ ਝੂਠੀ ਸ਼ਰਧਾ ਅੰਧਵਿਸ਼ਵਾਸ਼ ਪੈਦਾ ਕਰਦੀ ਹੈ। ਰੱਬ ਜਾਂ ਕਿਸੇ ਨਾਲ ਵੀ ਸੰਪੂਰਨ ਸਮਰਪਣ ਅਤੇ ਵਫਾਦਾਰੀ ਸੱਚੀ ਸ਼ਰਧਾ ਕਹੀ ਜਾ ਸਕਦੀ ਹੈ। ਮਨ ਵਿੱਚ ਅਸਲੀ ਉਤਸ਼ਾਹ, ਲਗਨ, ਤੜਪ, ਪਵਿਤ੍ਰਤਾ ਅਤੇ ਅਰਦਾਸ ਇਸ ਦੀਆਂ ਪ੍ਰਪੱਕ ਨਿਸ਼ਾਨੀਆਂ ਹਨ। ਸਿੱਖ ਮੱਤ ਵਿੱਚ ਸਿੱਖ ਕੇਵਲ ਇੱਕ ਅਕਾਲ ਪੁਰਖ ਕਰਤੇ ‘ਤੇ ਹੀ ਸ਼ਰਧਾ ਰੱਖਦਾ ਹੈ। ਦੂਜੇ ਨੰਬਰ ਤੇ ਰੱਬੀ ਭਗਤਾਂ, ਸਿੱਖ ਗੁਰੂ ਸਹਿਬਾਨਾਂ ਅਤੇ ਬਾਕੀ ਬਾਣੀਕਾਰਾਂ ਤੇ ਸਿਧਾਂਤਕ ਤੌਰ ਤੇ ਸਿੱਖ ਦੀ ਅਟੱਲ ਸ਼ਰਧਾ ਹੁੰਦੀ ਹੈ। ਸ਼ਰਧਾ ਰੱਬੀ ਰੰਗ ਵਿੱਚ ਰੱਬੀ ਗੀਤ ਗਾਉਣ, ਉਸ ਦੇ ਨਿਰਮਲ ਭਉ ਵਿੱਚ ਰਹਿਣ ਅਤੇ ਹੁਕਮ ਰਜ਼ਾਈ ਚੱਲਣ ਦੀ ਆਸਤਾ ਪੈਦਾ ਕਰਦੀ ਹੈ। ਭਾਈ ਕਾਹਨ ਸਿੰਘ ਨਾਭ੍ਹਾ ਗੁਰਮਤਿ ਮਾਰਤੰਡ ਵਿੱਚ ਲਿਖਦੇ ਹਨ ਕਿ ਸ਼ਰਧਾਵਾਨ ਦੇ ਮਨ ਵਿੱਚ ਹੀ ਗੁਰ ਉਪਦੇਸ਼ ਦਾ ਦ੍ਰਿੜ ਨਿਵਾਸ, ਜਿਸ ਤੋਂ ਆਤਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਪਰ ਇਸ ਗੱਲ ਦਾ ਪੂਰਾ ਵਿਸ਼ਵਾਸ਼ ਹੋਣਾ ਚਾਹੀਏ ਕਿ ਇਹ ਸੱਚਾ ਵਿਸ਼ਵਾਸ਼ ਜਾਂ ਮਿਥਿਆ (ਝੂਠਾ) ਹੈ। ਉਹ ਲਿਖਦੇ ਹਨ ਕਿ ਰੇਤ ਨੂੰ ਖੰਡ, ਸੂਰਜ ਦੀਆਂ ਕਿਰਨਾਂ ਨਾਲ ਚਮਕਦੇ ਮਾਰੂਥਲ ਨੂੰ ਜਲ, ਕਿਸੇ ਮੰਤ੍ਰ ਜੰਤ੍ਰ ਤੋਂ ਰੋਗ ਦੀ ਨਵਿਰਤੀ ਅਤੇ ਸੰਤਾਨ ਦੀ ਪ੍ਰਾਪਤੀ ਦਾ ਨਿਸਚਾ ਮਿਥਿਆ ਵਿਸ਼ਵਾਸ਼ (ਸ਼ਰਧਾ) ਹਨ ਜਿਨ੍ਹਾਂ ਤੋਂ ਕਲੇਸ਼ ਅਤੇ ਪਛਤਾਵੇ ਤੋਂ ਛੁੱਟ ਹੋਰ ਕੋਈ ਫਲ ਨਹੀ। ਅਸਾਡੇ ਬਹੁਤੇ ਭਾਈ ਮਿਥਿਆ ਵਿਸ਼ਵਾਸ਼ (ਸ਼ਰਧਾ) ਕਰਕੇ ਧੰਨ ਸੰਪਦਾ, ਸਰੀਰਕ ਸੁੱਖ ਅਤੇ ਪ੍ਰਮਾਰਥ ਖੋ ਬੈਠਦੇ ਹਨ। ਇਸ ਦੇ ਉਲਟ ਅਸਲ ਖੰਡ ਵਿੱਚ ਖੰਡ ਦਾ ਵਿਸ਼ਵਾਸ਼, ਖੂਹ, ਨਦੀ, ਚਸ਼ਮੇ ਤੇ ਸਰੋਵਰ ਤੋਂ ਪਿਆਸ ਬੁਝਣ ਦਾ ਵਿਸ਼ਵਾਸ਼, ਔਖਧ (ਦਵਾਈ) ਤੋਂ ਰੋਗ ਦੂਰ ਹੋਣ ਦਾ ਅਤੇ ਬੁੱਧਿ ਵਿਦਿਆ ਬਲ ਨਾਲ ਧੰਨ ਪ੍ਰਾਪਤੀ ਦਾ ਵਿਸ਼ਵਾਸ਼ ਆਦਿਕ ਸੱਚੇ ਵਿਸ਼ਵਾਸ਼ ਕਹੇ ਜਾ ਸਕਦੇ ਹਨ। ਐਸਾ ਹੀ ਅਸਲੀ ਸਤਿਗੁਰੂ ਅਤੇ ਨਕਲੀ ਪਾਖੰਡੀ ਗੁਰੂ ਵਿੱਚ ਵਿਸ਼ਵਾਸ਼ ਦਾ ਨਫਾ ਤੇ ਨੁਕਸਾਨ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਸ਼ਰਧਾ-ਸੱਚੇ ਗੁਰੂ ਵਿੱਚ ਸ਼ਰਧਾ ਵਾਲੇ ਨੂੰ ਹੀ ਰੱਬ ਚੇਤੇ ਆਉਂਦਾ ਹੈ-
ਜਾ ਕੈ ਮਨਿ ਗੁਰ ਕੀ ਪਰਤੀਤ॥
ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ
॥(੨੮੩)
ਗਿਆਨੀ ਸ਼ਰਧਾ ਨਾਲ ਹੀ ਮਨ ਵਿੱਚ ਤੱਤ ਗਿਆਨ ਪ੍ਰਗਟ ਹੁੰਦਾ ਹੈ-
ਜਾ ਕੈ ਰਿਦੈ ਬਿਸਵਾਸੁ ਪ੍ਰਭੁ ਆਇਆ॥
ਤਤੁ ਗਿਆਨੁ
ਤਿਸੁ ਮਨਿ ਪ੍ਰਟਾਇਆ॥ (285)
ਜਿਸ ਦਾ ਸੱਚੇ ਗੁਰੂ ਤੇ ਵਿਸ਼ਵਾਸ਼ ਤੇ ਭਉ ਨਹੀਂ ਅਤੇ ਸ਼ਬਦ ਭਾਵ ਤੱਤ ਗਿਆਨ ਨਾਲ ਪਿਆਰ ਨਹੀ, ਉਹ ਆਤਮ ਸੁੱਖ ਪ੍ਰਾਪਤ ਨਹੀਂ ਕਰ ਸਕਦਾ ਭਾਵੇਂ ਸੌ ਵਾਰ ਗੁਰੂ ਕੋਲ ਆਵੇ ਜਾਵੇ-
ਸਤਿਗੁਰ ਕੀ ਪਰਤੀਤਿ ਨ ਆਈਆ ਸਬਦਿ ਨ ਲਾਗੋ ਭਾਉ॥
ਓਸ ਨੋ ਸੁਖੁ ਨ ਉਪਜੈ ਭਾਵੈ ਸਉ ਗੇੜਾ ਆਵਉ ਜਾਉ
॥ (੫੯੧)
ਜਿਨ੍ਹਾਂ ਦੇ ਮਨ ਚ ਸੱਚਾ ਵਿਸ਼ਵਾਸ਼ ਹੁੰਦਾ ਹੇ ਉਹ ਆਪਣੇ ਮਾਲਕ ਦੀ ਸ਼ੋਭਾ ਦੇਖ ਕੇ ਸਦਾ ਅਨੰਦ ਪ੍ਰਸੰਨ ਰਹਿੰਦੇ ਹਨ-
ਜਿਨ ਕੈ ਮਨਿ ਸਾਚਾ ਬਿਸ਼ਵਾਸੁ॥
ਪੇਖਿ ਪੇਖਿ ਸੁਆਮੀ ਕੀ ਸੋਭਾ ਆਨੰਦ ਸਦਾ ਉਲਾਸੁ
॥ (੬੭੭)
ਕੋਈ ਕਿਨਾ ਵੀ ਧਨੀ ਜਾਂ ਸ਼ੇਖ ਕਿਉਂ ਨਾ ਹੋਵੇ ਰੱਬੀ ਵਿਸ਼ਵਾਸ਼ ਤੋਂ ਬਿਨਾ ਉਸਦਾ ਮਨ ਸ਼ਾਤ ਨਹੀਂ ਹੋ ਸਕਦਾ ਅਤੇ ਪ੍ਰਭੂ ਨੂੰ ਛੱਡ ਜੋ ਕਿਸੇ ਹੋਰ ਪਾਖੰਡੀ ਸੰਤ ਕੋਲੋਂ ਮੰਗਦਾ ਹੈ ਉਸ ਦੇ ਮੂੰਹ 'ਤੇ ਬੇ ਪ੍ਰਤੀਤੀ ਦੀ ਕਾਲਖ ਹੀ ਲਗਦੀ ਹੈ-
ਕਹਤ ਸੁਨਤ ਕਿਛੁ ਸਾਤਿ ਨ ਉਪਜਤ ਬਿਨ ਬਿਸਾਸੁ ਕਿਆ ਸੇਖਾਂ॥
ਪ੍ਰਭੂ ਤਿਆਗਿ ਆਨ ਜੋ ਚਾਹਤ ਤਾ ਕੈ ਮੁਖਿ ਲਾਗੈ ਕਾਲੇਖਾ
॥ (੧੨੨੧)
ਅਸਲੀ ਸਿੱਖ ਸਚਾਈ ਦਾ ਉਪਾਸ਼ਕ ਅਤੇ ਯਥਾਰਥ ਵਿਸ਼ਵਾਸ਼ੀ ਨਾ ਕਿ ਅੰਧਵਿਸ਼ਵਾਸ਼ੀ ਹੁੰਦਾ ਹੈ। ਅੰਨ੍ਹੀ ਸ਼ਰਧਾ ਡੋਬਦੀ ਤੇ ਸੁਜਾਖੀ ਸ਼ਰਧਾ ਬੇੜੇ ਪਾਰ ਕਰਦੀ ਹੈ। ਜੇ ਕੋਈ ਇਹ ਅੰਨ੍ਹੀ ਸ਼ਰਧਾ ਰੱਖੇ ਕਿ ਮੈਂ ਪੱਥਰ ਦੀ ਬੇੜੀ ਨਾਲ ਪਾਰ ਹੋ ਜਾਵਾਂਗਾ ਉਹ ਆਪ ਤਾਂ ਡੁੱਬੇਗਾ ਨਾਲ ਸਾਥੀਆਂ ਨੂੰ ਵੀ ਡੋਬ ਲਵੇਗਾ-
ਪਥਰ ਕੀ ਬੇੜੀ ਜੇ ਚੜੈ ਭਰ ਨਾਲਿ ਬੁਡਾਵੈ॥੪॥ (੪੨੦)
ਜੇ ਕੋਈ ਅੰਨ੍ਹੀ ਸ਼ਰਧਾ ਨਾਲ ਜ਼ਹਿਰ ਖਾ ਲਵੇ ਤਾਂ ਮਰੇਗਾ ਹੀ-
ਮਹੁਰਾ ਹੋਵੈ ਹਥਿ ਮਰੀਐ ਚਖੀਐ॥ (੧੪੨)
ਜੇ ਕੋਈ ਅੰਨ੍ਹੀ ਸ਼ਰਧਾ ਨਾਲ ਅੱਗ ਵਿੱਚ ਬੈਠੇ ਤਾਂ ਸੜੇਗਾ ਹੀ, ਜੇ ਕੋਈ ਕਿਸੇ ਸਾਧ ਦੇ ਕਹੇ ਤੇ ਡੂੰਘੇ ਪਾਣੀ ਤੇ ਤੁਰੇ ਤਾਂ ਡੁੱਬੇਗਾ ਹੀ। ਜੇ ਕੋਈ ਆਪ ਖਾਣਾ ਖਾਵੇ ਨਾ ਤੇ ਸ਼ਰਧਾ ਨਾਲ ਕਹੇ ਕਿ ਦੂਜੇ ਦਾ ਖਾਧਾ ਮੇਰੇ ਪੇਟ ਵਿੱਚ ਆ ਜਾਵੇਗਾ ਇਹ ਝੂਠੀ ਤੇ ਅੰਨ੍ਹੀ ਸ਼ਰਧਾ ਹੈ। ਕਿਸੇ ਦਾ ਪੀਤਾ ਪਾਣੀ ਦੂਜੇ ਦੀ ਪਿਆਸ ਨਹੀਂ ਮੇਟ ਸਕਦਾ। ਜੇ ਕੋਈ ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੂੰ ਅੰਨ੍ਹੀ ਸ਼ਰਧਾ ਜਾਂ ਜਨਮ ਸਾਖੀਆਂ ਦੇ ਅਧਾਰ ਤੇ ਅਕਾਸ਼ ਵਿੱਚ ਉਡਾਵੇ ਤੇ ਕਹੈ ਐਸਾ ਵੀ ਹੋ ਸਕਦਾ ਹੈ ਤਾਂ ਉਹ ਆਪ ਉਸ ਸਾਖੀ ਤੇ ਵਿਸ਼ਵਾਸ਼ ਕਰਕੇ ਇੱਕ ਦੇਸ਼ ਤੋਂ ਦੂਜੇ ਦੇਸ਼ ਬਿਨਾ ਜ਼ਹਾਜ਼ ਤੋਂ ਉੱਡ ਕੇ ਨਹੀਂ ਜਾ ਸਕਦਾ।
ਜੇ ਕੋਈ ਅੰਨ੍ਹੀ ਸ਼ਰਧਾ ਨਾਲ ਕਹੇ ਕਿ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਵੀ ਸਾਡੇ ਵਾਂਗ ਖਾਂਦੇ, ਪੀਦੇ, ਸੌਂਦੇ ਤੇ ਬਾਕੀ ਕਿਰਿਆ ਕਰਮ ਕਰਦੇ ਹਨ ਤਾਂ ਉਹ ਮੂਰਖ ਅਗਿਆਨੀ ਹੀ ਹੈ। ਜਰਾ ਸੋਚੋ ਜੋ ਖਾਂਦਾ ਹੈ ਉਹ ਬਾਥਰੂਮ ਭਾਵ ਟੱਟੀ ਪਿਸ਼ਾਪ ਵੀ ਜਾਂਦਾ ਹੈ ਜਦ ਕਿ ਸ਼ਬਦ ਗੁਰੂ ਐਸਾ ਕੁਛ ਨਹੀਂ ਕਰਦੇ।
ਜੇ ਕੋਈ ਅੰਨ੍ਹੀ ਸ਼ਰਧਾ ਚ ਕਹੇ ਕਿ ਸਰੋਵਰਾਂ ਜਾਂ ਧਰਮ ਅਸਥਾਨਾਂ ਦਾ ਪਾਣੀ ਸਾਰੇ ਸਰੀਰਕ ਰੋਗ ਦੂਰ ਕਰ ਦਿੰਦਾ ਹੈ ਤਾਂ ਇਹ ਉਸ ਦੀ ਅੰਨ੍ਹੀ ਸ਼ਰਧਾ ਹੈ ਕਿਉਂਕਿ ਕੇ ਭੁੱਖ, ਪਿਆਸ ਖਾਣ, ਪੀਣ ਨਾਲ ਮਿਟਦੀ ਹੈ ਤਾਂ ਸਰੀਰ ਦੇ ਰੋਗ ਵੀ ਦਵਾਈ ਖਾਣ ਤੇ ਪਰਹੇਜ ਰੱਖਣ ਨਾਲ ਹੀ ਮਿਟਦੇ ਹਨ। ਇਸੇ ਲਈ ਗੁਰੂ ਸਾਹਿਬਾਨਾਂ ਨੇ ਧਰਮ ਅਸਥਾਨਾਂ ਦੇ ਨਾਲ ਦਵਾਖਾਨੇ ਵੀ ਖੁਲ੍ਹਵਾਏ ਸਨ। ਅੱਜ ਵੀ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਵਿਖੇ ਚੱਲ ਰਿਹਾ ਹੈ।
ਬਾਕੀ ਦਵਾਈ ਨਾਲ ਜੇ ਕਰਤਾਰ ਅੱਗੇ ਦਵਾ ਵੀ ਕੀਤੀ ਜਾਵੇ ਤਾਂ ਐਸੀ ਸ਼ਰਧਾ ਨਾਲ ਰੋਗ ਦੂਰ ਹੋਣ ਚ ਫਾਇਦਾ ਹੁੰਦਾ ਹੈ। ਜੇ ਕਿਸੇ ਦੁਰਘਟਨਾ ਜਾਂ ਕਾਰਨ ਵੱਸ ਸਰੀਰ ਦੇ ਅੰਗ ਕੱਟੇ ਜਾਣ ਤਾਂ ਉਹ ਅਪ੍ਰੇਸ਼ਨ ਕਰਕੇ ਹੀ ਜੋੜੇ ਜਾ ਸਕਦੇ ਹਨ ਨਾ ਕਿ ਅੰਨ੍ਹੀ ਸ਼ਰਧਾਂ ਨਾਲ ਕਿਸੇ ਸ਼ਬਦ ਦਾ ਜਾਪ ਕਰਕੇ।
ਸੋ ਅੰਨ੍ਹੀ ਸ਼ਰਧਾ ਸਾਨੂੰ ਸੱਚ ਜਾਂ ਯਥਾਰਥ ਨਾਲੋਂ ਤੋੜਦੀ ਤੇ ਅਸਲੀ ਸੁਜਾਖੀ ਸ਼ਰਧਾ ਉਸ ਨਾਲ ਜੋੜਦੀ ਹੈ।
ਅੰਨ੍ਹੀ ਸ਼ਰਧਾ ਕਰਕੇ ਹੀ ਸੱਚੇ ਸਤਿਗੁਰੂ ਦੇ ਸਿੱਖ ਅੱਜ ਦੇਹਧਾਰੀ ਸਾਧਾਂ ਸੰਤਾਂ ਦੀ ਗੁਰੂ ਨਾਲੋਂ ਵੱਧ ਮੰਨਦੇ ਹਨ। ਅੰਨ੍ਹੀ ਸ਼ਰਧਾ ਕਰਕੇ ਹੀ ਗੁਰੂ ਦੇ ਪੰਥ ਵਿੱਚ ਅਨੇਕਾਂ ਅਖੌਤੀ ਸਾਧ ਸੰਤ ਤੇ ਡੇਰੇਦਾਰ ਪੈਦਾ ਹੋ ਗਏ ਹਨ। ਅੰਨ੍ਹੀ ਸ਼ਰਧਾ ਕਰਕੇ ਹੀ ਬਹੁਤੇ ਸਿੱਖਾਂ ਨੇ ਆਪ ਗੁਰਬਾਣੀ ਪੜ੍ਹਨੀ, ਵਿਚਾਰਨੀ ਛੱਡ ਦਿੱਤੀ ਤੇ ਕੀਤੇ ਕਰਾਏ ਪਾਠਾਂ ਤੇ ਸ਼ਰਧਾ ਰੱਖ ਲਈ ਹੈ। ਭਾਈ! ਸੱਚ, ਯਥਾਰਥ ਅਤੇ ਤਰਕ ਅਧਾਰਤ ਸ਼ਰਧਾ ਹੀ ਬੇੜੇ ਪਾਰ ਕਰਦੀ ਅਤੇ ਸੁਖੀ ਜੀਵਨ ਜੀਵਨ ਦੀ ਸਿਖਿਆ ਦਿੰਦੀ ਹੈ-
ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ॥
ਹੋਇ ਸੁਜਾਖਾ ਨਾਨਕਾ ਸੋ ਕਿਉਂ ਉਝੜਿ ਪਾਇ
॥ (੯੫੫)
 ਇਸ ਲਈ-
ਗੁਣ ਨਾਨਕੁ ਬੋਲੈ ਭਲੀ ਬਾਣਿ॥ ਤੁਮ ਹੋਹੁ ਸੁਜਾਖੇ ਲੇਹੁ ਪਛਾਣਿ॥ (੧੧੯੦)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.