ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
ਨਿੱਤ ਨਵੇਂ ਭਰਮ-ਭੁਲੇਖੇ ਅਤੇ ਪਾਖੰਡਧਾਰੀ ਸੰਤਾਂ ਦੀ ਪੂਜਾ!
ਨਿੱਤ ਨਵੇਂ ਭਰਮ-ਭੁਲੇਖੇ ਅਤੇ ਪਾਖੰਡਧਾਰੀ ਸੰਤਾਂ ਦੀ ਪੂਜਾ!
Page Visitors: 2578

ਨਿੱਤ ਨਵੇਂ ਭਰਮ-ਭੁਲੇਖੇ ਅਤੇ ਪਾਖੰਡਧਾਰੀ ਸੰਤਾਂ ਦੀ ਪੂਜਾ!
ਅਵਤਾਰ ਸਿੰਘ ਮਿਸ਼ਨਰੀ
ਪਾਠਕ ਜਨ ਅਤੇ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਅਤੇ ਸਿੱਖ ਰਹਿਤ ਮਰਯਾਦਾ ਅਨੁਸਾਰ ਵਹਿਮਾਂ ਭਰਮਾਂ ਨੂੰ ਮੰਨਣ, ਪ੍ਰਚਾਰਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਅਸ਼ਲੀਲ ਗ੍ਰੰਥ ਦਾ ਪ੍ਰਕਾਸ਼ ਕਰਨ ਵਾਲਾ ਕਦੇ ਵੀ ਗੁਰੂ ਦਾ ਸਿੱਖ ਨਹੀ ਹੋ ਸਕਦਾ। ਗੁਰੂ ਸਾਹਿਬਾਨ ਨੇ ਸਾਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ ਨਾ ਕਿ ਕਿਸੇ ਭੇਖੀ ਸਾਧ ਸੰਤ ਦੇ। ਸਿੱਖ ਦਾ ਅਰਥ ਹੈ ਸਿਖਿਆਰਥੀ ਸਿਖਿਆ ਲੈਣ ਵਾਲਾ ਅਤੇ ਸਿਖਿਆ ਲੈਣੀ ਕਿਥੋਂ ਹੈ ?  ਗੁਰੂ ਗ੍ਰੰਥ ਸਾਹਿਬ ਜੀ ਤੋਂ ਨਾ ਕਿ ਕਿਸੇ ਵਹਿਮੀ ਭਰਮੀ ਸਾਧ ਸੰਤ ਡੇਰੇਦਾਰ ਸੰਪ੍ਰਦਾਈ ਤੋਂ। ਧਰਮ ਤੇ ਨਾਂ ਤੇ ਅਖੌਤੀ ਧਾਰਮਿਕ ਆਗੂਆਂ ਅਤੇ ਧਰਮ ਪੁਜਾਰੀਆਂ ਨੇ ਆਪਣਾ ਹਲਵਾ ਮੰਡਾ ਚਲਦਾ ਰੱਖਣ ਵਾਸਤੇ ਸਮੇਂ ਸਮੇਂ ਜਨਤਾ ਵਿੱਚ ਨਿਤ ਨਵੇਂ ਵਹਿਮ ਭਰਮ ਖੜੇ ਕੀਤੇ ਅਤੇ ਅਗਿਆਨੀ ਜਨਤਾ ਨੂੰ ਲੁਟਿਆ। ਇਨ੍ਹਾਂ ਵਹਿਮਾਂ ਭਰਮਾਂ ਦੇ ਕਰਤੇ ਧਰਤੇ ਪਾਦਰੀ, ਪੰਡਿਤ ਅਤੇ ਪੀਰ ਹਨ ਅਤੇ ਅੱਜ ਭੇਖੀ ਸਾਧ ਏਨ੍ਹਾਂ ਤੋਂ ਵੀ ੧੦੦% ਅੱਗੇ ਹਨ ਜੋ ਆਏ ਦਿਨ ਨਵੇਂ ਤੋਂ ਨਵਾਂ ਵਹਿਮ ਭਰਮ ਖੜਾ ਕਰਕੇ ਜਨਤਾ ਨੂੰ ਦੋਹੀਂ ਹੱਥੀ ਲੁੱਟ ਰਹੇ ਹਨ।
ਜਥਾਰਥ ਦੇ ਉਲਟ ਜੋ ਵੀ ਕੁੱਝ ਹੈ ਉਹ ਸਚਾਈ ਨਹੀਂ। ਜਥਾਰਥ ਦੇ ਉਲਟ ਜਾਣਾ ਹੀ ਵਹਿਮਾਂ ਨੂੰ ਸੱਦਾ ਦੇਣਾ ਹੈ। ਇਸ ਦੇ ਉਲਟ ਸੱਚਾ ਗਿਆਨ ਧਾਰਨ ਕਰਕੇ ਉਸ ਤੇ ਅਮਲ ਕਰਨਾ ਹੀ ਵਹਿਮਾਂ ਭਰਮਾਂ ਤੋਂ ਬਚਣਾ ਹੈ। ਸੱਚੇ ਰੱਬ ਦੀ ਪੂਜਾ ਛੱਡ ਕੇ ਕਿਰਤਮ ਦੀ ਪੂਜਾ ਕਰਨਾ ਜਿਵੇਂ ਪੱਥਰ, ਅੱਗ, ਹਵਾ, ਬਨਾਸਪਤੀ ਰੁੱਖ ਆਦਿ, ਮੜੀ ਮਸਾਣ, ਪਛੂ ਪੰਛੀ ਕਲਪਿਤ ਦੇਵੀ ਦੇਵਤੇ ਸੂਰਜ ਚੰਦਰਮਾਂ ਆਦਿ ਅਤੇ ਭੇਖੀ ਸਾਧਾਂ ਸੰਤਾਂ ਦੀ ਪੂਜਾ ਕਰਨਾ ਨਿਰੋਲ ਵਹਿਮ ਭਰਮ ਹੈ। ਕੁਦਰਤੀ ਚੀਜਾਂ ਮਨੁੱਖਤਾ ਵਾਸਤੇ ਬਣੀਆਂ ਹਨ ਉਨ੍ਹਾਂ ਤੋਂ ਗਿਆਨ ਵਿਗਿਆਨ ਖੋਜ ਰਾਹੀਂ ਲਾਭ ਉੱਠਾਉਣਾ ਨਾ ਕਿ ਅੰਨ੍ਹੀ ਸ਼ਰਧਾ ਵਿੱਚ ਉਨ੍ਹਾਂ ਤੋਂ ਡਰਨਾਂ ਜਾਂ ਉਨਾਂ ਦੀ ਪੁਜਾ ਕਰਨਾ ਹੈ। ਅੰਧਵਿਸ਼ਵਾਸ਼ੀ ਲੋਕਾਂ ਨੂੰ ਹੀ ਗੁਰੂ ਜੀ ਨੇ ਅਗਿਆਨੀ ਕਿਹਾ ਹੈ-
ਭਰਮਿ ਭੂਲੇ ਅਗਿਆਨੀ ਅੰਧੁਲੇ ਭ੍ਰਮਿ ਭ੍ਰਮਿ ਫੂਲ ਤੋਰਾਵਹਿ॥
ਸਰ ਜੀਉ ਕਾਟਹਿ ਨਿਰ ਜੀਉ ਪੂਜਹਿ ਸਭਿ ਬਿਰਥੀ ਘਾਲਿ ਗਵਾਵਹਿ
॥ (੧੨੬੪)
ਜਿਨ੍ਹਾਂ ਵਹਿਮਾਂ ਭਰਮਾਂ ਚੋਂ ਗੁਰੂਆਂ-ਭਗਤਾਂ ਨੇ ਸਾਨੂੰ ਕੱਢਿਆ ਸੀ। ਅੱਜ ਫਿਰ ਅਖੌਤੀ ਸਾਧ ਲਾਣੇ, ਚਾਲਬਾਜ ਪ੍ਰਚਾਰਕਾਂ ਅਤੇ ਹੰਕਾਰੀ ਪ੍ਰਬੰਧਕਾਂ ਵਲੋਂ ਉਸ ਤੋਂ ਵੀ ਵੱਧ ਜਨਤਾ ਨੂੰ ਭਰਮਾਂ ਵਿੱਚ ਪਾਇਆ ਜਾ ਰਿਹਾ ਹੈ। ਹੱਥ ਨਾਲ ਬਣਾਈਆਂ ਪੱਥਰ ਮੂਰਤੀਆਂ ਨੂੰ ਬੇਹਿਸਾਬਾ ਦੁੱਧ ਪਿਲਾਇਆ ਜਾ ਰਿਹਾ ਹੈ ਜਦ ਕਿ ਇਹ ਅਟੱਲ ਸਚਾਈ ਹੈ ਕਿ ਪੱਥਰ ਦੀਆਂ ਮੂਰਤੀਆਂ ਕੁੱਝ ਵੀ ਖਾਂਦੀਆਂ ਪੀਦੀਆਂ ਬੋਲਦੀਆਂ ਨਹੀਂ-
ਨਾ ਕਿਛੁ ਬੋਲਹਿ ਨਾ ਕਿਛੁ ਦੇਹਿ (੧੧੬੦)
ਇੱਕ ਪਾਸੇ ਦੇਸ਼ ਦੇ ਕਰੋੜਾਂ ਬੱਚੇ ਬੁੱਢੇ ਦੁੱਧ ਨੂੰ ਤਰਸ ਰਹੇ ਹਨ ਪਰ ਦੂਜੇ ਪਾਸੇ ਅੰਨੀ ਸ਼ਰਧਾ ਵਿੱਚ ਦੁੱਧ ਅਜਾਂਈਂ ਰੋੜਿਆ ਜਾ ਰਿਹਾ ਹੈ। ਗਰੀਬ ਪ੍ਰਵਾਰਾਂ ਵਿੱਚ ਘਿਓ ਖਾਣ ਨੂੰ ਮਿਲੇ ਨਾ ਮਿਲੇ ਪਰ ਜੋਤਾਂ ਤੇ ਚਰਾਗਾਂ ਵਿੱਚ ਅੰਨ੍ਹੇ ਵਾਹ ਸਾੜਿਆ ਜਾ ਰਿਹਾ ਹੈ। ਨਾ ਲੋੜ ਹੋਣ ਤੇ ਵੀ ਢੇਰਾਂ ਦੇ ਢੇਰ ਰੁਮਾਲੇ ਧਰਮ ਅਸਥਾਨਾਂ ਵਿੱਚ ਚੜਾਏ ਜਾ ਰਹੇ ਹਨ। ਲੋੜਵੰਦ ਭਾਵੇਂ ਪਾਟੇ ਕਪੜਿਆਂ ਵਿੱਚ ਨੰਗਾ ਫਿਰੇ, ਉਸ ਨੂੰ ਕਪੜਾ ਦੇਣ ਵਾਸਤੇ ਸਾਡਾ ਧਨ ਨਸ਼ਟ ਹੁੰਦਾ ਹੈ। ਜਗਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਸਰਦੀਆਂ ਵਿੱਚ ਰਜ਼ਾਈਆਂ ਚੜਾਈਆਂ ਅਤੇ ਗਰਮੀਆਂ ਵਿੱਚ ਏਅਰ ਕੰਡੀਸ਼ਨ ਲਾਏ ਜਾ ਰਹੇ ਹਨ। ਸ਼ਬਦ ਗੁਰੂ ਨੂੰ ਭੋਗ ਲਵਾਏ ਜਾ ਰਹੇ ਹਨ ਜਦ ਕਿ ਭੋਗ ਮੂਰਤੀ ਨੂੰ ਹੀ ਲਵਾਇਆ ਜਾਂਦਾ ਹੈ। ਅੱਜ ਧਰਤੀ ਸੁੱਤੀ ਹੈ ਹਲ ਨਹੀਂ ਚਲਾਉਣਾ, ਬਿੱਲੀ ਰਸਤਾ ਕਟ ਗਈ ਹੁਣ ਅੱਗੇ ਨਹੀਂ ਜਾਣਾ। ਪੂਰਨਮਾਸ਼ੀਆਂ ਅਤੇ ਸੰਗਰਾਂਦਾਂ ਪੂਜਣੀਆਂ, ਮੜੀਆਂ ਮੱਠਾਂ, ਕਬਰਾਂ, ਰੁੱਖਾਂ ਅਤੇ ਪਸ਼ੂਆਂ ਨੂੰ ਪੂਜਣਾ, ਮੰਗਲ ਤੇ ਵੀਰਵਾਰ ਸਿਰ ਪਾਣੀ ਨਹੀਂ ਪੌਣਾ ਆਦਿਕ।
ਬਠਿੰਡੇ (ਪੰਜਾਬ) ਵਿਖੇ ਇੱਕ ਨਾਨਕਸਰੀਏ ਸਾਧ ਨੇ ਨਵਾਂ ਭਰਮ ਖੜਾ ਕੀਤਾ ਹੈ ਕਿ ੩੭ ਏਕੜ ਜ਼ਮੀਨ ਵਿੱਚ ਗੰਨਾ (ਕਮਾਦ) ਬੀਜ ਕੇ ਉਸ ਨੂੰ ਅਖੰਡ ਪਾਠ ਸੁਣਾਏ ਜਾ ਰਹੇ ਹਨ ਕਿ ਇਸ ਤੋਂ ਸ਼ੁੱਧ ਪਤਾਸੇ ਪੈਦਾ ਕਰਕੇ ਅੰਮ੍ਰਿਤ ਸੰਚਾਰ ਕੀਤਾ ਜਾਵੇਗਾ। ਕੀ ਗੁਰੂਆਂ ਭਗਤਾਂ ਨੂੰ ਇਹ ਚੇਤਾ ਨਾ ਆਇਆ ਕਿ ਇਵੇਂ ਵਸਤਾਂ ਸ਼ੁੱਧ ਕੀਤੀਆਂ ਜਾ ਸਕਦੀਆਂ ਹਨ। ਫਿਰ ਮੱਝਾਂ ਗਾਵਾਂ, ਬੱਕਰੀਆਂ ਭੇਡਾਂ ਨੂੰ ਵੀ ਅਖੰਡ ਪਾਠ ਸੁਣਾਉਣੇ ਚਾਹੀਦੇ ਹਨ ਕਿਉਂਕਿ ਉਨ੍ਹਾਂ ਦਾ ਅਸੀਂ ਦੁੱਧ ਵੀ ਪੀਂਦੇ ਹਾਂ ਅਤੇ ਉਸ ਦੁੱਧ ਤੋਂ ਬਣਿਆਂ ਘਿਓ ਕੜਾਹ ਪ੍ਰਸ਼ਾਦ ਦੀ ਦੇਗ ਵਾਸਤੇ ਵਰਤਿਆ ਜਾਂਦਾ ਹੈ। ਜਰਾ ਸੋਚੋ, ਤੁਸੀਂ ਗੰਦੇ ਪਾਣੀ ਨੂੰ ਜਿਨ੍ਹੇ ਮਰਜੀ ਪਾਠ ਸੁਣਾਈ ਜਾਵੋ ਕਦੇ ਸ਼ੁੱਧ ਨਹੀਂ ਹੋਵੇਗਾ ਜਿਨਾਂ ਚਿਰ ਫਟਕੜੀ ਪਾ ਕੇ ਨਹੀਂ ਰੱਖਿਆ ਜਾਂਦਾ ਜਾਂ ਅਧੁਨਿਕ ਤਰੀਕੇ ਨਾਲ ਫਿਲਟਰ ਨਹੀਂ ਕੀਤਾ ਜਾਂਦਾ। ਹਵਾ ਜੋ ਸਾਹ ਰਾਹੀਂ ਹਰੇਕ ਜੀਵ ਦੇ ਅੰਦਰ ਜਾਂਦੀ ਹੈ ਅਤੇ ਅੰਦਰੋਂ ਬਾਹਰ ਆਉਂਦੀ ਹੈ, ਉਹ ਊਚ ਨੀਚ ਨਹੀਂ ਦੇਖਦੀ। ਇਹ ਸੁੱਚ-ਭਿੱਟ ਰੱਖਣ ਵਾਲੇ ਬ੍ਰਾਹਮਣ ਅਤੇ ਅਜੋਕੇ ਸਾਧ ਸੰਤ ਕਿਹੜੇ ਪਾਠ ਨਾਲ ਉਸ ਨੂੰ ਸ਼ੁੱਧ ਕਰ ਲੈਣਗੇ? ਕੀ ਕਹੇ ਜਾਂਦੇ ਸ਼ੂਦਰਾਂ ਦੇ ਅੰਦਰੋਂ ਆਈ ਹਵਾ ਨੂੰ ਇਹ ਪਾਖੰਡੀ ਰੋਕ ਸਕਦੇ ਹਨ? ਨਹੀ, ਇਹ ਲੋਕ ਕੇਵਲ ਪਾਠ ਦੇ ਬਹਾਨੇ ਸ਼ੁੱਧ ਕਰਨ ਦਾ ਵਹਿਮ ਪਾ ਕੇ, ਸਾਡੇ ਵਰਗੇ ਅਗਿਆਨੀਆਂ ਤੋਂ ਪਾਠਾਂ ਦੀਆਂ ਲੜੀਆਂ ਚਲਾ ਕੇ, ਪੈਸੇ ਬਟੋਰ ਕੇ, ਆਪਣਾ ਹਲਵਾ ਮੰਡਾ ਚਲਾਉਂਦੇ ਅਤੇ ਮਹਿਲ ਨੁਮਾ ਡੇਰਿਆਂ ਅਤੇ ਕੀਮਤੀ ਕਾਰਾਂ ਵਿੱਚ ਐਸ਼ ਕਰਦੇ ਹਨ। ਪਰ ਅੱਜ ਦੇ ਜਥੇਦਾਰ ਜਿਨ੍ਹਾਂ ਨੇ ਧਰਮ ਪ੍ਰਚਾਰ ਰਾਹੀਂ ਜਨਤਾ ਨੂੰ ਅਜਿਹੇ ਭਰਮ ਭੁਲੇਖਿਆਂ, ਵਹਿਮਾਂ ਅਤੇ ਅੰਧ ਵਿਸ਼ਵਾਸ਼ਾਂ ਤੋਂ ਸੁਚੇਤ ਕਰਨਾ ਅਤੇ ਰੋਕਣਾ ਹੈ, ਉਹ ਖੁਦ ਹੀ ਅਜਿਹੇ ਪਾਖੰਡੀਆਂ ਨੂੰ ਸਿਰੋਪੇ ਦੇ ਕੇ ਨਿਵਾਜ਼ ਰਹੇ ਹਨ। ਕੀ ਅਹਿਜੇ ਕਿਰਦਾਰ ਵਾਲੇ ਵਿਅਕਤੀ ਨੂੰ ਜਥੇਦਾਰ ਮੰਨਿਆਂ ਜਾ ਸਕਦਾ ਹੈ? ਕੀ ਸਿੱਖ ਨੇ ਹੁਕਮ ਗੁਰੂ ਦਾ ਮੰਨਣਾ ਹੈ ਜਾਂ ਜਥੇਦਾਰ ਦਾ? ਜਥੇਦਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੀ ਸਾਦਰ ਕਰ ਸਕਦਾ ਹੈ ਨਾ ਕਿ ਆਪਣਾ, ਕਿਸੇ ਸਾਧ ਸੰਤ ਜਾਂ ਅਖੌਤੀ ਗ੍ਰੰਥ ਦਾ। ਸਿੱਖ ਧਰਮ ਨੂੰ ਲੋਕਾਂ ਦੀ ਨਿਗ੍ਹਾ ਵਿੱਚ ਘਟੀਆ ਦਰਸਉਣ ਲਈ ਹੀ ਗੁਰਬਾਣੀ ਨਾਲ ਮਨਘੜਤ ਸਾਖੀਆਂ ਜੋੜੀਆਂ ਜਾ ਰਹੀਆਂ ਹਨ। ਕਰਾਮਾਤਾਂ ਅਤੇ ਵਹਿਮ ਭਰਮ ਸਾਡੇ ਵਿੱਚ ਘਸੋੜੇ ਜਾ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ, ਜੋ ਗੁਰਤਾ ਪਦਵੀ ਦੇ ਮਾਲਕ ਹਨ ਅੱਜ ਉਨ੍ਹਾਂ ਦੇ ਬਰਾਬਰ ਕਾਮਕ ਕਵਿਤਾਵਾਂ ਨਾਲ ਭਰੇ ਗ੍ਰੰਥ ਪ੍ਰਕਾਸ਼ ਕੀਤੇ ਜਾ ਰਹੇ ਹਨ। ਇਸ ਤੋਂ ਵੱਡੀ ਕੌਮ ਦੀ ਅਧੋਗਤੀ ਕੀ ਹੋ ਸਕਦੀ ਹੈ?
ਅੱਜ ਅਸੀਂ ਗੁਰਦੁਆਰਿਆਂ ਵਿੱਚ ਅਜ਼ਾਦੀ ਦੇ ਨਾਹਰੇ ਤਾਂ ਮਾਰਦੇ ਹਾਂ ਪਰ ਗੁਰਦੁਆਰੇ ਬ੍ਰਾਹਮਣੀ ਮਰਯਾਦਾ ਅਤੇ ਅਜਿਹੇ ਭਰਮ ਪਾਖੰਡਾਂ ਦੇ ਗੁਲਾਮ ਹੋ ਚੁੱਕੇ ਹਨ। ਜਿਸ ਦੀ ਮਸਾਲ ਕਿਸੇ ਵੀ ਗੁਰਦੁਆਰੇ ਵਿੱਚ ਸ਼੍ਰੀ ਅਕਾਲ ਤਖ਼ਤ ਦੀ ਮਰਯਾਦਾ ਲਾਗੂ ਨਹੀਂ। ਕੁੰਭ ਨਾਰੀਅਲ ਜੋਤਾਂ ਸਮੱਗਰੀਆਂ ਧੂਪਾਂ ਬਾਲੀਆਂ ਅਤੇ ਰਾਮ ਕਥਾ ਜੁੱਗ ਜੁੱਗ ਅਟੱਲ ਆਦਿਕ ਰਾਮਾਇਣ ਕਹਾਣੀਆਂ ਰਹਿਰਾਸ ਦੇ ਪਾਠ ਨਾਲ ਗੁਰਦੁਆਰਿਆਂ ਵਿੱਚ ਪੜ੍ਹੀਆਂ ਜਾ ਰਹੀਆਂ ਹਨ। ਸਿੱਖ ਕਿਸੇ ਭਰਮ ਭੁਲੇਖੇ ਨੂੰ ਮਾਨਤਾ ਨਹੀਂ ਦਿੰਦਾ ਅਤੇ ਨਾਂ ਹੀ ਕਰਤੇ ਨੂੰ ਛੱਡ ਕਿਰਤਮ ਦੀ ਪੂਜਾ ਕਰਦਾ ਹੈ। ਸਿੱਖ ਤਾਂ ਸਗੋਂ  *ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖ਼ਾਲਸੇ ਦਾ ਧਾਰਨੀ ਹੈ* ਪਰ ਅੱਜ  ਪੂਜਾ ਮੂਰਤਿ ਕੀ, ਪਰਚਾ ਕੱਚੀ ਬਾਣੀ ਤੇ ਮਿਥਿਹਸਕ ਕਹਾਣੀਆਂ ਦਾ, ਦੀਦਾਰ ਅਖੌਤੀ ਸਾਧਾਂ-ਸੰਤਾਂਦਾ* ਬਹੁਤਾਤ ਵਿੱਚ ਕੀਤਾ ਜਾ ਰਿਹਾ ਹੈ।
ਗੁਰਸਿੱਖ ਕਦੇ ਭੇਖਾਂ, ਭਰਮਾਂ, ਪਾਖੰਡਾਂ ਅਤੇ ਕੱਚੀਆਂ ਬਾਣੀਆਂ ਨੂੰ ਮਾਨਤਾ ਨਹੀਂ ਦੇ ਸਕਦਾ-
ਕਰਮ ਧਰਮ ਪਾਖੰਡ ਜੋ ਦੀਸਹਿ ਤਿਨਿ ਜਮ ਜਾਗਾਤੀ ਲੂਟੈ (੭੪੭)
ਸੱਚੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਸਿੱਖ ਵਾਸਤੇ
*ਹੋਰ ਕਚੀ ਹੈ ਬਾਣੀ॥ ਬਾਣੀ ਤਾਂ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ (ਅਨੰਦ ਸਾਹਿਬ)
ਜਿਨੇ ਵੀ ਅਖੌਤੀ ਡੇਰੇ ਅਤੇ ਸੰਪ੍ਰਦਾਵਾਂ ਹਨ, ਸਿੱਖਾਂ ਨੁੰ ਕਦੇ ਵੀ ਇਨ੍ਹਾਂ ਨੂੰ ਮਾਨਤਾ ਨਹੀਂ ਦੇਣੀ ਚਾਹੀਦੀ ਕਿਉਂਕਿ ਗੁਰੂ ਸਾਹਿਬਾਨ ਨੇ ਇਨ੍ਹਾਂ ਤੋਂ ਖਹਿੜਾ ਛੁਡਾ ਕੇ
-ਨਾਨਕ ਨਿਰਮਲ ਪੰਥ ਚਲਾਇਆ ਅਤੇ ਕੀਤੋਸੁਆਪਨਾ ਪੰਥ ਨਿਰਾਲਾ॥ (ਭਾ. ਗੁ) ਭਾਵ
*ਖਾਲਸਾ ਪੰਥ* ਸਾਜਿਆ ਸੀ। ਇਹ ਸਭ ਸਾਧ-ਡੇਰੇ ਸੰਪ੍ਰਦਾਵਾਂ ਤਾਂ ਨਿਤ ਨਵੇਂ ਕਰਮ ਕਾਂਡ, ਭਰਮ-ਭੁਲੇਖੇ ਅਤੇ ਪਾਖੰਡ ਪੈਦਾ ਕਰਕੇ ਅਤੇ ਨਿਤ ਨਵੇਂ ਪਾਠਾਂ ਦੀਆਂ ਵਿਧੀਆਂ ਦੱਸ ਕੇ ਅਗਿਆਨੀ ਜਨਤਾ ਨੂੰ ਲੁਟਦੇ ਸਨ ਅਤੇ ਲੁੱਟ ਰਹੇ ਹਨ। ਅੱਜ ੨੧ਵੀਂ ਸਦੀ ਦੇ ਯੁੱਗ ਵਿੱਚ ਵੀ ਅਸੀਂ ਨਾ ਸਮਝੇ ਤਾਂ ਕਦੋਂ ਸਮਝਾਂਗੇ? ਘੱਟ ਤੋਂ ਘੱਟ ਸਿੱਖਾਂ ਨੂੰ ਸਿੱਖ ਗੁਰਦੁਆਰਿਆਂ ਚੋਂ ਤਾਂ ਡੇਰਾਵਾਦ ਨੂੰ ਖਤਮ ਕਰਨਾ ਚਾਹੀਦਾ ਹੈ। ਗੁਰਦੁਆਰੇ ਡੇਰਾਵਾਦ ਦੇ ਗੁਲਾਮ ਕਿਉਂ ਹਨ? ਸਿੱਖ ਰਹਿਤ ਮਰਯਾਦਾ ਗੁਰਦੁਆਰਿਆਂ ਵਿੱਚ ਲਾਗੂ ਕਿਉਂ ਨਹੀਂ ਕੀਤੀ ਜਾ ਰਹੀ? ਜੋਤਾਂ ਧੂਪਾਂ ਨਾਰੀਅਲ ਕੁੰਭ ਰੱਖਣੇ ਕਿਉਂ ਨਹੀਂ ਬੰਦ ਕਰਵਾਏ ਜਾ ਰਹੇ? ਜੇ ਪ੍ਰਬੰਧਕ ਇੱਧਰ ਧਿਆਨ ਨਾ ਦੇਣ ਤਾਂ ਇਕੱਲੇ ਗ੍ਰੰਥੀ ਅਜਿਹਾ ਨਹੀਂ ਕਰ ਸਕਦੇ। ਗੁਰਦੁਆਰੇ ਵਿੱਚ ਡੇਰੇਦਾਰ ਜਾਂ ਸੰਪ੍ਰਦਾਈ ਗ੍ਰੰਥੀ ਨਹੀਂ ਰੱਖਣੇ ਚਾਹੀਦੇ ਜੋ ਪੰਥਕ ਮਰਯਾਦਾ ਦੀਆਂ ਧੱਜੀਆਂ ਉਡਾ ਕੇ ਉਪਰੋਕਤ ਵਹਿਮਾਂ ਭਰਮਾਂ ਪਾਖੰਡਾਂ ਅਤੇ ਸੰਪ੍ਰਦਾਈ ਮਰਯਾਦਾ ਨੂੰ ਮਾਨਤਾ ਦਿੰਦੇ ਹੋਣ। ਗੁਰਬਾਣੀ ਤਾਂ ਪੁਕਾਰ-ਪੁਕਾਰ ਕੇ ਸਾਨੂੰ ਨਿਤਾ ਪ੍ਰਤੀ ਸੁਚੇਤ ਕਰ ਰਹੀ ਹੈ ਕਿ-
ਕਹਿਤ ਕਬੀਰ ਸੁਨਹੁ ਰੇ ਪ੍ਰਾਨੀ ਛੋਡਹੁ ਮਨ ਕੇ ਭਰਮਾ॥
ਕੇਵਲ ਨਾਮੁ ਜਪੋ ਰੇ ਪ੍ਰਾਨੀ ਪਰਹੁ ਏਕ ਕੀ ਸਰਨਾ
॥ (੬੫੪)
ਦੁਬਿਧਾ ਨ ਪੜਹੁ ਹਰਿ ਬਿਨੁ ਹੋਰਿ ਨ ਪੂਜਹੁ ਮੜੇ ਮਸਾਣ ਨਾ ਜਾਈ (੬੩੪) ਅਤੇ
*ਗੁਰੂਸੰਤ* ਦਾ ਉਪਦੇਸ਼ ਧਾਰਨ ਕਰੋ ਕਿਉਂਕਿ
*ਮਤਿ ਕੋ ਭਰਮਿ ਭੁਲੇ ਸੰਸਾਰੁ॥
ਗੁਰ ਬਿਨੁ ਕੋਇ ਨ ਉਤਰਸਿ ਪਾਰਿ
(੮੬੪)

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.