ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਸੰਪਾਦਕਾਂ ਦੇ ਰਾਹ ਦਸੇਰੇ ਅਤੇ ਚਾਨਣ ਮੁਨਾਰੇ ਗੁਰੂ ਅਰਜਨ ਅਤੇ ਗੁਰੂ ਗੋਬਿੰਦ ਸਿੰਘ
ਸੰਪਾਦਕਾਂ ਦੇ ਰਾਹ ਦਸੇਰੇ ਅਤੇ ਚਾਨਣ ਮੁਨਾਰੇ ਗੁਰੂ ਅਰਜਨ ਅਤੇ ਗੁਰੂ ਗੋਬਿੰਦ ਸਿੰਘ
Page Visitors: 2657

ਸੰਪਾਦਕਾਂ ਦੇ ਰਾਹ ਦਸੇਰੇ ਅਤੇ ਚਾਨਣ ਮੁਨਾਰੇ ਗੁਰੂ ਅਰਜਨ ਅਤੇ ਗੁਰੂ ਗੋਬਿੰਦ ਸਿੰਘ                                            ਦੁਨੀਆਂ ਦੇ ਵਿੱਚ ਕੀਤੇ ਜਾਣ ਵਾਲੇ ਹਰ ਕੰਮ ਦਾ ਇੱਕ ਧਰਮ ਹੁੰਦਾ ਹੈ। ਕੀਤੇ ਜਾਣ ਵਾਲੇ ਹਰ ਕੰਮ ਦਾ ਜੇ ਧਰਮ ਨਾਂ ਨਿਭਾਇਆ ਜਾਵੇ ਤਦ ਹਰ ਕੰਮ ਹੀ ਗਲਤ ਹੋ ਜਾਂਦਾ ਹੈ। ਸੰਪਾਦਕੀ ਦੁਨੀਆਂ ਦੇ ਮਹਾਨ ਜੁੰਮੇਵਾਰੀ ਵਾਲਾ ਕੰਮ ਹੈ। ਦੁਨੀਆਂ ਦੇ ਇਤਿਹਾਸ ਵਿੱਚ ਜਦ ਵੀ ਡੂੰਘੀ ਨੀਝ ਨਾਲ ਨਿਗਾਹ ਮਾਰਦੇ ਹਾਂ ਤਾਂ ਬਹੁਤ ਘੱਟ ਸੰਪਾਦਕ ਨਜਰੀਂ ਪੈਂਦੇ ਹਨ ਜਿੰਨਾਂ ਸੰਪਾਦਕੀ ਦਾ ਧਰਮ ਨਿਭਾਇਆ ਹੈ। ਹਰ ਸੰਪਾਦਕ ਆਪੋ ਆਪਣੇ ਹਿੱਤਾਂ ਅਨੁਸਾਰ ਨੀਤੀ ਉਪਰ ਚਲਦਾ ਹੈ। ਗੁਰੂ ਅਰਜਨ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੋ ਇਹੋ ਜਿਹੇ ਸੰਪਾਦਕ ਹੋਏ ਹਨ ਜਿੰਨਾਂ ਸੰਪਾਦਕੀ ਨੀਤੀ ਦਾ ਇਹੋ  ਜਿਹਾ ਮੀਲ ਪੱਥਰ ਗੱਡਿਆ ਹੈ ਜੋ ਸਦਾ ਦੁਨੀਆਂ ਲਈ ਅਤੇ ਸੰਪਾਦਕਾਂ ਲਈ ਚਾਨਣ ਮੁਨਾਰਾ ਰਹੇਗਾ। ਜਦ ਗੁਰੂ ਅਰਜਨ ਜੀ ਨੇ ਗੁਰੂ ਗਰੰਥ ਸਾਹਿਬ ਤਿਆਰ ਕੀਤਾ ਤਦ ਉਹਨਾਂ ਨੇ ਸੰਪਾਦਕੀ ਦਾ ਉਹ ਵਧੀਆ ਆਦਰਸ ਪੇਸ ਕੀਤਾ ਜੋ ਅੱਜ ਵੀ ਮਿਸਾਲ ਹੈ। ਜਦ ਉਸ ਸਮੇਂ ਦੇ ਲਿਖਾਰੀਆਂ ਅਤੇ ਰਾਜਸੱਤਾ ਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਦਾ ਗੱਦੀ ਨਸੀਨ ਗੁਰੂ ਅਰਜਨ ਜੀ ਇੱਕ ਗਰੰਥ ਤਿਆਰ ਕਰ ਰਹੇ ਹਨ ਤਦ ਉਹਨਾਂ ਨੇ ਆਪੋ ਆਪਣੀਆਂ ਪਸੰਦੀਦਾ ਲਿਖਤਾਂ ਸਾਮਲ ਕਰਵਾਉਣੀਆਂ ਚਾਹੀਆਂ। ਉਸ ਸਮੇਂ ਦੇ ਮਸਹੂਰ ਤਿੰਨ ਕਵੀਆਂ ਨੇ ਆਪਣੀਆਂ ਕਾਵਿ ਰਚਨਾਵਾਂ ਨੂੰ ਸਾਮਲ ਕਰਵਾਉਣ ਲਈ ਗੁਰੂ ਜੀ ਕੋਲ ਪਹੁੰਚੇ ਤਦ ਗੁਰੂ ਜੀ ਨੇ ਉਹਨਾਂ ਦੀਆਂ ਲਿਖਤਾਂ ਨੂੰ ਵਾਚਿਆ ਇਹ ਰਚਨਾਵਾਂ ਗੁਰਬਾਣੀ ਦੇ ਬਰਾਬਰ ਦੀਆਂ ਨਹੀਂ ਸਨ।  ਗੁਰੂ ਜੀ ਜੋ ਗਰੰਥ ਤਿਆਰ ਕਰ ਰਹੇ ਸਨ ਉਹ ਅਧਿਆਤਮਵਾਦ ਦੀ ਸਿਖਰਲੀ ਸਚਾਈ ਨੂੰ ਵਰਣਨ ਕਰਨ ਵਾਲਾ ਸੀ ਪਰ ਪੀਲੂ ,ਕਾਨਾ ਆਦਿ ਤਿੰਨ ਲਿਖਾਰੀਆਂ  ਦੀਆਂ ਲਿਖਤਾਂ ਸਿਰਫ ਦੁਨਿਆਵੀ ਸੱਚ ਦੀ ਗੱਲ ਕਰਦੀਆਂ ਸਨ। ਇੱਕ ਲੇਖਕ ਨੇ ਤਾਂ ਇਸਤਰੀ ਜਾਤੀ ਦਾ ਵਰਨਣ ਕਰਨ ਵਾਸਤੇ ਬਹੁਤ ਛੋਟੀ ਸੋਚ ਦਾ ਵਿਖਾਵਾ ਕੀਤਾ ਹੋਇਆ ਸੀ ਕਿਉਂਕਿ ਕੁੱਝ ਇਸਤਰੀਆਂ ਜਾਂ ਬੰਦਿਆ ਦੇ ਕਸੂਰ ਵਾਰ ਹੋ ਜਾਣ ਨਾਲ ਜਾਂ ਗਲਤੀਆਂ ਨਾਲ ਸਮੁੱਚੀ ਜਾਤ ਕਦੀ ਵੀ ਮਾੜੀ ਨਹੀਂ ਹੋ ਜਾਂਦੀ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਪਹਿਲੇ ਚਾਰਾਂ ਗੁਰੂਆਂ ਦੀ ਵੀ ਸਾਰੀ ਬਾਣੀ ਸਾਮਲ ਨਹੀਂ ਕੀਤੀ ਗਈ। ਗੁਰੂ ਅਰਜਨ ਜੀ ਹੀ ਜਾਣਦੇ ਸਨ ਆਪਣੇ ਮਕਸਦ ਨੂੰ ਜਿਸ ਲਈ ਉਹਨਾਂ ਨੇ ਆਪਣੀ ਸੰਪਾਦਕੀ ਨੀਤੀ ਨੂੰ ਡੋਲਣ ਨਹੀਂ ਦਿੱਤਾ। ਅੱਜ ਜਦ ਵੀ ਦੁਨੀਆਂ ਦਾ ਕੋਈ ਮਹਾਨ ਮਨੁੱਖ ਗੁਰੂ ਗਰੰਥ ਨੂੰ ਪੜਦਾ ਹੈ ਤਦ ਜਿੱਥੇ ਗਿਆਨ ਹਾਸਲ ਕਰਦਾ ਹੈ ਉੱਥੇ ਗੁਰੂ ਜੀ ਦੀ ਸੰਪਾਦਕੀ ਨੀਤੀ ਦੀ ਪਰਸੰਸਾਂ ਕਰੇ ਬਿਨਾਂ ਨਹੀਂ ਰਹਿ ਸਕਦਾ।
        ਦੂਸਰੀ ਮਿਸਾਲ ਗੁਰੂ ਗੋਬਿੰਦ ਸਿੰਘ ਨੇ ਕਾਇਮ ਕੀਤੀ ਜਦ ਉਹਨਾਂ ਨੇ ਗਰੰਥ ਸਾਹਿਬ ਨੂੰ ਗੁਰੂ ਬਣਾਉਣ ਦੀ ਸੋਚੀ ਅਤੇ ਉਸ ਵਿੱਚ ਗੁਰੂ ਤੇਗ ਬਹਾਦਰ ਜੀ ਦੀ  ਬਾਣੀ ਨੂੰ ਸਾਮਲ ਕੀਤਾ। ਗੁਰੂ ਗੋਬਿੰਦ ਸਿੰਘ ਨੂੰ ਬਹੁਤ ਸਾਰੇ ਸਿੱਖਾਂ ਨੇ ਗੁਰੂ ਜੀ ਨੂੰ ਆਪਣੀ ਬਾਣੀ ਨੂੰ ਗਰੰਥ ਸਾਹਿਬ ਵਿੱਚ ਸਾਮਲ ਕਰਨ ਦੀ ਬੇਨਤੀ ਕੀਤੀ ਪਰ ਗੁਰੂ ਜੀ ਨੇ ਆਪਣੀ ਬਾਣੀ ਨੂੰ ਸਾਮਲ ਨਹੀਂ ਕੀਤਾ। ਆਪਣੀ ਬਾਣੀ ਸਾਮਲ ਨਾਂ ਕਰਨ ਦਾ ਭਾਵੇਂ ਗੁਰੂ ਜੀ ਦਾ ਕੋਈ ਵੀ ਕਾਰਨ ਹੋਵੇ ਜਿਸ ਬਾਰੇ ਲਿਖਣਾਂ ਗੁਨਾਹ ਹੋਵੇਗਾ ਪਰ ਸੰਪਾਦਕੀ ਨੀਤੀ ਦਾ ਇਹ ਉੱਚਤਮ ਉਦਾਹਰਣ ਹੈ। ਕੋਈ ਏਡਾ ਮਹਾਨ ਗਰੰਥ ਤਿਆਰ ਕੀਤਾ ਗਿਆ ਹੋਵੇ ਅਤੇ ਉਸਨੂੰ ਰਹਿੰਦੀ ਦੁਨੀਆਂ ਤੱਕ ਲਈ ਗੁਰੂ ਦੇ ਤੌਰ ਤੇ ਸਥਾਪਨ ਕਰਨਾਂ ਹੋਵੇ ਅਤੇ ਆਪਣੀ ਬਾਣੀ ਨਾਂ ਸਾਮਲ ਕੀਤੀ ਹੋਵੇ ਸਾਇਦ ਹੀ ਦੁਨੀਆਂ ਉੱਪਰ ਕੋਈ ਉਦਾਹਰਣ ਮਿਲੇ। ਅੱਜ ਜਦ ਵੀ ਅਸੀਂ ਗੁਰੂ ਗਰੰਥ ਦੀ ਬਾਣੀ ਪੜਦੇ ਹਾਂ ਤਦ ਉਸ ਵਿੱਚ ਕੋਈ ਵੀ ਇਹੋ ਜਿਹੀ ਉਦਾਹਰਣ ਨਹੀ ਦੇ ਸਕਦੇ ਜੋ ਅਧਿਆਤਮਵਾਦ ਅਤੇ ਸਮਾਜ  ਨੂੰ ਸਹੀ ਸੇਧ ਨਾਂ ਦਿੰਦੀ ਹੋਵੇ। ਸਮੇਂ ਅਤੇ ਹਾਲਤਾਂ ਦੇ ਬਦਲ ਜਾਣ ਕਾਰਨ ਬਹੁਤ ਸਾਰੇ ਵਿਚਾਰਾਂ ਸਲੋਕਾਂ ਨਾਲ ਵਰਤਮਾਨ ਲੋਕ ਅਸਹਿਮਤ ਹੋ ਸਕਦੇ ਹਨ ਪਰ ਗੁਰੂ ਗਰੰਥ ਸਾਹਿਬ ਦੀ ਮੂਲ ਭਾਵਨਾਂ ਸਮਾਜ ਅਤੇ ਮਨੁੱਖ ਉੱਚਤਮ ਗਿਆਨ ਦਾ ਰਾਹ ਦਿਖਾਉਂਦੀ ਹੋਈ ਉਸਦਾ ਭਲਾ ਲੋੜਦੀ ਹੈ।
    ਅੱਜ ਦੇ ਸਮੇਂ ਵਿੱਚ ਦੁਨੀਆਂ ਉੱਪਰ ਪਰਚਾਰ ਮੀਡੀਏ ਦਾ ਕਬਜਾ ਹੋ ਚੁੱਕਿਆ ਹੈ । ਅੱਜ ਦਾ ਮਨੁੱਖ ਗਿਆਨ ਹਾਸਲ ਕਰਨ ਲਈ ਤਿਆਗੀ ਵਿਦਵਾਨ ਗਿਆਨ ਵਾਨ ਲੋਕਾਂ ਕੋਲ ਨਹੀਂ ਜਾਂਦਾ ਸਗੋਂ ਤਨਖਾਹਦਾਰ ਲੋਕਾਂ ਦਾ ਗੁਲਾਮ ਹੋਣ ਨੂੰ ਪਹਿਲ ਦਿੰਦਾਂ ਹੈ ਜੋ ਅੱਗੇ ਵਰਤਮਾਨ ਸਿਸਟਮ ਦੇ ਗੁਲਾਮ ਹਨ । ਗੁਲਾਮ ਗੁਲਾਮਾਂ ਨੂੰ ਹੋਰ ਵੱਡੇ ਗੁਲਾਮ ਹੋਣ ਦੀ ਸਿੱਖਿਆ ਦਿੰਦੇ ਹਨ। ਪਰਚਾਰ ਮੀਡੀਏ ਦੇ ਵੱਡੇ ਥੰਭ ਅਖਬਾਰ, ਕਿਤਾਬਾਂ, ਅਤੇ ਇਲੈਕਟਰੋਨਿਕ ਸਾਧਨ ਬਣ ਗਏ ਹਨ ਜਿੰਹਨਾਂ ਉੱਪਰ ਅਨੇਕਾਂ ਕਿਸਮਾਂ ਦੇ ਸੰਪਾਦਕ ਬਿਠਾਏ ਹੋਏ ਹਨ। ਵਰਤਮਾਨ ਵਪਾਰਕ ਯੁੱਗ ਦੇ ਸੰਪਾਦਕ ਤਨਖਾਾਹਾਂ ਲਈ ਆਪਣੀਆਂ ਜਮੀਰਾਂ ਵੇਚਕੇ ਹੋਰ ਵੱਡੇ ਗੁਨਾਹ ਕਰਨ ਲੱਗ ਜਾਂਦੇ ਹਨ। ਵਰਤਮਾਨ ਵੱਡੇ ਪੰਜਾਬੀ ਅਖਬਾਰਾਂ ਨੇ ਆਪਣੇ ਸੰਪਾਦਕਾਂ ਰਾਂਹੀ ਲੋਕਾਂ ਨੂੰ ਲੁੱਟਣ ਅਤੇ ਲੁਟਾਉਣ ਲਈ ਵਿਸੇਸ ਧੜਿਆਂ, ਧਰਮਾਂ, ਰਿਸਤੇਦਾਰਾਂ, ਚਮਚੇ ਅਤੇ ਗੁਲਾਮ ਲੇਖਕਾਂ ਦੀ ਝੰਡੇ ਉੱਚੇ ਕਰਨ ਲਈ ਜਮੀਰਾਂ ਦੀ ਮੌਤ ਕੀਤੀ ਹੋਈ ਹੈ। ਇਹੋ ਜਿਹੇ ਸੰਪਾਦਕ ਨਾਂ ਆਪਣੀ ਜਮੀਰ ਮੂਹਰੇ ਜਿਉਂਦੇ ਹਨ ਅਤੇ ਨਾਂ ਹੀ ਇਤਿਹਾਸ ਵਿੱਚ ਇਹਨਾਂ ਦਾ ਕੋਈ ਨਾਂ ਹੋਵੇਗਾ।      
   ਦੂਸਰੇ ਪਾਸੇ ਹਜਾਰਾਂ ਸਾਲ ਪਹਿਲਾਂ ਲਿਖੀ ਹੋਈ, ਗੀਤਾ, ਕੁਰਾਨ, ਬਾਈਬਲ ਨੇ ਆਪਣੇ ਸਮੇਂ ਦਾ ਉਸ ਸਮੇਂ ਅਨੁਸਾਰ ਸੱਚ ਬੋਲਿਆ ਹੈ। ਗੁਰੂ ਗਰੰਥ ਦਾ ਸੱਚ ਬਹੁਤ ਆਧੁਨਿਕ ਹੈ ਅਤੇ ਇਸ ਤਰਾਂ ਦੇ ਸਾਰੇ ਸੱਚੇ ਗਰੰਥ ਅਤੇ ਕਿਤਾਬਾਂ ਦੇ ਸੰਪਾਦਕ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ। ਪਰ ਵਰਤਮਾਨ ਸਮੇਂ ਦੇ ਸਵਾਰਥ ਸੰਪਾਦਕ ਸਿਵਿਆ ਦੀ ਸਵਾਹ ਵਿੱਚ ਆਪਣੇ ਮਰੇ ਹੋਏ ਵਿਚਾਰਾਂ ਅਤੇ ਝੂਠ ਨਾਲ ਦਫਨ ਜਾਂ ਸਵਾਹ ਹੋ ਜਾਣਗੇ।  ਸੰਪਾਦਕੀ ਦਾ ਸੱਚਾ ਧਰਮ ਨਿਭਾਉਣ ਵਾਲੇ ਛੋਟੇ ਘੇਰੇ ਦੇ ਸੰਪਾਦਕ ਜੋ ਲੋਕ ਪੱਖੀ ਸਮਾਜ ਪੱਖੀ ਲਿਖਤਾਂ ਦੀ ਪੁਸਤ ਪਨਾਹੀ ਕਰਦੇ ਹਨ ਲੰਬਾਂ ਸਮਾਂ ਯਾਦ ਕੀਤੇ ਜਾਂਦੇ ਹਨ। ਇੱਕ ਆਮ ਸੱਥ ਵਿੱਚ ਸੱਚੀ ਗੱਲ ਕਹਿਣ ਵਾਲਾ ਸੰਪਾਦਕ ਵਰਗਾ ਕੋਈ ਪਾਟੇ ਕੱਪੜਿਆਂ ਵਾਲਾ ਵੀ ਲੰਬਾ ਸਮਾਂ ਲੋਕਾਂ ਦੀ ਜਬਾਨ ਤੇ ਰਹਿ ਜਾਦਾਂ ਹੈਰਾਜਸੱਤਾ ਅਤੇ ਲੁਟੇਰੀ ਜਮਾਤ ਦੇ ਦਲਾਲ ਜਦ ਅਸੀਂ ਅੱਜ ਦੇ ਬਹੁਤੇ ਸੰਪਾਦਕਾਂ ਦੀ ਮਹਾਨਤਾ ਬਾਰੇ ਜਦ ਸੁਣਦੇ ਹਾਂ ਅਤੇ ਜਦ ਉਹਨਾਂ ਦੀ ਪੜਚੋਲ ਕਰਦੇ ਹਾਂ ਤਦ ਪਤਾ ਲੱਗਦਾ ਹੈ ਕਿ ਕੋਈ ਵਿਰਲਾ ਸੰਪਾਦਕ ਹੀ ਹੈ ਜਿਸਨੇ ਲਿਖਤਾਂ ਨੂੰ ਪਹਿਲ ਦਿੱਤੀ ਹੋਵੇ। ਅੱਜ ਕੱਲ ਦੇ ਬਹੁਤੇ ਸੰਪਾਦਕ ਲਿਖਤਾਂ ਦੀ ਥਾਂ ਲੇਖਕ ਨੂੰ ਛਾਪਦੇ ਹਨ। ਜਿਸ ਲੇਖਕ ਦਾ ਨਾਂ ਹੋਵੇ ਉਸਦੀ ਬੇਕਾਰ ਲਿਖਤ ਵੀ ਛਾਪ ਦਿੱਤੀ ਜਾਂਦੀ ਹੈ ਪਰ ਜੇ ਲੇਖਕ ਨਵਾਂ ਹੋਵੇ ਜਾਂ ਪਛਾਣ ਰਹਿਤ ਹੋਵੇ ਉਸਦੀ ਲਿਖਤ ਵਧੀਆ ਵੀ ਹੋਵੇ ਨੂੰ ਥਾਂ ਨਾਂ ਦੇਕੇ ਸੰਪਾਦਕੀ ਧਰਮ ਦੀ ਉਲੰਘਣਾਂ ਕਰਦੇ ਹਨ।   
  ਪੰਜਾਬ ਨੂੰ ਅਧਾਰ ਬਣਾਕਿ ਹੀ ਜੇ ਵਿਸਲੇਸਣ ਕਰੀਏ ਤਦ ਇਹੋ ਜਿਹੇ ਸੰਪਾਦਕ ਵੀ ਮਿਲ ਜਾਂਦੇ ਹਨ ਜੋ ਇੱਕ ਦੋ ਲਿਖਤ ਛਾਪਣ ਤੋਂ ਬਾਅਦ ਲੇਖਕ ਤੋਂ ਹੀ ਪਾਰਟੀ ਜਾਂ ਪੈਸੇ ਤੱਕ ਦੀ ਵੀ ਆਸ ਕਰਦੇ ਹਨ। ਕਈ ਵਾਰ ਨਵੇਂ ਲੇਖਕ ਦੀ ਲਿਖਤਾਂ ਵਧੀਆ ਹੁੰਦੀਆਂ ਹਨ ਅਤੇ ਪਾਠਕ ਵੀ ਮੰਗ ਕਰਦੇ ਹਨ ਪਰ ਸੰਪਾਦਕ ਸਾਹਿਬ ਬਲੈਕ ਮੇਲਿੰਗ ਤੋਂ ਬਾਜ ਨਹੀਂ ਆਉਦੇ । ਕੁੱਝ ਵੱਡੇ ਅਖਬਾਰਾਂ ਦੇ ਸੰਪਾਦਕ ਜੋ ਆਮ ਤੌਰ ਤੇ ਸਾਝੀਂ ਮਾਲਕੀ ਵਾਲੇ ਟਰੱਸਟਾਂ ਦੁਆਰਾ ਚਲਾਏ ਜਾਂਦੇ ਹਨ  ਅਖਬਾਰ ਵਿੱਚ ਆਪਣੇ ਵਿਸੇਸ ਮਿੱਤਰ ਘੇਰੇ ਵਾਲੇ ਲੇਖਕਾਂ ਨੂੰ ਛਾਪਣਾਂ ਹੀ ਸੰਪਾਦਕੀ ਧਰਮ ਸਮਝ ਦੇ ਹਨ। ਇਹੋ ਜਿਹੀਆਂ ਨੀਤੀਆਂ ਨੇ ਪੰਜਾਬੀ ਅਖਬਾਰਾਂ ਨੂੰ ਪਿੱਛੇ ਧੱਕ ਰੱਖਿਆ ਹੈ। ਜਿਸ ਦਿਨ ਪੰਜਾਬੀ ਅਖਬਾਰ ਲੇਖਕ  ਦੀ ਥਾਂ  ਵਧੀਆ ਲਿਖਤਾਂ ਨੂੰ ਪਹਿਲ ਦੇਣ ਲੱਗ ਪਏ ਪੰਜਾਬੀ ਅਖਬਾਰਾਂ ਦਾ ਭਵਿੱਖ ਵਧੀਆ ਹੋ ਜਾਵੇਗਾ। ਅੱਜ ਦੇ ਹਰ ਸੰਪਾਦਕ ਲਈ ਗੁਰੂਆਂ ਦੀ ਨੀਤੀ ਚਾਨਣ ਮੁਨਾਰਾ ਹੈ,। ਜਦ ਵੀ ਕੋਈ ਗੁਰੂਆਂ ਦੀ ਨੀਤੀ ਵਾਲੀ ਸੰਪਾਦਕੀ ਕਰੇਗਾ ਕਦੀ ਵੀ ਅਸਫਲ ਨਹੀਂ ਹੋ ਸਕਦਾ। ਸੰਪਾਦਕ ਦੀ ਪਦਵੀ ਬਹੁਤ ਉੱਚੀ ਅਤੇ ਜੁੰਮੇਵਾਰੀ ਵਾਲੀ ਹੁੰਦੀ ਹੈ ਜੋ ਸੰਪਾਦਕ ਇਸ ਗੱਲ ਨੂੰ ਸਮਝ ਜਾਂਦਾ ਹੈ ਉਹ ਹੀ ਅਸਲ ਸੰਪਾਦਕ ਕਹਾਉਣ ਦਾ ਹੱਕਦਾਰ ਹੈ ਨਹੀਂ ਤਾਂ ਗੁਲਾਮਾਂ ਦੀ ਮੰਡੀ ਦੇ ਵਿੱਚ ਮਰੀਆਂ ਜਮੀਰਾਂ ਦੀ ਕੋਈ ਕਮੀ ਨਹੀਂ ਹੈ।     

          ਗੁਰਚਰਨ ਸਿੰਘ ਪੱਖੋਕਲਾਂ 

          ਫੋਨ 9417727245 

          ਪਿੰਡ ਪੱਖੋ ਕਲਾਂ ਜਿਲਾ ਬਰਨਾਲਾ              

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.