ਸਮੀਖਿਅਕ ਕਿ ਮਿਸ਼ਨਰੀ?
ਮਿਸ਼ਨਰੀ ਅੰਗ੍ਰੇਜ਼ੀ ਭਾਸ਼ਾ ਦਾ ਲਫ਼ਜ਼ ਹੈ ਅਤੇ ਇਸ ਦੇ ਪ੍ਰਸਿੱਧ ਅਰਥ ਹਨ ਪ੍ਰਚਾਰਕ। ਇੱਕ ਮਿਸ਼ਨਰੀ ਜੀ ਇੱਕ ਵੈਬ ਸਾਈਟ ਤੇ ਆਪਣੇ ਲੇਖ ‘ਪੰਜਾਬ (ਭਾਰਤ) ਵਿੱਚ ਸਿੱਖਾਂ ਦੀ ਆਬਾਦੀ ਘਟੀ ਕਿਉਂ?’ ਦੇ ਕਈ ਕਾਰਣ ਲਿਖਦੇ ਹਨ। ਲਗਦਾ ਹੈ ਮਿਸ਼ਨਰੀ ਜੀ ਸਮੀਖਿਅਕ ਵੀ ਬਣ ਗਏ ਹਨ। ਇਨ੍ਹਾਂ ਦੇ ਲਿਖੇ ਕਾਰਣਾਂ ਵਿੱਚੋਂ ਕੁਝ ਕਾਰਣ ਅਸਲੀਅਤ ਤੋਂ ਬਹੁਤ ਦੂਰ ਹਨ ਅਤੇ ਇਤਰਾਜ਼ਯੋਗ ਵੀ ਹਨ। ਆਬਾਦੀ ਘਟਣ ਦਾ ਇਨ੍ਹਾਂ ਦਾ ਲਿਖਿਆ ਇੱਕ ਕਾਰਣ ਹੈ:- ਗੁਰੂ ਗ੍ਰੰਥ ਸਾਹਿਬ ਲਾਇਬ੍ਰੇਰੀਆਂ ਵਿੱਚ ਨਾਂ ਰੱਖਣ ਦੇਣਾ।
ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਪੁਸਤਕ ਬਣਾ ਕੇ ਲਾਇਬ੍ਰੇਰੀ ਵਿੱਚ ਰੱਖਣਾ ਚਾਹੀਦਾ ਹੈ ? ਲਾਇਬ੍ਰੇਰੀਆਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਟੀਕੇ ਮੌਜੂਦ ਹਨ। ਇੰਟਰਨੈਟ ਤੇ ਵੀ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਟੀਕੇ ਮੌਜੂਦ ਹਨ। ਗੁਰਬਾਣੀ ਨੂੰ ਸਮਝਣ ਲਈ ਜੋ ਸਾਮਗ੍ਰੀ ਚਾਹੀਦੀ ਹੈ ਉਹ ਲਾਇਬ੍ਰੇਰੀਆਂ ਵਿੱਚ ਉਪਲਬਧ ਹੈ।
ਇੱਕ ਕਾਰਣ ਆਬਾਦੀ ਘਟਣ ਦਾ ਮਿਸ਼ਨਰੀ ਜੀ ਹੋਰ ਲਿਖਦੇ ਹਨ। ਉਹ ਹੈ:-ਸਿੱਖੀ ਉੱਤੇ ਗੁਰਮਤਿ ਆਦਰਸ਼, ਫਿਲਾਸਫੀ ਅਤੇ ਇਤਿਹਾਸਿਕ ਫ਼ਿਲਮਾਂ ਨਾਂ ਬਣਨ ਦੇਣਾ। ਫਿਲਮ ਉਦਯੋਗ (Film Industry) ਇੱਕ ਵਪਾਰਕ ਉਦਯੋਗ (Commercial Industry) ਹੈ।ਉਦਯੋਗ ਮੁਨਾਫਾ ਮੁੱਖ ਰੱਖਦਾ ਹੈ। ਫਿਲਮ ਜ਼ਿਆਦੇ ਚੱਲੇ, ਮੁਨਾਫਾ ਕੱਢੇ, ਇਸ ਲਈ ਉਸ ਵਿੱਚ ਕੁਝ ਦ੍ਰਿਸ਼ (Scene) ਐਸੇ ਪਾਏ ਹੀ ਜਾਂਦੇ ਹਨ ਜੋ ਲਿੰਗੀ (Sexual) ਹੋਣ। ਇਹ ਫੈਸਲਾ ਕੌਣ ਕਰੇਗਾ ਕਿ ਫਿਲਮ ਗੁਰਮਤਿ ਆਦਰਸ਼ ਤੇ ਹੈ? ਸਿੱਖ ਜਗਤ ਵਿੱਚ ਅਨੇਕਾਂ ਅਜੋਕੇ ਜਾਗਰੂਕ ਪਣਪ ਪਏ ਹਨ ਜੋ ਆਪੋ ਆਪਣੀ ਮਤਿ ਨੂੰ ਹੀ ਗੁਰਮਤਿ ਬਣਾਈ ਬੈਠੈ ਹਨ। ਇਹ ਮਿਸ਼ਨਰੀ ਜੀ ਵੀ ਉਨ੍ਹਾਂ ਜਾਗਰੂਕਾਂ ਵਿੱਚੋਂ ਇੱਕ ਹਨ। ਕੀ ਸਾਨੂੰ ਚੰਗਾ ਲਗੇਗਾ ਕਿ ਇੱਕ ਦੁਨੀਆਵੀ ਬੰਧਨ ਲਿਪਤ ਗੁਰੂ ਸਾਹਿਬਾਨ ਦਾ ਕਿਰਦਾਰ ਨਿਭਾਏ?ਮੁਸਲਮਾਨ ਕੁਰਾਨ ਸ਼ਰੀਫ ਨੂੰ ਲਾਇਬ੍ਰੇਰੀਆਂ ਵਿੱਚ ਨਹੀਂ ਰੱਖਦੇ ਅਤੇ ਨਾਂ ਹੀ ਆਪਣੇ ਪੈਗੰਬਰਾਂ ਆਦਿ ਤੇ ਫਿਲਮ ਬਣਾਉਣ ਦੇਂਦੇ ਹਨ। ਉਨ੍ਹਾਂ ਦੀ ਆਬਾਦੀ ਤਾਂ ਵੱਧਦੀ ਹੀ ਜਾਂਦੀ ਹੈ।ਸਿੱਖਾਂ ਦੀ ਆਬਾਦੀ ਘਟਨ ਦੇ ਉਪਰ ਜ਼ਿਕਰ ਕੀਤੇ ਦੋ ਕਾਰਣਾਂ ਤੋਂ ਇਲਾਵਾ ਮਿਸ਼ਨਰੀ ਜੀ ਵਲੋਂ ਕੁਝ ਹੋਰ ਦੱਸੇ ਕਾਰਣ ਵੀ ਬੇਬੁਨਿਆਦ ਹਨ।
ਸੁਰਜਨ ਸਿੰਘ---
-+91 9041409041