ਕੈਟੇਗਰੀ

ਤੁਹਾਡੀ ਰਾਇ



ਜਸਪਾਲ ਸਿੰਘ ਹੇਰਾਂ
ਪੰਜਾਬੀ ਸੱਭਿਆਚਾਰ ਕਿਉਂ ਹੋ ਰਿਹਾ ਹੈ ਖ਼ਤਮ...?
ਪੰਜਾਬੀ ਸੱਭਿਆਚਾਰ ਕਿਉਂ ਹੋ ਰਿਹਾ ਹੈ ਖ਼ਤਮ...?
Page Visitors: 2593

ਪੰਜਾਬੀ ਸੱਭਿਆਚਾਰ ਕਿਉਂ ਹੋ ਰਿਹਾ ਹੈ ਖ਼ਤਮ...?
ਗੁਰੂਆਂ ਦੀ ਧਰਤੀ, ਜਿਸ ਧਰਤੀ ਤੇ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਨੇ ਗੁਰਮਤਿ ਦੀ ਦਾਤ ਨਾਲ ਸਭਿਅਤਾ ਦੀ ਆਰੰਭਤਾ ਕੀਤੀ, ਜੇ ਅੱਜ ਉਹ ਧਰਤੀ, ਧਰਮ ਤੇ ਤਹਿਜ਼ੀਬ ਦੋਵੇਂ ਹੀ ਭੁੱਲਣ ਲੱਗ ਪਈ ਹੈ ਤਾਂ ਇਸ ਧਰਤੀ ਦੇ ਜਾਇਆ ਨੂੰ ਇਸ ਧਰਤੀ ਤੇ ਬੋਝ ਹੋਣ ਬਾਰੇ ਆਤਮ ਚਿੰਤਨ ਜ਼ਰੂਰ ਕਰਨਾ ਚਾਹੀਦਾ ਹੈ। ਸਾਨੂੰ ਸੋਚਣਾ ਪਵੇਗਾ ਕਿ ਬਾਬੇ ਨਾਨਕ ਦਾ ਇਹ ਵਿਹੜਾ ਜਿੱਥੇ ਉਸ ਜਗਤ ਬਾਬੇ ਦੀ ਸਿੱਖੀ ਨੇ ‘ਸਚਹੁ ਉਰੇ ਸਭ ਕੋ ਉੱਪਰ ਸੱਚ ਅਚਾਰ,’ ਦਾ ਬੀਜ ਬੀਜਿਆ ਸੀ, ਉਹ ਝੂਠਿਆਂ ਤੇ ਪਾਖੰਡੀ ਦੀ ਧਰਤੀ ਕਿਵੇਂ ਬਣ ਗਈ ਹੈ। ਜਿਸ ਧਰਤੀ ਤੇ ਰਿਸ਼ਤਿਆਂ ਨੂੰ ਪੂਰਾ-ਪੂਰਾ ਮਾਣ, ਦਿਲ ਦੀਆਂ ਡੂੰਘਾਈਆਂ ’ਚੋਂ ਮਿਲਦਾ ਸੀ, ਉਸ ਧਰਤੀ ਤੇ ਰਿਸ਼ਤਿਆਂ ਦਾ ਕਤਲ ਕਿਉਂ ਤੇ ਕਿਵੇਂ ਹੋਣ ਲੱਗ ਪਿਆ ਹੈ। ਸਿੱਖੀ ਦਾ, ਗੁਰਮੁਖੀ ਦਾ, ਗੁਰਮੁਖ ਸਭਿਆਚਾਰ ਦਾ, ਗੁਰਮਤਿ ਅਚਾਰ ਵਿਉਹਾਰ ਅਤੇ ਸੰਗਤੀ ਸਮਾਜ ਦਾ ਬੀਜ ਆਖ਼ਰ ਨਾਸ਼ ਕਿਉਂ ਹੋ ਰਿਹਾ ਹੈ। ਅਖ਼ਬਾਰਾਂ ਦੀ ਉਸ ਸੁਰਖੀ ਦਾ, ਜਿਹੜੀ ਸਾਡੇ ਸਮਾਜ ਨੂੰ ਕਿਸੇ ਭਿਅੰਕਰ ਭੂਚਾਲ ਤੋਂ ਵੀ ਵੱਧ ਹਿਲਾਉਣ ਵਾਲੀ ਸੀ, ਕਿਸੇ ਨੇ ਨੋਟਿਸ ਹੀ ਨਹੀਂ ਲਿਆ। ਇਸ ਖ਼ਬਰ ਅਨੁਸਾਰ ਪਿਛਲੇ ਇੱਕ ਦਹਾਕੇ ’ਚ ਪੰਜਾਬ ਦੀਆਂ 781 ਧੀਆਂ ਲਾਪਤਾ ਹਨ, ਜਿਨਾਂ ਬਾਰੇ ਕੋਈ ਉੱਘ-ਸੁੱਘ ਨਹੀਂ ਕਿ ਉਨਾਂ ਨੂੰ ਅਸਮਾਨ ਖਾ ਗਿਆ ਜਾਂ ਪਤਾਲ ਨਿਗਲ ਗਿਆ। ਇਹ ਉਹ ਅੰਕੜੇ ਹਨ, ਜਿਨਾਂ ਦੀ ਜਾਣਕਾਰੀ ਥਾਣਿਆਂ ਤੱਕ ਪੁੱਜੀ ਹੋਈ ਹੈ ਅਤੇ ਅਸਲ ਅੰਕੜੇ ਕੀ ਹੋਣਗੇ? ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।
ਅੱਜ ਆਧੁਨਿਕਤਾ ਦੀ ਹਨੇਰੀ ਵੱਗਦੀ ਹੈ, ਤਬਾਹ ਹੋ ਚੁੱਕੀ ਆਰਥਿਕਤਾ ਨੇ ਜ਼ਮੀਰਾਂ ਮਾਰ ਦਿੱਤੀਆਂ ਹਨ, ਇਹ ਦੋਵੇਂ ਕਾਰਣ ਦੇ ਨਾਲ-ਨਾਲ ਸਾਡੇ ਸਮਾਜ ’ਚ ਖ਼ਤਮ ਹੋ ਰਿਹਾ ਆਪਸੀ ਭਾਈਚਾਰਾ ਵੀ ਜੁੰਮੇਵਾਰ ਹੈ। ਮੁੰਡੇ-ਕੁੜੀਆਂ ਦੀ ਸੋਚ ਤੇ ਆਧੁਨਿਕਤਾ ਤੇ ਟੀ. ਵੀ. ਲਚਰਤਾ ਨੇ ਅਜਿਹਾ ਹਨੇਰਾ ਧੂੜਿਆ ਹੈ, ਜਿਸਨੂੰ ਦੂਰ ਕਰਨਾ ਫ਼ਿਲਹਾਲ ਸੰਭਵ ਵਿਖਾਈ ਨਹੀਂ ਦਿੰਦਾ। ਮਾਪਿਆਂ ਪਾਸ ਸਮੇਂ ਦੀ ਕਮੀ ਅਤੇ ਪੁਰਾਤਨ ਸਦਾਚਾਰਕ ਕੀਮਤਾਂ ਤੋਂ ਕਿਨਾਰਾ ਕਰਕੇ ਬੇਲਗਾਮ ਹੋਈ ਨਵੀਂ ਪੀੜੀ ਨੂੰ, ਵੱਸ ਕਰਨ ਤੋਂ ਅਸਮਰੱਥ ਹੈ। ਉੱਚ ਸਿੱਖਿਆ ਦੇ ਨਾਂ ਤੇ ਖੁੱਲੀਆਂ ਵਪਾਰਕ ਹੱਟੀਆ, ਵੀ ਜੁਆਨੀ ਦੇ ਅਰਥ ਸਿਰਫ਼ ਐਸ਼ ਪ੍ਰਸਤੀ ਹੁੰਦੇ ਹਨ, ਨੂੰ ਪੱਕਾ ਕਰਨ ’ਚ ਸਹਾਈ ਹੋ ਰਹੀਆਂ ਹਨ। ਦੂਸਰਾ ਆਰਥਿਕ ਮੰਦਹਾਲੀ ਨੇ ਗਰੀਬ ਤੇ ਖ਼ਾਸ ਕਰਕੇ ਮੱਧਵਰਗੀ ਪਰਿਵਾਰਾਂ ਨੂੰ ਖੋਖਲਾ ਕਰ ਛੱਡਿਆ ਹੈ, ਪ੍ਰੰਤੂ ਵਿਖਾਵੇ ਦੀ ਦੁਨੀਆ ’ਚ ਜਿੳੂਂਦੇ ਰਹਿਣ ਲਈ ਉਹ ਆਪਣੀ ਜ਼ਮੀਰ ਨੂੰ ਮਾਰਨ ਜਾਂ ਵੇਚਣ ਤੋਂ ਭੋਰਾ-ਭਰ ਵੀ ਗੁਰੇਜ਼ ਨਹੀਂ ਕਰਦੇ, ਜਿਸ ਕਾਰਣ ਘਰ ਦੀ ਇੱਜ਼ਤ ਘਰਦੀਆਂ ਬਰੂਹਾਂ ਤੋਂ ਬਾਹਰ ਨਿਲਾਮ ਹੋ ਰਹੀ ਹੈ। ਜਿਸ ਪੰਜਾਬ ਤੇ ਪਹਿਲਾ ਹੀ ‘ਕੁੜੀਮਾਰਾਂ’ ਦਾ ਸੂਬਾ ਹੋਣ ਦਾ ਧੱਬਾ ਲੱਗ ਰਿਹਾ ਹੈ ਜੇ ਹੁਣ ਉਹ ਘਰੋਂ ਭੱਜਣ ਵਾਲੀਆਂ ਕੁੜੀਆਂ ਦੇ ਸੂਬਿਆਂ ਦੀ ਗਿਣਤੀ ’ਚ ਆ ਖੜਾ ਹੋਵੇਗਾ ਤਾਂ ਇਸਨੂੰ ਗੁਰੂ, ਪੀਰਾਂ, ਫਕੀਰਾਂ ਦੀ ਧਰਤੀ ਕੌਣ ਕਹੇਗਾ? ਅਤੇ ਸਿੱਖੀ ਦੇ ਵਿਹੜੇ ਦੀ ਗੱਲ ਕਿਵੇਂ ਕਰਾਂਗੇ? ਇਸ ਕੌੜੀ ਸੱਚਾਈ ਨੂੰ ਕਿ ਅੱਜ ਪੰਜਾਬ ਦੀਆਂ ਧੀਆਂ-ਭੈਣਾਂ ਨਰਕ-ਕੁੰਭੀ ਜੀਵਨ ’ਚ ਪੈ ਰਹੀਆਂ ਹਨ, ਸਾਨੂੰ ਸਵੀਕਾਰ ਕਰਕੇ, ਇਸਦੇ ਹੱਲ ਲਈ ਗੰਭੀਰ ਹੋਣਾ ਪਵੇਗਾ।
ਅਣਖ਼, ਗੈਰਤ, ਸਵੈਮਾਣ, ਜਿੳੂਂਦੀ ਜ਼ਮੀਰ ਹੀ ਸਾਡਾ ਕੌਮੀ ਸਰਮਾਇਆ ਹੈ, ਜੇ ਅਸੀਂ ਉਸ ਤੋਂ ਹੱਥ ਧੋ ਬੈਠੇ ਫ਼ਿਰ ਮੁੱਛਾਂ ’ਚ ਕੁੰਡਲ ਪਵਾਉਣੇ, ਮਿਹਣਾ ਬਣ ਜਾਣਗੇ। ਸਰਕਾਰ, ਧਾਰਮਿਕ ਆਗੂ, ਸੁਹਿਰਦ ਸਮਾਜਕ ਜਥੇਬੰਦੀਆਂ ਨੂੰ ਪੰਜਾਬ ’ਚੋਂ ਧੀਆਂ ਦੇ ਲਾਪਤਾ ਹੋਣ ਦੇ ਕਾਰਣਾਂ ਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ ਅਤੇ ਇਸ ਭਿਆਨਕ ਸੱਚਾਈ ਨੂੰ ਤੱਥਾਂ ਸਮੇਤ ਨੰਗਾ ਕਰਨਾ ਜ਼ਰੂਰੀ ਹੈ। ਦੂਸਰਾ ਉਨਾਂ ਪੰਜਾਬਣ ਕੁੜੀਆਂ ਬਾਰੇ ਜਿਨਾਂ ਨੂੰ ਉਨਾਂ ਦੇ ਮਾਪੇ ਵਿਦੇਸ਼ ਚਾਹਤ ਦੀ ਅੰਨੀ ਦੌੜ ਕਾਰਣ ਇਕੱਲੀਆਂ ਨੂੰ ਬਿਨਾਂ ਕਿਸੇ ਸਹਾਰੇ ਦੇ ਵਿਦੇਸ਼ ਭੇਜ ਰਹੇ ਹਨ, ਉਨਾਂ ਨੂੰ ਸਮਝਾਉਣ ਅਤੇ ਸੱਭ ਤੋਂ ਪਹਿਲਾਂ ਵਿਦੇਸਾਂ ’ਚ ਰੁੱਲ ਰਹੀਆਂ ਉਨਾਂ ਧੀਆਂ ਦੀ ਸਾਰ ਲੈਣ ਦੀ ਵੀ ਵੱਡੀ ਲੋੜ ਹੈ। ਇਸ ਤੋਂ ਇਲਾਵਾ ਵਿਦੇਸ਼ੀ ਦੌੜ ਲਈ ਰਿਸ਼ਤਿਆਂ ਦੇ ਹੁੰਦੇ ਕਤਲ ਨੂੰ ਠੱਲ ਪਾਉਣੀ ਵੀ ਜ਼ਰੂਰੀ ਹੈ। ਭਾਵੇਂ ਕਾਗਜ਼ਾਂ ਦਾ ਢਿੱਡ ਭਰਨ ਲਈ ਰਸਮੀ ਕਾਰਵਾਈ ਹੀ ਸਹੀ, ਪ੍ਰੰਤੂ ਗੁਰੂ ਦੇ ਸਨਮੁੱਖ ਹੁੰਦੇ ਝੂਠੇ ਵਿਆਹਾਂ ਦੀ ਆਗਿਆ ਕਦਾਚਿੱਤ ਨਹੀਂ ਦਿੱਤੀ ਜਾਣੀ ਚਾਹੀਦੀ।
ਸਾਨੂੰ ਧਾਰਮਿਕ ਬਿਰਤੀ ਤੇ ਸਦਾਚਾਰਿਕ ਕਦਰਾਂ ਕੀਮਤਾਂ ਵਾਲੇ ਇਨਸਾਨ ਸਿਰਜਣ ਵਾਲਾ ਮਾਹੌਲ ਪੈਦਾ ਕਰਨਾ ਹੋਵੇਗਾ। ਝੂਠੀ ਸ਼ੋਹਰਤ ਲਈ ਵਿਖਾਵੇ ਤੇ ਫਜ਼ੂਲ ਖਰਚੀ ਰੋਕ ਕੇ, ਸਬਰ ਤੇ ਸੰਤੋਖ ਵਾਲੀ ਗੁਰਮੁੱਖ ਭਾਵਨਾ ਨੂੰ ਮੁੜ ਜਗਾਉਣਾ ਹੋਵੇਗਾ। ਸਿੱਖ ਸੱਭਿਆਚਾਰ, ਗੁਰੂ ਸਾਹਿਬਾਨ ਦੀ ਦੇਣ ਹੈ, ਇਸ ਲਈ ਇਸਦੀ ਰਾਖੀ ਤੋਂ ਕੁਤਾਹੀ ਨਹੀਂ ਹੋਣੀ ਚਾਹੀਦੀ ਸੀ ਅਤੇ ਜਿਹੜੀ ਗਲਤੀ ਅਸੀਂ ਹੁਣ ਤੱਕ ਕਰ ਚੁੱਕੇ ਹਾਂ, ਉਸ ਨੂੰ ਸੁਧਾਰਣ ਵੱਲ ਮੋੜਾ ਪਾਉਣਾ ਚਾਹੀਦਾ ਹੈ। ਸਾਡੇ ਸਮਾਜ ਨੂੰ ਆਪਣੇ ਮੱਥੇ ਤੇ ਲੱਗ ਰਹੇ ਕਲੰਕਾਂ ਦਾ ਗਿਆਨ ਜਲਦੀ ਹੀ ਕਰ ਲੈਣਾ ਚਾਹੀਦੇ ਹੈ ਅਤੇ ਇਨਾਂ ਕਲੰਕਾਂ ਨੂੰ ਪੱਕ ਜਾਣ ਤੋਂ ਪਹਿਲਾਂ ਹੀ ਧੋਅ ਦਿੱਤਾ ਜਾਣਾ ਬਣਦਾ ਹੈ। ਇਸ ਲਈ ਅਸੀਂ ਇੱਕ ਵਾਰ ਫ਼ਿਰ ਕੌਮ ਦਰਦੀ ਲੋਕਾਂ ਨੂੰ ਅਪੀਲ ਕਰਾਂਗੇ ਕਿ ਉਹ ਸੂਬੇ ਤੇ ਕੌਮ ਦੀ ਇੱਜ਼ਤ ਨੂੰ ਸਾਡੇ ਬਜ਼ੁਰਗਾਂ ਵਾਗੂੰ ਆਪਣੀ ਘਰ ਦੀ ਇੱਜ਼ਤ ਮੰਨਣ ਅਤੇ ਉਸਦੀ ਰਾਖੀ ਲਈ ਡੱਟਵੀਂ ਪਹਿਰੇਦਾਰੀ ਕੀਤੀ ਜਾਵੇ।
ਜਸਪਾਲ ਸਿੰਘ ਹੇਰਾਂ
 


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.