ਕੈਟੇਗਰੀ

ਤੁਹਾਡੀ ਰਾਇ



ਜਸਪਾਲ ਸਿੰਘ ਹੇਰਾਂ
ਮੋਦੀ ਨੂੰ , ਮੁਸਲਮਾਨ ਕਿਵੇਂ ਕਰਨਗੇ ਪਿਆਰ…?
ਮੋਦੀ ਨੂੰ , ਮੁਸਲਮਾਨ ਕਿਵੇਂ ਕਰਨਗੇ ਪਿਆਰ…?
Page Visitors: 2715

ਮੋਦੀ ਨੂੰ , ਮੁਸਲਮਾਨ ਕਿਵੇਂ ਕਰਨਗੇ ਪਿਆਰ…?
ਭਗਵਾਂ ਬ੍ਰਿਗੇਡ ਵੱਲੋਂ ''ਹਿੰਦੂ, ਹਿੰਦੀ, ਹਿੰਦੁਸਤਾਨ'' ਦੇ ਨਾਅਰੇ ਦੀ ਪੂਰਤੀ ਲਈ ਦੇਸ਼ ਦੀ ਵਾਂਗਡੋਰ ਕੱਟੜ ਹਿੰਦੂਵਦ ਦੇ ਪ੍ਰਤੀਕ ਨਰਿੰਦਰ ਮੋਦੀ ਨੂੰ ਸੌਂਪਣ ਲਈ ਹਰ ਢੰਗ ਤਰੀਕਾ ਵਰਤ ਕੇ, ਵਰਤਮਾਨ ਲੋਕ ਸਭਾ ਚੋਣਾਂ ਜਿੱਤਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਅਤੇ ਇਸ ਵੋਟ ਰਾਜਨੀਤੀ 'ਚ ਸਫ਼ਲਤਾ ਲਈ ਆਪਣੇ ਫ਼ਿਰਕੂ ਤਿੱਖੇ ਦੰਦ ਲਕੌਣ ਦਾ ਯਤਨ ਵੀ ਕੀਤਾ ਜਾ ਰਿਹਾ ਹੈ। ਨਰਿੰਦਰ ਮੋਦੀ ਵੱਲੋਂ ਆਪਣੇ ਫਿਰਕੂ ਚਿਹਰੇ ਨੂੰ ਢੱਕਣ ਲਈ ਵਿਕਾਸ, ਰੁਜ਼ਗਾਰ ਤੇ ਚੰਗੇ ਪ੍ਰਸ਼ਾਸਨ ਦਾ ਨਾਅਰਾ ਲਾਇਆ ਜਾ ਰਿਹਾ ਹੈ। ਮੁਸਲਮਾਨ ਵੋਟਰਾਂ ਨੂੰ ਰਿਝਾਉਣ ਲਈ ''ਮੈਨੂੰ ਮੁਸਲਮਾਨ ਵੀ ਪਿਆਰ ਕਰਨ ਲੱਗ ਪੈਣਗੇ'' ਦਾ ਦਾਅਵਾ ਕੀਤਾ ਜਾ ਰਿਹਾ ਹੈ। ਮੋਦੀ ਦੇ ਇਸ ਬਿਆਨ ਨੇ ਇਹ ਤਾਂ ਸਾਫ਼ ਕਰ ਦਿੱਤਾ ਹੈ ਕਿ ਅੱਜ ਦੀ ਤਾਰੀਕ 'ਚ ਮੁਸਲਮਾਨ ਉਸਨੂੰ ਨਫ਼ਰਤ ਕਰਦੇ ਹਨ। ਹੁਣ ਮੋਦੀ ਇਸ ਨਫ਼ਰਤ ਨੂੰ ਪਿਆਰ 'ਚ ਬਦਲਣ ਦਾ ਦਾਅਵਾ ਕਰਦਾ ਹੈ, ਉਹ ਇਸ ਯੋਗ ਕਿਵੇਂ ਹੋਵੇਗਾ? ਇਸ ਬਾਰੇ ਕੁਝ ਵੀ ਦੱਸਿਆ ਨਹੀਂ ਗਿਆ। ਉਲਟਾ 2002 ਦੇ ਗੁਜਰਾਤ ਦੰਗਿਆਂ ਤੇ ਮਾਫ਼ੀ ਮੰਗਣ ਤੋਂ ਪੂਰੀ ਤਰ੍ਹਾਂ ਟਾਲਾ ਵੱਟ ਲਿਆ ਹੈ। ਜਿਹੜਾ ਮੋਦੀ ਆਪਣੇ ਸੂਬੇ 'ਚ ਮੁਸਲਮਾਨਾਂ ਦੇ ਵਹਿਸ਼ੀਆਨਾ ਕਤਲੇਆਮ ਲਈ ਹੋਰ ਨਹੀਂ ਤਾਂ ਸੂਬਾ ਮੁਖੀ ਹੋਣ ਨਾਤੇ ਮਾਫ਼ੀ ਮੰਗਣ ਲਈ ਤਿਆਰ ਨਹੀਂ, ਉਹ ਮੁਸਲਮਾਨਾਂ 'ਚੋਂ ਦਹਿਸ਼ਤ ਅਤੇ ਆਪਣੇ ਪ੍ਰਤੀ ਨਫ਼ਰਤ ਨੂੰ ਕਿਵੇਂ ਖ਼ਤਮ ਕਰਵਾ ਦੇਵੇਗਾ?
ਅੱਜ ਸੰਘ ਪਰਿਵਾਰ ਵੱਲੋਂ ਆਪਣੇ ਸਾਰੇ ਭਗਵਾਂ ਬ੍ਰਿਗੇਡ ਰਾਂਹੀਂ ਪੂਰੀ ਤਰ੍ਹਾਂ ਹਰ-ਹਰ ਮੋਦੀ ਕਰਵਾਈ ਜਾ ਰਹੀ ਹੈ, ਉਸ ਤੋਂ ਭਗਵਾਂ ਬ੍ਰਿਗੇਡ ਦੀ ਖ਼ਤਰਨਾਕ ਇੱਛਾ ਪੂਰੀ ਤਰ੍ਹਾਂ ਸਾਫ਼ ਹੈ। ਦੇਸ਼ ਦੀਆਂ ਘੱਟਗਿਣਤੀਆਂ ਨੂੰ ਇਸ ਇੱਛਾ ਦਾ ਅਹਿਸਾਸ ਹੈ, ਇਸ ਲਈ ਉਹ ਮੋਦੀ-ਦਹਿਸ਼ਤ 'ਚ ਹਨ, ਫ਼ਿਰ ਉਹ ਮੋਦੀ ਨੂੰ ਪਿਆਰ ਕਿਵੇਂ ਕਰਨਗੇ...? ਹਾਂ! ਜੇ ਮੋਦੀ ਇਹ ਆਖੇ ਕਿ ਮੁਸਲਮਾਨ ਮੈਨੂੰ ਯਾਦ ਕਰਨਗੇ? ਤਾਂ ਗੱਲ ਸਮਝ ਆ ਸਕਦੀ ਸੀ। ਭਾਜਪਾ ਤੇ ਖ਼ਾਸ ਕਰਕੇ ਮੋਦੀ ਵੱਲੋਂ ਇਸ ਸਮੇਂ ਦੇਸ਼ ਦੇ ਵੋਟਰਾਂ ਨੂੰ ਮੋਦੀ ਲਹਿਰ 'ਚ ਫਸਾਉਣ ਦਾ, ਉਲਝਾਉਣ ਦਾ, ਹਰ ਹੀਲਾ-ਵਸੀਲਾ ਵਰਤਿਆ ਜਾ ਰਿਹਾ ਹੈ। ਪ੍ਰੰਤੂ ਮੋਦੀ ਸਮੇਤ ਸਮੁੱਚੀ ਭਗਵਾਂ ਬ੍ਰਿਗੇਡ ਨੂੰ ਇਹ ਸਮਝ ਲੈਣਾ ਚਾਹੀਦਾ ਹੈ, ਦੇਸ਼ ਦੀਆਂ ਘੱਟਗਿਣਤੀਆਂ ਮੋਦੀ-ਹਕੀਕਤ ਤੋਂ ਪੂਰੀ ਤਰ੍ਹਾਂ ਜਾਣੂ ਹਨ, ਉਨ੍ਹਾਂ ਨੂੰ ਮੋਦੀ ਦੇ ਇਰਾਦਿਆਂ ਅਤੇ ਮਨਸ਼ਿਆਂ ਬਾਰੇ ਕੋਈ ਸ਼ੱਕ-ਸੁਭਾ ਬਾਕੀ ਨਹੀਂ ਹੈ। ਹੁਣ ਮੁਸਲਮਾਨ ਭਾਈਚਾਰਾ ਮੋਦੀ ਨੂੰ ਕਿਵੇਂ ਪਿਆਰ ਕਰੇਗਾ ਜਾਂ ਮੋਦੀ ਆਪਣੇ-ਆਪ ਨੂੰ ਇਸ ਕਾਬਲ ਕਿਵੇਂ ਬਣਾਉਣਗੇ? ਇਹ ਸਾਰੇ ਚੋਣ ਸਟੰਟ ਤੇ ਫੋਕੀ ਡਰਾਮੇਬਾਜ਼ੀ ਹੈ, ਜਿਸਦਾ ਅਰਥ ਸਿਰਫ਼ ਆਮ ਲੋਕਾਂ ਨੂੰ ਗੁੰਮਰਾਹ ਕਰਨਾ ਹੈ, ਤਾਂ ਕਿ ਉਹ ਮੋਦੀ ਦੀ ਅਸਲੀਅਤ ਨੂੰ ਭੁੱਲ ਜਾਣ। ਦੇਸ਼ 'ਚ ਮੁਸਲਮਾਨ ਵੋਟਰਾਂ ਦਾ ਮੋਦੀ ਵਿਰੁੱਧ ਰੋਹ ਤੇ ਰੋਸ ਸਿਖ਼ਰਾਂ ਤੇ ਹੈ ਅਤੇ ਮੋਦੀ ਵੱਲੋਂ ਗੁਜਰਾਤ ਦੰਗਿਆ ਤੇ ਮਾਫ਼ੀ ਮੰਗਣ ਤੋਂ ਵਾਰ-ਵਾਰ ਟਾਲਾ ਵੱਟ ਜਾਣਾ, ਉਨ੍ਹਾਂ ਦੇ ਰੋਹ ਨੂੰ ਹੋਰ ਭੜਕਾਉਂਦਾ ਹੈ। ਭਾਵੇਂ ਕਿ ਭਾਜਪਾ ਵੱਲੋਂ ਦੇਸ਼ ਦੀ ਏਕਤਾ ਅਤੇ ਆਖੰਡਤਾ ਦਾ ਸਭ ਤੋਂ ਉਚੀ ਅਵਾਜ਼ 'ਚ ਨਾਅਰਾ ਲਾਇਆ ਜਾਂਦਾ ਹੈ, ਪ੍ਰੰਤੂ ਦੇਸ਼ 'ਚ ਫਿਰਕੂ ਨਫ਼ਰਤ ਫੈਲਾਉਣ ਅਤੇ ਫ਼ਿਰਕੂ-ਵੰਡ ਨੂੰ ਗੂੜਾ ਕਰਨ 'ਚ ਭਗਵਾਂ ਬ੍ਰਿਗੇਡ ਹਮੇਸ਼ਾ ਸਭ ਤੋਂ ਮੋਹਰੀ ਰਹੀ ਹੈ ਅਤੇ ਹੈ।
ਅਸੀਂ ਸਿੱਖ ਪੰਥ ਨੂੰ ਵੋਟਾਂ ਦੇ ਅਗਾਜ਼ ਤੇ ਹੋਕਾ ਦਿੱਤਾ ਸੀ ਅਤੇ ਅੱਜ ਫਿਰ ਉਸਨੂੰ ਦੁਹਰਾਉਣਾ ਚਾਹੁੰਦੇ ਹਾਂ ਕਿ ਦੇਸ਼ ਦੀਆਂ ਘੱਟਗਿਣਤੀਆਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਪੰਜਾਬ 'ਚ ਭਾਜਪਾ ਦੀ ਜ਼ਹਿਰੀਲੀ ਸੋਚ ਦੇ ਦੰਦ ਖੁੰਡੇ ਕੀਤੇ ਜਾਣਾ ਚਾਹੀਦੇ ਹਨ, ਖ਼ਾਸ ਕਰਕੇ ਗੁਰੂ ਦੀ ਨਗਰੀ ਅਤੇ ਸਿੱਖਾਂ ਦੇ ਮਹਾਨ ਧਾਰਮਿਕ ਅਸਥਾਨ, ਸ੍ਰੀ ਅੰਮ੍ਰਿਤਸਰ ਸਾਹਿਬ ਤੇ ਭਾਜਪਾ ਦਾ ਪ੍ਰਛਾਵਾ ਨਹੀਂ ਪੈਣ ਦੇਣਾ ਚਾਹੀਦਾ। ਸਿੱਖ ਧਰਮ ਨੇ ਹਮੇਸ਼ਾ ਜ਼ੋਰ ਜਬਰ ਵਿਰੁੱਧ ਜੰਗ ਲੜੀ ਹੈ, ਸਦਾ ਮਜ਼ਲੂਮਾਂ ਦੀ ਬਾਂਹ ਫੜ੍ਹੀ ਹੈ, ਇਸ ਲਈ ਮੋਦੀ-ਦਹਿਸ਼ਤ ਵਿਰੁੱਧ ਵੀ ਸਿੱਖ ਪੰਥ ਨੂੰ ਡੱਟਵੀਂ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਅਸੀਂ ਕਿਸੇ ਸਿਆਸੀ ਧਿਰ ਦੇ ਨਾ ਤਾਂ ਹਾਮੀ ਹਾਂ ਅਤੇ ਨਾ ਹੀ ਵਿਰੋਧੀ, ਪ੍ਰੰਤੂ ਇਹ ਜ਼ਰੂਰ ਚਾਹੁੰਦੇ ਹਾਂ ਕਿ ਸਿੱਖ ਪੰਥ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਦਰਸਾਏ ਮਾਰਗ ਤੇ ਚੱਲਦਾ ਹੋਇਆ ਮਜ਼ਲੂਮਾਂ ਦੀ ਰਾਖ਼ੀ ਲਈ ਫ਼ਿਰ ਡੱਟ ਕੇ ਅੱਗੇ ਆਵੇ ਅਤੇ ਦੇਸ਼ ਦੀਆਂ ਘੱਟਗਿਣਤੀਆਂ ਦੇ ਹੱਕਾਂ, ਭਾਵਨਾਵਾਂ ਤੇ ਹੋਂਦ ਦੀ ਰਾਖ਼ੀ ਲਈ ਡੱਟ ਕੇ ਪਹਿਰਾ ਦਿੱਤਾ ਜਾਵੇ।

-ਜਸਪਾਲ ਸਿੰਘ ਹੇਰਾਂ

 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.