ਕੈਟੇਗਰੀ

ਤੁਹਾਡੀ ਰਾਇ



ਜਸਪਾਲ ਸਿੰਘ ਹੇਰਾਂ
ਬਾਦਲ ਨੂੰ ਬੇਦਾਵਾ ਦਿਓ, ਕੌਮ ਨੂੰ ਨਹੀਂ
ਬਾਦਲ ਨੂੰ ਬੇਦਾਵਾ ਦਿਓ, ਕੌਮ ਨੂੰ ਨਹੀਂ
Page Visitors: 2861

ਬਾਦਲ ਨੂੰ ਬੇਦਾਵਾ ਦਿਓ, ਕੌਮ ਨੂੰ ਨਹੀਂ
ਜਦੋਂ ਰਾਜਨੀਤੀ ਧਰਮ ਤੇ ਭਾਰੂ ਹੋ ਜਾਵੇ ਤਾਂ ਅਧਰਮ ਹੋਣਾ ਆਪਣੇ-ਆਪ ਸ਼ੁਰੂ ਹੋ ਜਾਂਦਾ ਹੈ ਤੇ ਜੇ ਰਾਜਨੀਤੀ ਤੇ ਲਾਲਸਾ ਭਾਰੂ ਹੋ ਜਾਵੇ ਤਾਂ ਘੋਰ ਅਨਰਥ ਹੋਣਾ ਸ਼ੁਰੂ ਹੋ ਜਾਂਦਾ ਹੈ। ਚਾਰੇ ਪਾਸੇ ਘੁੱਪ ਹਨੇਰਾ ਤੇ ਹਾਹਾਕਾਰ ਹੋਣੀ ਸ਼ੁਰੂ ਹੋ ਜਾਂਦੀ ਹੈ। ਅੱਜ ਸਿੱਖ ਧਰਮ ਦੇ ਬੁਨਿਆਦੀ ਸਿਧਾਂਤ ‘ਮੀਰੀ-ਪੀਰੀ’ ਦੀ ਘੋਰ ਉਲੰਘਣਾ ਕਰਕੇ, ਸਿੱਖ ਧਰਮ ਦੇ ਰਾਜਨੀਤਕ ਠੇਕੇਦਾਰਾਂ ਨੇ ਧਰਮ ਤੇ ਗ਼ਲਬਾ ਜਮਾ ਲਿਆ ਹੋਇਆ ਹੈ, ਉਹ ਧਰਮ ਨੂੰ ਆਪਣੀ ਸਿਆਸੀ ਸ਼ਕਤੀ ਲਈ ਆਪਣਾ ਹਥਿਆਰ ਬਣਾ ਚੁੱਕੇ ਹਨ ਅਤੇ ਉਸਦੀ ਸਮੇਂ-ਸਮੇਂ ਬਾਖ਼ੂਬੀ ਦੁਰਵਰਤੋਂ ਵੀ ਕਰ ਰਹੇ ਹਨ। ਜਿਸ ਕਾਰਣ ਇਕ ਵਾਰ ਫਿਰ ‘ਧਰਮ ਪੰਖ ਕਰਿ ਉਡਰਿਆ’ ਦੇ ਮਹਾਂਵਾਕ ਸੱਚੇ ਸਾਬਤ ਹੋ ਰਹੇ ਹਨ। ਬਾਦਲ ਦਲ ਵੱਲੋਂ ਧਰਮ ਦੀ ਆਪਣੀ ਸਿਆਸੀ ਚੌਧਰ ਲਈ, ਨਿੱਜੀ ਲੋਭ-ਲਾਲਸਾ ਦੀ ਪੂਰਤੀ ਲਈ, ਅੰਨ੍ਹੀ ਵਰਤੋਂ ਕੀਤੇ ਜਾਣ ਅਤੇ ਇਸ ਰਾਹ ‘ਚ ਆਉਂਦੀਆਂ ਸਾਰੀਆਂ ਰੁਕਾਵਟਾਂ ਨੂੰ ਆਪਣੀ ਸੱਤਾ ਤਾਕਤ ਦੀ ਠੋਕਰ ਨਾਲ ਪਾਸੇ ਕਰੀ ਜਾਣ ਤੇ, ਕੁਝ ਸੱਚੇ ਸਿੱਖ ਰੋਹ ‘ਚ ਹਨ, ਕੁਝ ਰੋਸ ‘ਚ ਹਨ, ਅਤੇ ਕੁਝ ਭੈ-ਭੀਤ ਹਨ ਅਤੇ ਕੁਝ ਬਾਗੀ ਹੋਣ ਦੇ ਰਾਹ ਵੀ ਪੈ ਗਏ ਹਨ ਅਤੇ ਕੁਝ ਅੱਜ ਵੀ ਜੀ ਹਜ਼ੂਰੀਏ ਹਨ।
ਰਾਜ ਸੱਤਾ ਬਹੁਤ ਵੱਡੀ ਸ਼ਕਤੀ ਹੁੰਦੀ ਹੈ, ਜਿਸਦੇ ਆਸਰੇ ਬਹੁਤ ਕੁਝ ਕੀਤਾ ਜਾ ਸਕਦਾ ਹੈ, ਪ੍ਰੰਤੂ ਸਭ ਤੋਂ ਵੱਡੀ ਸ਼ਕਤੀ ਲੋਕਾਂ ਦੀ ਹੁੰਦੀ ਹੈ, ਸੰਗਤ ਦੀ ਹੁੰਦੀ ਹੈ, ਜਿਸ ਅੱਗੇ ਗੁਰੂ ਤੱਕ ਵੀ ਝੁਕਦਾ ਹੈ। ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਦਾ, ਅਸਲ ‘ਚ ਬਾਦਲ ਦਲ ਵੱਲੋਂ ‘ਸਾਰਾ ਮਾਲ ਕੱਲੇ ਛੱਕਣ ਦਾ ਮੁੱਦਾ ਸੀ, ਹਰਿਆਣੇ ਦੇ ਸਿੱਖਾਂ ਦੇ ਸਬਰ ਦਾ ਬੰਨ੍ਹ ਟੁੱਟਣ ਤੋਂ ਬਾਅਦ, ਇਹ ਮੁੱਦਾ, ਹੁਣ ਨਿਰੋਲ ਸਿਆਸੀ ਬਣ ਗਿਆ ਹੈ। ਬਾਦਲ ਦਲ ਹਰ ਹੀਲੇ ਆਪਣੇ ‘ਕਬਜ਼ੇ’ ਨੂੰ ਬਰਕਰਾਰ ਰੱਖਣਾ ਚਾਹੁੰਦਾ ਹੈ, ਜਦੋਂ ਕਿ ਹਰਿਆਣੇ ਦੇ ਸਿੱਖ, ਜਿਹੜੇ ਸ਼ਾਇਦ ਕੁਝ ਦਿਨ ਪਹਿਲਾ ਤੱਕ ਹਰਿਆਣੇ ਲਈ ਵੱਖਰੀ ਕਮੇਟੀ ਦੇ ਹਮਾਇਤੀ ਵੀ ਨਾ ਹੋਣ, ਹੁਣ ਬਾਦਲਾਂ ਦੀ ਧੱਕੇਸ਼ਾਹੀ ਵਾਲੀ ਸੋਚ ਕਾਰਣ, ਉੱਠ ਖੜ੍ਹੇ ਹੋਏ ਹਨ। ਉਹ ਵੀ ਰੋਹ ਤੇ ਰੋਸ ‘ਚ ਹਨ ਅਤੇ ਗੁੱਸੇ ‘ਚ ਆਇਆ ਵਿਅਕਤੀ ਅਕਸਰ ਗ਼ਲਤ ਫੈਸਲਾ ਲੈ ਬੈਠਦਾ ਹੈ, ਉਹ ਵੀ ਗ਼ਲਤ ਫੈਸਲੇ ਲੈਣ ਦੇ ਰਾਹ ਤੁਰਨ ਦਾ ਐਲਾਨ ਕਰਨ ਲੱਗ ਪਏ ਹਨ।
ਬੀਤੇ ਦਿਨ ਪੰਜਾਬੀ ਜੀ ਨਿਊਜ਼ ਤੇ ਹਰਿਆਣੇ ਦੇ ਪਿੰਡ ਦੇ ਸਿੱਖਾਂ ਵੱਲੋਂ ਬਾਦਲ ਦੀ ਧੱਕੇਸ਼ਾਹੀ ਵਿਰੁੱਧ ਸਿੱਖ ਧਰਮ ਛੱਡਣ ਦਾ ਮੰਦਭਾਗਾ ਐਲਾਨ ਤੱਕ ਕਰ ਦਿੱਤਾ ਗਿਆ ਹੈ। ਅਸੀਂ ਹਰਿਆਣੇ ਦੇ ਇਨ੍ਹਾਂ ਸਿੱਖ ਵੀਰਾਂ ਦੇ ਜਜ਼ਬਾਤਾਂ ਨੂੰ ਸਮਝਦੇ ਹਾਂ, ਪ੍ਰੰਤੂ ਗੁੱਸੇ ‘ਚ ਉਨ੍ਹਾਂ ਵੱਲੋਂ ਆਪਣੇ ਧਰਮ ਨੂੰ ਛੱਡਣ ਦੇ ਫੈਸਲੇ ਦੀ ਨਿਖੇਧੀ ਕਰਦੇ ਹਾਂ ਅਤੇ ਉਨ੍ਹਾਂ ਨੂੰ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਉਹ ਬਾਦਲ ਦੇ ਸਿੱਖ ਨਹੀਂ, ਸਗੋਂ ਗੁਰੂ ਦੇ ਸਿੱਖ ਹਨ ਇਸ ਲਈ ਉਹ ਬਾਦਲਾਂ ਨਾਲੋਂ ਜਿਵੇਂ ਮਰਜ਼ੀ ਤੋੜ-ਵਿਛੋੜਾ ਕਰ ਲੈਣ, ਪ੍ਰੰਤੂ ਗੁਰੂ ਜਾਂ ਕੌਮ ਨਾਲੋਂ ਨਹੀਂ। ਬਾਦਲ ਨਾਲ ਗੁੱਸਾ, ਬਾਦਲ ਦਾ ਡੱਟਵਾ ਵਿਰੋਧ ਕਰਕੇ, ਆਪਣੀ ਹੱਕੀ ਮੰਗ ਦੀ ਪੂਰਤੀ ਲਈ ਸੰਘਰਸ਼ ਕਰਕੇ ਕੱਢਣਾ ਚਾਹੀਦਾ ਹੈ। ਧਰਮ ਛੱਡਣ ਦੀ ਗੱਲ, ਬੁਜ਼ਦਿਲ ਲੋਕ ਕਰਦੇ ਹਨ ਅਤੇ ਉਨ੍ਹਾਂ ਦੀ ਆਪਣੇ ਗੁਰੂ ਤੇ ਪ੍ਰਤੀਤ  ਵੀ ਕੱਚੀ ਹੁੰਦੀ ਹੈ, ਇਸ ਲਈ ਅਜਿਹੇ ਕੱਚੇ ਸਿੱਖਾਂ ਦੀ ਗੁਰੂ ਵੀ ਪ੍ਰਤੀਤ ਨਹੀਂ ਕਰਦਾ ਅਤੇ ਨਾ ਹੀ ਬਾਂਹ ਫੜ੍ਹਦਾ ਹੈ। ਅੱਜ ਜਦੋਂ ਹਰ ਸੱਚਾ ਤੇ ਸੂਝਵਾਨ ਸਿੱਖ, ਇਹ ਸਮਝ ਚੁੱਕਾ ਹੈ ਕਿ ਬਾਦਲਾਂ ਲਈ ਪੰਥ, ਸਿੱਖ, ਸ਼੍ਰੋਮਣੀ ਕਮੇਟੀ ਜਾਂ ਧਰਮ ਦੇ ਕੋਈ ਅਰਥ ਨਹੀਂ ਹਨ, ਉਨ੍ਹਾਂ ਦਾ ਧਰਮ ਸਿਰਫ਼ ਤੇ ਸਿਰਫ਼ ‘ਸੱਤਾ ਪ੍ਰਾਪਤੀ’ ਹੈ, ਇਸ ਲਈ ਉਨ੍ਹਾਂ ਦੀ ਧਰਮ ਵਿਰੋਧੀ ਕਿਸੇ ਕਾਰਵਾਈ ਦਾ ਗੁੱਸਾ ਕਰਕੇ, ਉਸਦਾ ਜਵਾਬ, ਸਿੱਖੀ ‘ਚ ਹੋਰ ਪ੍ਰਪੱਕ ਹੋ ਕੇ ਹੀ ਦਿੱਤਾ ਜਾ ਸਕਦਾ ਹੈ।
ਬਾਦਲ ਅਤੇ ਉਸਦੇ ਆਕੇ, ਸਿੱਖੀ ਦੇ ਖ਼ਾਤਮੇ ਲਈ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਤੇ ਰੂਹਾਨੀ ਤਾਕਤ ਨੂੰ ਨਸ਼ਟ ਕਰਨ ਲਈ ਹੀ ਕੋਝੀਆਂ ਸਾਜ਼ਿਸ਼ਾਂ ਅਧੀਨ ਆਪਣੀਆਂ ਸਿਆਸੀ ਚਾਲਾਂ, ਖੇਡ ਰਹੇ ਹਨ ਅਤੇ ਜੇ ਅਸੀਂ ਖ਼ੁਦ ਹੀ ਆਪਣਾ ਜਾਨ ਤੋਂ ਪਿਆਰਾ ਸਿੱਖ ਧਰਮ ਵਾਰਨ ਲਈ ਤਿਆਰ ਹੋ ਗਏ ਹਾਂ ਅਸੀਂ ਖ਼ੁਦ ਬਾਦਲ ਦੇ ਮਿਸ਼ਨ ਦੀ ਪੂਰਤੀ ਦੇ ਭਾਈਵਾਲ ਹੋਵਾਂਗੇ। ਅਸੀਂ ਇਕ ਵਾਰ ਫ਼ਿਰ ਸਮੁੱਚੇ ਸਿੱਖ ਪੰਥ ਨੂੰ ਚਾਹੇ ਉਹ ਪੰਜਾਬ ‘ਚ ਰਹਿੰਦੇ ਸਿੱਖ ਹਨ, ਚਾਹੇ ਹਰਿਆਣੇ ‘ਚ ਵੱਸਦੇ ਸਿੱਖ ਹਨ ਅਤੇ ਚਾਹੇ ਦੇਸ਼-ਵਿਦੇਸ਼ ‘ਚ ਕਿਤੇ ਹੀ ਵਸੇਬਾ ਕਰਦੇ ਸਿੱਖ ਹਨ, ਨੂੰ ਅਪੀਲ ਕਰਾਂਗੇ ਕਿ ਉਹ ਸਿਆਸੀ ਸਿੱਖ ਆਗੂਆਂ ਤੇ ਸਿੱਖ ਧਰਮ ਦੇ ਠੇਕੇਦਾਰਾਂ ਦੀਆਂ ਲੂੰਬੜ ਚਾਲਾਂ ਤੋਂ ਸੁਚੇਤ ਹੋਣ। ਪੰਥ ਤੇ ਪੰਥਕ ਸ਼ਕਤੀ ਇਕਜੁੱਟ ਰਹੇ, ਸਿੱਖੀ ਸਿਧਾਂਤਾਂ ਦੀ ਪਾਲਣਾ ਕਰੀਏ ਅਤੇ ਗੁਰੂ ਤੇ ਗੁਰਬਾਣੀ ਦੇ ਭੈਅ ‘ਚ ਰਹੀਏ ਤਾਂ ਸਾਡੀ ਹਰ ਮੈਦਾਨ ਫ਼ਤਹਿ ਹੋਵੇਗੀ, ਕੌਮ ਦੇ ਗ਼ਦਾਰਾਂ ਨੂੰ ਮੂੰਹ ਦੀ ਖਾਣੀ ਪਵੇਗੀ। ਪ੍ਰੰਤੂ ਇਸ ਲਈ ਜ਼ਰੂਰੀ ਹੈ ਕਿ ਹਰ ਨਾਨਕ ਨਾਮ ਲੇਵਾ, ਗੁਰੂ ਨੂੰ ਸਮਰਪਿਤ ਹੋਵੇ।
-ਜਸਪਾਲ ਸਿੰਘ ਹੇਰਾਂ

 

 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.