ਕੈਟੇਗਰੀ

ਤੁਹਾਡੀ ਰਾਇ



ਜਸਪਾਲ ਸਿੰਘ ਹੇਰਾਂ
ਬੀਬੀ ਚਾਵਲਾ ਜੀ! ਸਿੱਖਾਂ ਨੂੰ ਸ਼ਹੀਦੀ ਦੇ ਅਰਥ ਨਾ ਸਮਝਾਓ
ਬੀਬੀ ਚਾਵਲਾ ਜੀ! ਸਿੱਖਾਂ ਨੂੰ ਸ਼ਹੀਦੀ ਦੇ ਅਰਥ ਨਾ ਸਮਝਾਓ
Page Visitors: 2688

ਬੀਬੀ ਚਾਵਲਾ ਜੀ! ਸਿੱਖਾਂ ਨੂੰ ਸ਼ਹੀਦੀ ਦੇ ਅਰਥ ਨਾ ਸਮਝਾਓ
ਜਿਹੜੇ ਲੋਕਾਂ ਨੂੰ ਸ਼ਹੀਦ ਜਾਂ ਸ਼ਹੀਦੀ ਦੇ ਅਰਥ ਪਤਾ ਨਹੀਂ, ਉਹ ਹੁਣ ਸ਼ਹੀਦਾਂ ਦੀ ਕੌਮ ਨੂੰ ਸ਼ਹਾਦਤ ਤੇ ਅਰਥ ਸਮਝਾਉਣਗੇ? ਇਹ ਸੁਆਲ, ਬੀਬੀ ਲਕਸ਼ਮੀ ਕਾਂਤ ਚਾਵਲਾ, ਜਿਨ੍ਹਾਂ ਵਰਗੇ ਫਿਰਕੂ ਲੋਕਾਂ ਨੇ ਪਹਿਲਾ ਵੀ ਪੰਜਾਬ ਦੇ ਪਾਣੀਆਂ ‘ਚ ਜ਼ਹਿਰ ਘੋਲੀ ਸੀ ਅਤੇ ਪੰਜਾਬ ਦੇ ਅਮਨ ਨੂੰ ਲਾਂਬੂ ਲਏ ਸਨ, ਜਿਸ ਅੱਗ ‘ਚ ਹਜ਼ਾਰਾਂ ਨਹੀਂ, ਲੱਖਾਂ ਸਿੱਖ ਨੌਜਵਾਨ ਸਰਕਾਰੀ ਜ਼ੋਰ ਜ਼ੁਲਮ ਦਾ ਸ਼ਿਕਾਰ ਹੋਏ ਸਨ, ਹੁਣ ਫ਼ਿਰ ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣ ਲਈ ਕਾਹਲੇ ਹੋਣ ਤੇ, ਜ਼ਹਿਰੀਲੇ ਸੱਪ ਵਾਗੂ ਫ਼ਨ ਖਿਲਾਰ ਕੇ ਖੜ੍ਹਾ ਹੋ ਗਿਆ ਹੈ। ਕੌਮ ਲਈ, ਧਰਮ ਲਈ, ਕੌਮ ਦੀ ਆਨ-ਸ਼ਾਨ ਦੀ ਰਾਖ਼ੀ ਕਰਦਿਆਂ, ਕੌਮੀ ਸਵੈਮਾਣ ਦੀ ਪਹਿਰਾਦੇਰੀ ਕਰਦਿਆਂ ਜਾਨ ਵਾਰਨ ਵਾਲੇ ਨੂੰ ਸਿੱਖ ‘ਸ਼ਹੀਦ’ ਕਹਿੰਦੇ ਹਨ, ਮੰਨਦੇ ਹਨ ਅਤੇ ਰਹਿੰਦੀ ਦੁਨੀਆ ਤੱਕ ਮੰਨਦੇ ਰਹਿਣਗੇ, ਇਹ ਅਟੱਲ ਸੱਚਾਈ ਲਕਸ਼ਮੀ ਕਾਂਤ ਚਾਵਲਾ ਵਰਗਿਆਂ ਦੇ ਸਮਝ ‘ਚ ਨਹੀਂ ਆ ਰਹੀ ਅਤੇ ਉਨ੍ਹਾਂ ਲਈ ਸਿੱਖੀ ਲਈ ਜਾਨ ਵਾਰਨਾ, ਇਸ ਹਿੰਦੂਵਾਦੀਆਂ ਦੇ ਦੇਸ਼ ਨਾਲ ਗ਼ਦਾਰੀ ਹੈ। ਵਰਤਮਾਨ ਤੀਜੇ ਘੱਲੂਘਾਰੇ ਦੇ ਸਮੂੰਹ ਸ਼ਹੀਦ, ਉਹ ਸ਼ਹੀਦ ਹਨ, ਜਿਹੜੇ ਇਸ ਦੇਸ਼ ਦੇ ਹਿੰਦੂਕਰਨ ਕਰਨ ਦੀ ਕੋਝੀ ਸਾਜ਼ਿਸ ਦਾ ਸ਼ਿਕਾਰ ਹੋਏ ਹਨ, ਉਨ੍ਹਾਂ ਨੂੰ ਆਪਣੀ ਕੌਮ ਦੀ ਗੁਲਾਮੀ ਦੀਆਂ ਜਜ਼ੀਰਾਂ ਵੱਢਣ ਲਈ, ਆਪਣੇ ਕੌਮ ਤੇ ਕੌਮੀ ਹੱਕਾਂ ਦੀ ਪ੍ਰਾਪਤੀ ਲਈ, ਆਪਣੀ ਜਾਨ ਕੁਰਬਾਨ ਕਰਨੀ ਪਈ।
ਬੇਅੰਤ ਸਿੰਘ ਨੇ ਸਿੱਖ ਕੌਮ ਦੇ ਜੁਆਨਾਂ ਦੇ ਖੂਨ ਦੀ ਹੌਲੀ ਖੇਡੀ, 25 ਹਜ਼ਾਰ ਅਣਪਛਾਤੀਆਂ ਆਖ਼ ਕੇ ਸਿੱਖ ਨੌਜਵਾਨ ਦੀਆਂ ਲਾਸ਼ਾਂ ਦਾ ਸੰਸਕਾਰ ਕੀਤਾ, ਨਹਿਰਾਂ,ਜਵਾਹਿਆਂ, ਦਰਿਆਵਾਂ, ਰੋਹੀਆ-ਬੀਆਬਾਨਾਂ ‘ਚ ਕਿੰਨੇ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਹੋਏ, ਕਿੰਨੀਆਂ ਮਾਵਾਂ, ਭੈਣਾਂ ਦੀ ਥਾਣਿਆਂ ‘ਚ ਬੇਪੱਤੀ ਹੋਈ, ਕਿੰਨੇ ਬਾਪੂਆਂ ਦੀ ਪੱਗ ਰੋਲੀ ਗਈ। ਕੀ ਇਹ ਸਾਰਾ ਕੁਝ ਅੱਤਵਾਦ ਨਹੀਂ ਸੀ ਅਤੇ ਇਸ ਨੂੰ ਅੰਜ਼ਾਮ ਦੇਣ ਵਾਲੇ ਅੱਤਵਾਦੀ ਨਹੀਂ ਸਨ? ਆਖ਼ਰ ਬੀਬੀ ਚਾਵਲਾ ਵਰਗੇ ”ਦੇਸ਼ ਭਗਤਾਂ” ਨੂੰ ਉਨ੍ਹਾਂ ਸਿੱਖਾਂ ਨਾਲ, ਜਿਨ੍ਹਾਂ ਸਿੱਖਾਂ ਦੇ ਗੁਰੂ ਸਾਹਿਬਾਨ ਨੇ ਇਸ ਦੇਸ਼ ‘ਚ ‘ਹਿੰਦੂ ਧਰਮ’ ਦਾ ਬੀਜ ਨਾਸ ਹੋਣ ਤੋਂ ਬਚਾਉਣ ਲਈ ਵੱਡੀਆਂ ਕੁਰਬਾਨੀਆਂ ਦੇ ਕੇ ਰੋਕਿਆ ਸੀ, ਇਸ ਦੇਸ਼ ਦੀ ਅਜ਼ਾਦੀ ਲਈ 85 ਫ਼ੀਸਦੀ ਕੁਰਬਾਨੀਆਂ ਕੀਤੀਆਂ, ਦੇਸ਼ ਦੀਆਂ ਸਰਹੱਦਾਂ ਦੀ ਰਾਖ਼ੀ ਲਈ 80 ਫ਼ੀਸਦੀ ਸ਼ਹੀਦੀਆਂ ਦਿੱਤੀਆਂ, ਭੁੱਖੇ ਦੇਸ਼ ਦਾ ਅੰਨ ਭੰਡਾਰ ਭਰਨ ਲਈ ਦਿਨ-ਰਾਤ ਸੱਪਾਂ ਦੀਆਂ ਸਿਰੀਆਂ ਮਿੱਧੀਆਂ ਉਨ੍ਹਾਂ ਨੂੰ ‘ਅੱਤਵਾਦੀ’ ਕਹਿਣ ਤੋਂ ਪਹਿਲਾ ਆਪਣੀ ਆਤਮਾ ਦੀ ਅਵਾਜ਼ ਦੇ ਬੋਝ ਨਾਲ ਸ਼ਰਮਸ਼ਾਰ ਹੋਣਾ ਚਾਹੀਦਾ ਸੀ, ਉਲਟਾ ਸਿੱਖਾਂ ਨੂੰ ਅੱਤਵਾਦੀ ਗਰਦਾਨਣ ਦੀ ਜੁਰੱਅਤ ਕੀਤੀ ਜਾ ਰਹੀ ਹੈ।
ਬੇਅੰਤ ਸਿੰਘ ਹੱਥੋਂ ਪੰਜਾਬ ਦੀ ਜੁਆਨੀ ਦੇ ਘਾਣ ਨੂੰ ਬਚਾਉਣਾ ਕੀ ਕੌਮ ਲਈ ਕੁਰਬਾਨੀ ਨਹੀਂ? ਜਿਸ ਇੰਦਰਾ ਗਾਂਧੀ ਨੇ ਦੁਸ਼ਮਣਾਂ ਵਾਗੂੰ ਸਿੱਖਾਂ ਦੇ ਭਗਤੀ ਦੇ ਕੇਂਦਰ, ਧਰਤੀ ਦੇ ਸੱਚਖੰਡ ਨੂੰ ਟੈਕਾਂ, ਤੋਪਾਂ ਨਾਲ ਢਹਿ ਢੇਰੀ ਕਰ ਦਿੱਤਾ ਹੋਵੇ, ਹਜ਼ਾਰਾਂ ਦੀ ਗਿਣਤੀ ‘ਚ ਦਰਬਾਰ ਸਾਹਿਬ ਮੱਥਾ ਟੇਕਣ ਆਏ ਬਜ਼ੁਰਗਾਂ, ਔਰਤਾਂ ਤੇ ਮਾਸੂਮ ਬੱਚਿਆਂ ਨੂੰ ਭੁੰਨ ਸੁੱਟਿਆ ਹੋਵੇ, ਉਹ ‘ਅੱਤਵਾਦੀ’ ਵਿਖਾਈ ਨਹੀਂ ਦਿੱਤੀ? ਪ੍ਰੰਤੂ ਉਸਨੂੰ ਕੀਤੀ ਦੀ ਸਜ਼ਾ ਦੇਣ ਵਾਲਿਆਂ ਨੂੰ ਸ਼ਹੀਦ ਆਖੇ ਜਾਣ ਤੇ ਡਾਢੀ ਪੀੜਾਂ ਹੋ ਰਹੀ ਹੈ। ਇਹ ਠੀਕ ਹੈ ਕਿ ਅੱਜ ਕੌਮ ਆਪਣੇ ਸੁਆਰਥ ਤੇ ਪਦਾਰਥ ਦੀ ਭੁੱਖ ਕਾਰਣ, ਕੌਮੀ ਸਵੈਮਾਣ, ਵਿਰਸੇ ਤੇ ਇਤਿਹਾਸ ਨੂੰ ਭੁੱਲਦੀ ਜਾਪਦੀ ਹੈ, ਪ੍ਰੰਤੂ ਸ਼ੇਰਾਂ ਦੀ ਕੌਮ, ਆਖ਼ਰ ਗਿੱਦੜਾਂ ਦੀ ਕੌਮ ਕਿਵੇਂ ਬਣ ਸਕਦੀ ਹੈ? ਇਸ ਲਈ ਉਹ ਆਪਣੇ ਸ਼ਹੀਦਾਂ ਦੀ ਆਨ-ਸ਼ਾਨ ਦੀ ਰਾਖ਼ੀ ਕਰਨਾ ਕਦੇ ਭੁੱਲ ਨਹੀਂ ਸਕਦੀ। ਜ਼ੋਰ-ਜਬਰ ਵਿਰੁੱਧ ਜੂਝਣਾ, ਨਿਤਾਣਿਆਂ ਦਾ ਤਾਣ ਬਣਨਾ, ਨਿਮਾਣਿਆਂ ਨੂੰ ਮਾਣ ਬਖ਼ਸਣਾ, ਸਿੱਖੀ ਦਾ ਸੁਨਿਹਰਾ ਅਸੂਲ ਹੈ ਅਤੇ ਇਸ ਅਸੂਲ ਦੀ ਰਾਖ਼ੀ ਲਈ ਕੋਈ ਸਾਨੂੰ ਅੱਤਵਾਦੀ ਕਹੇ, ਕੋਈ ਵੱਖਵਾਦੀ ਰਹੇ, ਕੋਈ ਦਹਿਸ਼ਤਗਰਦ ਆਖੇ ਅਤੇ ਕੋਈ ਸ਼ਹੀਦ ਵਾਲਾ ਮਾਣ ਦੇਵੇ, ਸਾਨੂੰ ਬਹੁਤਾ ਫ਼ਰਕ ਪੈਣ ਵਾਲਾ ਨਹੀਂ। ਕੌਮ ਲਈ ਸ਼ਹਾਦਤ ਦੀ ਪਰਿਭਾਸ਼ਾ ਹਮੇਸ਼ਾ ਇੱਕੋ ਰਹੇਗੀ।
ਅਸੀਂ ਆਪਣੇ ਸੁਆਰਥ ਲਈ, ਆਪਣੇ ਲਾਹੇ ਲਈ ‘ਸ਼ਹੀਦ’ ਦੇ ਅਰਥਾਂ ‘ਚ ਤਬਦੀਲੀ ਨਹੀਂ ਕਰਾਂਗੇ। ਸਾਡੇ ਲਈ ਜੇ ਸ਼ਹੀਦ ਭਗਤ ਸਿੰਘ ਦੇ ਨਾਲ ਰਾਜਗੁਰੂ ਤੇ ਸੁਖਦੇਵ ਵੀ ਬਰਾਬਰ ਦੇ ਸ਼ਹੀਦ ਹਨ ਤਾਂ ਫ਼ਿਰ ਅਸੀਂ ਸ਼ਹੀਦ ਜਿੰਦੇ, ਸੁੱਖੇ, ਸ਼ਹੀਦ ਸਤਵੰਤ ਸਿੰਘ, ਬੇਅੰਤ ਸਿੰਘ, ਕੇਹਰ ਸਿੰਘ ਅਤੇ ਸ਼ਹੀਦ ਦਿਲਾਵਰ ਸਿੰਘ ਲਈ ਸ਼ਹੀਦ ਸ਼ਬਦ ਕਿਉਂ ਨਹੀਂ ਵਰਤ ਸਕਦੇ? ਸ਼ਹੀਦ ਕੌਮੀ ਸਰਮਾਇਆ ਅਤੇ ਸਭ ਦੇ ਸਾਂਝੇ ਹੁੰਦੇ ਹਨ, ਇਸ ਲਈ ਬੀਬੀ ਚਾਵਲਾ ਵਰਗਿਆਂ ਨੂੰ ਸ਼ਹੀਦਾਂ ਵਿਰੁੱਧ ਜ਼ੁਬਾਨ ਖੋਲ੍ਹਣ ਤੋਂ ਪਹਿਲਾ, ਕੌਮ ਦੇ ਪਿਛੋਕੜ ਤੇ ਇਤਿਹਾਸ ਤੇ ਜ਼ਰੂਰ ਝਾਤੀ ਮਾਰ ਲੈਣੀ ਚਾਹੀਦੀ ਹੈ। ਸਿੱਖ ਪੰਥ ਨੇ, ਕੌਮ ਦਾ ਸਾਥ ਦੇਣ ਵਾਲੇ ਹਰ ਵਿਅਕਤੀ ਵਿਸ਼ੇਸ਼ ਨੂੰ ਭਾਵੇਂ ਉਹ ਕਿਸੇ ਵੀ ਧਰਮ ਜਾਂ ਫ਼ਿਰਕੇ ਨਾਲ ਸਬੰਧਿਤ ਸੀ, ਪੂਰਨ ਮਾਣ ਦਿੱਤਾ ਹੈ ਅਤੇ ਜਿਸਨੇ ਸਿੱਖਾਂ ਨਾਲ ਧ੍ਰਿਗ ਕਮਾਇਆ, ਅਕ੍ਰਿਤਘਣਤਾ ਕੀਤੀ, ਪਾਪ ਕਮਾਇਆ, ਉਸਨੂੰ ਸੋਧਾ ਲਾਉਣ ‘ਚ ਦੇਰੀ ਵੀ ਨਹੀਂ ਕੀਤੀ, ਇਸ ਕਾਰਣ ਜੇ ਦੀਵਾਨ ਟੋਡਰ ਮੱਲ ਤੇ ਪੀਰ ਬੁੱਧੂ ਸ਼ਾਹ ਵਰਗਿਆਂ ਅੱਗੇ ਹਰ ਸਿੱਖ ਦਾ ਸਿਰ ਸ਼ਰਧਾ ਨਾਲ ਝੁੱਕਦਾ ਹੈ ਤਾਂ ਲਖਪਤ ਰਾਏ ਅਤੇ ਔਰੰਗਜੇਬ ਵਰਗਿਆਂ ਪ੍ਰਤੀ ਨਫ਼ਰਤ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ। ਸਿੱਖ ਸਰਬੱਤ ਦਾ ਭਲਾ ਵੀ ਮੰਗਦੇ ਹਨ, ਪਰ ਹਰ ਜ਼ਾਲਮ ਦੇ ਜ਼ੁਲਮ ਦਾ ਨਾਸ਼ ਕਰਨਾ ਵੀ ਜਾਣਦੇ ਹਨ। ਇਸ ਲਈ ਸਿੱਖਾਂ ਦੇ ਅੱਲ੍ਹੇ ਜਖ਼ਮਾਂ ਤੇ ਲੂਣ ਛਿੜਕਣ ਤੋਂ ਗੁਰੇਜ਼ ਕਰੋ। ਸਾਡੇ ਸ਼ਹੀਦਾਂ ਬਾਰੇ ਸੋਚਣ ਦੀ ਥਾਂ ਆਪਣੀ ਆਤਮਾ ‘ਚ ਝਾਤੀ ਮਾਰ ਕੇ ਵੇਖੋ ਕਿ ਹਿੰਦੂ ਕੌਮ ਨੇ ਸਿੱਖਾਂ ਦੇ ਅਹਿਸਾਨਾਂ ਨੂੰ ਕਿਵੇਂ ਚੁਕਾਉਣਾ ਹੈ?

ਜਸਪਾਲ ਸਿੰਘ ਹੇਰਾਂ

 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.