ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
ਕਾਬਜ ਹੋਏ ਨੇ ਰਾਮ ਪੂਜ ਭਾਰਤ ਤੇ ਨਜ਼ਰ ਹੈ, ਦੇਖੋ ਕਿ ਟੁੱਟੀ ਜੋੜਦੇ ਜਾਂ ਮਸਜ਼ਿਦ ਨੂੰ ਡੇਗਦੇ ਹਿੰਦੂ ਪ੍ਰੀਸ਼ਦ ਦੀ ਕਹਾਣੀ , ਪੁਜਾਰੀ ਦੀ ਜਬਾਨੀ
ਕਾਬਜ ਹੋਏ ਨੇ ਰਾਮ ਪੂਜ ਭਾਰਤ ਤੇ ਨਜ਼ਰ ਹੈ, ਦੇਖੋ ਕਿ ਟੁੱਟੀ ਜੋੜਦੇ ਜਾਂ ਮਸਜ਼ਿਦ ਨੂੰ ਡੇਗਦੇ ਹਿੰਦੂ ਪ੍ਰੀਸ਼ਦ ਦੀ ਕਹਾਣੀ , ਪੁਜਾਰੀ ਦੀ ਜਬਾਨੀ
Page Visitors: 2816

ਕਾਬਜ ਹੋਏ ਨੇ ਰਾਮ ਪੂਜ ਭਾਰਤ ਤੇ ਨਜ਼ਰ ਹੈ, ਦੇਖੋ ਕਿ ਟੁੱਟੀ ਜੋੜਦੇ ਜਾਂ ਮਸਜ਼ਿਦ ਨੂੰ ਡੇਗਦੇ ਹਿੰਦੂ ਪ੍ਰੀਸ਼ਦ ਦੀ ਕਹਾਣੀ , ਪੁਜਾਰੀ ਦੀ ਜਬਾਨੀ
ਵਿਸ਼ਵ ਹਿੰਦੂ ਪ੍ਰੀਸ਼ਦ ਨੇ ਰਾਮ ਜਨਮ ਭੂਮੀ ਤੇ ਇੱਕ ਮਾਲਾ ਵੀ ਨਹੀਂ ਚੜ੍ਹਾਈ
ਪੁਜਾਰੀ ਲਾਲ ਦਾਸ
ਸਵਾਲ---ਪੁਜਾਰੀ ਲਾਲ ਦਾਸ ਜੀ ਇਹ ਜੋ ਵਿਛਵ ਹਿੰਦੂ ਪ੍ਰੀਛਦ ਨੇ ਮੰਦਰ ਬਨਾਉਣ ਦਾ ਮੁੱਦਾ ਉਠਾਇਆ ਹੈ ਇਸ ਬਾਰੇ ਆਪ ਦੇ ਕੀ ਵਿਚਾਰ ਹਨ?
ਪੁਜਾਰੀ ਲਾਲ ਦਾਸ ਦਾ ਉੱਤਰ—ਇਹ ਇੱਕ ਰਾਜਨੀਤਕ ਮੁੱਦਾ ਹੈ । ਵਿਛਵ ਹਿੰਦੂ ਪ੍ਰੀਛਦ ਨੇ ਜੋ ਕਿਰਿਆ ਕਰਮ ਚਲਾਇਆ ਹੈ, ਇਸ ਵਿਚ ਮੰਦਰ ਬਨਾਉਣ ਵਿਚ ਤਾਂ ਕੋਈ ਰੁਕਾਵਟ ਹੀ ਨਹੀਂ ਸੀ। ਸਾਡੀ ਪ੍ਰੰਪਰਾ ਵਿਚ ਤਾਂ ਇਹ ਵਿਧਾਨ ਹੀ ਨਹੀਂ ਹੈ ਕਿ ਅਸੀਂ ਭਗਵਾਨ ਦੀ ਵਿਸ਼ੇਸ਼ ਥਾਂ ਨਿਸਚਿਤ ਕਰੀਏ । ਸਾਡੇ ਤਾਂ ਜਿਥੇ ਵੀ ਭਗਵਾਨ ਦੀ ਮੂਰਤੀ ਹੋਵੇ ਅਸੀਂ ਉਸ ਨੂੰ ਮੰਦਰ ਹੀ ਮੰਨਦੇ ਹਾਂ। ਇਹ ਸਾਡੀ ਹਿੰਦੂ ਪ੍ਰੰਪਰਾ ਹੈ। ਚਾਹੇ ਉਹ ਭਗਵਾਨ ਦੀ ਮੂਰਤੀ ਕਿਸੇ ਵੀ ਇਮਾਰਤ ਵਿਚ ਰੱਖ ਦੇਈਏ ਉਹ ਮੰਦਰ ਹੀ ਹੁੰਦਾ ਹੈ। ਫਿਰ ਵੱਖਰੀ ਇਮਾਰਤ ਬਨਾਉਣ ਦਾ ਕੋਈ ਤਰਕ ਨਹੀਂ ਹੈ ਅਤੇ ਫਿਰ ਉਹ ਇਮਾਰਤ ਜਿਥੇ ਰੱਬ ਬਿਰਾਜਮਾਨ ਹੈ ਅਸੀਂ ਉਸ ਨੂੰ ਤੋੜਨਾਂ ਵੀ ਨਹੀਂ ਚਾਹੁੰਦੇ। ਜਿਹੜੇ ਲੋਕ ਇਸ ਇਮਾਰਤ ਨੂੰ ਤੋੜਨਾਂ ਚਾਹੁੰਦੇ ਹਨ ਉਹ ਇਸ ਮੁੱਦੇ ਨੂੰ ਲੈ ਕੇ ਤੋੜਨਾ ਚਾਹੁੰਦੇ ਹਨ ਕਿ ਪੂਰੇ ਹਿੰਦੋਸਤਾਨ ਵਿਚ ਤਣਾਓ ਦੀ ਸਥਿਤੀ ਪੈਦਾ ਹੋਵੇ। ਇਸ ਸਬੰਧੀ ਹਿੰਦੂ ਬਹੁਮਤ ਉਹਨਾ ਦੀ ਤਰਫ ਹੈ ਅਤੇ ਉਹਨਾਂ ਨੂੰ ਕੋਈ ਚਿੰਤਾਂ ਨਹੀਂ ਹੈ ਕਿ ਇਸ ਤਰਾਂ ਦੀ ਸਥਿਤੀ ਵਿਚ ਕਿੰਨਾ ਟਕਰਾਓ ਹੋਵੇਗਾ। ਕਿੰਨੀ ਬਰਬਾਦੀ ਹੋਵੇਗੀ। ਕਿੰਨੇ ਲੋਕ ਮਾਰੇ ਜਾਣਗੇ ਇਸ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ। ਜਾਂ ਇਸ ਤਰਾਂ ਦੇ ਟਕਰਾਓ ਨਾਲ ਮੁਸਲਮ ਬਹੁਗਿਣਤੀ ਵਿਚ ਰਹਿਣ ਵਾਲੇ ਹਿੰਦੂਆਂ ਨਾਲ ਕੀ ਹੋਵੇਗਾ। ਸਾਡੇ ਦੇਸ ਦੇ ਸਾਹਮਣੇ ਤਮਾਮ ਐਸੀਆਂ ਸਮੱਸਿਆਵਾਂ ਹਨ।
    ਸੰਨ 1949 ਤੋਂ ਅੱਜ ਤਕ ਕਿਸੇ ਮੁਸਲਮਾਨ ਨਾਲ ਇਥੇ ਕੋਈ ਅੜਚਣ ਪੈਦਾ ਨਹੀਂ ਹੋਈ ਪਰ ਜਿਓਂ ਹੀ ਇਹਨਾ ਨੇ ਇਹ ਨਾਅਰਾ ਦਿੱਤਾ ਕਿ ਬਾਬਰ ਦੀ ਸੰਤਾਨ ਤੋਂ ਖੂਨ ਦਾ ਬਦਲਾ ਲੈਣਾਂ ਹੈ ਤਦ ਪੂਰਾ ਦੇਸ਼ ਦੰਗਾ ਗ੍ਰਸਤ ਹੋ ਗਿਆ। ਘੱਟੋ ਘੱਟ ਹਜ਼ਾਰਾਂ ਲੋਕੀ ਇਸ ਵਿਚ ਮਾਰੇ ਗਏ ,ਮੌਤ ਦੇ ਘਾਟ ਉਤਾਰ ਦਿੱਤੇ ਗਏ ਤਾਂ ਵੀ ਇਹਨਾਂ ਨੇ ਇਸ ਤਣਾਓ ਅਤੇ ਤਬਾਹੀ ਬਾਰੇ ਕੋਈ ਹਮਦਰਦੀ ਨਹੀਂ ਦਿਖਾਈ। ਜੋ ਹਿੰਦੂ ਮੁਸਲਮ ਏਕਤਾ ਇਸ ਦੇਸ਼ ਵਿਚ ਸੀ, ਜੋ ਮੁਸਲਮ ਸ਼ਾਸਕਾਂ ਨੇ ਮੰਦਰਾਂ ਨੂੰ ਜਗੀਰਾਂ ਦਿੱਤੀਆਂ ਸਨ ਜਿਵੇਂ ਕਿ ਜਾਨਕੀ ਘਾਟ ਦਾ ਮਾਫੀ ਨਾਮਾ ਅਤੇ ਹਨੂਮਾਨ ਗੜੀ ਦੇ ਬਹੁਤ ਸਾਰੇ ਹਿੱਸੇ ਮੁਸਲਮਾਨਾਂ ਦੇ ਬਣਾਏ ਹੋਏ ਹਨ, ਹਕੀਰੀ ਰਾਮ ਜੀ ਦਾ ਮੰਦਰ ਮੁਸਲਮਾਨਾਂ ਦਾ ਮਾਫੀ ਨਾਮਾ ਹੈ। ਇਹ ਤਮਾਮ ਜਗੀਰਾਂ ਮੁਸਲਮਾਨ ਸ਼ਾਸਕਾਂ ਦੁਆਰਾ ਮੰਦਰਾਂ ਨੂੰ ਦਿੱਤੀਆਂ ਗਈਆਂ। ਅਮੀਰ ਅਲੀ ਅਤੇ ਬਾਬਾ ਰਾਮਚਰਨ ਦਾਸ ਦੇ ਜੋ ਸਮਝੋਤੇ ਸਨ ਕਿ ਅਸੀਂ ਹਿੰਦੂ ਅਤੇ ਮੁਸਲਮਾਨ ਰਲ ਮਿਲ ਕੇ ਰਹਾਂਗੇ ਉਸੇ ਜਨਮ ਭੂਮੀ ਦੇ ਦੋ ਹਿੱਸੇ ਕੀਤੇ ਗਏ ਕਿ ਇੱਕ ਪਾਸੇ ਮੁਸਲਮਾਨ ਨਿਮਾਜ ਪੜ੍ਹਨਗੇ ਅਤੇ ਦੂਸਰੇ ਪਾਸੇ ਹਿੰਦੂ ਪੂਜਾ ਕਰਨਗੇ । ਇਹਨਾ ਸਾਰੀਆਂ ਗੱਲਾਂ ਤੇ ਇਹਨਾ ਲੋਕਾਂ ਨੇ ਪਾਣੀ ਫੇਰ ਦਿੱਤਾ । ਜਿਸ ਤਰਾਂ ਨਾਲ ਦੰਗੇ ਫੈਲਾਏ ਗਏ ਇਹ ਸੰਪਰਦਾਇਕਤਾ ਦੇ ਦੰਗੇ ਕੁਰਸੀ ਅਤੇ ਪੈਸੇ ਲਈ ਹੀ ਕਰਵਾਏ ਗਏ ਨਾਂ ਕਿ ਰਾਮ ਜਨਮ ਭੂਮੀ ਕਾਰਨ। ਮੈਂ ਰਾਮ ਜਨਮ ਭੂਮੀ ਦਾ ਪੁਜਾਰੀ ਹੋਣ ਦੇ ਨਾਤੇ ਬੜੀ ਹੀ ਦਿਆਨਤਦਾਰੀ ਨਾਲ ਤੁਹਾਨੂੰ ਇਹ ਗੱਲ ਕਹਿਣਾਂ ਚਾਹੁੰਦਾ ਹਾਂ ਕਿ ਹੁਣ ਤਕ ਵਿਸ਼ਵ ਹਿੰਦੂ ਪ੍ਰੀਛਦ ਨੇ ਉਥੇ ਇੱਕ ਮਾਲਾ ਤਕ ਵੀ ਨਹੀਂ ਚੜ੍ਹਾਈ । ਭਗਵਾਨ ਦੀ ਪੂਜਾ ਅਰਚਨਾਂ ਉਹਨਾਂ ਲੋਕਾਂ ਨੇ ਏਥੇ ਨਹੀਂ ਕਰਵਾਈ। ਸਗੋਂ ਉਹਨਾਂ ਨੇ ਚਲ ਰਹੀ ਪੂਜਾ ਵਿਚ ਰੁਕਾਵਟ ਖੜ੍ਹੀ ਕੀਤੀ। ਸਾਨੂੰ ਹਾਈਕੋਰਟ ਵਿਚ ਪੂਜਾ ਕਰਨ ਲਈ ਰਿੱਟ ਦਾਖਲ ਕਰਨੀ ਪਈ ਤਾਂ ਜਾ ਕੇ ਇਹ ਪੂਜਾ ਚਾਲੂ ਹੋਈ।
ਇਥੇ ਦੇ ਲੋਕਾਂ ਨੇ ਇਸ ਨੂੰ ਕਦੀ ਸਵੀਕਾਰ ਨਹੀਂ ਕੀਤਾ ਪਰ ਕੁਝ ਕਿਰਾਏ ਦੇ ਸਾਧੂ ਜਿਹਨਾਂ ਨੂੰ ਪੈਸਾ ਚਾਹੀਦਾ ਹੈ ਉਹ ਲਾਲਚੀ ਲੋਕ ਪੈਸੇ ਦੇ ਕੇ ਖ੍ਰੀਦੇ ਗਏ । ਰਾਮ ਸ਼ਿਲਾਵਾਂ ਘੁਮਾਈਆਂ ਗਈਆਂ ਅਤੇ ਉਹਨਾਂ ਰਾਮ ਸ਼ਿਲਾਵਾਂ ਨੂੰ ਲੈ ਕੇ ਉਹਨਾਂ ਨੇ ਆਪਣੇ ਕਮਰੇ ਬਨਾਉਣੇ ਸ਼ੁਰੂ ਕੀਤੇ ਅਤੇ ਕਾਫੀ ਲੋਕਾਂ ਨੂੰ ਗੁਮਰਾਹ ਕਰਕੇ ਉਹਨਾ ਨੇ ਵੱਡੀਆਂ ਵੱਡੀਆਂ ਇਮਾਰਤਾਂ ਖੜ੍ਹੀਆਂ ਕਰ ਲਈਆਂ। ਕਰੋੜਾਂ ਅਰਬਾਂ ਰੁਪਏ ਇਹਨਾਂ ਲੋਕਾਂ ਨੇ ਇਕੱਠੇ ਕੀਤੇ ਅਤੇ ਵੱਖ ਵੱਖ ਬੈਂਕਾਂ ਵਿਚ ਖਾਤੇ ਖੁਲਵਾ ਲਏ। ਲੱਖਾਂ ਰੁਪਏ ਇਹਨਾ ਨੇ ਆਪਣੇ ਨਿੱਜੀ ਖਾਤਿਆਂ ਵਿਚ ਜੰਮ੍ਹਾਂ ਕਰ ਲਏ। ਲੋਕਾਂ ਦੀ ਹੱਤਿਆ ਹੋ ਜਾਏ ਜਾਂ ਲੋਕ ਬਰਬਾਦ ਹੋ ਜਾਣ ਇਸ ਨਾਲ ਇਹਨਾ ਨੂੰ ਕੋਈ ਮਤਲਬ ਨਹੀਂ ਹੈ। ਇਹਨਾਂ ਨੂੰ ਮਤਲਬ ਹੈ ਕਿ ਪੈਸਾ ਮਿਲੇ ਅਤੇ ਕੁਰਸੀ ਮਿਲੇ।
    ਏਥੇ ਜਿਹੜੇ ਲੋਕ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ ਰਾਮ ਦੇ ਨਾਮ ਤੇ ਹਿੰਸਾ ਫੈਲਾਉਂਦੇ ਹਨ ਇਹ ਸਭ ਉਚੀ ਜਾਤੀ ਦੇ ਲੋਕ ਹਨ ਅਤੇ ਇਹ ਸਾਰੇ ਅੇਸ਼ੋ ਆਰਾਮ ਭੋਗਣ ਵਾਲੇ ਹਨ। ਇਹਨਾ ਵਿਚ ਤਿਆਗ, ਤਪੱਸਿਆ ਅਤੇ ਜਨ ਮਾਤਰ ਦਾ ਹਿੱਤ ਬਿਲਕੁਲ ਨਹੀਂ ਹੈ। ਇਹ ਲੋਕਾਂ ਦੀਆਂ ਧਾਰਮਕ ਭਾਵਨਾਵਾਂ ਭੜਕਾ ਕੇ ਖੁਦ ਨੂੰ ਸੁਖ ਸੁਵਿਧਾਵਾਂ ਪ੍ਰਦਾਨ ਕਰ ਰਹੇ ਹਨ। ਇਹ ਜਨ ਹਿੱਤ ਦੀ ਗੱਲ ਕਰ ਹੀ ਨਹੀਂ ਸਕਦੇ। ਪਰ ਅੱਜ ਬੜੇ ਬੜੇ ਮੱਠ ਹਨ ਕਰੋੜਾ ਅਰਬਾਂ ਰੁਪਿਆ ਹੈ ਉਹਨਾ ਵਿਚ ਅਤੇ ਪੈਦਲ ਚਲਣ ਦੀ ਬਜਾਏ ਉਹ ਏਅਰਮੇਲ ਰਾਹੀਂ ਚਲਦੇ ਹਨ। ਫਸਟ ਕਲਾਸ ਵਿਚ ਸਫਰ ਕਰਦੇ ਹਨ ਅਤੇ ਏਅਰ ਕੰਡੀਸ਼ਨ ਕਮਰੇ ਵਿਚ ਰਹਿੰਦੇ ਹਨ। ਜਿਥੇ ਅਸੀਂ ਭੌਤਕਤਾ ਤੋਂ ਵੱਖ ਹੋ ਕੇ ਤਿਆਗ ਤਪੱਸਿਆ ਅਤੇ ਲੋਕਾਂ ਦੇ ਹਿੱਤ ਦੀ ਗੱਲ ਸੋਚਦੇ ਸੀ ਉਸ ਨੂੰ ਤਿਆਗ ਕੇ ਜੋ ਭੌਤਕਵਾਦੀ ਵਿਵਸਥਾ ਵਿਚ ਲੁਪਤ ਹੋ ਚੁੱਕੇ ਹਨ ਉਹ ਤਾਂ ਪਦਾਰਥਵਾਦ ਬਾਰੇ ਹੀ ਸੋਚਣਗੇ, ਉਹ ਉਸ ਤੋਂ ਵੱਖ ਹੋ ਹੀ ਨਹੀਂ ਸਕਦੇ।  ਅੱਜ ਦੇ ਧਰਮ ਅਚਾਰੀਆਂ ਬਾਰੇ ਤੁਸੀਂ ਕੀ ਕਹੋਗੇ ? ਮੈਂ ਤਾਂ ਇਹਨਾ ਨੂੰ ਪਦਾਰਥਵਾਦੀ ਪ੍ਰਵਿਰਤੀਆਂ ਦੇ ਪੋਸ਼ਕ ਮੰਨਦਾ ਹਾਂ। ਇਹ ਜੋ ਕਾਰੋਬਾਰੀ ਲੋਕ ਧਰਮ ਰੱਖਿਆ, ਧਰਮ ਰੱਖਿਆ ਦਾ ਨਾਅਰਾ ਬੁਲੰਦ ਕਰ ਰਹੇ ਹਨ ਮੈਂ ਤਾਂ ਕਹਿੰਦਾ ਹਾਂ ਅਸ਼ੋਕ ਸਿੰਘਲ ਵਰਗੇ ਲੋਕ ਜੋ ਕਿ ਖੁਦ ਨੂੰ ਬਹੁਤ ਬੜੇ ਰਾਮ ਭਗਤ ਕਹਿੰਦੇ ਹਨ ਕੀ ਰਾਮ ਦਾ ਇਹ ਹੀ ਆਦਰਸ਼ ਹੈ ਕਿ 90% ਲੋਕ ਭੁੱਖੇ ਮਰਨ? ਇਹ ਜੋ ਸਾਡੇ ਦੇਸ਼ ਦੀ ਸਮੱਸਿਆ ਹੈ ਕੀ ਇਸ ਨਾਲ ਇਹਨਾਂ ਧਰਮ ਅਚਾਰੀਆਂ ਦਾ ਕੋਈ ਵੀ ਲੈਣਾਂ ਦੇਣਾਂ ਨਹੀਂ ਹੈ? ਅਗਰ ਤੁਸੀਂ ਬਹੁਤ ਵੱਡੇ ਪੂਜਪਤੀ ਹੋ, ਤੁਹਾਡੇ ਕੋਲ ਬਹੁਤ ਜ਼ਿਆਦਾ ਪੈਸਾ ਹੈ ਤਾਂ ਇਸ ਪੈਸੇ ਨੂੰ ਗਰੀਬਾਂ ਦੇ ਹਿੱਤ ਵਿਚ ਲਾ ਦਿਓ ਜਿਵੇਂ ਕਿ ਮਦਰ ਟਰੇਸਾ ਕਰ ਰਹੀ ਹੈ। ਜਾਂ ਜਿਵੇਂ ਹੋਰ ਸਾਡੇ ਧਰਮ ਅਚਾਰੀਆਂ ਨੇ ਕੀਤਾ ਹੈ। ਇਸ ਦਾ ਲੋਕਾਂ ਨੂੰ ਵਿਰੋਧ ਕਰਨਾਂ ਚਾਹੀਦਾ ਹੈ। ਕਿਸੇ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਨਹੀਂ ਲੱਗਣੀ ਚਾਹੀਦੀ। ਸਾਡਾ ਧਰਮ ਇਹ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਕਿਸੇ ਦੇ ਦਿਲ ਨੂੰ ਤੋੜੀਏ। ਜੋ ਰਾਮ ਜੀ ਦਾ ਰਾਜਨੀਤੀ ਦਾ ਆਦਰਸ਼ ਹੈ ਉਹ ਇਹ ਹੀ ਹੈ ਕਿ ਜਨਤਾ ਸੁਖੀ ਰਹੇ। ਜਿਵੇਂ ਅਸੀਂ ਭੋਜਨ ਮੂੰਹ ਵਿਚ ਪਾਉਂਦੇ ਹਾਂ ਤਾਂ ਉਹ ਸਾਰੇ ਅੰਗਾਂ ਨੂੰ ਮਿਲਦਾ ਹੈ ਤਿਵੇਂ ਹੀ ਸਾਰੀ ਜਨਤਾ ਸਾਡੀ ਹੈ ਅਤੇ ਉਸ ਵਿਚ ਨੀਵੇਂ ਜਾਂ ਉੱਚੇ ਦੀ ਗੱਲ ਨਹੀਂ ਹੈ ਪਰ ਉਹਨਾਂ ਆਦਰਸ਼ਾਂ ਦੀ ਹੱਤਿਆ ਕਰ ਦਿੱਤੀ ਗਈ ਹੈ।
ਨੋਟ---ਦਸੰਬਰ 1992 ਨੂੰ ਬਾਬਰੀ ਮਸਜਿਦ ਡੇਗ ਦਿੱਤੀ ਗਈ ਜਿਸ ਕਾਰਨ ਸੰਪਰਦਾਇਕ ਦੰਗੇ ਹੋਏ ਅਤੇ ਹਜ਼ਾਰਾਂ ਜਾਨਾਂ ਚਲੀਆਂ ਗਈਆਂ। ਇੱਕ ਸਾਲ ਬਾਅਦ ਇਸ ਪੁਜਾਰੀ ਲਾਲ ਦਾਸ ਦਾ ਕਤਲ ਕਰ ਦਿੱਤਾ ਗਿਆ। ਪੁਜਾਰੀ ਲਾਲ ਦਾਸ ਅਦਾਲਤ ਵਲੋਂ ਰਾਮ ਜਨਮ ਭੂਮੀ ਤੇ ਸਥਾਪਤ ਕੀਤਾ ਗਿਆ ਪੁਜਾਰੀ ਸੀ।
ਹਿੰਦੂ ਕਹਤ ਹੈ ਰਾਮ ਹਮਾਰਾ, ਮੁਸਲਮਾਨ ਰਹਿਮਾਨਾਂ
ਆਪਸ ਵਿਚ ਦੋਊ ਲੜ ਮਰਤ ਹੈ, ਮਰਮ ਨਾ ਕੋਊ ਜਾਨਾਂ
---ਭਗਤ ਕਬੀਰ ਜੀ
ਪੰਜਾਬੀ ਰੂਪ---ਕੁਲਵੰਤ ਸਿੰਘ ਢੇਸੀ
kulwantsinghdhesi@hotmail.com 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.