ਕੈਟੇਗਰੀ

ਤੁਹਾਡੀ ਰਾਇ



ਤਤ ਗੁਰਮਤਿ ਪਰਿਵਾਰ
ਧਮਾਕਾ ਖਬਰ ਬਾਰੇ ਤੱਤ ਗੁਰਮੱਤ ਪਰਿਵਾਰ ਦੇ ਵਿਚਾਰ
ਧਮਾਕਾ ਖਬਰ ਬਾਰੇ ਤੱਤ ਗੁਰਮੱਤ ਪਰਿਵਾਰ ਦੇ ਵਿਚਾਰ
Page Visitors: 2876

ਸਿੱਖਾਂ ਦੇ ਸੰਦਰਭ ਵਿਚ ਇਹ ਪ੍ਰਵਾਣਿਤ ਸੱਚਾਈ ਹੈ ਕਿ ਇਹ ਜਜ਼ਬਾਤੀ ਹੋ ਕੇ ਮੁੱਦਿਆਂ ’ਤੇ ਜਲਦੀ ਪ੍ਰਤੀਕ੍ਰਿਆ ਕਰਦੇ ਹਨ ਅਤੇ ਆਮ ਕਰਕੇ ਇਸ ਪ੍ਰਤੀਕਿਰਿਆ ਵਿਚ ਹੋਸ਼ ਅਤੇ ਮੁੱਦੇ ਦੇ ਪੜਚੋਲ ਦੀ ਘਾਟ ਹੁੰਦੀ ਹੈ। ਇਹ ਵੀ ਇਕ ਇਤਿਹਾਸਿਕ ਸੱਚਾਈ ਹੈ ਕਿ ਨਾ-ਅਹਿਲ ਆਗੂਆਂ ਨੇ ਜਾਣੇ/ਅਨਜਾਣੇ ਸਿੱਖਾਂ ਦੀ ਊਰਜਾ ਨੂੰ ਵਿਅਰਥ ਅਨੇਕਾਂ ਵਾਰ ਬਹਾਇਆ ਹੈ। ਪੰਥ ਦੇ ਸੁਚੇਤ ਤਬਕੇ ਨਾਲ ਜੁੜੀਆਂ ਮੰਨੀਆਂ ਜਾਂਦੀਆਂ ਤਿੰਨ ਵੈਬਸਾਈਟਾਂ ਨੇ ਪਿਛਲੇ ਸਮੇਂ ਵਿਚ ਇਕ ਪ੍ਰਾਜੈਕਟ ਸ਼ੁਰੂ ਕੀਤਾ, ਜਿਸ ਵਿਚ ਪ੍ਰਚਲਤ ਪੰਜ ‘ਤਖਤਾਂ’ ਤੇ ਕਾਬਜ਼ ਪੁਜਾਰੀਆਂ ਕੋਲੋਂ ਸਵਾਲ ਪੁੱਛੇ ਗਏ। ਦੋ ਕੁ ਦਿਨ ਪਹਿਲਾਂ ਇਸ ਪ੍ਰਾਜੈਕਟ ਦੇ ਇਕ ਪੜਾਅ ’ਤੇ ਸਵਾਲਾਂ ਵਾਲੇ ਪੋਸਟਰ ਕੁਝ ਅਖਬਾਰਾਂ ਵਿਚ ਛੱਪਵਾ ਕੇ ਵੱਡੀ ਗਿਣਤੀ ਵਿਚ ਵੰਡਣ ਦੀ ਕਾਰਵਾਈ ਰੂਪੀ ‘ਧਮਾਕਾ ਅਤੇ ਕ੍ਰਾਂਤੀ’ ਬਾਰੇ ਇਨ੍ਹਾਂ ਵੈਬਸਾਈਟਾਂ ’ਤੇ ਖਬਰ ਪੜ੍ਹੀ। 

ਇਸ ਪ੍ਰਾਜੈਕਟ ਦੇ ਸੰਚਾਲਕਾਂ ਅਤੇ ਇਸ ਨੂੰ ਸਿੱਖ ਸੰਗਤਾਂ ਤੱਕ ਪਹੁੰਚਾਉਣ ਲਈ ਜ਼ਮੀਨੀ ਪੱਧਰ ’ਤੇ ਉੱਦਮ ਕਰਨ ਵਾਲਿਆਂ ਦਾ ਉਤਸ਼ਾਹ ਅਤੇ ਮਿਹਨਤ ਸੱਚਮੁੱਚ ਕਾਬਲ-ਏ-ਤਾਰੀਫ ਹੈਪਰ ਅਫਸੋਸਜਨਕ ਸੱਚਾਈ ਇਹ ਹੈ ਕਿ ਇਹ ਪ੍ਰਾਜੈਕਟ ਬਿਨਾਂ ਪੜਚੋਲ, ਦੂਰਦਰਸ਼ਤਾ ਅਤੇ ਸੰਜੀਦਗੀ ਦੇ ਅੱਗੇ ਵਧਾਇਆ ਜਾ ਰਿਹਾ ਹੈ ਕਿ ਇਹ ਗੁਰਮਤਿ ਨੂੰ ਖਤਰਨਾਕ ਹੱਦ ਤੱਕ ਨਕਾਰਨ ਦਾ ਕਾਰਨ ਬਣ ਗਿਆ ਹੈ। ਜਦੋਂ ਇਹ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ ਤਾਂ ਕੁਝ ਸਮੇਂ ਬਾਅਦ ਇਸ ਦੇ ਸੰਚਾਲਕਾਂ ਨੇ ਇਹ ਗਿਲਾ ਕਰਦੀ ਟਿੱਪਣੀ ਕੀਤੀ ਸੀ ਕਿ ਕੋਈ ਉਨ੍ਹਾਂ ਨੂੰ ਸਹਿਯੋਗ ਨਹੀਂ ਕਰ ਰਿਹਾ। 

ਉਸ ਸਮੇਂ ਅਸੀਂ ਇਕ ਖਾਸ ਸੰਪਾਦਕੀ ਲਿੱਖ ਕੇ ਸੁਚੇਤ ਕਰਨ ਦਾ ਯਤਨ ਕੀਤਾ ਸੀ ਕਿ ਇਸ ਪ੍ਰਾਜੈਕਟ ਵਿਚ ਗੁਰਮਤਿ ਅਤੇ ਹੋਰ ਪੱਖਾਂ ਤੋਂ ਕਈਂ ਖਾਮੀਆਂ ਹਨ, ਇਸ ਲਈ ਇਹ ਨੁਕਸਾਨ ਦਾਇਕ ਹੋ ਸਕਦਾ ਹੈ। ਪਰ ਇਸ ਹਾਂ-ਪੱਖੀ ਆਲੋਚਨਾ ਨੂੰ ਸੰਚਾਲਕਾਂ ਨੇ ਹਉਮੈ, ਈਰਖਾ ਆਦਿ ਮਾਨਸਿਕ ਕਮਜ਼ੋਰੀਆਂ ਕਾਰਨ ਅਣਦੇਖਿਆ ਕਰ ਦਿਤਾ। ਨਤੀਜਾ ਜਦੋਂ ਇਹ ਪ੍ਰਾਜੈਕਟ ਜ਼ਮੀਨੀ ਪੱਧਰ ’ਤੇ ਪਹੁੰਚਿਆ ਤਾਂ ਇਹ ਇਕ ਐਸਾ ਦਰਦਨਾਕ ਧਮਾਕਾ ਬਣ ਕੇ ਸਾਹਮਣੇ ਆਇਆ, ਜਿਸ ਨੇ ਸਿੱਖਾਂ ਨੂੰ ਅਕਾਲ ਦੀ ਥਾਂ ਪੁਜਾਰੀਆਂ ਦਾ ਖਾਲਸਾ ਐਲਾਨ ਦਿਤਾ।

ਆਉ, ਇਸ ਸੱਚਾਈ ਤੋਂ ਪਰਦਾ ਉਠਾਉਣ ਲਈ ਖੁੱਲਾ ਵਿਸ਼ਲੇਸ਼ਣ ਕਰਦੇ ਹਾਂ। ਇਸ ਪ੍ਰਾਜੈਕਟ ਦਾ ਆਧਾਰ ਇਕ ਇਸ਼ਤਿਹਾਰ ਹੈ, ਜਿਸ ਵਿਚ ਕਾਬਜ਼ ਪੁਜਾਰੀਆਂ ਨੂੰ ਕੁਝ ਸਵਾਲ ਪੁੱਛੇ ਗਏ ਹਨ। ਇਸ ਨੂੰ ਇਕ ਅਖ਼ਬਾਰ ਵਿਚ ਛਪਵਾ ਕੇ ਵੱਡੀ ਗਿਣਤੀ ਵਿਚ ਵੰਡਣ ਰਾਹੀਂ ਧਮਾਕੇ ਅਤੇ ਕ੍ਰਾਂਤੀ ਦਾ ਦਾਅਵਾ ਕੀਤਾ ਗਿਆ। ਪਰ ਇਹ ਇਸ਼ਤਿਹਾਰ ਆਪ ਹੀ ਗੁਰਮਤਿ ਦੀ ਘੋਰ ਉਲੰਘਣਾ ਕਰਨ ਵਾਲਾ ਅਤੇ ਭ੍ਰਿਸ਼ਟ ਪੁਜਾਰੀਆਂ ਵਿਰੁਧ ਵਿੱਢੇ ਗਏ 

ਸੰਘਰਸ਼ ਦੇ ਦਾਅਵੇ ਨੂੰ ਖੋਖਲਾ ਸਾਬਤ ਕਰਦਾ ਹੈ। ਖ਼ਬਰ ਅਨੁਸਾਰ ਅਖ਼ਬਾਰ ਵਿਚ ਛਪੇ ਇਸ ਇਸ਼ਤਿਹਾਰ ਦੇ ਅੰਗਰੇਜ਼ੀ ਰੂਪ ਦਾ ਸਿਰਲੇਖ ਕੁਝ ਇਸ ਤਰ੍ਹਾਂ ਹੈ:

Questions raised by sikh sangat and jathebandis from all over the world to Jathedars (Religious heads) of Takhats i.e. the supreme religious authorities of Khalsa.

ਭਾਵ ਸੰਸਾਰ ਭਰ ਤੋਂ ਸਿੱਖ ਸੰਗਤ ਅਤੇ ਜੱਥੇਬੰਦੀਆਂ ਵਲੋਂ ਤਖ਼ਤਾਂ, ਜੋ ਕਿ ਖਾਲਸੇ ਦੀਆਂ ਸਰਬਉੱਚ (ਸੁਪਰੀਮ) ਅਥਾਰਟੀਜ਼ ਹਨ, ਦੇ ਜੱਥੇਦਾਰਾਂ (ਧਾਰਮਿਕ ਮੁੱਖੀਆਂ) ਨੂੰ ਸਵਾਲ 

ਇਸ ਸਿਰਲੇਖ ਵਿਚ ਹੇਠ ਲਿਖੇ ਐਲਾਨ ਮਿਲਦੇ ਹਨ।

1. ਪ੍ਰਚਲਤ ਪੰਜ ਤਖ਼ਤ ਖਾਲਸੇ ਦੀਆਂ ਸਰਬਉੱਚ (ਸੁਪਰੀਮ) ਅਥਾਰਟੀਜ਼ ਹਨ।

2. ਪ੍ਰਚਲਤ ਜੱਥੇਦਾਰ ਇਨ੍ਹਾਂ ਤਖ਼ਤਾਂ ਦੇ ਧਾਰਮਿਕ ਮੁੱਖੀ ਹਨ।

ਇਹ ਐਲਾਨ ਕਿਤਨੇ ਗੁਰਮਤਿ ਤੋਂ ਉਲਟ, ਦੁਬਿਧਾਮਈ ਅਤੇ ਗਲਤ ਹਨ, ਇਸ ਦੀ ਥੋੜੀ ਸੰਜੀਦਾ ਪੜਚੋਲ ਕਰ ਲੈਂਦੇ ਹਾਂ। ਗੁਰਬਾਣੀ ਤੋਂ ਸੇਧ ਲਈਏ ਤਾਂ ਪਤਾ ਚਲਦਾ ਹੈ:

ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।   (ਪੰਨਾ 655)

ਭਾਵ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਵਿਚ ਭਿੱਜੇ ਮਨੁੱਖ ਖਾਲਸੇਹਨ। ਇਹ ਸੱਚ ਆਮ ਪ੍ਰਵਾਣਿਤ ਵੀ ਹੈ ਕਿ ਖਾਲਸੇ ਦਾ ਸੰਬੰਧ ਸਿੱਧਾ ‘ਅਕਾਲ’ ਨਾਲ ਹੈ। ਸੋ ਖਾਲਸਿਆਂ ਲਈ ਸਰਬਉੱਚ ਅਤੇ ਸੁਪਰੀਮ ਅਥਾਰਟੀ ਸਿਰਫ਼ ਅਤੇ ਸਿਰਫ਼ ਅਕਾਲ ਪੁਰਖ ਹੈ। ਉਸ ਅਕਾਲ ਦੇ ਗਿਆਨ ਰੂਪ ਦਾ ਸੋਮਾ ਹੋਣ ਕਰਕੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਖਾਲਸੇ ਲਈ ਸੁਪਰੀਮ ਸੇਧ ਹੈ। ਪਰ ਚਰਚਾ ਅਧੀਨ ਪੋਸਟਰ ਵਿਚ: 

1. ਖਾਲਸੇ ਦੀ ਸੁਪਰੀਮ ਅਥਾਰਟੀ ਪੰਜ ਪ੍ਰਚਲਤ ਤਖ਼ਤਾਂ ਨੂੰ ਐਲਾਨਿਆ ਗਿਆ ਹੈ। ਪਹਿਲੀ ਵਾਰ ਇਹ ਸੁਣਨ ਵਿਚ ਆਇਆ ਹੈ ਕਿ ਸੁਪਰੀਮ ਇਕ ਤੋਂ ਵੱਧ ਵੀ ਹੁੰਦਾ ਹੈ। ਨਾਨਕ ਸਰੂਪਾਂ ਨੇ ਮਨੁੱਖ ਨੂੰ ਇਕ ਦੇ ਲੱੜ ਲਾ ਕੇ ਖਾਲਸਾ ਬਣਾਇਆ ਸੀ। ਕੀ ਇਸ ਪ੍ਰਾਜੈਕਟ ਦੇ ਸੰਚਾਲਕ ਉਸ ਖਾਲਸੇ ਨੂੰ ਪੰਜ ਤਖ਼ਤਾਂ ਦੇ ਲੜ੍ਹ ਨਹੀਂ ਲਾ ਰਹੇ?

ਇਹ ਵੀ ਸੱਚਾਈ ਹੈ ਕਿ ਪੰਥ ਦੇ ਸੁਚੇਤ ਤਬਕੇ ਦਾ ਵੱਡਾ ਹਿੱਸਾ ਪੰਜ ਤਖ਼ਤਾਂ ਦੀ ਪ੍ਰਚਲਤ ਸਰਬਉੱਚਤਾ ਦੀ ਥਿਉਰੀ ਨੂੰ ਗੁਰਮਤਿ ਅਨੁਸਾਰੀ ਨਹੀਂ ਮੰਨਦਾ। ਇਸ ਬਾਰੇ ਕਾਲਾ ਅਫਗਾਨਾ ਜੀ ਸਮੇਤ ਕਈਂ ਸੁਚੇਤ ਲੇਖਕ ਲਿੱਖ ਚੁੱਕੇ ਹਨ। ਪ੍ਰੋ. ਦਰਸ਼ਨ ਸਿੰਘ ਜੀ ਵੀ ‘ਅਕਾਲ ਤਖ਼ਤ’ ਸੰਬੰਧੀ ਇਹ ਕਹਿ ਚੁੱਕੇ ਹਨ ਕਿ ਅਕਾਲ ਤਖ਼ਤ ਕੋਈ ਥਾਂ ਵਿਸ਼ੇਸ਼ ਨਹੀਂ, ਇਕ ਫ਼ਲਸਫਾ ਹੈ।

2. ਇਨ੍ਹਾਂ ਪੰਜ ‘ਸੁਪਰੀਮ ਤਖ਼ਤਾਂ’ ਦੇ ਧਾਰਮਿਕ ਮੁੱਖੀ ਪ੍ਰਚਲਤ ਜੱਥੇਦਾਰਾਂ ਨੂੰ ਐਲਾਨਿਆ ਗਿਆ ਹੈ। ਸਪਸ਼ਟ ਹੈ ਪੋਸਟਰ ਮੁਤਾਬਕ ਖਾਲਸੇ ਦੀ ਸੁਪਰੀਮ ਅਥਾਰਿਟੀ (ਤਖ਼ਤਾਂ) ਦੇ ਵੀ ਧਾਰਮਿਕ ਮੁੱਖੀ (ਭਾਵ ਹੋਰ ਵੀ ਸੁਪਰੀਮ) ਇਹ ਜੱਥੇਦਾਰ ਹਨ। ਚੇਤੇ ਰਹੇ ਇਨ੍ਹਾਂ ਮੌਜੂਦਾ ਅਖੌਤੀ ਜੱਥੇਦਾਰਾਂ ਵਿਚ ਗੁਰਬਚਨ ਸਿੰਘ ਆਦਿ ਲੋਕ ਸ਼ਾਮਿਲ ਹਨ, ਜੋ ਪੋਸਟਰ ਅਨੁਸਾਰ ਖਾਲਸੇ ਦੇ ਸੁਪਰੀਮ ਧਾਰਮਕ ਮੁੱਖੀ ਮੰਨੇ ਗਏ ਹਨ। ਜਦਕਿ ਸੱਚਾਈ ਇਹ ਹੈ ਕਿ ਤਖ਼ਤਾਂ ਦੇ ਨਾਮ ਹੇਠ ਸਿੱਖ ਸਮਾਜ ਵਿਚ ਪ੍ਰਚਲਤ ਕਰ ਦਿਤੀ ਗਈ ਵਿਵਸਥਾ ’ਤੇ ਰਾਜਨੀਤਕਾਂ ਦੀ ਸ਼ਹਿ ’ਤੇ ਕਾਬਜ਼ ਇਹ ਪੁਜਾਰੀ ਹਨ, ਖਾਲਸੇ ਦੇ ਧਾਰਮਿਕ ਮੁੱਖੀ ਨਹੀਂ। ਸਿਧਾਂਤਕ ਤੌਰ ’ਤੇ ਖਾਲਸੇ ਦਾ ਧਾਰਮਿਕ ਮੁੱਖੀ ਸਿਰਫ਼ ਤੇ ਸਿਰਫ਼ ਪ੍ਰਭੂ ਆਪ ਹੈ ਅਤੇ ਸੇਧ ਉਸ ਦਾ ਗਿਆਨ ਰੂਪ ‘ਸ਼ਬਦ’ ਹੈ, ਜਿਸ ਦਾ ਸੋਮਾ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਹਨ।

ਕੀ ਇਕ ਅਕਾਲ ਪੁਰਖ ਦੀ ਬਜਾਏ ਕਿਸੇ ਥਾਂ ਵਿਸ਼ੇਸ਼ ਨੂੰ ਖਾਲਸੇ ਦੀ ਸੁਪਰੀਮ ਧਾਰਮਿਕ ਅਥਾਰਟੀ ਅਤੇ ਉਨ੍ਹਾਂ ਥਾਵਾਂ ’ਤੇ ਕਾਬਜ਼ ਪੁਜਾਰੀਆਂ ਨੂੰ ਖਾਲਸੇ ਦੇ ਧਾਰਮਿਕ ਮੁੱਖੀ ਐਲਾਨਣਾ ਗੁਰਮਤਿ ਨੂੰ ਪਿੱਠ ਵਿਖਾਉਣਾ ਨਹੀਂ? ਕੀ ਅਕਾਲ ਦੀ ਥਾਂ ਪੁਜਾਰੀਆਂ ਨੂੰ ਸੁਪਰੀਮ ਮੰਨਦਾ ਐਲਾਨਣਾ ਆਤਮਕ ਗੁਨਾਹ ਨਹੀਂ?

ਇਨ੍ਹਾਂ ਪੁਜਾਰੀਆਂ ਨੂੰ ‘ਜੱਥੇਦਾਰ’ ਕਹਿਣ ਦੀ ਪ੍ਰੰਪਰਾ ਵੀ ਪੜਚੋਲ ਮੰਗਦੀ ਹੈ। ਜੱਥੇ ਦਾ ਮਤਲਬ ਹੁੰਦਾ ਹੈ ਕਿ ਗਰੁੱਪ ਜੋ ਕਿਸੇ ਮਕਸਦ ਵਿਸ਼ੇਸ਼ ਨੂੰ ਸਮਰਪਤ ਹੁੰਦਾ ਹੈ। ਐਸੇ ਗਰੁੱਪ ਦਾ ਆਗੂ ਜੱਥੇਦਾਰ ਕਹਾਉਂਦਾ ਹੈ। 1708 ਤੋਂ ਬਾਅਦ ਦੇ ਹਾਲਾਤਾਂ ਵਿਚ ਐਸੇ ਅਨੇਕਾਂ ਸਮੂਹ ਸਿੱਖਾਂ ਵਿਚ ਬਣ ਗਏ ਸਨ, ਜਿਨ੍ਹਾਂ ਦੇ ਆਗੂ ਜੱਥੇਦਾਰ ਕਹਿਲਾਉਂਦੇ ਸਨ। ਕਿਸੇ ਧਾਰਮਿਕ ਅਸਥਾਨ ਦੇ ਪੁਜਾਰੀ ਨੂੰ ‘ਜੱਥੇਦਾਰ’ ਕਹਿਣਾ ਗਲਤ ਹੈ। ਇਹ ਕਚਿਹਰੀ ਰੂਪ ਪੰਜ ਜੱਥੇਦਾਰੀ ਵਿਵਸਥਾ ਸਿੱਖ ਸਮਾਜ ਵਿਚ ਭ੍ਰਿਸ਼ਟ ਹਾਕਮ-ਪੁਜਾਰੀ ਗਠਜੋੜ ਦੀ ਪਕੜ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਜਾਪਦੀ ਹੈ।

ਇਹ ਤਾਂ ਗੱਲ ਹੋਈ ਇਸ ਪ੍ਰਾਜੈਕਟ ਦੇ ਆਧਾਰ ਵਜੋਂ ਜਾਰੀ ਕੀਤੇ ਪੋਸਟਰ ਦੇ ਸਿਰਲੇਖ ਵਿਚ ਗੁਰਮਤਿ ਸਿਧਾਂਤ ਪੱਖੋਂ ਕੀਤੀ ਬਜਰ ਕੁਤਾਹੀਆਂ (ਗਲਤੀ) ਦੀ। ਹੁਣ ਅੱਗੇ ਗੱਲ ਕਰਦੇ ਹਾਂ ਇਸ ਪੋਸਟਰ ਵਿਚ ਦਿੱਤੇ ਸਵਾਲਾਂ ਦੀ ਪ੍ਰਸੰਗਤਾ ਬਾਰੇ। 

ਇਸ ਪੋਸਟਰ ਵਿਚ ਦਿੱਤੇ ਬਹੁਤੇ ਸਵਾਲਾਂ ਵਿਚ ਪ੍ਰਚਲਤ ਸਿੱਖ ਰਹਿਤ ਮਰਿਯਾਦਾ ਅਤੇ ਅਕਾਲ ਤਖ਼ਤ ਦੇ ਨਾਮ ਤੇ ਸਮੇਂ-ਸਮੇਂ ਜਾਰੀ ਹੋਏ ‘ਹੁਕਮਨਾਮਿਆਂ’ ਨੂੰ ਕਸਵੱਟੀ ਬਣਾਇਆ ਗਿਆ ਹੈ।

ਸੰਜੀਦਗੀ, ਸੁਚੇਤਤਾ ਅਤੇ ਦੂਰ-ਦ੍ਰਿਸ਼ਟੀ ਇਸ ਗੱਲ ਦੀ ਮੰਗ ਕਰਦੀ ਹੈ ਕਿ ਕਸਵੱਟੀ ਆਪ ਸ਼ੁੱਧ ਅਤੇ ਪੂਰਨ ਹੋਵੇ।

ਸੋ ਐਸੇ ਸਵਾਲਾਂ ਲਈ ਇਕੋ-ਇਕ ਪ੍ਰਮਾਣਿਕ ਕਸਵੱਟੀ ਗੁਰਮਤਿ ਬਣਦੀ ਹੈ। ਪੰਥ ਦੇ ਸੁਚੇਤ ਤਬਕੇ ਵਿਚ ਇਸ ਗੱਲ ’ਤੇ ਲਗਭਗ ਸਹਿਮਤੀ ਹੈ ਕਿ ਪ੍ਰਚਲਤ ਸਿੱਖ ਰਹਿਤ ਮਰਿਯਾਦਾ ਵਿਚ ਕਈਂ ਕਮੀਆਂ ਹਨ ਅਤੇ ਇਸ ਵਿਚ ਸੁਧਾਰ ਦੀ ਲੋੜ ਹੈ। ਗਿਆਨੀ ਭਾਗ ਸਿੰਘ ਜੀ ਅੰਬਾਲਾ ਤੋਂ ਸ਼ੁਰੂ ਕਰ ਕੇ, ਹੁਣ ਪ੍ਰੋ. ਦਰਸ਼ਨ ਸਿੰਘ ਜੀ ਵਲੋਂ ਵੀ ਐਸੇ ਸੁਧਾਰ ਦੀ ਲੋੜ ਨੂੰ ਸਵੀਕਾਰ ਕੀਤਾ ਜਾ ਰਿਹਾ ਹੈ। 

ਜਿਹੜੀ ਮਰਿਯਾਦਾ ਆਪ ਹੀ ਅਸੀਂ ਪੂਰਨ ਸਹੀ ਨਹੀਂ ਮੰਨਦੇ, ਉਸ ਨੂੰ ਸਵਾਲ ਪੁੱਛਣ ਲਈ ਕਸਵੱਟੀ ਬਣਾਉਣਾ ਕਿਵੇਂ ਜਾਇਜ਼ ਹੈ? ਕੀ ਇਹ ਦੁਬਿਧਾਮਈ ਪਹੁੰਚ ਨਹੀਂ? ‘ਹੁਕਮਨਾਮਿਆਂ’ ਦੀ ਕਸਵੱਟੀ ਦਾ ਵੀ ਹਾਲ ਕੁਝ ਐਸਾ ਹੀ ਹੈ। ਅਕਾਲ ਤਖ਼ਤ ਦੇ ਨਾਮ ’ਤੇ ਪ੍ਰਚਲਤ ਵਿਵਸਥਾ ਹੇਠ ਬਹੁਤੇ ਆਦੇਸ਼ ਐਸੇ ਹਨ, ਜਿਨ੍ਹਾਂ ਨੂੰ ਪੰਥ ਦਾ ਸੁਚੇਤ ਤਬਕਾ ਗਲਤ ਮੰਨਦਾ ਹੈ ਅਤੇ ਮਾਨਤਾ ਨਹੀਂ ਦਿੰਦਾ। ਫੇਰ ਐਸੇ ਆਦੇਸ਼ਾਂ ਨੂੰ ਸਵਾਲਾਂ ਲਈ ਕਸਵੱਟੀ ਬਣਾਉਣਾ ਗੁਰਮਤਿ ਸਿਧਾਂਤ ਨੂੰ ਪਿੱਠ ਵਿਖਾਉਂਦੀ ਦੁਬਿਧਾਮਈ ਪਹੁੰਚ ਨਹੀਂ ? 

ਚੇਤੇ ਰਹੇ ਜੋਗਿੰਦਰ ਸਿੰਘ ਜੀ ਸਪੋਕਸਮੈਨ ਅਤੇ ਪ੍ਰੋ. ਦਰਸ਼ਨ ਸਿੰਘ ਜੀ ਨੂੰ ਛੇਕਣ ਦੇ ਆਦੇਸ਼ ਵੀ ਉੱਸੇ ਵਿਵਸਥਾ ਦੇ ਜਾਰੀ ਕੀਤੇ ਹੋਏ ਹਨ, ਜਿਸ ਵਿਵਸਥਾ ਦੇ ‘ਹੁਕਮਨਾਮਿਆਂ’ ਨੂੰ ਸੰਚਾਲਕ ਸਵਾਲਾਂ ਦੀ ਕਸਵੱਟੀ ਬਣਾ ਰਹੇ ਹਨ। ਗੁਰਮਤਿ ਦੀ ਥਾਂ ਕੱਚੀਆਂ ਕਸਵੱਟੀਆਂ ’ਤੇ ਖੜੇ ਕੀਤੇ ਪ੍ਰਾਜੈਕਟ ਕਿਵੇਂ ਸਹੀ ਨਤੀਜੇ ਸਾਹਮਣੇ ਲਿਆ ਸਕਦੇ ਹਨ? 

ਹਾਂ, ਐਸੇ ਪ੍ਰਾਜੈਕਟ ਸਿੱਖਾਂ ਦੇ ਹੋਰ ਕੰਮਾਂ ਵਾਂਗੂ ਊਰਜਾ ਵਿਅਰਥ ਗੁਆਉਣ ਦਾ ਕੰਮ ਬਾਖੂਬੀ ਕਰ ਸਕਦੇ ਹਨ।

ਟਾਈਗਰ ਜਥਾ, ਖਾਲਸਾ ਨਿਉਜ਼, ਸਿੰਘ ਸਭਾ ਯੂ ਐਸ ਏ ਵਲੋਂ ਜਾਰੀ ਕੀਤੇ ਇਸ ਪੋਸਟਰ ਦੇ ਹੇਠਾਂ ‘ਸਮਰਥਕ ਜਥੇਬੰਦੀਆਂ’ ਦੀ ਇਕ ਸੂਚੀ ਵੀ ਦਿੱਤੀ ਗਈ ਹੈ। ਕੀ ਇਨ੍ਹਾਂ ‘ਜਥੇਬੰਦੀਆਂ’ ਦੇ ਜੱਥੇਦਾਰਾਂ ਅਤੇ ਹੋਰ ਮੁੱਢਲੇ ਮੈਂਬਰਾਂ ਨੇ ਗੁਰਮਤਿ ਸਿਧਾਂਤਾਂ ਦਾ ਬਜਰ ਘਾਣ ਕਰਦੇ ਇਸ ਪੋਸਟਰ ਦੀ ਸਮਰਥਨ ਤੋਂ ਪਹਿਲਾਂ ਪੜਚੋਲ ਨਹੀਂ ਕੀਤੀ? ਖਾਲਸਾ ਨਿਉਜ਼ ਵੈਬਸਾਈਟ ’ਤੇ ਲੱਗੀ ਇਸ ‘ਧਮਾਕਾਖੇਜ਼ ਖਬਰ’ ਦੇ ਹੇਠਾਂ ਪੰਥ ਦੇ ਸੁਚੇਤ ਤਬਕੇ ਨਾਲ ਜੁੜੇ ਕੁਝ ਸੱਜਣਾਂ ਨੇ ਤਾਰੀਫ ਅਤੇ ਹੌਂਸਲਾ ਅਫਜ਼ਾਈ ਦੇ ਕਮੈਂਟਸ ਪਾਏ ਹਨ। ਕੀ ਉਨ੍ਹਾਂ ਵਿਚੋਂ ਕਿਸੇ ਨੇ ਵੀ ਪੋਸਟਰ ਵਿਚਲੀ ਗੁਰਮਤਿ ਵਿਰੋਧੀ ਸਾਮੱਗਰੀ ਦੀ ਪੜਚੋਲ ਕਰਨੀ ਜ਼ਰੂਰੀ ਨਹੀਂ ਸਮਝੀ? ਇਸ ਪਹੁੰਚ ਨੂੰ ਵੇਖ ਕੇ ‘ਗੁਰ ਬਿਲਾਸ ਪਾ: 6’ ਕਿਤਾਬ ਦੇ ਪ੍ਰਕਾਸ਼ਨ ਦੀ ਘਟਨਾ ਚੇਤੇ ਆ ਜਾਂਦੀ ਹੈ। ਜੋਗਿੰਦਰ ਸਿੰਘ ਵੇਦਾਂਤੀ ਨੇ ਨੱਬੇ ਦੇ ਦੌਰ ਵਿਚ ‘ਗੁਰ ਬਿਲਾਸ ਪਾ: 6’ ਪੁਸਤਕ ਨੂੰ ਸੰਪਾਦਨ ਕਰਕੇ ਮੁੜ-ਪ੍ਰਕਾਸ਼ਤ ਕੀਤਾ। ਇਸ ਕਿਤਾਬ ਦੇ ਸ਼ੁਰੂ ਵਿਚ ਸਿੱਖ ਸਮਾਜ  ਦੀਆਂ ਕਈਂ ਮਸ਼ਹੂਰ ਸ਼ਖਸੀਅਤਾਂ ਨੇ ਤਾਰੀਫ ਵਿਚ ਕਸੀਦੇ ਲਿਖੇ। ਪਰ ਜਦੋਂ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਨੇ ਇਸ ਪੁਸਤਕ ਵਿਚਲੀਆਂ ਗੁਰਮਤਿ ਵਿਰੋਧੀ ਅਤੇ ਨਾਨਕ ਸਰੂਪਾਂ ਨੂੰ ਕਲੰਕਿਤ ਕਰਦੀ ਸਾਮੱਗਰੀ ਦਾ ਪਰਦਾਫਾਸ਼ ਕੀਤਾ ਤਾਂ ਕਈਂ ਕਸੀਦੇ ਲਿਖਣ ਵਾਲੇ ਕਹਿ ਗਏ ਕਿ ਅਸੀਂ ਤਾਂ ਪੁਸਤਕ ਪੜ੍ਹੀ ਹੀ ਨਹੀਂ ਜਾਂ ਸਾਡੇ ਨਾਮ ’ਤੇ ਆਪੇ ਹੀ ਤਾਰੀਫਾਂ ਲਿੱਖ ਲਈਆਂ ਗਈਆਂ। ਪਰ ਬਿਨਾਂ ਪੜਚੋਲ ਦੇ ਸਮਰਥਨ ਕਰਨ ਦੀ ਇਸ ਗਲਤ ਰੁਚੀ ਦਾ ਪੰਥ ਦੇ ਸੁਚੇਤ ਮੰਨੇ ਜਾਂਦੇ ਤਬਕੇ ਵਿਚ ਵੀ ਪਾਇਆ ਜਾਣਾ ਅਫਸੋਸਜਨਕ ਹੈ।

ਇਸ ਪ੍ਰਾਜੈਕਟ ਦੇ ਸੰਚਾਲਕਾਂ ਦੀ ਦੁਬਿਧਾ ਅਤੇ ਅਸਪਸ਼ਟਤਾ ਵੀ ਦਿਲਚਸਪ ਹੈ। ਇਕ ਮੁੱਖ ਸੰਚਾਲਕ (ਸੰਪਾਦਕ ਖਾਲਸਾ ਨਿਉਜ਼) ਆਪਣੇ ਸੰਪਾਦਕੀਆਂ ਵਿਚ ਇਨ੍ਹਾਂ ਪੁਜਾਰੀਆਂ ਨੂੰ ਆਮ ‘ਪੱਪੂ’ ਲਿਖਦੇ ਹਨ, ਪਰ ਪੋਸਟਰ ਵਿਚ ਉਹੀ ਪੁਜਾਰੀ ‘ਖਾਲਸੇ ਦੀਆਂ ਸੁਪਰੀਮ ਅਥਾਰਟੀਜ਼ ਦੇ ਧਾਰਮਿਕ ਮੁੱਖੀ’ ਐਲਾਨਦੇ ਪਏ ਹਨ। 

ਪਾਠਕਾਂ ਨੂੰ ਯਾਦ ਹੋਵੇਗਾ ਕਿ ਇਸ ਪ੍ਰਾਜੈਕਟ ਦੇ ਸੰਚਾਲਕਾਂ ਅਤੇ ਸਿਹਿਯੋਗੀਆਂ ਵਲੋਂ ਪ੍ਰੋ. ਧੂੰਦਾ ਦੇ ਪੁਜਾਰੀਆਂ ਸਾਹਮਣੇ ਪੇਸ਼ ਹੋਣ ਵਾਲੇ ਫੈਸਲੇ ਨੂੰ ਗਲਤ ਦੱਸਦਿਆਂ ਵਿਰੋਧੀ ਪ੍ਰਚਾਰ ਕੀਤਾ ਗਿਆ ਸੀ। ਪ੍ਰੋ. ਧੂੰਦਾ ਦਾ ਪੇਸ਼ ਹੋਣਾ ਬੇਸ਼ਕ ਗਲਤ ਸੀ ਕਿਉਂਕਿ ਉਸ ਨਾਲ ਪੁਜਾਰੀਆਂ ਦੀ ਗਲਤ ਪ੍ਰਚਲਤ ਵਿਵਸਥਾ ਨੂੰ ਪ੍ਰੋੜਤਾ ਮਿਲਦੀ ਸੀ ਅਤੇ ਪੰਥ ਦੇ ਸੁਚੇਤ ਤਬਕੇ ਵਲੋਂ ਉਸ ਗਲਤ ਵਿਵਸਥਾ ਨੂੰ ਨਕਾਰਨ ਦੇ ਇਨਕਲਾਬ ਨੂੰ ਪਿੱਠ ਵਿਖਾਉਣਾ ਸੀ। ਪਰ ਹੁਣ ਆਪਣੇ ਇਸ ਪ੍ਰਾਜੈਕਟ ਵਿਚ ਇਹ ਸੰਚਾਲਕ ਆਪ ਹੀ ਉਨ੍ਹਾਂ ਪੁਜਾਰੀਆਂ ਨੂੰ ਖਾਲਸੇ ਦੇ ਸੁਪਰੀਮ ਧਾਰਮਿਕ ਮੁੱਖੀ ਐਲਾਨ ਕੇ ਇਸ ਭ੍ਰਿਸ਼ਟ ਵਿਵਸਥਾ ਨੂੰ ਮਾਨਤਾ ਦੇ ਰਹੇ ਹਨ। ਇਹ ਦੋਗਲੀ ਪਹੁੰਚ ਅਤੇ ਸਮਝ ਸਹੀ ਨਤੀਜੇ ਕਿਵੇਂ ਲਿਆ ਸਕਦੀ ਹੈ ?

ਸਿੱਖ ਸਮਾਜ ਵਿਚੋਂ ਪੁਜਾਰੀਆਂ ਦੀ ਪਕੜ ਢਿੱਲੀ ਕਰ ਕੇ ਸੁਚੇਤਤਾ ਲਿਆਉਣ ਦੇ ਦਾਅਵੇ ਨਾਲ ਚਲਾਏ ਜਾ ਰਹੇ ਇਸ ਪ੍ਰਾਜੈਕਟ ਦੇ ਸੰਚਾਲਕਾਂ ਵਲੋਂ ‘ਅਕਾਲ ਦੇ ਖਾਲਸੇ’ ਨੂੰ ‘ਪੁਜਾਰੀਆਂ ਦਾ ਖਾਲਸਾ’ ਮੰਨ ਲੈਣ ਦੀ ਗਲਤ ਪਹੁੰਚ ਵੇਖ ਕੇ ‘ਸ਼ਾਹ ਮੁਹੰਮਦ’ ਦੀ ਲਿਖਤ ‘ਜੰਗਨਾਮਾ ਸਿੰਘਾਂ ਅਤੇ ਫਰੰਗੀਆਂ’ ਦੇ ਇਹ ਅੰਸ਼ ਜ਼ਹਿਨ ਵਿਚ ਤਾਜ਼ਾ ਹੋ ਜਾਂਦੇ ਹਨ, ਕਿਉਂਕਿ ਪੁਜਾਰੀ ਤਾਂ ਚਾਹੁੰਦੇ ਹਨ ਕਿ ਖਾਲਸਾ ਸਾਡੀ ਸੁਪਰੀਮਤਾ ਮੰਨੇ।

ਘਰੋਂ ਗਏ ਫਰੰਗੀ ਦੇ ਮਾਰਨੇ ਨੂੰ, ਬੇੜੇ ਤੋਪਾਂ ਦੇ ਸਭ ਖੁਹਾਇ ਆਇ।

ਛੇੜ ਆਫਤਾਂ ਨੂੰ ਮਗਰ ਲਾਇਉ ਨੇ, ਸਗੋਂ ਆਪਣਾ ਆਪ ਗਵਾਏ ਆਇ।

ਖੁਸ਼ੀ ਵਸਦਾ ਸ਼ਹਿਰ ਲਾਹੌਰ ਸਾਰਾ, ਸਗੋਂ ਕੁੰਜੀਆਂ ਹੱਥ ਫੜਾਇ ਆਏ।

ਸ਼ਾਹ ਮੁਹੰਮਦਾ ਕਹਿੰਦੇ ਨੇ ਲੋਕ ਸਿੰਘ ਜੀ, ਤੁਸੀਂ ਚੰਗੀਆਂ ਪੂਰੀਆਂ ਪਾਇ ਆਇ।

ਗੁਰਮਤਿ ਵਰਗੀ ਲਾਸਾਨੀ ਅਤੇ ਪੂਰਨ ਕਸਵੱਟੀ ਦੀ ਥਾਂ ਰਹਿਤ ਮਰਿਯਾਦਾ ਅਤੇ ਅਖੌਤੀ ਹੁਕਮਨਾਮਿਆਂ ਜਿਹੀਆਂ ਕੱਚੀਆਂ ਕਸਵੱਟੀਆਂ ਦੇ ਆਧਾਰ ’ਤੇ ਚਲਾਏ ਜਾ ਰਹੇ ਪ੍ਰਾਜੈਕਟ ਵਿਚ ਸਾਹਮਣੇ ਆ ਰਹੇ ਸਿਧਾਂਤਕ ਘਾਣ ਦੀ ਹਾਲਤ ਬਿਆਨ ਕਰਦੇ ਕੁਝ ਗੁਰਵਾਕ ਹਨ:

ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥

ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥  (ਪੰਨਾ 1372)

ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥

ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥  (ਪੰਨਾ 1376)

ਜਦੋਂ ਇਹ ਪ੍ਰਾਜੈਕਟ ਸੰਚਾਲਕਾਂ ਵਲੋਂ ਸ਼ੁਰੂ ਕਰਕੇ, ਕੁਝ ਦਿਨਾਂ ਬਾਅਦ ਹੀ ਸਹਿਯੋਗ ਨਾ ਕਰਨ ਦਾ ਗਿਲਾ ਸ਼ਿਕਵਾ ਕੀਤਾ ਗਿਆ ਸੀ ਤਾਂ ਤੱਤ ਗੁਰਮਤਿ ਪਰਿਵਾਰ ਨੇ ਆਪਣਾ ਫਰਜ਼ ਸਮਝਦੇ ਹੋਏ, ਇਸ ਪ੍ਰਾਜੈਕਟ ਵਿਚਲੀਆਂ ਕੱਚੀਆਈਆਂ ਅਤੇ ਗੁਰਮਤਿ ਵਿਰੋਧੀ ਪਹੁੰਚ ਦੇ ਵਿਸ਼ਲੇਸ਼ਣ ਰਾਹੀਂ ਸੁਚੇਤ ਕਰਨ ਦੇ ਮਕਸਦ ਨਾਲ ਇਕ ਲੇਖ ਲਿਖਿਆ ਸੀ, ਜੋ ਹੇਠ ਲਿਖੇ ਲਿੰਕ ’ਤੇ ਪੜ੍ਹਿਆ ਜਾ ਸਕਦਾ ਹੈ:

http://tattgurmat.org/sampadki/2/Detail-49.aspx#.UfKn0tI_ugs

ਪਰ ਸ਼ਾਇਦ ਨਫਰਤ, ਈਗੋ ਅਤੇ ਈਰਖਾ ਆਦਿ ਕਮਜ਼ੋਰੀਆਂ ਦੇ ਪ੍ਰਭਾਵ ਹੇਠ ਸੰਚਾਲਕਾਂ ਨੇ ਉਸ ਸੁਹਿਰਦ ਵਿਸ਼ਲੇਸ਼ਣ ਨੂੰ, ਨਿੱਜੀ ਵਿਰੋਧ ਸਮਝ ਕੇ, ਅਣਗੌਲਿਆਂ ਕਰ ਦਿੱਤਾ। ਨਤੀਜਾ ਇਹ ਕਿ ਹੁਣ ਪ੍ਰਾਜੈਕਟ ਸਿੱਖਾਂ ਨੂੰ ‘ਪੁਜਾਰੀਆਂ ਦਾ ਖਾਲਸਾ’ ਐਲਾਨਣ ਦੀ ਗੁਰਮਤਿ ਵਿਰੋਧੀ ਪਹੁੰਚ ਦੇ ਰੂਪ ਵਿਚ ਸਾਹਮਣੇ ਆਇਆ ਹੈ। ਆਮ ਧਮਾਕਿਆਂ ਵਿਚ ਜਾਨ ਮਾਲ ਦਾ ਨੁਕਸਾਨ ਹੁੰਦਾ ਹੈ, ਇਸ  ਧਮਾਕੇ ਨਾਲ ਸਿੱਖਾਂ ਦੀ ਗੁਰਮਤਿ ਸਮਝ ਨੂੰ ਗਲਤ ਪੇਸ਼ ਕਰਨ ਰੂਪੀ ਸਿਧਾਂਤਕ ਨੁਕਸਾਨ ਹੋਇਆ ਹੈ।

ਹੁਣ ਵੀ ਆਪਣਾ ਫਰਜ਼ ਪਛਾਣਦੇ ਹੋਏ ਅਸੀਂ ਇਕ ਵਾਰ ਫੇਰ ਇਸ ਪ੍ਰਾਜੈਕਟ ਦੇ ਸੰਚਾਲਕਾਂ, ਸਮਰਥਕਾਂ ਅਤੇ ਪਾਠਕਾਂ ਨੂੰ ਸੁਚੇਤ ਕਰਨ ਦੇ ਮਕਸਦ ਨਾਲ ਇਹ ਸੁਹਿਰਦ ਵਿਸ਼ਲੇਸ਼ਣ ਕਰਨ ਦਾ ਯਤਨ ਕੀਤਾ ਹੈ ਤਾਂ ਕਿ ਅਸੀਂ ਗੁਰਮਤਿ ਪ੍ਰਚਾਰ ਦੇ ਨਾਮ ’ਤੇ ਸਿਧਾਂਤਕ ਸਮਝ ਦਾ ਘਾਣ ਕਰਨ ਵਾਲੇ ਪਾਸੇ ਹੀ ਨਾ ਤੁਰ ਪਈਏ। 

ਅਸੀਂ ਗੁਰਮਤਿ ਦੇ ਪ੍ਰਚਾਰ ਅਤੇ ਸੁਚੇਤਤਾ ਲਿਆਉਣ ਲਈ ਚਲਾਏ ਹਰ ਪ੍ਰਾਜੈਕਟ ਦੀ ਕਦਰ ਅਤੇ ਸਮਰਥਨ ਕਰਦੇ ਹਾਂ ਪਰ ਜ਼ਰੂਰੀ ਹੈ ਕਿ ਐਸੇ ਪ੍ਰਾਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਗੁਰਮਤਿ ਦੀ ਕਸਵੱਟੀ ’ਤੇ ਪਰਖ ਲਿਆ ਜਾਵੇ। 

ਇਸ ਲਈ ਸੰਚਾਲਕਾਂ ਦਾ ਸੁਹਿਰਦ, ਦੂਰਦ੍ਰਿਸ਼, ਸੰਜੀਦਾ, ਸਪਸ਼ਟ ਅਤੇ ਦੁਬਿਧਾ ਮੁਕਤ ਹੋਣਾ ਜ਼ਰੂਰੀ ਹੈ। ਨਾਲ ਹੀ ਸਾਨੂੰ ਹਰ ਪ੍ਰਾਜੈਕਟ ਜਾਂ ਉਪਰਾਲੇ ਦਾ ਸਮਰਥਨ ਕਰਨ ਤੋਂ ਪਹਿਲਾਂ ਗੁਰਮਤਿ ਵਿਸ਼ਲੇਸ਼ਣ ਕਰਨ ਦੀ ਰੂਚੀ ਅਪਨਾਉਣੀ ਚਾਹੀਦੀ ਹੈ। ਸਿਰਫ ਕਾਰਗੁਜ਼ਾਰੀਆਂ ਖਾਤੇ ਵਿਚ ਪਾਉਣ ਦੀ ਲਾਲਸਾ ਨਾਲ, ਬਿਨਾਂ ਗੁਰਮਤਿ ਪੜਚੋਲ ਅਤੇ ਸੰਜੀਦਗੀ ਦੇ, ਉਪਰਾਲੇ ਸ਼ੁਰੂ ਕਰ ਕੇ ਅਸੀਂ ਆਪਣੀ ਅਤੇ ਸੰਗਤ ਦੀ ਊਰਜਾ ਵਿਅਰਥ ਕਰਨ ਦੇ ਨਾਲ-ਨਾਲ ਗੁਰਮਤਿ ਬਾਰੇ ਗਲਤ ਸੰਦੇਸ਼ ਪੇਸ਼ ਕਰਨ ਦਾ ਕਾਰਨ ਵੀ ਬਣ ਸਕਦੇ ਹਾਂ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ

27/07/13

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.