ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਪੰਜਾਬ ਦੇ ਮਾਹੌਲ ‘ਚ ਤੇਜ਼ੀ ਨਾਲ ਬਦਲ ਰਹੇ ਸਿਆਸੀ ਤੇਵਰ
ਪੰਜਾਬ ਦੇ ਮਾਹੌਲ ‘ਚ ਤੇਜ਼ੀ ਨਾਲ ਬਦਲ ਰਹੇ ਸਿਆਸੀ ਤੇਵਰ
Page Visitors: 2472

ਪੰਜਾਬ ਦੇ ਮਾਹੌਲ ‘ਚ ਤੇਜ਼ੀ ਨਾਲ ਬਦਲ ਰਹੇ ਸਿਆਸੀ ਤੇਵਰ

Posted On 07 Sep 2016
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪਿਛਲੇ ਕੁਝ ਹਫਤਿਆਂ ਤੋਂ ਅਜਿਹੀਆਂ ਤੇਜ਼-ਤਰਾਰ ਅਤੇ ਅਣਕਿਆਸੀਆਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਨੇ ਪੰਜਾਬ ਦੇ ਸਿਆਸੀ ਮਾਹੌਲ ਨੂੰ ਹੀ ਡੂੰਘੇ ਰੂਪ ਵਿਚ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਅੰਦਰ ਅਗਲੇ 4-5 ਮਹੀਨਿਆਂ ਬਾਅਦ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਸ ਵੇਲੇ ਸਾਰਾ ਮਾਹੌਲ ਚੋਣਾਂ ਦੁਆਲੇ ਕੇਂਦਰਿਤ ਹੈ। ਵਿਦੇਸ਼ਾਂ ਵਿਚ ਬੈਠੇ ਪ੍ਰਵਾਸੀ ਪੰਜਾਬੀ ਵੀ ਪੰਜਾਬ ਵਿਚ ਵਾਪਰ ਰਹੀਆਂ ਘਟਨਾਵਾਂ ਨੂੰ ਬੜੇ ਗਹੁ ਨਾਲ ਵੇਖ ਰਹੇ ਹਨ। ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਇਸ ਵਰ੍ਹੇ ਦੇ ਨਵੰਬਰ ਮਹੀਨੇ ਹੋਣ ਵਾਲੀਆਂ ਹਨ, ਪਰ ਪ੍ਰਵਾਸੀ ਪੰਜਾਬੀਆਂ ਦਾ ਧਿਆਨ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਦੀ ਬਜਾਏ ਪੰਜਾਬ ਦੀਆਂ ਚੋਣਾਂ ਵੱਲ ਵਧੇਰੇ ਕੇਂਦਰਿਤ ਹੋਇਆ ਨਜ਼ਰ ਆ ਰਿਹਾ ਹੈ। ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਇਹ ਗੱਲ ਕਿਸੇ ਤੋਂ ਲੁਕੀ-ਛਿਪੀ ਨਹੀਂ ਕਿ ਰਾਜ ਅੰਦਰ ਤਬਦੀਲੀ ਦੀ ਲਹਿਰ ਬੜੀ ਤੇਜ਼ੀ ਨਾਲ ਵੱਗ ਰਹੀ ਹੈ। ਲੋਕ ਸੱਤਾ ਵਿਚ ਤਬਦੀਲੀ ਕਰਕੇ ਤੀਜੀ ਉੱਭਰ ਰਹੀ ਨਵੀਂ ਧਿਰ ਆਮ ਆਦਮੀ ਪਾਰਟੀ ਨੂੰ ਅੱਗੇ ਲਿਆਉਣ ਲਈ ਪੂਰੀ ਤਰ੍ਹਾਂ ਤੱਤਪਰ ਹੋਏ ਦਿਖਾਏ ਦਿੰਦੇ ਰਹੇ ਹਨ। ਪ੍ਰਵਾਸੀ ਪੰਜਾਬੀਆਂ ਅੰਦਰ ਵੀ ਵੱਡੇ ਪੱਧਰ ‘ਤੇ ਆਮ ਆਦਮੀ ਪਾਰਟੀ ਪ੍ਰਤੀ ਉਲਾਰ ਨਜ਼ਰ ਆਉਂਦਾ ਰਿਹਾ ਹੈ। ਪਰ ਪਿਛਲੇ ਦਿਨਾਂ ਦੌਰਾਨ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਨੇ ਲੋਕਾਂ ਨੂੰ ਇਕ ਕਦਮ ਰੁੱਕ ਕੇ ਸੋਚਣ ਲਈ ਮਜਬੂਰ ਕੀਤਾ ਹੈ। ਸਭ ਤੋਂ ਪਹਿਲੀ ਵੱਡੀ ਘਟਨਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਪਾਰਟੀ ਦੇ ਪੰਜਾਬ ਕਨਵੀਨਰ ਸ. ਸੁੱਚਾ ਸਿੰਘ ਛੋਟੇਪੁਰ ਨੂੰ ਕਨਵੀਨਰ ਦੇ ਅਹੁਦੇ ਤੋਂ ਲਾਹੁਣ ਨਾਲ ਵਾਪਰੀ ਹੈ। ਸ. ਸੁੱਚਾ ਸਿੰਘ ਛੋਟੇਪੁਰ ‘ਤੇ ਦੋਸ਼ ਲੱਗਿਆ ਹੈ ਕਿ ਉਨ੍ਹਾਂ ਨੇ 2 ਲੱਖ ਰੁਪਏ ਦੀ ਰਿਸ਼ਵਤ ਲਈ ਹੈ। ਸ. ਸੁੱਚਾ ਸਿੰਘ ਛੋਟੇਪੁਰ ਨੂੰ ਭਾਵੇਂ ਪਾਰਟੀ ਨੇ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਨਹੀਂ ਕੀਤਾ ਅਤੇ ਇਸ ਮਾਮਲੇ ਦੀ ਪੂਰੀ ਜਾਂਚ ਲਈ 2 ਮੈਂਬਰੀ ਕਮੇਟੀ ਬਣਾਈ ਗਈ ਹੈ, ਪਰ ਸ. ਛੋਟੇਪੁਰ ਵੱਲੋਂ ਜਿਸ ਤਰ੍ਹਾਂ ਬਾਗੀ ਰੁਖ਼ ਅਖਤਿਆਰ ਕਰਦਿਆਂ ਪਾਰਟੀ ਲੀਡਰਸ਼ਿਪ ਵਿਰੁੱਧ ਮੁਹਿੰਮ ਵਿੱਢ ਦਿੱਤੀ ਗਈ ਹੈ, ਉਸ ਤੋਂ ਹੁਣ ਇਸ ਗੱਲ ਦੀ ਕੋਈ ਗੁੰਜਾਇਸ਼ ਨਜ਼ਰ ਨਹੀਂ ਆ ਰਹੀ ਕਿ ਉਹ ਮੁੜ ਪਾਰਟੀ ਅੰਦਰ ਰਹਿ ਸਕਣਗੇ।
ਇਸ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਵਿਦੇਸ਼ਾਂ ਵਿਚ ਕਾਫੀ ਵਿਚਾਰ-ਚਰਚਾ ਚੱਲ ਰਹੀ ਹੈ। ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਬਾਰੇ ਵੀ ਇਸ ਘਟਨਾ ਨੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹਨ। ਆਮ ਆਦਮੀ ਪਾਰਟੀ ਲੀਡਰਸ਼ਿਪ ਉਪਰ ਇਹ ਦੋਸ਼ ਲੱਗ ਰਿਹਾ ਹੈ ਕਿ ਉਹ ਆਗੂਆਂ ਨੂੰ ਵਰਤ ਕੇ ਸੁੱਟਣ ਦਾ ਵਤੀਰਾ ਅਖਤਿਆਰ ਕਰਕੇ ਚੱਲ ਰਹੀ ਹੈ। ਪਰ ਦੂਜੇ ਪਾਸੇ ‘ਆਪ’ ਦੀ ਲੀਡਰਸ਼ਿਪ ਦਾ ਮੱਤ ਹੈ ਕਿ ਉਹ ਹੋਰ ਕਿਸੇ ਕਮਜ਼ੋਰੀ ਨੂੰ ਭਾਵੇਂ ਜ਼ਰ ਲਵੇ, ਪਰ ਭ੍ਰਿਸ਼ਟਾਚਾਰ ਅਤੇ ਇਖਲਾਕ ਦੇ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰੇਗੀ। ਸ. ਛੋਟੇਪੁਰ ਦੇ ਮਾਮਲੇ ਨੂੰ ਲੈ ਕੇ ਰਾਜ ਅੰਦਰ ਪੂਰਾ ਇਕ ਹਫਤਾ ਘਮਸਾਨ ਵਾਲੀ ਸਥਿਤੀ ਬਣੀ ਰਹੀ ਹੈ। ਪਰ ਹੁਣ ਪਾਰਟੀ ਵੱਲੋਂ ਪੰਜਾਬ ਦੇ ਕਨਵੀਨਰ ਦੇ ਅਹੁਦੇ ਉਪਰ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਘੁੱਗੀ ਨੂੰ ਨਾਮਜ਼ਦ ਕੀਤੇ ਜਾਣ ਨਾਲ ਪਾਰਟੀ ਨੂੰ ਮੁੜ ਆਕਸੀਜਨ ਮਿਲੀ ਹੈ। ਪੰਜਾਬ ਅੰਦਰ ਇਨ੍ਹਾਂ ਦਿਨਾਂ ਵਿਚ ਜਿਸ ਤਰ੍ਹਾਂ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਉਹ ਇਸ ਗੱਲ ਦਾ ਸੰਕੇਤ ਦੇ ਰਿਹਾ ਹੈ ਕਿ ਪਾਰਟੀ ਦੇ ਭਵਿੱਖ ਉਪਰ ਲੱਗੇ ਸਵਾਲੀਆ ਚਿੰਨ੍ਹ ਦਾ ਪ੍ਰਭਾਵ ਕੋਈ ਬਹੁਤਾ ਦੂਰ ਮਾਰ ਕਰਨ ਵਾਲਾ ਨਹੀਂ, ਸਗੋਂ ਵਕਤੀ ਹੈ ਅਤੇ ਤਬਦੀਲੀ ਦੀ ਲਹਿਰ ਪਹਿਲਾਂ ਵਾਂਗ ਹੀ ਪੰਜਾਬ ਅੰਦਰ ਆਪਣਾ ਜਲੋਅ ਬਣਾਏ ਰੱਖੇ ਹੋਏ ਹੈ।
ਇਸੇ ਦਰਮਿਆਨ ਪੰਜਾਬ ਦੀ ਸਿਆਸਤ ਅੰਦਰ ਇਕ ਹੋਰ ਬੜਾ ਨਵਾਂ ਧਮਾਕਾ ਹੋਇਆ ਹੈ। ਸੈਲੀਬ੍ਰਿਟੀ ਅਤੇ ਭਾਜਪਾ ਦੇ ਅਹਿਮ ਆਗੂ ਨਵਜੋਤ ਸਿੰਘ ਸਿੱਧੂ, ਅਕਾਲੀ ਦਲ ‘ਚੋਂ ਮੁਅੱਤਲ ਕੀਤੇ ਵਿਧਾਇਕ ਪ੍ਰਗਟ ਸਿੰਘ ਅਤੇ ਲੁਧਿਆਣਾ ਦੇ ਬੈਂਸ ਭਰਾਵਾਂ ਨੇ ਮਿਲ ਕੇ ‘ਆਵਾਜ਼-ਏ-ਪੰਜਾਬ’ ਨਾਂ ਦਾ ਨਵਾਂ ਫਰੰਟ ਖੜ੍ਹਾ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ ਨਵਜੋਤ ਸਿੰਘ ਸਿੱਧੂ ਅਤੇ ਪ੍ਰਗਟ ਸਿੰਘ ਪਿਛਲੇ ਕਰੀਬ ਮਹੀਨੇ ਭਰ ਤੋਂ ਇਸ ਤਰ੍ਹਾਂ ਦੀਆਂ ਕਿਆਸਅਰਾਈਆਂ ‘ਚ ਘਿਰੇ ਚਲੇ ਆ ਰਹੇ ਸਨ ਕਿ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਦੋਹਾਂ ਨੇਤਾਵਾਂ ਨੇ ਅਜਿਹੀਆਂ ਕਿਆਸਅਰਾਈਆਂ ਦਾ ਕਦੇ ਵੀ ਖੰਡਨ ਨਹੀਂ ਸੀ ਕੀਤਾ। ਉਲਟਾ ਸਗੋਂ ਨਵਜੋਤ ਸਿੰਘ ਸਿੱਧੂ ਆਪ ਦੇ ਕੇਂਦਰੀ ਨੇਤਾ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤਾਂ ਵੀ ਕਰਦੇ ਰਹੇ ਹਨ, ਜਿਸ ਤੋਂ ਸਪੱਸ਼ਟ ਸੰਕੇਤ ਸੀ ਕਿ ਇਹ ਆਗੂ ‘ਆਪ’ ਵੱਲ ਜਾ ਰਹੇ ਹਨ। ਪਰ ਹੁਣ ਅਚਾਨਕ ਇਨ੍ਹਾਂ ਆਗੂਆਂ ਵੱਲੋਂ ਨਵਾਂ ਫਰੰਟ ਖੜ੍ਹਾ ਕਰਨ ਦੇ ਬਿਆਨ ਨੇ ਚੌਥਾ ਫਰੰਟ ਕਾਇਮ ਹੋਣ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ-ਚਰਚਾ ਛੇੜ ਦਿੱਤੀ ਹੈ। ਨਵੇਂ ਫਰੰਟ ਵੱਲੋਂ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਕੋਈ ਵੱਡੀ ਕਾਰਗੁਜ਼ਾਰੀ ਦਿਖਾਏ ਜਾਣ ਦੀ ਸੰਭਾਵਨਾਵਾਂ ਘੱਟ ਹੀ ਨਜ਼ਰ ਆ ਰਹੀ ਹੈ।
ਪਹਿਲੀ ਗੱਲ ਤਾਂ ਇਹ ਹੈ ਕਿ ਚੌਥਾ ਫਰੰਟ ਮਜ਼ਬੂਤ ਤਾਂ ਹੀ ਹੋ ਸਕਦਾ ਹੈ, ਜੇਕਰ ਉਹ ‘ਆਪ’ ਵੱਲੋਂ ਤਬਦੀਲੀ ਦੀ ਖੜ੍ਹੀ ਕੀਤੀ ਲਹਿਰ ਨੂੰ ਵੱਡੇ ਪੱਧਰ ‘ਤੇ ਸੰਨ੍ਹ ਲਾ ਸਕਣ ਦੀ ਸਮਰੱਥਾ ਰੱਖਦਾ ਹੋਵੇ। ਸਿੱਧੂ ਦੀ ਹਾਲਤ ਤਾਂ ਉਹ ਹੋ ਗਈ ਹੈ, ਜਿਵੇਂ ਇਕ ਉੱਚ ਪੁਲਿਸ ਅਧਿਕਾਰੀ ਹੌਲਦਾਰ ਦੀ ਨੌਕਰੀ ਮੰਗ ਰਿਹਾ ਹੈ। ਕਿਉਂਕਿ ਇਕ ਰਾਸ਼ਟਰੀ ਨੇਤਾ ਹੋਣ ਦੇ ਬਾਵਜੂਦ ਵੀ ਉਹ ਹੁਣ ਪਾਰਟੀ ‘ਚੋਂ ਕੱਢੇ ਹੋਏ ਵਿਧਾਇਕਾਂ ਜਾਂ ਆਜ਼ਾਦ ਵਿਧਾਇਕਾਂ ਨਾਲ ਗਠਜੋੜ ਦੀ ਗੱਲ ਕਰ ਰਿਹਾ ਹੈ।
ਪਰ ਜੋ ਹਾਲਾਤ ਇਸ ਵੇਲੇ ਪੰਜਾਬ ਅੰਦਰ ਹਨ, ਉਸ ਨੂੰ ਦੇਖਦਿਆਂ ਇਹ ਗੱਲ ਕਹਿਣਾ ਕਦਾਚਿੱਤ ਵੀ ਮੁਨਾਸਿਬ ਨਹੀਂ ਸਮਝੀ ਜਾ ਸਕਦੀ। ਪਹਿਲੀ ਗੱਲ ਤਾਂ ਇਹ ਹੈ ਕਿ ਹੁਣ ਚੋਣਾਂ ਵਿਚ 5 ਕੁ ਮਹੀਨੇ ਦਾ ਸਮਾਂ ਰਹਿ ਗਿਆ ਹੈ। ਅਸਲ ਵਿਚ ਪੰਜਾਬ ਅੰਦਰ ਚੋਣਾਂ ਲਈ ਤਿਆਰੀ ਦਾ ਬਿਗੁਲ ਵੱਜ ਚੁੱਕਾ ਹੈ। ਅਜਿਹੀ ਹਾਲਤ ਵਿਚ ਨਵਾਂ ਫਰੰਟ ਪੰਜਾਬ ਅੰਦਰ ਆਪਣੀਆਂ ਜੜ੍ਹਾਂ ਕਿਵੇਂ ਫੈਲਾਅ ਸਕੇਗਾ, ਇਸ ਬਾਰੇ ਕਹਿਣਾ ਬੜਾ ਮੁਸ਼ਕਿਲ ਹੈ। ਦੂਜੀ ਗੱਲ, ਨਵੇਂ ਖੜ੍ਹੇ ਕੀਤੇ ਜਾ ਰਹੇ ਫਰੰਟ ਦੇ ਆਗੂਆਂ ਵਿਚੋਂ ਕਿਸੇ ਦਾ ਵੀ ਕੋਈ ਜਨਤਕ ਪ੍ਰਭਾਵ ਨਹੀਂ ਅਤੇ ਨਾ ਹੀ ਉਨ੍ਹਾਂ ਕੋਲ ਕੋਈ ਪ੍ਰਤੀਬੱਧ ਕਾਡਰ ਹੀ ਹਨ। ਹਾਂ, ਲੁਧਿਆਣਾ ਦੇ ਬੈਂਸ ਭਰਾਵਾਂ ਦਾ ਆਪਣੇ ਦੋ ਹਲਕਿਆਂ ਵਿਚ ਭਾਵੇਂ ਚੰਗਾ ਆਧਾਰ ਹੈ, ਪਰ ਇੰਨੀ ਛੋਟੀ ਪ੍ਰਾਪਤੀ ਦੇ ਆਧਾਰ ‘ਤੇ ਪੰਜਾਬ ਅੰਦਰ ਥੋੜ੍ਹੇ ਸਮੇਂ ਵਿਚ ਆਪਣੇ ਪ੍ਰਭਾਵ ਦਾ ਵਿਸਥਾਰ ਕਰ ਸਕਣਾ ਬੇਹੱਦ ਮੁਸ਼ਕਿਲ ਜਾਪਦਾ ਹੈ।
 ਜੇ ਨੀਝ ਨਾਲ ਵੇਖਿਆ ਜਾਵੇ, ਤਾਂ ਨਵਜੋਤ ਸਿੰਘ ਸਿੱਧੂ ਦੇ ‘ਆਪ’ ‘ਚ ਸ਼ਾਮਲ ਹੋਣ ਨੂੰ ਲੋਕਾਂ ਨੇ ਬੜੇ ਵੱਡੇ ਹੁੰਗਾਰੇ ਨਾਲ ਕਬੂਲ ਕੀਤਾ ਸੀ। ਪਰ ਜਿਸ ਤਰ੍ਹਾਂ ਉਹ ਪੈਰ ਪਿੱਛੇ ਕਰਦੇ ਗਏ, ਉਵੇਂ ਹੀ ਉਨ੍ਹਾਂ ਪ੍ਰਤੀ ਲੋਕਾਂ ਦਾ ਕਰੇਜ ਵੀ ਘਟਦਾ ਗਿਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ‘ਆਪ’ ਨੂੰ ਲੱਗੇ ਝਟਕੇ ਅਤੇ ਸਿੱਧੂ ਹੋਰਾਂ ਵੱਲੋਂ ਚੌਥਾ ਫਰੰਟ ਕਾਇਮ ਕਰਨ ਦੇ ਐਲਾਨ ਨੇ ਸਾਹ ਸੁਕਾਈ ਬੈਠੇ ਅਕਾਲੀ ਅਤੇ ਕਾਂਗਰਸੀਆਂ ਨੂੰ ਕੁਝ ਨਾ ਕੁਝ ਰਾਹਤ ਦਿੱਤੀ ਹੈ। ਉਨ੍ਹਾਂ ਨੂੰ ਮੁੜ ਇਹ ਆਸ ਬੱਝਣੀ ਸ਼ੁਰੂ ਹੋ ਗਈ ਹੈ ਕਿ ਉਹ ਵੀ ਚੰਗੀ ਕਾਰਗੁਜ਼ਾਰੀ ਦਿਖਾ ਸਕਦੇ ਹਨ। ਇਹੀ ਕਾਰਨ ਹੈ ਕਿ ਪਿਛਲੇ ਦਿਨਾਂ ਤੋਂ ਅਕਾਲੀ ਅਤੇ ਕਾਂਗਰਸ ਆਗੂਆਂ ਨੇ ‘ਆਪ’ ਖਿਲਾਫ ਹਮਲੇ ਹੋਰ ਤੇਜ਼ ਕਰ ਦਿੱਤੇ ਹਨ। ਇਥੋਂ ਤੱਕ ਕਿ ਪਿਛਲੇ ਹਫਤੇ ਹਲਕਾ ਮਲੋਟ ਵਿਖੇ ‘ਆਪ’ ਦੀ ਰੈਲੀ ਉਪਰ ਅਕਾਲੀ ਆਗੂਆਂ ਵੱਲੋਂ ਇਕ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਹਮਲਾ ਕੀਤਾ ਗਿਆ ਅਤੇ ਰੈਲੀ ਨੂੰ ਖਿੰਡਾਉਣ ਦਾ ਯਤਨ ਕੀਤਾ ਗਿਆ। ‘ਆਪ’ ਦੇ ਇਕ ਵਰਕਰ ਦੇ ਸਿਰ ਵਿਚ ਗੰਭੀਰ ਸੱਟਾਂ ਵੀ ਲੱਗੀਆਂ ਹਨ। ਅਜਿਹਾ ਹਮਲਾ ਅਕਾਲੀਆਂ ਦੀ ਨਿਰਾਸ਼ਤਾ ਦਾ ਹੀ ਪ੍ਰਗਟਾਵਾ ਨਜ਼ਰ ਆ ਰਿਹਾ ਹੈ। ਅਕਾਲੀਆਂ ਨੂੰ ਲੱਗਦਾ ਹੈ ਕਿ ਜੇਕਰ ‘ਆਪ’ ਦੇ ਸਮਾਗਮਾਂ ਉੱਪਰ ਹਮਲੇ ਕਰਕੇ ਲੋਕਾਂ ਨੂੰ ਇਕੱਠੇ ਹੋਣ ਤੋਂ ਰੋਕ ਦਿੱਤਾ ਜਾਵੇ, ਤਾਂ ਸ਼ਾਇਦ ਪਾਰਟੀ ਅੰਦਰ ਬੇਦਿਲੀ ਪੈਦਾ ਹੋ ਜਾਵੇਗੀ ਅਤੇ ਲੋਕ ਨਿਰਾਸ਼ਤਾ ‘ਚ ਡਿੱਗ ਪੈਣਗੇ। ਪਰ ਲੱਗਦਾ ਹੈ ਕਿ ਅਜਿਹਾ ਨਹੀਂ ਹੋ ਰਿਹਾ, ਸਗੋਂ ਉਲਟਾ ਲੋਕਾਂ ਵਿਚ ਰੋਸ ਵੱਧ ਰਿਹਾ ਹੈ।
ਉੱਧਰ ਮੋਹਾਲੀ ਵਿਖੇ ਹੋਈ ਕਾਂਗਰਸ ਪਾਰਟੀ ਦੀ ਜਨਤਕ ਰੈਲੀ ਦੌਰਾਨ ਜੋ ਸਟੇਜ ‘ਤੇ ਵਾਪਰਿਆ ਹੈ, ਉਹ ਦੇਸਾਂ-ਪ੍ਰਦੇਸਾਂ ਵਿਚ ਲੋਕ ਦੇਖ ਚੁੱਕੇ ਹਨ। ਪੰਜਾਬੀ ਗਾਇਕ ਅਤੇ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਹੰਸ ਰਾਜ ਹੰਸ ਨੇ ਜਿਹੜਾ ਤਮਾਸ਼ਾ ਸਟੇਜ ‘ਤੇ ਕੀਤਾ, ਉਹ ਕਿਸੇ ਤੋਂ ਲੁਕਿਆ ਨਹੀਂ। ਹੰਸ ਰਾਜ ਹੰਸ ਆਪਣੀ ਰਾਜ ਸਭਾ ਦੀ ਨਾਮਜ਼ਦਗੀ ਨੂੰ ਵਾਪਸ ਲਏ ਜਾਣ ਤੋਂ ਕਾਫੀ ਦੁਖੀ ਸਨ, ਜਿਸ ਦੀ ਭੜਾਸ ਉਨ੍ਹਾਂ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਸੀਨੀਅਰ ਆਗੂਆਂ ਸਾਹਮਣੇ ਸ਼ਰੇਆਮ ਕੱਢੀ। ਇਸ ਨਾਲ ਕਾਂਗਰਸ ਦੀ ਅੰਦਰੂਨੀ ਲੜਾਈ ਜੱਗ-ਜ਼ਾਹਿਰ ਹੋਈ ਹੈ। ਇਸੇ ਤਰ੍ਹਾਂ ਆਉਣ ਵਾਲੀਆਂ ਚੋਣਾਂ ਲਈ ਪੰਜਾਬ ਕਾਂਗਰਸ ਦੇ ਉਮੀਦਵਾਰਾਂ ਦੀ ਸੂਚੀ ਵੀ ਸੋਸ਼ਲ ਮੀਡੀਏ ‘ਤੇ ਦੋ ਵਾਰੀ ਵਾਇਰਲ ਹੋ ਚੁੱਕੀ ਹੈ।
ਕਿਹਾ ਜਾਂਦਾ ਹੈ ਕਿ ਇਹ ਉਨ੍ਹਾਂ ਉਮੀਦਵਾਰਾਂ ਦੀ ਸੂਚੀ ਸੀ, ਜਿਨ੍ਹਾਂ ਨੂੰ ਆਉਣ ਵਾਲੀਆਂ ਚੋਣਾਂ ਵਿਚ ਟਿਕਟਾਂ ਦਿੱਤੀਆਂ ਜਾਣੀਆਂ ਸਨ, ਪਰ ਹਾਈਕਮਾਂਡ ਤੋਂ ਇਸ ਦੀ ਮਨਜ਼ੂਰੀ ਨਹੀਂ ਮਿਲੀ ਸੀ। ਜਿਸ ਕਰਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਸੂਚੀ ਨੂੰ ਜਾਅਲੀ ਕਰਾਰ ਦਿੱਤਾ ਗਿਆ।
ਉਧਰ ਮੰਝੇ ਹੋਏ ਸਿਆਸਤਦਾਨ ਜਗਮੀਤ ਸਿੰਘ ਬਰਾੜ ਨੇ ਵੀ ਆਮ ਆਦਮੀ ਪਾਰਟੀ ਨਾਲ ਗੰਢਤੁੱਪ ਕਰ ਲਈ ਹੈ। ਉਨ੍ਹਾਂ ਦੇ ਆਉਣ ਨਾਲ ਆਮ ਆਦਮੀ ਪਾਰਟੀ ਦਾ ਮਾਲਵੇ ਖੇਤਰ ਵਿਚ ਹੋਰ ਵੀ ਆਧਾਰ ਵਧ ਸਕਦਾ ਹੈ।
ਪੰਜਾਬ ਦੀ ਸਿਆਸਤ ਇਸ ਵੇਲੇ ਬਿਲਕੁਲ ਉਥਲ-ਪੁਥਲ ਹੋਈ ਪਈ ਹੈ। ਤੋੜ-ਵਿਛੋੜੇ ਦੀ ਰਾਜਨੀਤੀ ਜ਼ੋਰਾਂ-ਸ਼ੋਰਾਂ ‘ਤੇ ਹੈ। ਬਹੁਤੇ ਆਗੂ ਇਸ ਵੇਲੇ ਭਾਵੁਕ ਹੋ ਕੇ ਕਾਹਲੀ ਵਿਚ ਫੈਸਲੇ ਲੈ ਰਹੇ ਹਨ। ਪਰ ਇਕ ਵਾਰੀ ਲਿਆ ਗਿਆ ਫੈਸਲਾ ਕਿਸੇ ਵੀ ਪਾਰਟੀ ਹਾਈਕਮਾਂਡ ਨੂੰ ਮਨਜ਼ੂਰ ਨਹੀਂ ਹੁੰਦਾ, ਜਿਸ ਕਰਕੇ ਨਾਰਾਜ਼ ਆਗੂਆਂ ਨੂੰ ਦੁਬਾਰਾ ਪਾਰਟੀ ਵਿਚ ਰਲਾਉਣ ਲਈ ਪਾਰਟੀ ਹਾਈਕਮਾਂਡ ਕਦੇ ਰਿਸਕ ਨਹੀਂ ਲੈਂਦੀ।
ਕੁਝ ਵੀ ਹੋਵੇ, ਵਿਦੇਸ਼ਾਂ ਵਿਚ ਰਹਿ ਰਿਹਾ ਪੰਜਾਬੀ ਭਾਈਚਾਰਾ ਆਪਣੀ ਜਨਮ ਭੂਮੀ ਪੰਜਾਬ ਵਿਚ ਸਵੱਛ ਰਾਜ ਸੱਤਾ ਚਾਹੁੰਦਾ ਹੈ। ਤਾਂਕਿ ਉਥੇ ਰਹਿੰਦੀ ਜਨਤਾ ਅਤੇ ਬਾਹਰ ਰਹਿੰਦੇ ਪ੍ਰਵਾਸੀ ਪੰਜਾਬੀ ਸੁੱਖ ਦਾ ਸਾਹ ਲੈ ਸਕਣ। ਜੇ ਰਾਜਨੀਤਿਕ ਆਗੂ ਇੱਦਾਂ ਹੀ ਕਾਵਾਂਰੌਲੀ ਪਾਉਂਦੇ ਰਹੇ, ਤਾਂ ਪੰਜਾਬ ਦਾ ਕੁਝ ਨਹੀਂ ਬਣਨਾ। ਪੰਜਾਬ ਦੀ ਜਨਤਾ ਬਹੁਤ ਸਿਆਣੀ ਹੋ ਚੁੱਕੀ ਹੈ। ਉਹ ਸਭ ਕੁਝ ਦੇਖ ਰਹੀ ਹੈ ਅਤੇ ਮੌਕਾ ਆਉਣ ‘ਤੇ ਉਨ੍ਹਾਂ ਆਗੂਆਂ ਨੂੰ ਵੋਟਾਂ ਰਾਹੀਂ ਸਬਕ ਸਿਖਾਉਣਗੇ। ਵੋਟਰਾਂ ਨੂੰ ਪਤਾ ਹੈ ਕਿ ਕਿਹੜਾ ਆਗੂ ਜਾਂ ਰਾਜਨੀਤਿਕ ਪਾਰਟੀ ਇਸ ਵੇਲੇ ਆਪਣੇ ਫਾਇਦੇ ਲਈ ਲੜਾਈ ਲੜ ਰਿਹਾ ਹੈ ਅਤੇ ਕਿਹੜਾ ਆਗੂ ਜਾਂ ਪਾਰਟੀ ਜਨਤਾ ਲਈ ਲੜਾਈ ਲੜ ਰਹੀ ਹੈ। ਲਗਭਗ ਪੰਜ ਮਹੀਨਿਆਂ ਬਾਅਦ ਇਸ ਦਾ ਨਿਚੋੜ ਅਖ਼ਬਾਰਾਂ ਦੀਆਂ ਸੁਰਖੀਆਂ ਬਣਨਗੀਆਂ।
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.