ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਅਮਰੀਕੀ ਰਾਸ਼ਟਰਪਤੀ ਦੀ ਚੋਣ ਪ੍ਰਕਿਰਿਆ ਸ਼ੁਰੂ
ਅਮਰੀਕੀ ਰਾਸ਼ਟਰਪਤੀ ਦੀ ਚੋਣ ਪ੍ਰਕਿਰਿਆ ਸ਼ੁਰੂ
Page Visitors: 2566

ਅਮਰੀਕੀ ਰਾਸ਼ਟਰਪਤੀ ਦੀ ਚੋਣ ਪ੍ਰਕਿਰਿਆ ਸ਼ੁਰੂ

Posted On 02 Nov 2016
8

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪੂਰੀ ਦੁਨੀਆ ‘ਚ ਚਰਚਾ ਦਾ ਵਿਸ਼ਾ ਬਣੀ ਅਮਰੀਕੀ ਰਾਸ਼ਟਰਪਤੀ ਦੀ ਚੋਣ ਦੀ ਪ੍ਰਕਿਰਿਆ ਆਰੰਭ ਹੋ ਚੁੱਕੀ ਹੈ ਅਤੇ ਇਸ ਸੰਬੰਧੀ ਵੋਟਾਂ 8 ਨਵੰਬਰ ਨੂੰ ਪੈਣਗੀਆਂ। ਦਰਅਸਲ ਅਮਰੀਕਾ ਵਿਚ ਇਕੱਲੀ ਰਾਸ਼ਟਰਪਤੀ ਦੀ ਚੋਣ ਹੀ ਨਹੀਂ ਹੋਣੀ, ਸਗੋਂ ਇਸ ਦਿਨ ਅਮਰੀਕੀ ਨਾਗਰਿਕ ਬਹੁਤ ਸਾਰੀਆਂ ਸਿਟੀ ਕੌਂਸਲਾਂ ਤੋਂ ਲੈ ਕੇ ਅਸੈਂਬਲੀਮੈਨ ਅਤੇ ਕਾਂਗਰਸਮੈਨ ਤੱਕ ਦੇ ਅਹੁਦੇਦਾਰਾਂ ਦੀ ਵੀ ਚੋਣ ਕਰਨਗੇ। ਇਸ ਚੋਣ ਲਈ ਚੋਣ ਵਿਭਾਗ ਵੱਲੋਂ ਸਾਰੇ ਵੋਟਰਾਂ ਨੂੰ ਵੋਟ ਪਰਚੀਆਂ ਭੇਜ ਦਿੱਤੀਆਂ ਗਈਆਂ ਹਨ ਅਤੇ ਵੋਟਰ ਆਪਣੀ ਪਸੰਦ ਦੇ ਉਮੀਦਵਾਰਾਂ ਦੇ ਹੱਕ ਵਿਚ ਜਾਂ ਤਾਂ ਇਹ ਵੋਟ ਪਰਚੀਆਂ ਸਿੱਧੀਆਂ ਮੇਲ ਕਰ ਰਹੇ ਹਨ, ਜਾਂ ਫਿਰ ਨੇੜੇ ਦੇ ਚੋਣ ਕੇਂਦਰਾਂ ਵਿਚ ਜਮ੍ਹਾਂ ਕਰਵਾ ਰਹੇ ਹਨ। ਇਸ ਵੇਲੇ ਰਾਸ਼ਟਰਪਤੀ ਦੀ ਚੋਣ ਸਭ ਤੋਂ ਵਧੇਰੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿੱਥੇ ਪੂਰੇ ਅਮਰੀਕਾ ਦੇ ਵੋਟਰਾਂ ਦੀਆਂ ਨਜ਼ਰਾਂ ਇਸ ਚੋਣ ‘ਤੇ ਟਿਕੀਆਂ ਹੋਈਆਂ ਹਨ, ਉੱਥੇ ਦੁਨੀਆਂ ਭਰ ਦੇ ਲੋਕ ਵੀ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿਚ ਡੂੰਘੀ ਦਿਲਚਸਪੀ ਲੈ ਰਹੇ ਹਨ। ਇਸ ਦਾ ਅਹਿਮ ਅਤੇ ਵੱਡਾ ਕਾਰਨ ਇਹ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਦਾ ਦੁਨੀਆਂ ਦੇ ਹਰੇਕ ਮੁਲਕ ਉਪਰ ਗੂੜ੍ਹਾ ਅਸਰ ਪੈਂਦਾ ਹੈ। ਬਹੁਤ ਸਾਰੇ ਦੇਸ਼ਾਂ ਦੀਆਂ ਨੀਤੀਆਂ, ਅਮਰੀਕੀ ਰਾਸ਼ਟਰਪਤੀ ਦੀ ਸੋਚ ਅਤੇ ਪ੍ਰੋਗਰਾਮ ਅਨੁਸਾਰ ਹੀ ਬਦਲਦੀਆਂ ਅਤੇ ਤੈਅ ਹੁੰਦੀਆਂ ਹਨ। 8 ਨਵੰਬਰ ਨੂੰ ਹੋਣ ਵਾਲੀਆਂ ਇਨ੍ਹਾਂ ਚੋਣਾਂ ਵਿਚ ਹਰ ਵੋਟਰ ਸਿਟੀ ਤੋਂ ਲੈ ਕੇ ਰਾਸ਼ਟਰਪਤੀ ਤੱਕ ਦੇ ਅਨੇਕ ਅਹੁਦਿਆਂ ਲਈ ਆਪਣੇ ਵੋਟ ਦਾ ਇਸਤੇਮਾਲ ਕਰਦਾ ਹੈ। ਜਿੱਥੇ ਵੋਟਰ ਸਿਟੀ ਕੌਂਸਲ ਦੇ ਮੈਂਬਰਾਂ ਦੀ ਚੋਣ ਕਰਦੇ ਹਨ, ਉੱਥੇ ਵੱਖ-ਵੱਖ ਸੂਬਾਈ ਅਸੈਂਬਲੀਆਂ ਦੇ ਮੈਂਬਰਾਂ ਦੀ ਚੋਣ ਵੀ ਹੁੰਦੀ ਹੈ। ਇਸ ਦੇ ਨਾਲ ਹੀ ਸੈਨੇਟ ਦੇ ਮੈਂਬਰ ਵੀ ਚੁਣੇ ਜਾਂਦੇ ਹਨ। ਇਸ ਤਰ੍ਹਾਂ ਇਹ ਚੋਣ ਅਮਰੀਕੀ ਸ਼ਾਸਨ ਅਤੇ ਸਿਆਸਤ ਲਈ ਬੜੀ ਭਾਰੀ-ਭਰਕਮ ਸਰਗਰਮੀ ਹੈ।
ਇਸ ਚੋਣ ਵਿਚ ਭਾਵੇਂ ਭਾਰਤੀ ਭਾਈਚਾਰੇ ਵਿਚੋਂ ਕੁੱਝ ਉਮੀਦਵਾਰ ਖੜ੍ਹੇ ਹਨ ਅਤੇ ਉਨ੍ਹਾਂ ਨੇ ਚੰਗੀ ਸਰਗਰਮੀ ਨਾਲ ਆਪਣੀ ਪਹਿਚਾਣ ਬਣਾਈ ਹੋਈ ਹੈ। ਪਰ ਇਸ ਗੱਲ ਦੀ ਵੱਡੀ ਘਾਟ ਰੜਕਦੀ ਹੈ ਕਿ ਪੰਜਾਬੀ ਭਾਈਚਾਰੇ ਦਾ ਕੋਈ ਵੀ ਉਮੀਦਵਾਰ ਇਨ੍ਹਾਂ ਚੋਣਾਂ ਵਿਚ ਨਹੀਂ ਹੈ। ਹਾਲਾਂਕਿ ਅਮਰੀਕਾ ਵਿਚ ਪੰਜਾਬੀਆਂ ਦੀ ਵਸੋਂ ਇਸ ਵੇਲੇ 5 ਲੱਖ ਤੋਂ ਉਪਰ ਹੈ। ਪਰ ਇਹ ਚੰਗੀ ਗੱਲ ਹੈ ਕਿ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿਚ ਅਮਰੀਕੀ ਪੰਜਾਬੀ ਬੜੀ ਡੂੰਘੀ ਦਿਲਚਸਪੀ ਲੈ ਰਹੇ ਹਨ ਅਤੇ ਉਨ੍ਹਾਂ ਵੱਲੋਂ ਵੱਖ-ਵੱਖ ਤਰੀਕੇ ਨਾਲ ਸਰਗਰਮੀ ਵੀ ਚਲਾਈ ਜਾ ਰਹੀ ਹੈ। ਇਸ ਤਰ੍ਹਾਂ ਕਰਨ ਨਾਲ ਪੰਜਾਬੀ ਭਾਈਚਾਰੇ, ਖਾਸਕਰ ਸਿੱਖਾਂ ਦੀ ਵੱਖਰੀ ਪਹਿਚਾਣ ਬਾਰੇ ਪੈਦਾ ਹੋਏ ਭੰਬਲਭੂਸੇ ਅਤੇ ਗਲਤਫਹਿਮੀ ਨੂੰ ਦੂਰ ਕਰਨ ਵਿਚ ਮਦਦ ਮਿਲਦੀ ਹੈ। ਸਿਆਸੀ ਸਰਗਰਮੀ ਇਕ ਅਜਿਹੀ ਸਰਗਰਮੀ ਹੈ, ਜਿਸ ਦੌਰਾਨ ਅਸੀਂ ਦੂਜੇ ਸਮਾਜਾਂ ਦੇ ਲੋਕਾਂ ਨੂੰ ਆਪਣੀ ਪਹਿਚਾਣ ਬਾਰੇ ਵੱਧ ਤੋਂ ਵੱਧ ਜਾਣਕਾਰੀ ਦੇ ਸਕਦੇ ਹਾਂ ਅਤੇ ਉਨ੍ਹਾਂ ਨਾਲ ਲਗਾਅ ਅਤੇ ਸਹਿਚਾਰ ਵਧਾ ਸਕਦੇ ਹਾਂ। ਇਸ ਕਰਕੇ ਸਿੱਖ ਭਾਈਚਾਰੇ ਨੂੰ ਚਾਹੀਦਾ ਹੈ ਕਿ ਉਹ ਇਸ ਸਰਗਰਮੀ ਵਿਚ ਵੱਧ ਤੋਂ ਵੱਧ ਹਿੱਸਾ ਲੈ ਕੇ ਹੋਰਨਾਂ ਅਮਰੀਕੀ ਭਾਈਚਾਰੇ ਦੇ ਲੋਕਾਂ ਨਾਲ ਆਪਣਾ ਲਗਾਅ ਪੈਦਾ ਕਰੇ।
8 ਨਵੰਬਰ ਨੂੰ ਹੋਣ ਜਾ ਰਹੀ ਚੋਣ ਵਿਚ ਸਭ ਤੋਂ ਵੱਧ ਦਿਲਚਸਪੀ ਰਾਸ਼ਟਰਪਤੀ ਦੀ ਚੋਣ ਵਿਚ ਲਈ ਜਾ ਰਹੀ ਹੈ। ਇਸ ਵੇਲੇ ਰਿਪਬਲਿਕਨ ਪਾਰਟੀ ਵੱਲੋਂ ਡੋਨਲਡ ਟਰੰਪ ਮੈਦਾਨ ਵਿਚ ਨਿੱਤਰੇ ਹੋਏ ਹਨ, ਜਦਕਿ ਉਨ੍ਹਾਂ ਦੇ ਵਿਰੋਧ ਵਿਚ ਡੈਮੋਕ੍ਰੇਟ ਹਿਲੇਰੀ ਕਲਿੰਟਨ ਮੈਦਾਨ ਵਿਚ ਹਨ। ਹੁਣ ਤੱਕ ਟਰੰਪ ਅਤੇ ਹਿਲੇਰੀ ਵਿਚਕਾਰ 3 ਜਨਤਕ ਬਹਿਸਾਂ ਹੋ ਚੁੱਕੀਆਂ ਹਨ। ਅੱਜਕੱਲ੍ਹ ਵੀ ਵੱਖ-ਵੱਖ ਇਲੈਕਟ੍ਰਾਨਿਕ ਮੀਡੀਆ ‘ਚ ਬਹਿਸਾਂ, ਇੰਟਰਵਿਊਜ਼ ਅਤੇ ਇਸ਼ਤਿਹਾਰਬਾਜ਼ੀ ਦਾ ਹੜ੍ਹ ਆਇਆ ਹੋਇਆ ਹੈ। ਹਾਲਾਂਕਿ ਪਿਛਲੀਆਂ ਬਹਿਸਾਂ ਦੌਰਾਨ ਮੀਡੀਆ ਵਿਚ ਹਿਲੇਰੀ ਕਲਿੰਟਨ ਦਾ ਹੱਥ ਕਾਫੀ ਉੱਚਾ ਦੱਸਿਆ ਜਾਂਦਾ ਰਿਹਾ ਹੈ।
ਪਰ ਤਾਜ਼ੀਆਂ ਰਿਪੋਰਟਾਂ ਵਿਚ ਦੋਵਾਂ ਉਮੀਦਵਾਰਾਂ ਵਿਚਕਾਰ ਫਰਕ ਘੱਟਦਾ ਜਾ ਰਿਹਾ ਦੱਸਿਆ ਜਾਂਦਾ ਹੈ। ਜਨਤਕ ਬਹਿਸਾਂ ਦਾ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿਚ ਬੜਾ ਅਹਿਮ ਯੋਗਦਾਨ ਰਹਿੰਦਾ ਰਿਹਾ ਹੈ। ਇਨ੍ਹਾਂ ਬਹਿਸਾਂ ਵਿਚ ਉਮੀਦਵਾਰਾਂ ਵਿਚਕਾਰ ਅਹਿਮ ਨੀਤੀਆਂ ਉਪਰ ਵਿਚਾਰ-ਵਟਾਂਦਰਾ ਕੀਤਾ ਜਾਂਦਾ ਹੈ। ਇਸ ਵਾਰ ਉਮੀਦਵਾਰਾਂ ਵਿਚਕਾਰ ਸਭ ਤੋਂ ਵਧੇਰੇ ਚਰਚਿਤ ਵਿਸ਼ਾ ਇੰਮੀਗ੍ਰੇਸ਼ਨ ਨੀਤੀਆਂ ਦਾ ਹੈ। ਜਿੱਥੇ ਇਕ ਪਾਸੇ ਟਰੰਪ ਇਸ ਮਾਮਲੇ ਵਿਚ ਬੜਾ ਸਖ਼ਤ ਰੁਖ਼ ਅਖਤਿਆਰ ਕਰਨ ਦੇ ਹੱਕ ਵਿਚ ਖੜ੍ਹਦੇ ਹਨ ਅਤੇ ਉਹ ਬੜੇ ਖਰਵੇ ਢੰਗ ਨਾਲ ਦੂਸਰੇ ਮੁਲਕਾਂ ਤੋਂ ਆਏ ਪ੍ਰਵਾਸੀਆਂ ਪ੍ਰਤੀ ਰੁੱਖੀ ਭਾਸ਼ਾ ਦੀ ਵਰਤੋਂ ਹੀ ਨਹੀਂ ਕਰਦੇ, ਸਗੋਂ ਉਨ੍ਹਾਂ ਨੂੰ ਖਦੇੜਨ ਤੱਕ ਦੀਆਂ ਗੱਲਾਂ ਵੀ ਕਰਦੇ ਹਨ। ਉਨ੍ਹਾਂ ਦਾ ਮੱਤ ਹੈ ਕਿ ਬਾਹਰਲੇ ਮੁਲਕਾਂ ਦੇ ਪ੍ਰਵਾਸੀਆਂ ਦੇ ਇਥੇ ਆ ਵਸਣ ਕਾਰਨ ਹੀ ਅਮਰੀਕੀਆਂ ਨੂੰ ਬਹੁਤ ਸਾਰੇ ਸੰਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਸ਼ਰੇਆਮ ਆਖਦੇ ਹਨ ਕਿ ਜੇਕਰ ਅਜਿਹੇ ਪ੍ਰਵਾਸੀ ਬਾਹਰ ਧੱਕ ਦਿੱਤੇ ਜਾਣ, ਤਾਂ ਅਮਰੀਕਾ ਦੇ ਕਈ ਸੰਕਟ ਆਪਣੇ-ਆਪ ਹੀ ਹੱਲ ਹੋ ਜਾਣਗੇ,
ਪਰ ਦੂਜੇ ਪਾਸੇ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਦਾ ਮੱਤ ਇਸ ਮਾਮਲੇ ਵਿਚ ਕਾਫੀ ਸੰਤੁਲਿਤ ਅਤੇ ਨਰਮਚਿੱਤ ਹੈ। ਉਹ ਪ੍ਰਵਾਸੀਆਂ ਖਿਲਾਫ ਸਖ਼ਤ ਕਦਮ ਚੁੱਕਣ ਦੀ ਬਜਾਏ ਇਹ ਸੋਚਦੇ ਹਨ ਕਿ ਬਾਹਰਲੇ ਮੁਲਕਾਂ ਤੋਂ ਆਏ ਲੋਕਾਂ ਦਾ ਵੀ ਅਮਰੀਕਾ ਦੇ ਸਮਾਜਿਕ ਵਿਕਾਸ ਵਿਚ ਬੜਾ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਵੱਲੋਂ ਪ੍ਰਵਾਸੀਆਂ ਪ੍ਰਤੀ ਨਰਮ ਨੀਤੀਆਂ ਅਪਣਾਏ ਜਾਣ ਦੀ ਵਕਾਲਤ ਕੀਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਭਾਰਤੀਆਂ ਸਮੇਤ ਸਮੁੱਚੇ ਪ੍ਰਵਾਸੀ ਲੋਕ ਡੈਮੋਕ੍ਰੇਟਿਕ ਹਿਲੇਰੀ ਕਲਿੰਟਨ ਦੇ ਹੱਕ ਵਿਚ ਨਿਤਰੇ ਹੋਏ ਹਨ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਮੁੱਦਿਆਂ ਉਪਰ, ਜਿਵੇਂ ਆਰਥਿਕ, ਵਿਦੇਸ਼, ਵਪਾਰ ਅਤੇ ਹੋਰ ਅਹਿਮ ਨੀਤੀਆਂ ਉਪਰ ਵੀ ਸਰਗਰਮ ਬਹਿਸ ਚੱਲਦੀ ਰਹੀ ਹੈ। ਆਮ ਕਰਕੇ ਅਮਰੀਕੀ ਵੋਟਰ ਇਨ੍ਹਾਂ ਬਹਿਸਾਂ ਤੋਂ ਹੀ ਵਧੇਰੇ ਕਰਕੇ ਪ੍ਰਭਾਵਿਤ ਹੁੰਦੇ ਹਨ। ਅਮਰੀਕੀ ਲੋਕ ਹਮੇਸ਼ਾ ਸ਼ਾਂਤੀ, ਵਿਕਾਸ ਅਤੇ ਆਰਥਿਕ ਖੁਸ਼ਹਾਲੀ ਦੇ ਮੁਦੱਈ ਰਹੇ ਹਨ। ਉਹ ਹਮੇਸ਼ਾ ਜੰਗ ਦੇ ਵਿਰੋਧੀ ਹਨ। ਇਹੀ ਕਾਰਨ ਹੈ ਕਿ ਬਹੁਤੇ ਅਮਰੀਕੀ ਲੋਕ ਟਰੰਪ ਦੇ ਗੁੱਸੇਖੋਰ ਸੁਭਾਅ ਅਤੇ ਸਖ਼ਤ ਨੀਤੀਆਂ ਨੂੰ ਪਸੰਦ ਨਹੀਂ ਕਰ ਰਹੇ।
ਅਮਰੀਕਾ ਨੂੰ ਇਸ ਸਮੇਂ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸੀਰੀਆ ਸਮੇਤ ਬਹੁਤ ਸਾਰੇ ਦੇਸ਼ਾਂ ਵਿਚ ਫੌਜਾਂ ਭੇਜੇ ਜਾਣ ਕਾਰਨ ਨੁਕਤਾਚੀਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਕਟ ‘ਚੋਂ ਨਿਕਲਣ ਲਈ ਅਮਰੀਕਾ ਕੋਲ ਹਾਲੇ ਤੱਕ ਕੋਈ ਠੋਸ ਯੋਜਨਾਬੰਦੀ ਨਹੀਂ। ਪਰ ਅਮਰੀਕੀ ਲੋਕ ਇਸ ਗੱਲ ਦੀ ਜ਼ਰੂਰ ਆਸ ਕਰਦੇ ਹਨ ਕਿ ਆਉਣ ਵਾਲਾ ਰਾਸ਼ਟਰਪਤੀ ਜਿੱਥੇ ਆਰਥਿਕ ਤੌਰ ‘ਤੇ ਮਜ਼ਬੂਤ ਕਰੇ, ਉਥੇ ਬੇਲੋੜੀਆਂ ਜੰਗਾਂ ਕਾਰਨ ਅਮਰੀਕੀ ਆਰਥਿਕਤਾ ਨੂੰ ਤਬਾਹ ਕਰਨ ਦੇ ਰਾਹ ਤੁਰਨ ਤੋਂ ਵੀ ਗੁਰੇਜ਼ ਕਰੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਮਰੀਕਾ ਇਸ ਵੇਲੇ ਇਕ ਵਿਕਸਿਤ ਅਤੇ ਅਮੀਰ ਮੁਲਕ ਹੈ। ਪਰ ਜਿਸ ਤਰ੍ਹਾਂ ਬਰਾਕ ਓਬਾਮਾ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਇੱਥੇ ਮੰਦਿਆਂ ਦਾ ਦੌਰ ਚੱਲ ਰਿਹਾ ਸੀ ਅਤੇ ਇਥੇ ਆਰਥਿਕ ਨੀਤੀਆਂ ਸਾਹਮਣੇ ਕਈ ਚੁਣੌਤੀਆਂ ਪੇਸ਼ ਸਨ। ਡੈਮੋਕ੍ਰੇਟ ਪਾਰਟੀ ਵੱਲੋਂ ਬਰਾਕ ਓਬਾਮਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ਦੀ ਸਥਿਤੀ ਬਹੁਤ ਵਧੀਆ ਹੋ ਗਈ ਹੈ। ਉਸ ਵੱਲੋਂ ਇਥੇ ਹਰ ਨਾਗਰਿਕ ਨੂੰ ਆਪਣੇ ਘਰ ‘ਚ ਰਹਿਣ ਅਤੇ ਉਸ ਦੀ ਸਿਹਤ ਬੀਮਾ ਯੋਜਨਾਵਾਂ ਬਹੁਤ ਹੀ ਲਾਹੇਵੰਦ ਸਾਬਤ ਹੋਈਆਂ ਹਨ। ਇਨ੍ਹਾਂ ਸਕੀਮਾਂ ਨਾਲ ਮੱਧ ਵਰਗੀ ਅਤੇ ਘੱਟ ਆਮਦਨ ਵਾਲੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਇਆ ਹੈ। ਅਮਰੀਕੀ ਲੋਕ ਇਹ ਨਹੀਂ ਚਾਹੁੰਦੇ ਕਿ ਰਿਪਬਲਿਕਨ ਪਾਰਟੀ ਇਥੇ ਰਾਜ ਕਰੇ। ਕਿਉਂਕਿ ਇਹ ਪਾਰਟੀ ਅਮੀਰਾਂ ਦੀ ਪਾਰਟੀ ਗਿਣੀ ਗਈ ਹੈ। ਇਸ ਨਾਲ ਹੇਠਲੇ ਦਰਜੇ ਦੇ ਲੋਕਾਂ ਨੂੰ ਸਹਿਣਾ ਔਖਾ ਹੋ ਜਾਂਦਾ ਹੈ।
ਹੁਣ ਫਿਰ ਤੋਂ ਡੈਮੋਕ੍ਰੇਟ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਚੋਣ ਮੈਦਾਨ ਵਿਚ ਹੈ। ਉਸ ਦੀ ਸਥਿਤੀ ਕਾਫੀ ਚੰਗੀ ਦਿਖਾਈ ਦੇ ਰਹੀ ਹੈ, ਜਦਕਿ ਦੂਜੇ ਪਾਸੇ ਰਿਪਬਲਿਕਨ ਪਾਰਟੀ ਦੇ ਡੋਨਲਡ ਟਰੰਪ ਅਕਸਰ ਹੀ ਘੱਟ ਗਿਣਤੀਆਂ ਦੇ ਖਿਲਾਫ ਆਪਣੀ ਚੋਣ ਮੁਹਿੰਮ ਦੌਰਾਨ ਬਿਆਨ ਦਿੰਦੇ ਨਜ਼ਰ ਆਏ ਹਨ। ਉਨ੍ਹਾਂ ਵੱਲੋਂ ਘੱਟ ਗਿਣਤੀਆਂ ਬਾਰੇ ਦਿੱਤੇ ਬਿਆਨ ਹੀ ਉਨ੍ਹਾਂ ਦੀ ਹਾਰ ਦਾ ਵੱਡਾ ਕਾਰਨ ਹੋ ਸਕਦੇ ਹਨ। ਡੈਮੋਕ੍ਰੇਟ ਪਾਰਟੀ ਨੂੰ ਘੱਟ ਗਿਣਤੀਆਂ ਅਤੇ ਮੱਧ ਵਰਗੀ ਲੋਕਾਂ ਦਾ ਵਿਸ਼ੇਸ਼ ਤੌਰ ‘ਤੇ ਫਿਕਰ ਰਹਿੰਦਾ ਹੈ, ਜਿਸ ਕਰਕੇ ਇਹ ਤਬਕਾ ਡੈਮੋਕ੍ਰੇਟ ਪਾਰਟੀ ਦਾ ਸਮਰਥਨ ਕਰਦਾ ਹੈ।
ਇਸ ਵਕਤ ਰਿਪਬਲਿਕਨ ਪਾਰਟੀ ਦੇ ਬਹੁਤ ਸਾਰੇ ਆਗੂ, ਸੈਨੇਟਰ ਅਤੇ ਕੁਝ ਕਾਂਗਰਸਮੈਨ ਵੀ ਡੋਨਲਡ ਟਰੰਪ ਦੀ ਵਿਰੋਧਤਾ ਕਰ ਰਹੇ ਹਨ। ਕਿਉਂਕਿ ਉਹ ਇਸ ਦੀ ਨੀਤੀਆਂ ਨਾਲ ਸਹਿਮਤ ਨਹੀਂ ਹਨ। ਅਮਰੀਕਾ ਦੇ ਪੰਜ ਜੀਊਂਦੇ ਰਾਸ਼ਟਰਪਤੀਆਂ ਨੇ ਵੀ ਡੋਨਲਡ ਟਰੰਪ ਦੀਆਂ ਗਲਤ ਨੀਤੀਆਂ ਕਰਕੇ ਉਸ ਨੂੰ ਆਪਣੀ ਹਮਾਇਤ ਨਹੀਂ ਦਿੱਤੀ ਹੈ ਅਤੇ ਡੈਮੋਕ੍ਰੇਟ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਆਪਣੀ ਹਮਾਇਤ ਦੇਣ ਦਾ ਐਲਾਨ ਕੀਤਾ ਹੈ।
8 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਇਸ ਦੇ ਨਤੀਜੇ ਵੀ ਉਸੇ ਰਾਤ ਆਉਣੇ ਸ਼ੁਰੂ ਹੋ ਜਾਣਗੇ। ਆਖਰੀ ਨਤੀਜੇ ਤਾਂ ਹੁਣ ਵੋਟਰਾਂ ਦੇ ਹੱਥ ਹੀ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.