ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਚੋਣ ਨਤੀਜਿਆਂ ਦੀਆਂ ਅਟਕਲਬਾਜ਼ੀਆਂ ਵਿਚ ਉਲਝੇ ਪੰਜਾਬੀ
ਚੋਣ ਨਤੀਜਿਆਂ ਦੀਆਂ ਅਟਕਲਬਾਜ਼ੀਆਂ ਵਿਚ ਉਲਝੇ ਪੰਜਾਬੀ
Page Visitors: 2593

ਚੋਣ ਨਤੀਜਿਆਂ ਦੀਆਂ ਅਟਕਲਬਾਜ਼ੀਆਂ ਵਿਚ ਉਲਝੇ ਪੰਜਾਬੀ

Posted On 15 Feb 2017
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444

9ਪੰਜਾਬ ਵਿਧਾਨ ਸਭਾ ਦੀਆਂ 4 ਫਰਵਰੀ ਨੂੰ ਹੋਈਆਂ ਚੋਣਾਂ ਦਾ ਨਤੀਜਾ ਬੜੇ ਲੰਬੇ ਸਮੇਂ ਬਾਅਦ 11 ਮਾਰਚ ਨੂੰ ਐਲਾਨਿਆ ਜਾਣਾ ਹੈ। ਚੋਣ ਨਤੀਜੇ ਐਲਾਨਣ ‘ਚ ਇੰਨੇ ਵਕਫੇ ਕਾਰਨ ਪੰਜਾਬ ਦੇ ਲੋਕ ਹੀ ਨਹੀਂ, ਸਗੋਂ ਬਾਹਰਲੇ ਮੁਲਕਾਂ ਵਿਚ ਵਸੇ ਪ੍ਰਵਾਸੀ ਪੰਜਾਬੀ ਵੀ ਇਸ ਸਮੇਂ ਨਤੀਜਿਆਂ ਦੀਆਂ ਅਟਕਲਬਾਜ਼ੀਆਂ ਲਗਾਉਣ ਵਿਚ ਹੀ ਉਲਝੇ ਹੋਏ ਹਨ। ਹਰ ਕੋਈ ਆਪਣੇ ਤਰਕ ਅਤੇ ਦਲੀਲ ਨਾਲ ਆਪਣੀ ਪਸੰਦ ਦੇ ਨਤੀਜੇ ਆਉਣ ਦੀਆਂ ਕਿਆਸਅਰਾਈਆਂ ਲਗਾਉਣ ਵਿਚ ਰੁੱਝੇ ਹੋਏ ਹਨ। ਪੰਜਾਬ ਦੇ ਮਾਲਵਾ ਖੇਤਰ ਵਿਚ ਇਸ ਵਾਰ ਵੋਟਾਂ ਭੁਗਤਣ ਦੀ ਪ੍ਰਤੀਸ਼ਤਤਾ ਬਹੁਤ ਉੱਚੀ ਰਹੀ ਹੈ। ਬਹੁਤ ਸਾਰੇ ਵਿਧਾਨ ਸਭਾ ਹਲਕਿਆਂ ਵਿਚ 86-87 ਫੀਸਦੀ ਤੱਕ ਵੋਟਾਂ ਭੁਗਤੀਆਂ, ਜਦਕਿ ਦੁਆਬਾ ਅਤੇ ਮਾਝਾ ਖੇਤਰ ਵਿਚ ਇਸ ਦੇ ਮੁਕਾਬਲੇ ਵੋਟਾਂ ਪੈਣ ਦਾ ਕੰਮ ਮੁਕਾਬਲਤਨ ਮੱਠਾ ਰਿਹਾ ਹੈ। ਅੰਮ੍ਰਿਤਸਰ ਦੇ ਕੁਝ ਹਲਕਿਆਂ ਵਿਚ ਤਾਂ ਵੋਟਾਂ 60 ਤੋਂ 62 ਫੀਸਦੀ ਤੱਕ ਪਈਆਂ, ਜਦਕਿ ਆਮ ਤੌਰ ‘ਤੇ ਇਨ੍ਹਾਂ ਦੋਹਾਂ ਖੇਤਰਾਂ ਵਿਚ 75 ਫੀਸਦੀ ਦੇ ਨੇੜੇ ਹੀ ਵੋਟ ਭੁਗਤਣ ਦਾ ਰੁਝਾਨ ਰਿਹਾ ਹੈ। ਮਾਲਵਾ ਖੇਤਰ ਵਿਚ ਵਧੇਰੇ ਵੋਟਾਂ ਪੈਣ ਦਾ ਵੱਡਾ ਕਾਰਨ ਇਸ ਵੇਲੇ ਉਸ ਖੇਤਰ ਵਿਚ ਆਮ ਆਦਮੀ ਪਾਰਟੀ ਦੇ ਹੱਕ ਵਿਚ ਤਬਦੀਲੀ ਦੀ ਲਹਿਰ ਚੱਲਦੇ ਹੋਣ ਨੂੰ ਮੰਨਿਆ ਜਾ ਰਿਹਾ ਹੈ। ਪਰ ਮਾਲਵਾ ਖੇਤਰ ਦੇ ਹੀ ਵੱਡੇ ਹਿੱਸੇ ਵਿਚ ਡੇਰਾ ਸੱਚਾ ਸੌਦਾ ਸਿਰਸਾ ਦੇ ਤਗੜੇ ਪ੍ਰਭਾਵ ਤੋਂ ਕੋਈ ਇਨਕਾਰ ਨਹੀਂ ਕਰ ਰਿਹਾ। ਇਸ ਵਾਰ ਡੇਰਾ ਸਿਰਸਾ ਵੱਲੋਂ ਖੁੱਲ੍ਹੇਆਮ ਅਕਾਲੀ-ਭਾਜਪਾ ਗਠਜੋੜ ਦੀ ਹਮਾਇਤ ਦਾ ਐਲਾਨ ਕੀਤਾ ਗਿਆ ਸੀ। ਕੁੱਝ ਲੋਕਾਂ ਦਾ ਇਹ ਵੀ ਖਿਆਲ ਹੈ ਕਿ ਡੇਰਾ ਪ੍ਰੇਮੀਆਂ ਦੀ ਸਰਗਰਮੀ ਨਾਲ ਬੱਝਵੀਂ ਵੋਟ ਪੈਣ ਕਾਰਨ ਵੋਟਾਂ ਭੁਗਤਣ ਦੀ ਦਰ ਉੱਚੀ ਰਹੀ ਹੈ। ਡੇਰਾ ਹਮਾਇਤੀਆਂ ਦੀ ਵੋਟ ਦੇ ਆਸਰੇ ਅਕਾਲੀ ਦਲ ਆਸ ਲਗਾਈਂ ਬੈਠਾ ਹੈ ਕਿ ਮਾਲਵਾ ਖੇਤਰ ਵਿਚ ਉਸ ਨੂੰ ਵੀ ਚੰਗਾ ਹੁੰਗਾਰਾ ਮਿਲ ਸਕਦਾ ਹੈ, ਜਦਕਿ ਨੌਜਵਾਨ ਵੋਟਰ ਦੇ ਵੱਧ-ਚੜ੍ਹ ਕੇ ਭੁਗਤਣ ਕਾਰਨ ਆਮ ਆਦਮੀ ਪਾਰਟੀ ਇਸ ਖੇਤਰ ਵਿਚ ਹੂੰਝਾ ਫੇਰੂ ਜਿੱਤ ਦਾ ਦਾਅਵਾ ਕਰ ਰਹੀ ਹੈ। ਕਾਂਗਰਸ ਪਾਰਟੀ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਵੋਟ ਬੈਂਕ ਨੂੰ ਕਿਸੇ ਵੀ ਤਰ੍ਹਾਂ ਕੋਈ ਖੋਰਾ ਨਹੀਂ ਲੱਗਾ। ਇਸ ਕਰਕੇ ‘ਆਪ’ ਦੇ ਉਮੀਦਵਾਰਾਂ ਨੂੰ ਪੈਣ ਵਾਲੀ ਵੋਟ ਕਾਂਗਰਸ ਦਾ ਨੁਕਸਾਨ ਨਹੀਂ ਕਰ ਰਹੀ, ਜਿਸ ਕਰਕੇ ਕਾਂਗਰਸ ਵੀ ਚੰਗੇ ਨਤੀਜਿਆਂ ਦੀ ਆਸ ਕਰ ਰਹੀ ਹੈ। ਕਾਂਗਰਸ ਦੀ ਵੱਡੀ ਟੇਕ ਅਤੇ ਆਸ ਦੁਆਬਾ ਅਤੇ ਮਾਝਾ ਖੇਤਰ ਉੱਤੇ ਲੱਗੀ ਹੋਈ ਹੈ। ਕਾਂਗਰਸ ਹਮਾਇਤੀਆਂ ਦਾ ਮੰਨਣਾ ਹੈ ਕਿ ਮਾਝਾ ਖੇਤਰ ਵਿਚ ਉਨ੍ਹਾਂ ਨੂੰ 25 ਵਿਚੋਂ 18-20 ਸੀਟਾਂ ‘ਤੇ ਜਿੱਤ ਪ੍ਰਾਪਤ ਹੋਵੇਗੀ। ਜਦਕਿ ਦੁਆਬਾ ਖੇਤਰ ਦੀਆਂ 23 ਸੀਟਾਂ ਵਿਚੋਂ ਉਹ 14-15 ਸੀਟਾਂ ‘ਤੇ ਜਿੱਤ ਦਾ ਦਾਅਵਾ ਕਰ ਰਹੇ ਹਨ। ਅਜਿਹੀ ਹਾਲਤ ਵਿਚ 30 ਤੋਂ ਵੱਧ ਸੀਟਾਂ ਇਨ੍ਹਾਂ ਦੋਹਾਂ ਖੇਤਰਾਂ ਵਿਚੋਂ ਅਗਰ ਉਹ ਲੈ ਜਾਂਦੀ ਹੈ, ਤਾਂ ਉਸ ਦਾ ਸਰਕਾਰ ਬਣਨ ਦਾ ਦਾਅਵਾ ਕਾਫੀ ਮਜ਼ਬੂਤ ਬਣ ਜਾਂਦਾ ਹੈ। ਵੱਖ-ਵੱਖ ਟੀ.ਵੀ. ਚੈਨਲਾਂ ਵੱਲੋਂ ਕਰਵਾਏ ਸਰਵੇਖਣਾਂ ਵਿਚ ਵੀ ਵੱਖਰੇ-ਵੱਖਰੇ ਦਾਅਵੇ ਪੇਸ਼ ਕੀਤੇ ਜਾ ਰਹੇ ਹਨ। ਕੁਝ ਇਕ ਚੈਨਲ ਤਾਂ ਇਹ ਵੀ ਦਾਅਵੇ ਕਰਦੇ ਹਨ ਕਿ ਪੰਜਾਬ ਅੰਦਰ ਕਿਸੇ ਵੀ ਇਕ ਸਿਆਸੀ ਧਿਰ ਨੂੰ ਸਪੱਸ਼ਟ ਬਹੁਮਤ ਮਿਲਣ ਦੀ ਘੱਟ ਹੀ ਸੰਭਾਵਨਾ ਹੈ। ਉਨ੍ਹਾਂ ਮੁਤਾਬਕ ਪੰਜਾਬ ਵਿਚ ਇਸ ਵਾਰ ਖਿੰਡਿਆ ਹੋਇਆ ਹੁੰਗਾਰਾ ਆਵੇਗਾ ਅਤੇ ਕੋਈ ਵੀ ਇਕ ਪਾਰਟੀ ਸਰਕਾਰ ਬਣਾਉਣ ਦੇ ਸਮਰੱਥ ਨਹੀਂ ਹੋਵੇਗੀ, ਜਿਸ ਕਾਰਨ ਅਗਲੀ ਸਰਕਾਰ ਮਿਲੀ-ਜੁਲੀ ਸਰਕਾਰ ਵੀ ਬਣ ਸਕਦੀ ਹੈ।
ਪ੍ਰਵਾਸੀ ਪੰਜਾਬੀਆਂ ਅੰਦਰ ਵੀ ਇਸੇ ਗੱਲ ਉਪਰ ਵਿਚਾਰ-ਚਰਚਾ ਆਮ ਚੱਲਦੀ ਦੇਖੀ ਜਾਂਦੀ ਹੈ ਕਿ ਪੰਜਾਬ ਅੰਦਰ ਕਿਸ ਪਾਰਟੀ ਦੀ ਸਰਕਾਰ ਬਣੇਗੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਵੱਡੀ ਗਿਣਤੀ ਪ੍ਰਵਾਸੀ ਪੰਜਾਬੀਆਂ ਨੇ ਇਸ ਵਾਰ ਆਮ ਆਦਮੀ ਪਾਰਟੀ ਦੀ ਹਮਾਇਤ ਕੀਤੀ ਹੈ। ਪਰ ਫਿਰ ਵੀ ਬਹੁਤ ਸਾਰੇ ਪ੍ਰਵਾਸੀ ਪੰਜਾਬੀ ਇਹ ਗੱਲ ਮੰਨਦੇ ਹਨ ਕਿ ਪੰਜਾਬ ਅੰਦਰ ਸਖ਼ਤ ਸਿਆਸੀ ਮੁਕਾਬਲਾ ਹੈ ਅਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚੋਂ ਸਰਕਾਰ ਕਿਸੇ ਦੀ ਵੀ ਬਣ ਸਕਦੀ ਹੈ।
ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨਣ ਵਿਚ ਲੰਬੇ ਵਕਫੇ ਕਾਰਨ ਬਹੁਤ ਸਾਰੇ ਨੇਤਾਵਾਂ ਨੇ ਬਾਹਰਲੇ ਮੁਲਕਾਂ ਵੱਲ ਵੀ ਰੁਖ਼ ਕੀਤਾ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਪਿਛਲੇ ਇਕ ਹਫਤੇ ਵਿਚ ਇਲਾਜ ਲਈ ਨਿਊਯਾਰਕ ਆਏ ਹੋਏ ਹਨ। ਉਨ੍ਹਾਂ ਦੇ ਸਪੁੱਤਰ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਨੂੰਹ ਤੇ ਕੇਂਦਰੀ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਵੀ ਨਿਊਯਾਰਕ ਪੁੱਜ ਗਏ ਹਨ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਨੇਤਾ ਚੋਣ ਨਤੀਜਿਆਂ ਤੱਕ ਦੇ ਵਿਚਲੇ ਲੰਬੇ ਵਕਫੇ ਨੂੰ ਮਨੋਰੰਜਕ ਬਣਾਉਣ ਲਈ ਬਾਹਰਲੇ ਮੁਲਕਾਂ ਵਿਚ ਆਏ ਹੋਏ ਹਨ, ਜਾਂ ਛੁੱਟੀਆਂ ਮਨਾਉਣ ਲਈ ਦੂਜੇ ਸੂਬਿਆਂ ਵਿਚ ਚਲੇ ਗਏ ਹਨ।
ਪੰਜਾਬ ਦੇ ਚੋਣ ਇਤਿਹਾਸ ਵਿਚ ਪਹਿਲੀ ਵਾਰ ਵਿਧਾਨ ਸਭਾ ਚੋਣ ‘ਚ ਤਿੰਨ ਧਿਰੀ ਟੱਕਰ ਹੋਈ ਹੈ। ਇਸ ਤੋਂ ਪਹਿਲਾਂ ਹਮੇਸ਼ਾ ਦੋ ਧਿਰਾਂ ਵਿਚਕਾਰ ਹੀ ਮੁਕਾਬਲਾ ਚੱਲਦਾ ਆ ਰਿਹਾ ਹੈ ਅਤੇ ਆਮ ਤੌਰ ‘ਤੇ ਕਾਂਗਰਸ ਤੇ ਅਕਾਲੀ ਦਲ ਵਿਚੋਂ ਹੀ ਕੋਈ ਇਕ ਧਿਰ ਮੁੜ ਸੱਤਾ ਉਪਰ ਕਾਬਜ਼ ਹੁੰਦੀ ਰਹੀ ਹੈ। ਪਰ ਇਸ ਵਾਰ ਆਮ ਆਦਮੀ ਪਾਰਟੀ ਇਕ ਮਜ਼ਬੂਤ ਤੀਜੀ ਧਿਰ ਵਜੋਂ ਉਭਰ ਕੇ ਸਾਹਮਣੇ ਆਈ ਹੈ। ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਆਮ ਆਦਮੀ ਪਾਰਟੀ ਪੰਜਾਬ ਵਿਚ ਆਪਣੇ ਚਾਰ ਮੈਂਬਰ ਪਾਰਲੀਮੈਂਟ ਜਿਤਾਉਣ ਵਿਚ ਕਾਮਯਾਬ ਰਹੀ ਸੀ ਅਤੇ ਪਹਿਲੀ ਵਾਰ ਚੋਣ ਲੜ ਕੇ 24.5 ਫੀਸਦੀ ਰਿਕਾਰਡ ਵੋਟ ਹਾਸਲ ਕਰ ਗਈ ਸੀ। ਇਸ ਤਰ੍ਹਾਂ ਵਿਧਾਨ ਸਭਾ ਚੋਣਾਂ ਵਿਚ ਕੋਈ ਵੀ ਅਜਿਹਾ ਹਲਕਾ ਨਹੀਂ, ਜਿੱਥੇ ਇਸ ਤੀਜੀ ਧਿਰ ਦੀ ਹਾਜ਼ਰੀ ਨਾ ਹੋਵੇ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਸਾਰੇ ਹਲਕਿਆਂ ਵਿਚ ਇਸ ਵਾਰ ਤਿੰਨ ਧਿਰੀ ਮੁਕਾਬਲਾ ਹੈ। ਚੋਣਾਂ ਵਿਚ ਤਿੰਨ ਧਿਰੀ ਮੁਕਾਬਲਾ ਹੋਣ ਕਾਰਨ ਹੀ ਸਿਆਸੀ ਪੰਡਿਤਾਂ ਨੂੰ ਇਸ ਵਾਰ ਚੋਣ ਨਤੀਜਿਆਂ ਬਾਰੇ ਕਿਆਸਅਰਾਈਆਂ ਲਗਾਉਣ ਵਿਚ ਵੱਡੀ ਦਿੱਕਤ ਆ ਰਹੀ ਹੈ। ਸਭ ਤੋਂ ਵੱਡੀ ਅੜਾਉਣੀ ਤਾਂ ਇਹ ਬਣੀ ਹੋਈ ਹੈ ਕਿ ਨਵੀਂ ਸਿਆਸੀ ਧਿਰ, ਕਾਂਗਰਸ ਅਤੇ ਅਕਾਲੀ ਦਲ ਵਿਚੋਂ ਵਧੇਰੇ ਕਿਸ ਦੀਆਂ ਵੋਟਾਂ ਆਪਣੇ ਵੱਲ ਖਿੱਚੇਗੀ। ਆਮ ਆਦਮੀ ਪਾਰਟੀ ਕਿਸ ਰਵਾਇਤੀ ਪਾਰਟੀ ਨੂੰ ਵਧੇਰੇ ਢਾਹ ਲਗਾਵੇਗੀ ਅਤੇ ਕਿੰਨੀ ਕੁ ਲਗਾਵੇਗੀ, ਇਸ ਬਾਰੇ ਸਹੀ ਅੰਦਾਜ਼ਾ ਲਗਾ ਸਕਣਾ ਕਿਸੇ ਵੀ ਤਰ੍ਹਾਂ ਸੌਖਾਲਾ ਨਹੀਂ ਲੱਗ ਰਿਹਾ। ਦੋ ਸਾਲ ਪਹਿਲਾਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਵੀ ਤਿੰਨ ਧਿਰੀ ਮੁਕਾਬਲਾ ਸਾਹਮਣੇ ਆਇਆ ਸੀ। ਉਥੇ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਵਿਚਕਾਰ ਮੁਕਾਬਲੇ ਹੋਏ ਸਨ। ਦਿੱਲੀ ਚੋਣਾਂ ਦਾ ਤਜ਼ਰਬਾ ਦੱਸਦਾ ਹੈ ਕਿ ਉਸ ਚੋਣ ਵਿਚ ਭਾਜਪਾ ਆਪਣੀਆਂ ਪਹਿਲਾਂ ਵਾਲੀਆਂ 33 ਫੀਸਦੀ ਵੋਟਾਂ ਆਪਣੇ ਕਲਾਵੇ ਵਿਚ ਰੱਖਣ ਵਿਚ ਕਾਮਯਾਬ ਹੋਈ ਸੀ, ਜਦਕਿ ਆਮ ਆਦਮੀ ਪਾਰਟੀ ਨੂੰ ਕਾਂਗਰਸ ਨੂੰ ਬੁਰੀ ਤਰ੍ਹਾਂ ਮਧੌਲ ਸੁੱਟਿਆ ਅਤੇ ਕਾਂਗਰਸ ਦੀ ਵੋਟ ਘੱਟ ਕੇ ਸਿਰਫ 3 ਫੀਸਦੀ ਹੀ ਰਹਿ ਗਈ ਸੀ। ਕਾਂਗਰਸ ਦੀ ਇੰਨੀ ਵੱਡੀ ਵੋਟ ਘਟਣ ਦਾ ਨਤੀਜਾ ਇਹ ਨਿਕਲਿਆ ਕਿ ਆਮ ਆਦਮੀ ਪਾਰਟੀ 70 ਵਿਚੋਂ 67 ਸੀਟਾਂ ਉੱਤੇ ਕਾਬਜ਼ ਹੋਣ ਵਿਚ ਕਾਮਯਾਬ ਹੋ ਗਈ। ਪੰਜਾਬ ਵਿਚ ਵੀ ਇਹ ਗੱਲ ਹੀ ਵੱਡੀ ਬੁਝਾਰਤ ਬਣੀ ਹੋਈ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਿਸ ਪਾਰਟੀ ਦੀ ਵੱਡੇ ਪੱਧਰ ਉੱਤੇ ਵੋਟ ਖੋਹਣਗੇ।
ਆਮ ਤੌਰ ‘ਤੇ ਇਹ ਕਿਹਾ ਜਾਂਦਾ ਹੈ ਕਿ ਦਸ ਸਾਲ ਤੋਂ ਰਾਜ ਕਰ ਰਹੇ ਅਕਾਲੀ-ਭਾਜਪਾ ਗਠਜੋੜ ਨੂੰ ਲੋਕਾਂ ਦੇ ਰੋਸ ਅਤੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ ਆਮ ਆਦਮੀ ਪਾਰਟੀ ਗਠਜੋੜ ਦੀਆਂ ਵੋਟਾਂ ਨੂੰ ਹੀ ਵਧੇਰੇ ਸੰਨ੍ਹ ਲਾਵੇਗੀ। ਇਸ ਤੋਂ ਇਲਾਵਾ ਕੁੱਝ ਖੇਤਰਾਂ ਵਿਚ ਬਸਪਾ ਦੇ ਹੇਠਲੀ ਗਰੀਬ ਅਤੇ ਦਲਿਤ ਵੋਟ ਨੂੰ ਵੀ ਆਮ ਆਦਮੀ ਪਾਰਟੀ ਸੰਨ੍ਹ ਲਗਾ ਰਹੀ ਹੈ। ਚੋਣ ਨਤੀਜਿਆਂ ਬਾਰੇ ਇਕ ਗੱਲ ਪੱਕ ਨਾਲ ਕਹੀ ਜਾ ਸਕਦੀ ਹੈ ਕਿ ਅਕਾਲੀ-ਭਾਜਪਾ ਗਠਜੋੜ ਦੀ ਹਾਲਤ ਕਿਹੋ ਜਿਹੀ ਰਹੇਗੀ, ਆਪ ਦੇ ਭਵਿੱਖ ਦਾ ਅੰਦਾਜ਼ਾ ਉਸ ਤੋਂ ਹੀ ਲਗਾਇਆ ਜਾ ਸਕੇਗਾ। ਸਿਆਸੀ ਮਾਹਿਰ ਆਮ ਤੌਰ ‘ਤੇ ਇਸ ਗੱਲ ‘ਤੇ ਸਹਿਮਤ ਹਨ ਕਿ ਜੇਕਰ ਅਕਾਲੀ ਦਲ ਦੀ ਕੁੱਲ ਵੋਟ 15 ਫੀਸਦੀ ਤੋਂ ਘੱਟ ਜਾਂਦੀ ਹੈ, ਤਾਂ ਆਮ ਆਦਮੀ ਪਾਰਟੀ ਦੇ ਵੱਡੇ ਪੱਧਰ ‘ਤੇ ਜਿੱਤਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ ਪਰ ਜੇਕਰ ਅਕਾਲੀ-ਭਾਜਪਾ ਗਠਜੋੜ ਆਪਣੀ ਵੋਟ 20 ਫੀਸਦੀ ਤੋਂ ਉਪਰ ਲੈ ਜਾਂਦਾ ਹੈ, ਤਾਂ ਇਸ ਦੀ ਮਾਰ ਵੀ ਆਮ ਆਦਮੀ ਪਾਰਟੀ ਨੂੰ ਪੈ ਸਕਦੀ ਹੈ ਅਤੇ ਨਤੀਜਿਆਂ ਬਾਰੇ ਲਾਏ ਜਾ ਰਹੇ ਅੰਦਾਜ਼ੇ ਉਲਟ-ਪੁਲਟ ਹੋ ਸਕਦੇ ਹਨ। ਅਜਿਹੀ ਹਾਲਤ ਵਿਚ ਪੰਜਾਬ ਅੰਦਰ ਕਿਸੇ ਵੀ ਇਕ ਧਿਰ ਨੂੰ ਸਪੱਸ਼ਟ ਬਹੁਗਿਣਤੀ ਮਿਲਣ ਦੀ ਸੰਭਾਵਨਾ ਵੀ ਘੱਟ ਜਾਵੇਗੀ। ਕੁੱਝ ਵੀ ਹੋਵੇ, ਚੋਣਾਂ ਦਾ ਨਤੀਜਾ ਅਕਾਲੀ ਦਲ ਨੂੰ ਪੈਣ ਵਾਲੀਆਂ ਵੋਟਾਂ ‘ਤੇ ਹੀ ਨਿਰਭਰ ਕਰੇਗਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.