ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਡੋਨਾਲਡ ਟਰੰਪ ਬਾਰੇ ਖਦਸ਼ੇ ਹੋਣ ਲੱਗੇ ਸੱਚ ਸਾਬਿਤ
ਡੋਨਾਲਡ ਟਰੰਪ ਬਾਰੇ ਖਦਸ਼ੇ ਹੋਣ ਲੱਗੇ ਸੱਚ ਸਾਬਿਤ
Page Visitors: 2663

ਡੋਨਾਲਡ ਟਰੰਪ ਬਾਰੇ ਖਦਸ਼ੇ ਹੋਣ ਲੱਗੇ ਸੱਚ ਸਾਬਿਤ

Posted On 01 Mar 2017
8

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਅਮਰੀਕੀ ਰਾਸ਼ਟਰਪਤੀ ਦੀ ਚੋਣ ਦੌਰਾਨ ਡੋਨਾਲਡ ਟਰੰਪ ਜਿਸ ਤਰ੍ਹਾਂ ਖੁੱਲ੍ਹਮ-ਖੁੱਲ੍ਹਾ ਅਤੇ ਬੇਹਿਯਾਈ ਨਾਲ ਪ੍ਰਵਾਸੀਆਂ, ਖਾਸਕਰ ਮੁਸਲਮਾਨ ਵਸੋਂ ਪ੍ਰਤੀ ਭੜਾਸ ਕੱਢਦਾ ਰਿਹਾ ਹੈ ਅਤੇ ਇਹ ਕਹਿੰਦੇ ਰਹੇ ਹਨ ਕਿ ਅਮਰੀਕਾ ਵਿਚ ਰੁਜ਼ਗਾਰ ਅਤੇ ਹੋਰ ਤਰ੍ਹਾਂ ਦੀਆਂ ਸਹੂਲਤਾਂ ਵਿਚ ਪਹਿਲ ਅਮਰੀਕਨਾਂ ਨੂੰ ਹੀ ਮਿਲਣੀ ਚਾਹੀਦੀ ਹੈ। ਉਨ੍ਹਾਂ ਵੱਲੋਂ ਪ੍ਰਸ਼ਾਸਨ ਸੰਭਾਲਣ ਬਾਅਦ 7 ਮੁਸਲਿਮ ਦੇਸ਼ਾਂ ਦੇ ਲੋਕਾਂ ਦੇ ਅਮਰੀਕਾ ਵਿਚ ਦਾਖਲ ਹੋਣ ‘ਤੇ ਪਾਬੰਦੀ ਲਗਾਉਣ, ਮੈਕਸਿਕੋ ਦੀ ਸਰਹੱਦ ਉਪਰ ਲੰਬੀ-ਉੱਚੀ ਕੰਧ ਖੜ੍ਹੀ ਕਰਨ, ਅਮਰੀਕਾ ਅੰਦਰ ਰਹਿ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਅਤੇ ਦੇਸ਼ ਨਿਕਾਲਾ ਦੇਣ ਲਈ 1 ਲੱਖ ਨਵੇਂ ਨੈਸ਼ਨਲ ਗਾਰਡ ਤਾਇਨਾਤ ਕਰਨ ਅਤੇ ਕਿਸੇ ਵੀ ਤਰ੍ਹਾਂ ਦਾ ਜੁਰਮ ਕਰਨ, ਇੱਥੋਂ ਤੱਕ ਕਿ ਟ੍ਰੈਫਿਕ ਉਲੰਘਣਾ ‘ਚ ਫਸੇ ਕੇਸਾਂ ਵਰਗੇ 2 ਸਾਲ ਤੋਂ ਘੱਟ ਸਮੇਂ ਤੋਂ ਬਿਨਾਂ ਕਿਸੇ ਕਾਗਜ਼ਾਂ ਤੋਂ ਅਮਰੀਕਾ ਵਿਚ ਰਹਿ ਰਹੇ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਵਰਗੇ ਕਦਮਾਂ ਨਾਲ ਪ੍ਰਵਾਸੀਆਂ ਵਿਚ ਵੱਡੀ ਪੱਧਰ ਉਪਰ ਦਹਿਸ਼ਤ ਅਤੇ ਖੌਫ ਪੈਦਾ ਹੋ ਗਿਆ ਸੀ।
     ਬਹੁਤ ਸਾਰੇ ਲੋਕ ਇਹ ਕਿਆਸ ਵੀ ਲਗਾਉਣ ਲੱਗ ਪਏ ਸਨ ਕਿ ਟਰੰਪ ਪ੍ਰਸ਼ਾਸਨ ਦੀਆਂ ਅਜਿਹੀਆਂ ਹੁੱਜਤੀ ਨੀਤੀਆਂ ਅਮਰੀਕਾ ਦੀ ਸਲੀਨ ਅਤੇ ਸਲੀਕੇ ਵਾਲੀ ਸਿਆਸਤ ਅਤੇ ਪ੍ਰਸ਼ਾਸਨ ਨੂੰ ਲੀਹੋਂ ਲਾਉਣ ਦਾ ਕਾਰਨ ਬਣਨਗੀਆਂ ਅਤੇ ਮਨੁੱਖੀ ਅਧਿਕਾਰਾਂ ਲਈ ਜਾਣੇ ਜਾਂਦੇ ਦੇਸ਼ ਅਮਰੀਕਾ ਵਿਚ ਇਕ ਵਾਰ ਫਿਰ ਨਸਲਵਾਦ ਦਾ ਭੂਤ ਮੁੜ ਸਿਰ ਚੁੱਕ ਸਕਦਾ ਹੈ। ਇਨ੍ਹਾਂ ਖਦਸ਼ਿਆਂ ਨੂੰ ਮਹੀਨੇ, ਹਫਤੇ ਤਾਂ ਕੀ ਕੁਝ ਦਿਨ ਹੀ ਬੀਤੇ ਸਨ ਕਿ ਇਕ ਭਾਰਤੀ ਇੰਜੀਨੀਅਰ ਨੂੰ ਕਨਸਾਸ ਵਿਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦੇਣ ਅਤੇ ਉਸ ਦੇ ਸਾਥੀ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦੇਣ ਦੀ ਘਟਨਾ ਨੇ ਇਹ ਗੱਲ ਸਾਹਮਣੇ ਲਿਆ ਦਿੱਤੀ ਹੈ ਕਿ ਅਮਰੀਕਾ ਵਿਚ ਨਸਲਵਾਦ ਆਪਣੇ ਪੈਰ ਪਾ ਚੁੱਕਾ ਹੈ। ਹਮਲਾ ਕਰਨ ਵਾਲੇ ਨਫਰਤੀ ਗੋਰੇ ਨੇ ਉਕਤ ਦੋਵਾਂ ਹੀ ਭਾਰਤੀਆਂ ਨੂੰ ਮੱਧ ਪੂਰਬ ਦੇ ਵਸਨੀਕਾਂ ਵਜੋਂ ਸਮਝਿਆ ਸੀ ਅਤੇ ਬੜੀ ਨਫਰਤ ਨਾਲ ਇਹ ਗੱਲ ਆਖੀ ਸੀ ਕਿ ਤੁਸੀਂ ਸਾਡਾ ਦੇਸ਼ ਛੱਡ ਕੇ ਚਲੇ ਜਾਓ।
ਇਸ ਘਟਨਾ ਨਾਲ ਪੂਰੇ ਅਮਰੀਕਾ ਵਿਚ ਪ੍ਰਵਾਸੀਆਂ ਅੰਦਰ ਵੱਡੀ ਪੱਧਰ ‘ਤੇ ਦਹਿਸ਼ਤ ਅਤੇ ਬੇਯਕੀਨੀ ਵਾਲਾ ਮਾਹੌਲ ਬਣਿਆ ਹੋਇਆ ਹੈ। ਪ੍ਰਵਾਸੀ ਭਾਰਤੀਆਂ ਅੰਦਰ ਵੀ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਨੇ ਵੱਡੀ ਚਿੰਤਾ ਪੈਦਾ ਕੀਤੀ ਹੋਈ ਹੈ। ਬਹੁਤ ਲੰਬੇ ਚਿਰ ਤੋਂ ਇਥੇ ਰਹਿ ਕੇ ਆਪਣੀਆਂ ਜੜ੍ਹਾਂ ਜਮ੍ਹਾ ਚੁੱਕੇ ਪ੍ਰਵਾਸੀ ਭਾਰਤੀਆਂ ਅੰਦਰ ਵੀ ਇਕ ਵਾਰ ਅਲਹਿਦਗੀ ਦੀ ਭਾਵਨਾ ਪੈਦਾ ਹੋਣ ਲੱਗ ਪਈ ਹੈ। ਦਰਅਸਲ ਅਮਰੀਕਾ ਵਿਚ ਬੜੀ ਵੱਡੀ ਗਿਣਤੀ ਅਜਿਹੀ ਹੈ, ਜੋ ਗੈਰ ਕਾਨੂੰਨੀ ਤੌਰ ‘ਤੇ ਰਹਿ ਰਹੀ ਹੈ ਅਤੇ ਅਮਰੀਕੀ ਆਰਥਿਕਤਾ ਵਿਚ ਇਸ ਵਸੋਂ ਦਾ ਵੱਡਾ ਯੋਗਦਾਨ ਹੈ। ਓਬਾਮਾ ਪ੍ਰਸ਼ਾਸਨ ਸਮੇਂ ਅਜਿਹੇ ਲੋਕਾਂ ਦੀ ਸੁਰੱਖਿਆ ਲਈ ਬਹੁਤ ਸਾਰੇ ਕਦਮ ਚੁੱਕੇ ਗਏ ਸਨ। ਪ੍ਰਸ਼ਾਸਨ ਨੇ ਉਸ ਸਮੇਂ ਓਬਾਮਾ ਕੇਅਰ ਨਾਂ ਦੀ ਇਕ ਨੀਤੀ ਅਪਣਾਈ ਸੀ, ਜਿਸ ਤਹਿਤ ਗੈਰ ਕਾਨੂੰਨੀ ਰਹਿ ਰਹੇ ਲੋਕਾਂ ਨੂੰ ਮੁਫਤ ਡਾਕਟਰੀ ਸਹੂਲਤ ਸਮੇਤ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਯਕੀਨੀ ਬਣਾਏ ਜਾਣ ਦੀ ਮੱਦ ਸ਼ਾਮਲ ਸੀ। ਪਰ ਹੁਣ ਸਭ ਕੁਝ ਉਲਟਾ-ਪੁਲਟਾ ਹੋ ਰਿਹਾ ਹੈ।
ਕੈਲੀਫੋਰਨੀਆ ਇਕ ਅਜਿਹਾ ਸੂਬਾ ਹੈ, ਜੋ ਮੁੱਖ ਤੌਰ ‘ਤੇ ਖੇਤੀ ਪ੍ਰਧਾਨ ਸੂਬਾ ਸਮਝਿਆ ਜਾਂਦਾ ਹੈ। ਇਸ ਸੂਬੇ ਵਿਚ ਪ੍ਰਵਾਸੀ ਪੰਜਾਬੀ ਵੀ ਖੇਤੀ ਧੰਦੇ ਨਾਲ ਵੱਡੇ ਪੱਧਰ ‘ਤੇ ਜੁੜੇ ਹੋਏ ਹਨ। ਗੈਰ ਕਾਨੂੰਨੀ ਪ੍ਰਵਾਸੀਆਂ ਦਾ ਵੱਡਾ ਹਿੱਸਾ ਖੇਤੀ ਖੇਤਰ ਵਿਚ ਸਮੋਇਆ ਜਾਂਦਾ ਰਿਹਾ ਹੈ। ਜੇਕਰ ਗੈਰ ਕਾਨੂੰਨੀ ਰਹਿੰਦੇ ਲੋਕਾਂ ਨਾਲ ਸਖ਼ਤੀ ਵਰਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਂਦਾ ਹੈ, ਤਾਂ ਇਸ ਨਾਲ ਕੈਲੀਫੋਰਨੀਆ ਦੀ ਖੇਤੀ ਆਰਥਿਕਤਾ ਨੂੰ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਖੜ੍ਹਾ ਹੋ ਜਾਵੇਗਾ। ਇਸੇ ਤਰ੍ਹਾਂ ਗੈਰ ਕਾਨੂੰਨੀ ਤੌਰ ‘ਤੇ ਰਹਿ ਰਹੇ ਪ੍ਰਵਾਸੀ ਲੋਕ ਡਰਦੇ ਮਾਰੇ ਕੰਮਾਂ ਉਪਰ ਜਾਣੋਂ ਹੱਟ ਰਹੇ ਹਨ। ਇੱਥੋਂ ਤੱਕ ਕਿ ਉਨ੍ਹਾਂ ਨੇ ਸਕੂਲਾਂ ਵਿਚ ਪੜ੍ਹਦੇ ਆਪਣੇ ਬੱਚਿਆਂ ਨੂੰ ਵੀ ਪੜ੍ਹਨ ਭੇਜਣਾ ਬੰਦ ਕਰ ਰੱਖਿਆ ਹੋਇਆ ਹੈ। ਉਨ੍ਹਾਂ ਨੂੰ ਖਤਰਾ ਹੈ ਕਿ ਕੰਮ ਵਾਲੀਆਂ ਥਾਵਾਂ ਅਤੇ ਸਕੂਲਾਂ ਵਿਚ ਪੜਤਾਲ ਕਰਨ ‘ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਆਪਣੇ ਦੇਸ਼ਾਂ ਨੂੰ ਵਾਪਸ ਭੇਜਿਆ ਜਾ ਸਕਦਾ ਹੈ। ਅਜਿਹਾ ਮਾਹੌਲ ਕਿਸੇ ਇਕ ਸੂਬੇ ਵਿਚ ਨਹੀਂ, ਪੂਰੇ ਅਮਰੀਕਾ ਵਿਚ ਪਸਰਿਆ ਹੋਇਆ ਹੈ। ਇੱਥੋਂ ਤੱਕ ਕਿ ਬਹੁਤ ਸਾਰੇ ਪ੍ਰਵਾਸੀ ਪੰਜਾਬੀ, ਜਿਨ੍ਹਾਂ ਨੇ ਆਪਣੇ ਕਿਸੇ ਪਰਿਵਾਰ ਦਾ ਵਿਆਹ ਭਾਰਤ ਵਿਚ ਕੀਤਾ ਸੀ, ਉਹ ਹੁਣ ਵਿਆਹੇ ਲੜਕੇ ਜਾਂ ਲੜਕੀ ਨੂੰ ਜਲਦੀ ਅਮਰੀਕਾ ਸੱਦਣ ਦੇ ਯਤਨ ਕਰ ਰਹੇ ਹਨ। ਉਨ੍ਹਾਂ ਨੂੰ ਖਦਸ਼ਾ ਹੈ ਕਿ ਟਰੰਪ ਪ੍ਰਸ਼ਾਸਨ ਵੱਲੋਂ ਚੁੱਕੇ ਜਾ ਰਹੇ ਕਦਮਾਂ ਕਾਰਨ ਕਿਤੇ ਉਨ੍ਹਾਂ ਦੇ ਲਾੜੀ ਜਾਂ ਲਾੜਾ ਦੇ ਅਮਰੀਕਾ ਪਹੁੰਚਣ ਵਿਚ ਲੰਬੀ ਦੇਰੀ ਨਾ ਹੋ ਜਾਵੇ।
ਟਰੰਪ ਪ੍ਰਸ਼ਾਸਨ ਆਏ ਦਿਨ ਕੋਈ ਨਾ ਕੋਈ ਅਜਿਹਾ ਕਦਮ ਚੁੱਕ ਰਿਹਾ ਹੈ, ਜੋ ਪ੍ਰਵਾਸੀਆਂ ਅੰਦਰ ਡਰ ਅਤੇ ਸਹਿਮ ਦਾ ਕਾਰਨ ਬਣ ਰਿਹਾ ਹੈ ਅਤੇ ਇਸ ਦੇ ਨਾਲ ਹੀ ‘Buy America-Hire America’ ਦੇ ਦਿੱਤੇ ਜਾ ਰਹੇ ਨਾਅਰਿਆਂ ਨਾਲ ਨਕਲੀ (ਤੰਗ ਨਜ਼ਰ) ਅਮਰੀਕਨਵਾਦ ਵੀ ਪੈਦਾ ਹੋ ਰਿਹਾ ਹੈ। ਗੋਰੇ ਅਮਰੀਕੀ ਲੋਕਾਂ ਅੰਦਰ ਇਹ ਅਹਿਸਾਸ ਕਰਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦੀ ਜੜ੍ਹ ਬਾਹਰੋਂ ਆਏ ਲੋਕ ਹੀ ਹਨ। ਜੇਕਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿਚੋਂ ਕੱਢ ਦਿੱਤਾ ਜਾਵੇ, ਤਾਂ ਇਸ ਨਾਲ ਅਮਰੀਕੀ ਲੋਕਾਂ ਦੇ ਹਿੱਤ ਸੁਰੱਖਿਅਤ ਹੋ ਜਾਣਗੇ। ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਟਰੰਪ ਪ੍ਰਸ਼ਾਸਨ ਇਕ ਕਰੋੜ ਦੇ ਕਰੀਬ ਪ੍ਰਵਾਸੀਆਂ ਨੂੰ ਅਮਰੀਕਾ ਵਿਚੋਂ ਬਾਹਰ ਧੱਕਣ ਦੇ ਰੌਂਅ ਵਿਚ ਹੈ। ਅਜਿਹੇ ਲੋਕਾਂ ਵਿਚ ਘੱਟੋ-ਘੱਟ 3 ਲੱਖ ਪ੍ਰਵਾਸੀ ਭਾਰਤੀਆਂ ਦੀ ਗਿਣਤੀ ਹੈ। ਅਜਿਹੇ ਪ੍ਰਵਾਸੀ ਭਾਰਤੀਆਂ ਵਿਚ ਆਮ ਕਾਮੇ ਮਜ਼ਦੂਰ ਹੀ ਨਹੀਂ, ਸਗੋਂ ਉੱਚ ਸਿੱਖਿਅਤ ਇੰਜੀਨੀਅਰ, ਡਾਕਟਰ ਅਤੇ ਹੋਰ ਮਾਹਰ ਵੀ ਸ਼ਾਮਲ ਹਨ। ਟਰੰਪ ਪ੍ਰਸ਼ਾਸਨ ਅਮਰੀਕਾ ਵਿਚ ਪੈਦਾ ਹੋ ਰਹੀ ਇਸ ਤਰ੍ਹਾਂ ਦੀ ਬੇਵਿਸ਼ਵਾਸੀ ਅਤੇ ਸਹਿਮ ਭਰੇ ਮਾਹੌਲ ਨੂੰ ਸੁਖਾਵਾਂ ਕਰਨ ਲਈ ਕਦਮ ਚੁੱਕਣ ਦੀ ਬਜਾਏ, ਸਗੋਂ ਆਏ ਦਿਨ ਕੋਈ ਨਾ ਕੋਈ ਅਜਿਹਾ ਕਦਮ ਚੁੱਕ ਰਿਹਾ ਹੈ, ਜਿਸ ਨਾਲ ਲੋਕਾਂ ਦੇ ਖਦਸ਼ੇ ਹੋਰ ਵੱਧ ਰਹੇ ਹਨ। ਭਾਰਤੀ ਇੰਜੀਨੀਅਰ ਦੇ ਕਤਲ ਤੋਂ ਬਾਅਦ ਜਿਸ ਤਰ੍ਹਾਂ ਅਮਰੀਕੀ ਪ੍ਰਸ਼ਾਸਨ ਉਪਰ ਸਵਾਲ ਉੱਠ ਰਹੇ ਹਨ ਅਤੇ ਲੋਕਾਂ ਅੰਦਰ ਦਹਿਸ਼ਤ ਫੈਲੀ ਹੈ, ਉਸ ਬਾਰੇ ਟਰੰਪ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੀ ਸਫਾਈ ਤੋਂ ਪੂਰੀ ਤਰ੍ਹਾਂ ਕੰਨੀਂ ਕਤਰਾ ਰਿਹਾ ਹੈ। ਪ੍ਰਸ਼ਾਸਨ ਦੇ ਅਜਿਹੇ ਵਤੀਰੇ ਕਾਰਨ ਅਮਰੀਕੀ ਲੋਕਾਂ ਵਿਚ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।
ਅਮਰੀਕਾ ਅਜਿਹਾ ਦੇਸ਼ ਹੈ, ਜਿਸ ਦੇ ਪ੍ਰਸ਼ਾਸਨ ਤੋਂ ਲੈ ਕੇ ਹਰ ਖੇਤਰ ਵਿਚ ਪ੍ਰਵਾਸੀਆਂ ਦਾ ਵੱਡਾ ਯੋਗਦਾਨ ਹੈ। ਹੇਠਲੇ ਪੱਧਰ ਤੋਂ ਲੈ ਕੇ ਵਾਈਟ ਹਾਊਸ ਤੱਕ ਪ੍ਰਵਾਸੀ ਲੋਕ ਕੰਮ ਕਰ ਰਹੇ ਹਨ। ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਲੰਬੇ ਸਮੇਂ ਦੇ ਪੈਦਾ ਹੋਏ ਭਰੋਸੇ ਅਤੇ ਅਮਰੀਕੀ ਸਲੀਕੇ ‘ਚ ਤਰੇੜਾਂ ਪਾਉਣ ਲੱਗੇ ਹਨ। ਕੁੱਝ ਸਮਾਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕਲ ਫ਼ਿਲਨ ਨੇ ਅਸਤੀਫ਼ਾ ਦੇ ਦਿੱਤਾ। ਫ਼ਿਲਨ ‘ਤੇ ਰੂਸ ਨਾਲ ਕਥਿਤ ਰੂਪ ‘ਚ ਸੰਪਰਕ ਰੱਖਣ ਕਾਰਨ ਅਸਤੀਫ਼ਾ ਦੇਣ ਲਈ ਦਬਾਅ ਪਾਇਆ ਗਿਆ ਸੀ। ਸੂਤਰਾਂ ਮੁਤਾਬਿਕ ਟਰੰਪ ਦੇ ਅਹੁਦਾ ਸੰਭਾਲਣ ਤੋਂ ਇਕ ਮਹੀਨੇ ਦੇ ਅੰਦਰ ਹੀ ਟਰੰਪ ਪ੍ਰਸ਼ਾਸਨ ਨੂੰ ਇਹ ਦੂਸਰਾ ਵੱਡਾ ਝੱਟਕਾ ਸੀ। ਇਸ ਤੋਂ ਪਹਿਲਾਂ ਮੁਸਲਿਮ ਬਹੁਗਿਣਤੀ ਦੇਸ਼ਾਂ ‘ਤੇ ਲਗਾਈ ਪਾਬੰਦੀ ‘ਤੇ ਅਦਾਲਤ ਨੇ ਰੋਕ ਲਗਾ ਦਿੱਤੀ ਸੀ ਤੇ ਹੁਣ ਟਰੰਪ ਦੇ ਕਰੀਬੀ ਮੰਨੇ ਜਾਂਦੇ ਫ਼ਿਲਨ ਨੇ ਅਸਤੀਫ਼ਾ ਦੇ ਦਿੱਤਾ।
ਪਿਛਲੇ ਹਫਤੇ ਹਿਜਾਬ ਪਹਿਨਣ ਵਾਲੀ ਬੰਗਲਾਦੇਸ਼ੀ ਮੂਲ ਦੀ ਮੁਸਲਮਾਨ ਬੀਬੀ, ਜੋ ਕਿ ਵਾਈਟ ਹਾਊਸ ਦੀ ਸਾਬਕਾ ਸਟਾਫਰ ਹੈ, ਨੇ ਵੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ 7 ਮੁਸਲਿਮ ਬਹੁਗਿਣਤੀ ਵਾਲੇ ਮੁਲਕਾਂ ਦੇ ਨਾਗਰਿਕਾਂ ‘ਤੇ ਅਮਰੀਕਾ ‘ਚ ਦਾਖ਼ਲ ਹੋਣ ‘ਤੇ ਰੋਕ ਲਾਏ ਜਾਣ ਦੇ ਐਲਾਨ ਕਾਰਨ ਉਸ ਨੇ ਨਵੇਂ ਪ੍ਰਸ਼ਾਸਨ ਦੇ ਮਹਿਜ਼ 8 ਦਿਨਾਂ ਬਾਅਦ ਹੀ ਆਪਣੀ ਨੌਕਰੀ ਛੱਡ ਦਿੱਤੀ। ਰੁਮਾਨਾ ਅਹਿਮਦ ਨੂੰ ਸਾਲ 2011 ‘ਚ ਵਾਈਟ ਹਾਊਸ ਵਿਚ ਕੰਮ ‘ਤੇ ਰੱਖਿਆ ਗਿਆ ਸੀ ਅਤੇ ਬਾਅਦ ਵਿਚ ਉਸ ਨੂੰ ਕੌਮੀ ਸੁਰੱਖਿਆ ਕੌਂਸਲ (ਐੱਨ.ਐੱਸ.ਸੀ.) ਵਿਚ ਕੰਮ ਦਿੱਤਾ ਗਿਆ ਸੀ।
‘ਦਿ ਐਟਲਾਂਟਿਕ’ ਵਿਚ ਪ੍ਰਕਾਸ਼ਿਤ ਹੋਏ ਲੇਖ ਵਿਚ ਬੀਬੀ ਅਹਿਮਦ ਨੇ ਲਿਖਿਆ, ‘ਮੇਰਾ ਮੁਲਕ ਜਿਸ ਗੱਲ ਲਈ ਖੜ੍ਹਦਾ ਸੀ, ਉਸ ਨੂੰ ਉਤਸ਼ਾਹਿਤ ਕਰਨਾ ਅਤੇ ਉਸ ਦੀ ਰੱਖਿਆ ਕਰਨਾ ਮੇਰਾ ਕੰਮ ਸੀ। ਮੈਂ ਹਿਜਾਬ ਪਹਿਨਣ ਵਾਲੀ ਮੁਸਲਿਮ ਔਰਤ ਹਾਂ। ਵੈਸਟ ਵਿੰਗ ਵਿਚ ਹਿਜਾਬ ਪਾਉਣ ਵਾਲੀ ਮੈਂ ਇਕੱਲੀ ਔਰਤ ਸਾਂ ਅਤੇ ਓਬਾਮਾ ਪ੍ਰਸ਼ਾਸਨ ਵੱਲੋਂ ਹਮੇਸ਼ਾ ਮੇਰਾ ਸਵਾਗਤ ਕੀਤਾ ਜਾਂਦਾ ਸੀ ਅਤੇ ਮੈਨੂੰ ਆਪਣੇ ‘ਚੋਂ ਇਕ ਮਹਿਸੂਸ ਕਰਾਇਆ ਜਾਂਦਾ ਸੀ।’ ਉਸ ਅਨੁਸਾਰ, ਉਸ ਨੇ ਆਪਣੇ ਜ਼ਿਆਦਾਤਰ ਅਮਰੀਕੀ ਮੁਸਲਿਮ ਸਾਥੀਆਂ ਵਾਂਗ 2016 ਦਾ ਜ਼ਿਆਦਾਤਰ ਸਮਾਂ ‘ਬਦਹਵਾਸੀ’ ਵਿਚ ਬਿਤਾਇਆ ਕਿਉਂਕਿ ਟਰੰਪ ਵੱਲੋਂ ‘ਸਾਡੇ ਭਾਈਚਾਰੇ ਨੂੰ ਬਦਨਾਮ’ ਕੀਤਾ ਗਿਆ।
ਟਰੰਪ ਪ੍ਰਸ਼ਾਸਨ ਦੇ ਅਜਿਹੇ ਫੈਸਲੇ ਜਿੱਥੇ ਪ੍ਰਵਾਸੀਆਂ ਅੰਦਰ ਬੇਯਕੀਨੀ ਅਤੇ ਬੇਵਿਸ਼ਵਾਸੀ ਪੈਦਾ ਕਰ ਰਹੇ ਹਨ, ਉਥੇ ਗੋਰੇ ਅਮਰੀਕੀਆਂ ਵਿਚ ਨਸਲਪ੍ਰਸਤੀ ਦੀ ਭਾਵਨਾ ਪੈਦਾ ਕਰਨ ਦਾ ਸਾਧਨ ਬਣ ਰਹੇ ਹਨ। ਟਰੰਪ ਪ੍ਰਸ਼ਾਸਨ ਦੀਆਂ ਅਜਿਹੀਆਂ ਨੀਤੀਆਂ ਖਿਲਾਫ ਦੇਸ਼ ਭਰ ‘ਚ ਵੱਡੀ ਪੱਧਰ ‘ਤੇ ਉਂਗਲ ਵੀ ਉਠਣੀ ਵੀ ਸ਼ੁਰੂ ਹੋ ਗਈ ਹੈ। ਅਮਰੀਕਾ ਦਾ ਭਲਾ ਇਸੇ ਗੱਲ ਵਿਚ ਹੈ ਕਿ ਨਸਲਪ੍ਰਸਤੀ ਨੂੰ ਲਾਂਬੂ ਲੱਗਣ ਤੋਂ ਪਹਿਲਾਂ ਅਮਰੀਕੀ ਲੋਕ ਖੁਦ ਹੀ ਇਸ ਉਪਰ ਸ਼ਾਂਤ ਪਾਣੀਆਂ ਦੀ ਅਜਿਹੀ ਬਾਛੜ ਕਰਨ ਕਿ ਅਮਰੀਕਾ ਮੁੜ ਫਿਰ ਮਨੁੱਖੀ ਅਧਿਕਾਰਾਂ ਅਤੇ ਪ੍ਰਵਾਸੀਆਂ ਲਈ ਨਿਵੇਕਲਾ ਘਰ ਬਣ ਜਾਵੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.