ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਪਰਦੇਸਾਂ ਵਿਚ ਸਿੱਖਾਂ ਦੀ ਆਪਸੀ ਲੜਾਈ ਨਾਲ ਸਮੁੱਚੀ ਕੌਮ ਹੋ ਰਹੀ ਹੈ ਸ਼ਰਮਸਾਰ
ਪਰਦੇਸਾਂ ਵਿਚ ਸਿੱਖਾਂ ਦੀ ਆਪਸੀ ਲੜਾਈ ਨਾਲ ਸਮੁੱਚੀ ਕੌਮ ਹੋ ਰਹੀ ਹੈ ਸ਼ਰਮਸਾਰ
Page Visitors: 2736

ਪਰਦੇਸਾਂ ਵਿਚ ਸਿੱਖਾਂ ਦੀ ਆਪਸੀ ਲੜਾਈ ਨਾਲ ਸਮੁੱਚੀ ਕੌਮ ਹੋ ਰਹੀ ਹੈ ਸ਼ਰਮਸਾਰ

Posted On 17 May 2017
8


ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444

ਬੀਤੇ ਹਫਤੇ ਕੈਲੀਫੋਰਨੀਆ ਦੇ ਬੇਏਰੀਆ ਦੇ ਇਕ ਸ਼ਹਿਰ ਅਤੇ ਜਰਮਨ ਦੇ ਇਕ ਗੁਰੂ ਘਰ ਵਿਚ ਦੋ ਘਟਨਾਵਾਂ ਅਜਿਹੀਆਂ ਵਾਪਰੀਆਂ ਹਨ, ਜਿਨ੍ਹਾਂ ਨਾਲ ਸਿੱਖ ਕੌਮ ਸ਼ਰਮਸਾਰ ਹੋਈ ਹੈ। ਪਹਿਲੀ ਘਟਨਾ ਕੈਲੀਫੋਰਨੀਆ ਦੇ ਬੇਏਰੀਆ ਖੇਤਰ ਵਿਚ ਵਾਪਰੀ ਹੈ। ਇਸ ਘਟਨਾ ਵਿਚ ਇਕ ਵਿਆਹ ਦੀ ਰਿਸੈਪਸ਼ਨ ਪਾਰਟੀ ਵਿਚ ਇਕੱਤਰ ਹੋਏ ਲੋਕ ਆਪਸ ਵਿਚ ਇੰਨੇ ਉਲਝ ਪਏ ਕਿ ਇਕ ਵਿਅਕਤੀ ਜਿੰਦਗੀ ਅਤੇ ਮੌਤੇ ਦੀ ਲੜਾਈ ਲੜ ਰਿਹਾ ਹੈ ਅਤੇ ਇਸ ਜੁਰਮ ਬਦਲੇ ਕੁਝ ਲੋਕਾਂ ਨੂੰ ਜੇਲ੍ਹ ਵੀ ਜਾਣਾ ਪਿਆ ਹੈ। ਇਸੇ ਤਰ੍ਹਾਂ ਦੂਜੀ ਘਟਨਾ ਜਰਮਨ ਦੀ ਰਾਜਧਾਨੀ ਫਰੈਂਕਫਰਟ ਵਿਖੇ ਵਾਪਰੀ। ਇਹ ਘਟਨਾ ਫਰੈਂਕਫਰਟ ਦੇ ਪ੍ਰਸਿੱਧ ਗੁਰਦੁਆਰੇ ਵਿਚ ਵਾਪਰੀ ਹੈ। ਇਸ ਗੁਰਦੁਆਰੇ ਵਿਚ ਸਿੱਖ ਪੰਥ ਦੇ ਇਕ ਕਥਾਕਾਰ ਕਥਾ ਕਰਨ ਆਏ ਹੋਏ ਸਨ। ਸਿੱਖਾਂ ਦੇ ਦੋ ਗਰੁੱਪ ਇਸ ਮੌਕੇ ਆਪਸ ਵਿਚ ਇੰਨੇ ਉਲਝ ਪਏ ਕਿ ਸੋਸ਼ਲ ਮੀਡੀਆ ਵਿਚ ਵਾਇਰਲ ਹੋਈਆਂ ਵੀਡੀਓ ਕਲਿੱਪਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਸਾਹਮਣੇ ਕਈ ਸਿੱਖਾਂ ਦੀਆਂ ਪੱਗਾਂ ਖਿਲਰੀਆਂ ਨਜ਼ਰ ਆ ਰਹੀਆਂ ਸਨ। ਵਰਦੀਧਾਰੀ ਪੁਲਿਸ ਵਾਲੇ ਬੂਟਾਂ ਸਮੇਤ ਗੁਰਦੁਆਰੇ ਅੰਦਰ ਦਾਖਲ ਹੋ ਗਏ। ਕਈ ਸਿੱਖਾਂ ਨੂੰ ਆਪਸ ਵਿਚ ਗਾਲੀ-ਗਲੌਚ ਕਰਦਿਆਂ ਵੀ ਦੇਖਿਆ ਗਿਆ। ਅਜਿਹੀਆਂ ਘਟਨਾਵਾਂ ਨਾਲ ਸਿੱਖਾਂ ਦੇ ਅਕਸ ਨੂੰ ਵੱਡੀ ਢਾਅ ਲੱਗਦੀ ਹੈ। ਇਕ ਪਾਸੇ ਅਸੀਂ ਵੱਡੇ-ਵੱਡੇ ਅਹੁਦੇ ਹਾਸਲ ਕਰਕੇ ਅਤੇ ਹੋਰਨਾਂ ਖੇਤਰਾਂ ਵਿਚ ਵੱਡੀਆਂ ਮੱਲ੍ਹਾਂ ਮਾਰ ਕੇ ਦੁਨੀਆਂ ਵਿਚ ਆਪਣਾ ਸਿੱਕਾ ਜਮਾਂ ਰਹੇ ਹਾਂ। ਪਰ ਜਦ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ, ਤਾਂ ਆਮ ਲੋਕਾਂ ਵਿਚ ਸਿੱਖਾਂ ਦਾ ਅਕਸ ਸੂਝਵਾਨ ਤੇ ਲਿਆਕਤ ਵਾਲਾ ਨਹੀਂ ਬਣਦਾ, ਸਗੋਂ ਇਕ ਜਰਾਇਮ ਪੇਸ਼ਾ ਕੌਮ ਵਾਲਾ ਬਣਨ ਲੱਗਦਾ ਹੈ।
ਇਸ ਵੇਲੇ ਸਿੱਖ ਕੌਮ ਦੁਨੀਆਂ ਭਰ ਵਿਚ ਆਪਣੀ ਪਛਾਣ ਬਾਰੇ ਪਏ ਭੁਲੇਖਿਆਂ ਨੂੰ ਦੂਰ ਕਰਨ ਲਈ ਯਤਨ ਜੁਟਾਉਣ ਵਿਚ ਰੁੱਝੀ ਹੋਈ ਹੈ। ਪਰ ਦੂਜੇ ਪਾਸੇ ਜਦ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਤਾਂ ਸਿੱਖਾਂ ਦਾ ਅਕਸ ਸੁਧਰਨ ਦੀ ਬਜਾਏ, ਸਗੋਂ ਵਿਗੜਦਾ ਹੀ ਹੈ। ਇਸਲਾਮਿਕ ਅੱਤਵਾਦੀਆਂ ਦੇ ਪਿਛਲੇ ਸਮੇਂ ਹੋਏ ਹਮਲਿਆਂ ਕਾਰਨ ਸਿੱਖਾਂ ਦੀ ਪਛਾਣ ਬਾਰੇ ਬਹੁਤ ਸਾਰੇ ਭੁਲੇਖੇ ਖੜ੍ਹੇ ਹੋਏ ਹਨ। ਪੂਰੀ ਦੁਨੀਆਂ ਵਿਚ ਹੀ ਸਿੱਖ ਆਪਣੀ ਪਛਾਣ ਬਾਰੇ ਗਲਤਫਹਿਮੀ ਦੂਰ ਕਰਨ ਲਈ ਯਤਨ ਕਰ ਰਹੇ ਹਨ। ਕੈਲੀਫੋਰਨੀਆ ਸਟੇਟ ਅਸੈਂਬਲੀ ਸਿੱਖਾਂ ਦੀ ਪਛਾਣ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਸਿੱਖਾਂ ਦੇ ਕੈਲੀਫੋਰਨੀਆ ਦੀ ਤਰੱਕੀ ਵਿਚ ਯੋਗਦਾਨ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਸਿੱਖ ਜਾਗਰੂਕਤਾ ਅਤੇ ਮਾਨਤਾ ਦਿਵਸ ਮਨਾਉਂਦੀ ਹੈ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਮੁਲਕਾਂ ਵਿਚ ਅਜਿਹੇ ਕਦਮ ਉਠਾਏ ਜਾ ਰਹੇ ਹਨ। ਪਰ ਜਦ ਆਪਣੇ ਧਾਰਮਿਕ ਅਸਥਾਨਾਂ ਅਤੇ ਖੁਸ਼ੀ ਦੇ ਮੌਕੇ ਹੋਣ ਵਾਲੀਆਂ ਪਾਰਟੀਆਂ ਵਿਚ ਲੋਕ ਸਿੱਖਾਂ ਦੀ ਹੁੱਲੜਬਾਜ਼ੀ ਅਤੇ ਹਿੰਸਾ ਨੂੰ ਦੇਖਦੇ ਹਨ, ਤਾਂ ਉਨ੍ਹਾਂ ਦੇ ਮਨਾਂ ਅੰਦਰ ਸਿੱਖਾਂ ਬਾਰੇ ਗਲਤ ਪ੍ਰਭਾਵ ਬਣਨ ਤੋਂ ਰੋਕਿਆ ਨਹੀਂ ਜਾ ਸਕਦਾ। ਗੁਰਦੁਆਰਿਆਂ ਅੰਦਰ ਲੜਾਈ-ਝਗੜੇ, ਪੱਗਾਂ ਲੱਥਣੀਆਂ ਕੋਈ ਇੱਕਾ-ਦੁੱਕਾ ਘਟਨਾ ਨਹੀਂ, ਸਗੋਂ ਹਰ ਸਮੇਂ ਕਿਸੇ ਨਾ ਕਿਸੇ ਥਾਂ ਅਜਿਹੀ ਘਟਨਾ ਵਾਪਰਦੀ ਰਹਿੰਦੀ ਹੈ। ਅਜੇ ਪਿਛਲੇ ਮਹੀਨੇ ਨਿਊਯਾਰਕ ਦੇ ਸਿੱਖ ਕਲਚਰਲ ਸੁਸਾਇਟੀ ਗੁਰਦੁਆਰੇ ਵਿਚ ਸਿੱਖਾਂ ਦੇ ਦੋ ਗਰੁੱਪਾਂ ਦਰਮਿਆਨ ਝਗੜਾ ਸਾਹਮਣੇ ਆਇਆ ਸੀ। ਦੁਨੀਆਂ ਅੰਦਰ ਹੋਰ ਵੀ ਕਈ ਧਰਮ ਹਨ। ਖਾਸਕਰ ਹਿੰਦੂ, ਮੁਸਲਿਮ ਅਤੇ ਇਸਾਈ ਧਰਮ ਦੇ ਲੋਕ ਵੱਡੀ ਗਿਣਤੀ ਵਿਚ ਹਨ। ਪਰ ਇਨ੍ਹਾਂ ਧਰਮਾਂ ਦੇ ਧਾਰਮਿਕ ਅਸਥਾਨਾਂ ਵਿਚ ਲੜਾਈ-ਝਗੜੇ, ਹੁੱਲੜਬਾਜ਼ੀ ਅਤੇ ਹਿੰਸਾ ਦੀਆਂ ਘਟਨਾਵਾਂ ਆਮ ਰੂਪ ਵਿਚ ਵਾਪਰਦੀਆਂ ਕਦੇ ਵੀ ਨਹੀਂ ਵੇਖੀਆਂ ਗਈਆਂ। ਪਰ ਸਿੱਖ ਧਾਰਮਿਕ ਅਸਥਾਨਾਂ ਵਿਚ ਧੜੇਬੰਦੀ ਅਤੇ ਲੜਾਈਆਂ ਆਮ ਗੱਲ ਹੈ। ਅਸਲ ਵਿਚ ਸਾਡੇ ਧਾਰਮਿਕ ਅਸਥਾਨਾਂ ਦੇ ਆਗੂਆਂ ਨੇ ਗੁਰੂ ਘਰਾਂ ਦੀਆਂ ਕਮੇਟੀਆਂ ਅਤੇ ਪ੍ਰਧਾਨਗੀਆਂ ਨੂੰ ਆਪਣੀ ਸ਼ੌਹਰਤ ਅਤੇ ਚੌਧਰ ਦਾ ਸਾਧਨ ਬਣਾ ਰੱਖਿਆ ਹੈ। ਗੁਰੂ ਘਰ ਹੀ ਨਹੀਂ, ਸਗੋਂ ਸਾਡੀਆਂ ਸੱਭਿਆਚਾਰਕ ਸਰਗਰਮੀਆਂ, ਖੇਡ ਟੂਰਨਾਮੈਂਟ, ਸ਼ੋਅ ਅਤੇ ਮੇਲਿਆਂ ਵਿਚ ਵੀ ਸ਼ੌਹਰਤ ਅਤੇ ਚੌਧਰ ਦਾ ਹੀ ਬੋਲਬਾਲਾ ਬਣਦਾ ਜਾ ਰਿਹਾ ਹੈ। ਇਸੇ ਕਾਰਨ ਪੰਜਾਬੀਆਂ ਦੀਆਂ ਹਰ ਕਿਸਮ ਦੀਆਂ ਸਰਗਰਮੀਆਂ ਵਿਚ ਆਪਸੀ ਧੜੇਬੰਦੀ ਅਤੇ ਲੜਾਈ-ਝਗੜੇ ਪੈਦਾ ਹੁੰਦੇ ਹਨ।
ਵਿਦੇਸ਼ਾਂ ਵਿਚ ਸਿੱਖਾਂ ਨੇ ਹਰ ਖੇਤਰ ਵਿਚ ਅਥਾਹ ਤਰੱਕੀ ਕੀਤੀ ਹੈ। ਅਨੇਕ ਤਰ੍ਹਾਂ ਦੇ ਕਾਰੋਬਾਰ ਸਥਾਪਤ ਕਰ ਲਏ ਹਨ। ਇਮਾਰਤਸਾਜੀ, ਸਾਇੰਸ ਟੈਕਨਾਲੋਜੀ ਅਤੇ ਹੋਰ ਅਨੇਕ ਖੇਤਰਾਂ ਵਿਚ ਸਾਡੇ ਲੋਕਾਂ ਨੇ ਚੰਗਾ ਨਾਂ ਕਮਾਇਆ ਹੈ। ਸਾਡੇ ਸਮਾਜ ਦੇ ਮਿਹਨਤੀ ਸੁਭਾਅ ਅਤੇ ਲਿਆਕਤ ਤੋਂ ਹਰ ਕੋਈ ਪ੍ਰਭਾਵਿਤ ਹੁੰਦਾ ਹੈ। ਪਰ ਸਮੂਹਿਕ ਤੌਰ ‘ਤੇ ਹੋਣ ਵਾਲੇ ਇਕੱਠਾਂ ਵਿਚ ਧੜੇਬੰਦੀ, ਕੜਵਾਹਟ, ਲੜਾਈ-ਝਗੜੇ ਅਤੇ ਹਿੰਸਾ ਸਿੱਖਾਂ ਬਾਰੇ ਲੋਕਾਂ ਦੇ ਮਨਾਂ ਵਿਚ ਗਲਤ ਪ੍ਰਭਾਵ ਪੈਦਾ ਕਰਦੀ ਹੈ।
ਸਾਡੇ ਸਮਾਜ ਨੂੰ ਖੁਦ ਵੀ ਅਤੇ ਖਾਸ ਤੌਰ ‘ਤੇ ਸਾਡੇ ਆਗੂਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਅਸੀਂ ਆਪਣੇ ਗੁਰੂ ਦਾ ਸਤਿਕਾਰ ਨਹੀਂ ਕਰ ਸਕਦੇ, ਤਾਂ ਫਿਰ ਕਿਸੇ ਵੀ ਥਾਂ ਸਾਡਾ ਸਤਿਕਾਰ ਨਹੀਂ ਬਣੇਗਾ। ਗੁਰਦੁਆਰਿਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਸਿੱਖਾਂ ਦੀਆਂ ਪੱਗਾਂ ਲੱਥਣੀਆਂ ਆਪਣੇ ਆਪ ਵਿਚ ਹੀ ਬੇਹੱਦ ਸ਼ਰਮਨਾਕ ਗੱਲ ਹੈ। ਇਕ ਪਾਸੇ ਪੂਰੀ ਦੁਨੀਆਂ ਵਿਚ ਸਿੱਖ ਪੱਗ ਦੀ ਸ਼ਾਨ ਨੂੰ ਸਥਾਪਿਤ ਕਰਨ ਲਈ ਆਵਾਜ਼ ਉਠਾ ਰਹੇ ਹਨ। ਵੱਖ-ਵੱਖ ਮੁਲਕਾਂ ਵਿਚ ਅਸੀਂ ਹਰ ਥਾਂ ਪੱਗੜੀ ਬੰਨ੍ਹ ਕੇ ਕੰਮ ਕਰਨ ਦੀ ਇਜਾਜ਼ਤ ਮੰਗ ਰਹੇ ਹਾਂ ਅਤੇ ਪੱਗ ਨੂੰ ਸਿੱਖ ਦੀ ਰਵਾਇਤੀ ਸ਼ਾਨ ਅਤੇ ਧਾਰਮਿਕ ਚਿੰਨ੍ਹ ਆਖ ਰਹੇ ਹਾਂ। ਪਰ ਜੇਕਰ ਅਸੀਂ ਖੁਦ ਹੀ ਪੱਗ ਦੀ ਇਸ ਸ਼ਾਨ ਨੂੰ ਬਰਕਰਾਰ ਨਹੀਂ ਰੱਖਾਂਗੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੀ ਪੱਗਾਂ ਉਛਾਲਣ ਲੱਗ ਪਵਾਂਗੇ, ਤਾਂ ਗੈਰ ਸਿੱਖ ਸਮਾਜਾਂ ਵਿਚ ਪੱਗੜੀ ਦੀ ਸ਼ਾਨ ਕਾਇਮ ਕਰਨ ਬਾਰੇ ਕਿਸ ਮੂੰਹ ਗੱਲ ਕਰ ਸਕਾਂਗੇ।
ਸੋ ਪੂਰੇ ਸਿੱਖ ਸਮਾਜ ਲਈ ਇਹ ਸੋਚਣ ਦੀ ਘੜੀ ਹੈ। ਸਾਡੀ ਨਵੀਂ ਪੀੜ੍ਹੀ ਵੀ ਸਾਡੀਆਂ ਅਜਿਹੀਆਂ ਘਟਨਾਵਾਂ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ। ਜਦ ਵਿਕਸਿਤ ਮੁਲਕਾਂ ਵਿਚ ਜੰਮੇ-ਪਲੇ ਅਤੇ ਪੜ੍ਹੇ-ਲਿਖੇ ਨੌਜਵਾਨ ਗੁਰੂ ਘਰਾਂ ਵਿਚ ਪੱਗਾਂ ਲੱਥਦੀਆਂ ਦੇਖਦੇ ਹਨ ਅਤੇ ਇਕ ਦੂਜੇ ਨੂੰ ਗੰਦੀਆਂ ਗਾਲ੍ਹਾਂ ਕੱਢਦਿਆਂ ਸੁਣਦੇ ਹਨ, ਤਾਂ ਉਨ੍ਹਾਂ ਵਿਚੋਂ ਬਹੁਤੇ ਗੁਰੂ ਘਰਾਂ ਵਿਚ ਜਾਣ ਤੋਂ ਕੰਨੀਂ ਵੀ ਕਤਰਾਉਣ ਲੱਗ ਪੈਂਦੇ ਹਨ। ਇਸ ਕਰਕੇ ਪੂਰੇ ਸਿੱਖ ਸਮਾਜ ਲਈ ਇਹ ਬੜੀ ਵੱਡੀ ਚੁਣੌਤੀ ਹੈ। ਇਕ ਪਾਸੇ ਅਸੀਂ ਗੈਰ ਸਿੱਖ ਸਮਾਜਾਂ ਅੰਦਰ ਆਪਣੀ ਚੰਗੀ ਪੜ੍ਹਤ ਬਣਾਉਣੀ ਹੈ ਅਤੇ ਉਨ੍ਹਾਂ ਅੰਦਰ ਇਹ ਪ੍ਰਭਾਵ ਪੈਦਾ ਕਰਨਾ ਹੈ ਕਿ ਸਾਡੇ ਸਮਾਜ ਦੇ ਲੋਕ ਨੇਕ ਇਨਸਾਨ ਹਨ ਅਤੇ ਕਿਸੇ ਵੀ ਵਿਅਕਤੀ ਨੂੰ ਬਿਪਤਾ ਵਿਚ ਪਿਆ ਦੇਖ ਕੇ ਉਸ ਦੀ ਮਦਦ ਲਈ ਤੱਤਪਰ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਵੀ ਗੁਰੂ ਘਰਾਂ ਨਾਲ ਜੋੜ ਕੇ ਰੱਖਣਾ ਹੈ। ਸਾਡੀ ਨਵੀਂ ਪੀੜ੍ਹੀ ਵਿਦੇਸ਼ਾਂ ਵਿਚ ਪੜ੍ਹ-ਲਿਖ ਕੇ ਬੇਹੱਦ ਤਹਿਜ਼ੀਬ ਜ਼ਾਬਤਾ ਹੈ। ਉਹ ਕਿਸੇ ਵੀ ਤਰ੍ਹਾਂ ਸਾਡੇ ਕੁੱਝ ਆਗੂਆਂ ਦੀਆਂ ਅਜਿਹੀਆਂ ਘਿਨਾਉਣੀਆਂ ਹਰਕਤਾਂ ਨੂੰ ਸਹਿਣ ਕਰਨ ਲਈ ਤਿਆਰ ਨਹੀਂ।
ਸਿੱਖ ਕੌਮ ਇਸ ਵੇਲੇ ਪੂਰੀ ਦੁਨੀਆਂ ਵਿਚ ਵਸ ਰਹੀ ਹੈ। ਸਖਤ ਮਿਹਨਤ, ਉਦਮ ਅਤੇ ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਨਾਲ ਜੂਝਣ ਦੀ ਬਿਰਤੀ ਕਾਰਨ ਸਿੱਖ ਪੂਰੀ ਦੁਨੀਆਂ ਵਿਚ ਜਾਣੇ ਜਾਂਦੇ ਹਨ। ਬਿਗਾਨੇ ਮੁਲਕਾਂ ਵਿਚ ਜਲਵਾਯੂ ਅਤੇ ਸੱਭਿਆਚਾਰਕ ਵਖਰੇਵਿਆਂ ਅਤੇ ਬਿਗਾਨੀ ਬੋਲੀ ਵਾਲੇ ਦੇਸ਼ਾਂ ਵਿਚ ਵੀ ਸਿੱਖਾਂ ਨੇ ਅਥਾਹ ਮਿਹਨਤ ਅਤੇ ਲਿਆਕਤ ਨਾਲ ਆਪਣਾ ਸਥਾਨ ਬਣਾਇਆ ਹੈ। ਪਰ ਸਿੱਖ ਸਮਾਜ ਦੇ ਅੰਦਰੋਂ ਹੀ ਕੁੱਝ ਅਜਿਹੀਆਂ ਘਟਨਾਵਾਂ ਵੀ ਵਾਪਰਦੀਆਂ ਹਨ, ਜੋ ਸਾਡੇ ਸਮਾਜ ਲਈ ਬਦਨਾਮੀ ਦਾ ਘਰ ਹੀ ਨਹੀਂ ਬਣਦੀਆਂ, ਸਗੋਂ ਕਿਸੇ ਨਾ ਕਿਸੇ ਪੱਧਰ ਉੱਤੇ ਸਾਡੀ ਕੌਮ ਦੇ ਅਕਸ ਨੂੰ ਢਾਅ ਲਾਉਣ ਵਾਲੀਆਂ ਵੀ ਬਣਦੀਆਂ ਹਨ।
ਸੋ ਸਿੱਖ ਜਗਤ ਲਈ ਇਹ ਸਮਾਂ ਬੜਾ ਅਹਿਮ ਹੈ। ਸਾਨੂੰ ਸਾਰਿਆਂ ਨੂੰ ਆਪਣੇ ਮਨਾਂ ਅੰਦਰ ਝਾਤੀ ਮਾਰਨ ਦੀ ਲੋੜ ਹੈ। ਹਰ ਸਿੱਖ ਆਪਣੀ ਨਿੱਜੀ ਹਉਮੈ ਛੱਡ ਕੇ ਗੁਰੂ ਘਰਾਂ ਵਿਚ ਪੂਰੀ ਸ਼ਰਧਾ ਅਤੇ ਸਤਿਕਾਰ ਦੀ ਭਾਵਨਾ ਨਾਲ ਆਵੇ। ਹਰ ਸਿੱਖ ਇਕ ਦੂਜੇ ਨੂੰ ਆਪਣਾ ਪਰਿਵਾਰਕ ਅੰਗ ਸਮਝ ਕੇ ਵਿਚਰੇ। ਕਿਸੇ ਨੂੰ ਕਿਸੇ ਮੌਕੇ ਆਈ ਔਖ ਵਿਚ ਉਸ ਦਾ ਸਹਾਰਾ ਬਣੇ। ਜੇਕਰ ਅਸੀਂ ਅਜਿਹੀ ਸੋਚ ਲੈ ਕੇ ਚੱਲਾਂਗੇ, ਤਾਂ ਆਪਣੇ ਸਮਾਜ ਅੰਦਰ ਵੀ ਅਸੀਂ ਨਰੋਈ ਸੋਚ ਭਰ ਸਕਾਂਗੇ ਅਤੇ ਸਿੱਖ ਕੌਮ ਬਾਰੇ ਹੋਰਨਾਂ ਸਮਾਜਾਂ ਵਿਚ ਵੀ ਚੰਗੀ ਭਾਵਨਾ ਪੈਦਾ ਕਰ ਸਕਾਂਗੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.