ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਪੰਜਾਬ ਵਿਧਾਨ ਸਭਾ ‘ਚ ਵਿਧਾਇਕਾਂ ਦੀ ਖਿੱਚ-ਧੂਹ ਤੇ ਲੱਥੀਆਂ ਪੱਗਾਂ
ਪੰਜਾਬ ਵਿਧਾਨ ਸਭਾ ‘ਚ ਵਿਧਾਇਕਾਂ ਦੀ ਖਿੱਚ-ਧੂਹ ਤੇ ਲੱਥੀਆਂ ਪੱਗਾਂ
Page Visitors: 2578

ਪੰਜਾਬ ਵਿਧਾਨ ਸਭਾ ‘ਚ ਵਿਧਾਇਕਾਂ ਦੀ ਖਿੱਚ-ਧੂਹ ਤੇ ਲੱਥੀਆਂ ਪੱਗਾਂ

ਪੰਜਾਬ ਵਿਧਾਨ ਸਭਾ ‘ਚ ਵਿਧਾਇਕਾਂ ਦੀ ਖਿੱਚ-ਧੂਹ ਤੇ ਲੱਥੀਆਂ ਪੱਗਾਂ

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444

ਕੈਪਟਨ ਅਮਰਿੰਦਰ ਸਿੰਘ ਦੀ ਤਿੰਨ ਮਹੀਨੇ ਪਹਿਲਾਂ ਬਣੀ ਸਰਕਾਰ ਦੇ ਪਲੇਠੇ ਬਜਟ ਸੈਸ਼ਨ ਵਿਚ ਵਿਧਾਇਕਾਂ ਦੀ ਬੁਰੀ ਤਰ੍ਹਾਂ ਖਿੱਚ-ਧੂਹ ਹੋਈ ਅਤੇ ਕਈਆਂ ਦੀਆਂ ਪੱਗਾਂ ਵੀ ਲੱਥ ਗਈਆਂ। ਇਥੋਂ ਤੱਕ ਕਿ ਵਿਧਾਨ ਸਭਾ ਵਿਚ ਤਾਇਨਾਤ ਮਾਰਸ਼ਲਾਂ ਵੱਲੋਂ ਔਰਤ ਵਿਧਾਇਕਾਂ ਨਾਲ ਖਿੱਚ-ਧੂਹ ਵੀ ਕੀਤੀ ਗਈ ਅਤੇ ਇਕ ਮਹਿਲਾ ਵਿਧਾਇਕ ਦੀ ਬਾਂਹ ਵੀ ਟੁੱਟ ਗਈ। ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਇਸ ਵਾਰ ਉਥੇ ਤਿੰਨ ਕੇਂਦਰ ਹਨ। ਇਕ ਕੇਂਦਰ ਹੁਕਮਰਾਨ ਕਾਂਗਰਸ ਪਾਰਟੀ ਦੇ ਵਿਧਾਇਕਾਂ ਦਾ ਹੈ। ਦੂਜਾ ਕੇਂਦਰ ਪੰਜਾਬ ਅੰਦਰ ਉੱਭਰੀ ਨਵੀਂ ਆਮ ਆਦਮੀ ਪਾਰਟੀ ਦੇ 20 ਅਤੇ ਉਸ ਦੀ ਸਹਿਯੋਗੀ ਪਾਰਟੀ ਲੋਕ ਇੰਨਸਾਫ ਪਾਰਟੀ ਦੇ 2 ਮੈਂਬਰਾਂ ਦਾ ਹੈ। ਤੀਜਾ ਗਰੁੱਪ ਹੈ ਅਕਾਲੀ-ਭਾਜਪਾ ਗਠਜੋੜ ਦਾ, ਜਿਸ ਦੇ ਸਦਨ ਵਿਚ ਕੁੱਲ 14 ਮੈਂਬਰ ਹਨ। ਅਕਾਲੀ ਦਲ ਪਹਿਲੀ ਵਾਰ ਮੁੱਖ ਵਿਰੋਧੀ ਧਿਰ ਬਣਨ ਤੋਂ ਪਿੱਛੇ ਰਹਿ ਗਿਆ ਹੈ ਅਤੇ ਇਸ ਵੇਲੇ ਵਿਰੋਧੀ ਧਿਰ ਦੇ ਆਗੂ ਦਾ ਸਰਕਾਰੀ ਰੁਤਬਾ ਆਮ ਆਦਮੀ ਪਾਰਟੀ ਕੋਲ ਹੈ। ਪੰਜਾਬ ਵਿਧਾਨ ਸਭਾ ਵਿਚ ਜਿਸ ਤਰ੍ਹਾਂ ਇਸ ਵਾਰ ਛਿੱਤਰੀ-ਦਾਲ ਵੰਡੀ ਹੈ, ਅਜਿਹਾ ਪਹਿਲਾਂ ਘੱਟ ਦੇਖਣ ਨੂੰ ਮਿਲਿਆ ਹੈ। ਪੂਰੇ ਸੈਸ਼ਨ ਦੌਰਾਨ ਕਿਸੇ ਦਿਨ ਵੀ ਚੰਗੇ ਢੰਗ ਨਾਲ ਕਿਸੇ ਮਸਲੇ ਉਪਰ ਵਿਚਾਰ-ਵਟਾਂਦਰਾ ਨਹੀਂ ਹੋਇਆ, ਸਗੋਂ ਪਹਿਲੇ ਦਿਨ ਹੀ ਕੇ.ਪੀ.ਐੱਸ. ਗਿੱਲ ਨੂੰ ਸ਼ਰਧਾਂਜਲੀ ਦੇਣ ਦੇ ਮਾਮਲੇ ‘ਤੇ ਅਕਾਲੀ ਦਲ ਵੱਲੋਂ ਸਦਨ ‘ਚੋਂ ਵਾਕ-ਆਊਟ ਕਰ ਦਿੱਤਾ ਗਿਆ। ਹਾਲਾਂਕਿ ਪਹਿਲਾਂ ਕਦੇ ਵੀ ਸਦਨ ਦੇ ਪਹਿਲੇ ਦਿਨ ਸ਼ਰਧਾਂਜਲੀਆਂ ਦੇਣ ਮਾਮਲੇ ਉਪਰ ਕਦੇ ਵੀ ਵਾਦ-ਵਿਵਾਦ ਨਹੀਂ ਉਠਿਆ। ਪਰ ਇਸ ਵਾਰ ਅਕਾਲੀ ਦਲ ਨੇ ਸਿੱਖਾਂ ਅੰਦਰ ਆਪਣੀ ਗੁਆਚੀ ਸਾਖ ਨੂੰ ਬਹਾਲ ਕਰਨ ਲਈ ਇਹ ਮੁੱਦਾ ਬਣਾ ਲਿਆ। ਉਸ ਤੋਂ ਬਾਅਦ ਤਾਂ ਫਿਰ ਹਰ ਰੋਜ਼ ਵਿਧਾਨ ਸਭਾ ਅੰਦਰ ਨਾਅਰੇਬਾਜ਼ੀ, ਧਰਨੇ ਅਤੇ ਵਾਕ ਆਊਟ ਦਾ ਸਿਲਸਿਲਾ ਹੀ ਆਰੰਭ ਹੋ ਗਿਆ। ਪਰ ਬਜਟ ਉਪਰ ਵਿਚਾਰ-ਵਟਾਂਦਰੇ ਵਾਲੇ ਦਿਨ ਤਾਂ ਹਾਲਾਤ ਸਾਰੇ ਹੱਦਾਂ-ਬੰਨ੍ਹੇ ਹੀ ਲੰਘ ਗਏ। ਆਮ ਆਦਮੀ ਪਾਰਟੀ ਵੱਲੋਂ ਉਸ ਦੇ 2 ਅਹਿਮ ਆਗੂਆਂ ਸੁਖਪਾਲ ਸਿੰਘ ਖਹਿਰਾ ਅਤੇ ਲੋਕ ਇਨਸਾਫ ਪਾਰਟੀ ਦੇ ਸਿਮਰਨਜੀਤ ਸਿੰਘ ਬੈਂਸ ਨੂੰ ਸਦਨ ਵਿਚੋਂ ਮੁਅੱਤਲ ਕੀਤੇ ਜਾਣ ਵਿਰੁੱਧ ਹੰਗਾਮਾ ਸ਼ੁਰੂ ਕਰ ਦਿੱਤਾ। ਹਾਲਾਤ ਇੰਨੇ ਬਦਤਰ ਹੋ ਗਏ ਕਿ ਸਪੀਕਰ ਨੇ ‘ਆਪ’ ਦੇ ਵਿਧਾਇਕਾਂ ਨੂੰ ਚੁੱਕ ਕੇ ਬਾਹਰ ਕੱਢ ਦੇਣ ਦਾ ਹੁਕਮ ਸੁਣਾ ਦਿੱਤਾ। ‘ਆਪ’ ਵਿਧਾਇਕਾਂ ਅਤੇ ਮਾਰਸ਼ਲਾਂ ਵਿਚਕਾਰ ਤਕੜਾ ਹੰਗਾਮਾ ਹੀ ਨਹੀਂ ਹੋਇਆ, ਸਗੋਂ ਖਿੱਚ-ਧੂਹ ਵੀ ਕੀਤੀ ਗਈ। ਇਸ ਦੌਰਾਨ ‘ਆਪ’ ਦੇ ਕਈ ਵਿਧਾਇਕਾਂ ਦੀਆਂ ਪੱਗਾਂ ਲੱਥ ਗਈਆਂ ਅਤੇ ਇਕ ਮਹਿਲਾ ਵਿਧਾਇਕਾ ਦੀ ਬਾਂਹ ਟੁੱਟ ਗਈ। 2 ਵਿਧਾਇਕਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਕੁੱਝ ਸਮੇਂ ਬਾਅਦ ਅਕਾਲੀ ਦਲ ਦੇ ਵਿਧਾਇਕਾਂ ਨੇ ਵੀ ਸਦਨ ਅੰਦਰ ਹੰਗਾਮਾ ਕੀਤਾ ਅਤੇ ਉਨ੍ਹਾਂ ਨੂੰ ਵੀ ਸਦਨ ਵਿਚੋਂ ਬਾਹਰ ਕੱਢ ਦਿੱਤਾ ਗਿਆ। ਸਾਰੇ ਮਾਮਲੇ ਨੂੰ ਗੌਰ ਨਾਲ ਵੇਖਿਆ ਜਾਵੇ, ਤਾਂ ਕੋਈ ਵੀ ਧਿਰ ਹਾਲਾਤ ਵਿਗਾੜਨ ‘ਚੋਂ ਬਰੀ ਨਹੀਂ ਕੀਤੀ ਜਾ ਸਕਦੀ। ਸਦਨ ਦੀ ਕਾਰਵਾਈ ਨੂੰ ਚੰਗੇ ਢੰਗ ਨਾਲ ਚਲਾਉਣ ਅਤੇ ਵਿਚਾਰ-ਵਟਾਂਦਰਾ ਹੋਣ ਲਈ ਖੁਸ਼ਗਵਾਰ ਮਾਹੌਲ ਕਾਇਮ ਕਰਨ ਵਿਚ ਹਕੂਮਤ ਧਿਰ ਦਾ ਸਭ ਤੋਂ ਵੱਡਾ ਅਤੇ ਅਹਿਮ ਰੋਲ ਹੁੰਦਾ ਹੈ। ਖਾਸ ਕਰ ਮੁੱਖ ਮੰਤਰੀ ਅਤੇ ਸਪੀਕਰ ਇਸ ਮਾਮਲੇ ਵਿਚ ਸਭ ਤੋਂ ਵਧੇਰੇ ਜ਼ਿੰਮੇਵਾਰ ਹੁੰਦੇ ਹਨ। ਪਰ ਇਸ ਵਾਰ ਜੋ ਵਿਧਾਨ ਸਭਾ ਵਿਚ ਹੋਇਆ, ਉਥੇ ਨਾ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਾ ਹੀ ਵਿਧਾਨ ਸਭਾ ਦੇ ਸਪੀਕਰ ਕੇ.ਪੀ. ਸਿੰਘ ਰਾਣਾ ਹਾਲਾਤ ਸੰਭਾਲਣ ਵਿਚ ਕਾਮਯਾਬ ਹੋਏ, ਸਗੋਂ ਇਸ ਤੋਂ ਉਲਟ ਉਨ੍ਹਾਂ ਵੱਲੋਂ ਕੀਤੀ ਗਈਆਂ ਕਾਰਵਾਈਆਂ ਮਾਹੌਲ ਨੂੰ ਵਿਗਾੜਨ ਲਈ ਵਧੇਰੇ ਉਤਸ਼ਾਹਿਤ ਕਰਨ ਵਾਲੀਆਂ ਰਹੀਆਂ। ਪਹਿਲੇ ਦਿਨ ਤੋਂ ਹੀ ਵਿਧਾਨ ਸਭਾ ਵਿਚ ਰੌਲੇ-ਰੱਪੇ ਵਾਲਾ ਮਾਹੌਲ ਬਣ ਗਿਆ ਸੀ। ਪਰ ਸਪੀਕਰ ਨੇ ਸਦਨ ਦੀ ਕਾਰਵਾਈ ਨੂੰ ਜ਼ਬਤਬੱਧ, ਠਰੰ੍ਹਮੇ ਅਤੇ ਸਬਰ ਨਾਲ ਚਲਾਉਣ ਲਈ ਵਿਰੋਧੀ ਧਿਰਾਂ ਨਾਲ ਮੀਟਿੰਗ ਕਰਨ ਦਾ ਯਤਨ ਵੀ ਨਹੀਂ ਕੀਤਾ। ਨਹੀਂ ਤਾਂ ਆਮ ਤੌਰ ‘ਤੇ ਇਹ ਹੁੰਦਾ ਹੈ ਕਿ ਜਦੋਂ ਕਦੇ ਵੀ ਸਦਨ ਵਿਚ ਹਾਲਾਤ ਖਰਾਬ ਹੁੰਦੇ ਹਨ, ਤਾਂ ਸਪੀਕਰ ਸਭਨਾਂ ਧਿਰਾਂ ਦੇ ਆਗੂਆਂ ਨੂੰ ਬੁਲਾ ਕੇ ਉਨ੍ਹਾਂ ਨਾਲ ਗੱਲਬਾਤ ਕਰਦਾ ਹੈ ਅਤੇ ਵਾਦ-ਵਿਵਾਦ ਦੇ ਬਣੇ ਮੁੱਦਿਆਂ ਉਪਰ ਸੁਚੱਜੀ ਬਹਿਸ, ਵਿਚਾਰ ਲਈ ਮੋਟਾ ਠੁੱਲਾ ਚੌਖਟਾ ਕਾਇਮ ਕਰਨ ਦਾ ਯਤਨ ਕਰਦਾ ਹੈ। ਪਰ ਸਪੀਕਰ ਵੱਲੋਂ ਅਜਿਹਾ ਕੋਈ ਯਤਨ ਕੀਤੇ ਜਾਣ ਦੀ ਗੱਲ ਸਾਹਮਣੇ ਨਹੀਂ ਆਈ, ਸਗੋਂ ਇਸ ਤੋਂ ਉਲਟ ਸਪੀਕਰ ਨੇ ‘ਆਪ’ ਅਤੇ ਲੋਕ ਇੰਨਸਾਫ ਪਾਰਟੀ ਦੇ ਦੋ ਬੁਲਾਰੇ ਆਗੂਆਂ ਨੂੰ ਸਦਨ ਵਿਚੋਂ ਮੁਅੱਤਲ ਹੀ ਨਹੀਂ ਕੀਤਾ, ਸਗੋਂ ਉਨ੍ਹਾਂ ਦੇ ਵਿਧਾਨ ਸਭਾ ਦੀ ਇਮਾਰਤ ਵਿਚ ਦਾਖਲ ਹੋਣ ‘ਤੇ ਰੋਕ ਲਗਾ ਦਿੱਤੀ। ਹਾਲਾਂਕਿ ਇਹ ਰਵਾਇਤ ਦੇ ਬਿਲਕੁਲ ਉਲਟਾ ਹੈ। ਪਹਿਲਾਂ ਕਦੇ ਵੀ ਮੁਅੱਤਲ ਕੀਤੇ ਵਿਧਾਇਕਾਂ ਨੂੰ ਵਿਧਾਨ ਸਭਾ ਦੀ ਇਮਾਰਤ ਵਿਚ ਦਾਖਲ ਹੋਣ ਲਈ ਪਾਬੰਦੀ ਨਹੀਂ ਲਗਾਈ ਜਾਂਦੀ ਰਹੀ।
ਵਿਧਾਨ ਸਭਾ ਵਿਚ ਪਏ ਰੌਲੇ-ਰੱਪੇ ਦਾ ਅਕਾਲੀ ਦਲ ਨੇ ਸਭ ਤੋਂ ਵੱਧ ਲਾਹਾ ਲਿਆ ਹੈ। ਪੰਜਾਬ ਦੀ ਸਿਆਸਤ ਵਿਚ ਮਾਰ ਖਾਣ ਤੋਂ ਬਾਅਦ ਅਕਾਲੀ ਦਲ ਲਈ ਵਿਧਾਨ ਸਭਾ ਵਿਚ ਮੁੜ ਪ੍ਰਮੁੱਖ ਧਿਰ ਵਜੋਂ ਉਭਰਨ ਦਾ ਉਨ੍ਹਾਂ ਨੂੰ ਮੌਕਾ ਹਾਸਲ ਹੋ ਗਿਆ। ਹਾਲਾਂਕਿ ਪੱਗਾਂ ਲੱਥਣ ਦਾ ਇਹ ਕੋਈ ਪਹਿਲਾ ਮੌਕਾ ਨਹੀਂ। ਅਕਾਲੀ ਦਲ ਦੇ ਰਾਜ ਵਿਚ ਅਨੇਕਾਂ ਮੌਕਿਆਂ ਉੱਤੇ ਪੁਲਿਸ ਵੱਲੋਂ ਲੋਕਾਂ ਉਪਰ ਲਾਠੀਆਂ ਵਰ੍ਹਾਈਆਂ ਜਾਣ ਸਮੇਂ ਸਿੱਖਾਂ ਦੀਆਂ ਪੱਗਾਂ ਲੱਥਦੀਆਂ ਰਹੀਆਂ ਹਨ। ਬਰਗਾੜੀ ਕਾਂਡ ਵਿਚ ਪੁਲਿਸ ਵੱਲੋਂ ਸਿੱਖਾਂ ਦੀ ਕੁੱਟਮਾਰ, ਪੱਗਾਂ ਲਾਹੁਣ ਅਤੇ ਇੱਥੋਂ ਤੱਕ ਕਿ 2 ਸਿੱਖ ਨੌਜਵਾਨਾਂ ਨੂੰ ਗੋਲੀਆਂ ਨਾਲ ਭੁੰਨ ਸੁੱਟਣ ਦੀ ਸ਼ਰਮਨਾਕ ਕਾਰਵਾਈ ਹੋਈ ਸੀ। ਉਸ ਸਮੇਂ ਅਕਾਲੀ ਆਗੂਆਂ ਨੂੰ ਅਜਿਹਾ ਕੁੱਝ ਹੋਣ ਉੱਤੇ ਕਿਸੇ ਵੀ ਤਰ੍ਹਾਂ ਨਾਮੋਸ਼ੀ ਨਹੀਂ ਹੋਈ ਸੀ ਅਤੇ ਨਾ ਹੀ ਉਨ੍ਹਾਂ ਲਈ ਇਹ ਪੱਗ ਦੀ ਬੇਅਦਬੀ ਦਾ ਮਾਮਲਾ ਸੀ। ਹੁਣ ਉਨ੍ਹਾਂ ਨੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਇਸ ਨੂੰ ਮੁੱਦੇ ਵਜੋਂ ਉਛਾਲਣਾ ਸ਼ੁਰੂ ਕਰ ਦਿੱਤਾ ਹੈ। ‘ਆਪ’ ਵਿਧਾਇਕਾਂ ਦੇ ਨਾ-ਤਜ਼ਰਬੇਕਾਰ ਹੋਣ ਅਤੇ ਵੱਡੀ ਗਿਣਤੀ ‘ਚ ਪਹਿਲੀ ਵਾਰ ਵਿਧਾਨ ਸਭਾ ‘ਚ ਆਏ ਹੋਣ ਕਾਰਨ ਇਸ ਮਾਮਲੇ ਵਿਚ ਅਗਵਾਈ ਸਾਂਭਣ ਲਈ ਅਕਾਲੀ ਆਗੂਆਂ ਨੇ ਹਰ ਸੰਭਵ ਯਤਨ ਕੀਤਾ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਗਰਮਜ਼ੋਸ਼ੀ ਅਤੇ ਸੱਚਿਆਈ ਦੇ ਵਿਚਾਰ ਦੀ ਪੈਦਾਵਾਰ ਹਨ। ਉਨ੍ਹਾਂ ਨੂੰ ਵਿਧਾਨ ਸਭਾ ਵਿਚ ਜਾ ਕੇ ਅਕਾਲੀ-ਕਾਂਗਰਸੀਆਂ ਵਾਂਗ ਤਿਕੜਮਬਾਜ਼ੀ ਕਰਨ ਅਤੇ ਵਿਖਾਵਾ ਕਰਨ ਦੇ ਤੌਰ-ਤਰੀਕਿਆਂ ਦਾ ਹਾਲੇ ਬਹੁਤਾ ਇਲਮ ਨਹੀਂ। ਇਹੀ ਕਾਰਨ ਹੈ ਕਿ ਸਪੀਕਰ ਵੱਲੋਂ ਮਾਰਸ਼ਲਾਂ ਨੂੰ ਦਿੱਤੇ ਹੁਕਮ ਤੋਂ ਬਾਅਦ ਉਨ੍ਹਾਂ ਰਸਮੀ ਵਿਰੋਧ ਕਰਕੇ ਸਦਨ ਵਿਚੋਂ ਬਾਹਰ ਚਲੇ ਜਾਣ ਦੀ ਥਾਂ, ਉਥੇ ਹੀ ਡੱਟ ਜਾਣ ਦਾ ਪੈਂਤੜਾ ਅਖਤਿਆਰ ਕਰ ਲਿਆ। ਨਹੀਂ ਤਾਂ ਆਮ ਤੌਰ ‘ਤੇ ਰਾਜਸੀ ਲੋਕ ਇਕ ਹੱਦ ਤੱਕ ਰਸਮੀ ਵਿਰੋਧ ਕਰਕੇ ਜਾਂ ਤਾਂ ਖੁਦ ਹੀ ਸਦਨ ‘ਚੋਂ ਵਾਕ ਆਊਟ ਕਰ ਜਾਂਦੇ ਹਨ, ਜਾਂ ਫਿਰ ਸਪੀਕਰ ਖਿਲਾਫ ਨਾਅਰੇ ਮਾਰ ਕੇ ਬਾਹਰ ਨਿਕਲ ਜਾਂਦੇ ਹਨ। ਅਕਾਲੀ ਵਿਧਾਇਕਾਂ ਨੇ ਐਨ ਇਸੇ ਤਰ੍ਹਾਂ ਕੀਤਾ, ਜਦ ਸਪੀਕਰ ਨੇ ਉਨ੍ਹਾਂ ਨੂੰ ਵੀ ਬਾਹਰ ਕੱਢਣ ਦਾ ਹੁਕਮ ਸੁਣਾ ਦਿੱਤਾ, ਤਾਂ ਅਕਾਲੀ ਵਿਧਾਇਕ ਉਥੇ ਖੜ੍ਹ ਕੇ ਮਾਰਸ਼ਲਾਂ ਨਾਲ ਭਿੜਨ ਦੀ ਥਾਂ ਇਕਦਮ ਬਾਹਰ ਨੂੰ ਹੋ ਤੁਰੇ। ਇਸ ਤਰ੍ਹਾਂ ਉਨ੍ਹਾਂ ਦੀ ਇਸ ਰਾਜਸੀ ਕਲਾਬਾਜ਼ੀ ਨੇ ਮਾਰਸ਼ਲਾਂ ਨਾਲ ਖਹਿਬੜਨ ਤੋਂ ਬਚਾ ਲਿਆ।
ਵਿਧਾਨ ਸਭਾ ਦਾ ਬਜਟ ਸੈਸ਼ਨ ਬੜਾ ਹੀ ਅਹਿਮ ਹੁੰਦਾ ਹੈ, ਕਿਉਂਕਿ ਇਸ ਵਿਚ ਆਉਣ ਵਾਲੇ ਸਾਲ ਦੌਰਾਨ ਸੂਬੇ ਦੇ ਆਰਥਿਕ ਵਿਕਾਸ ਲਈ ਵੱਡੇ ਫੈਸਲੇ ਲਏ ਜਾਣੇ ਹੁੰਦੇ ਹਨ ਅਤੇ ਸਭਨਾਂ ਖੇਤਰਾਂ ਦੇ ਵਿਕਾਸ ਲਈ ਛੋਟੀਆਂ ਅਤੇ ਵੱਡੇ ਸਮੇਂ ਦੀਆਂ ਯੋਜਨਾਵਾਂ ਘੜਨੀਆਂ ਹੁੰਦੀਆਂ ਹਨ। ਪਰ ਜੇਕਰ ਸਦਨ ਵਿਚ ਇਨ੍ਹਾਂ ਮੁੱਦਿਆਂ ਉਪਰ ਬਹਿਸ ਹੀ ਨਾ ਹੋਵੇ, ਤਾਂ ਫਿਰ ਨੀਤੀਆਂ ਘੜਨ ਵਿਚ ਹੁਕਮਰਾਨ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਦੀ ਸ਼ਮੂਲੀਅਤ ਕਿਸ ਤਰ੍ਹਾਂ ਹੋ ਸਕਦੀ ਹੈ। ਬਜਟ ਤਾਂ ਭਾਵੇਂ ਇਸ ਵਾਰ ਵੀ ਪਾਸ ਕਰ ਲਿਆ ਗਿਆ ਹੈ। ਪਰ ਹੁਕਮਰਾਨ ਪਾਰਟੀ ਦੇ ਵਿੱਤ ਮੰਤਰੀ ਵੱਲੋਂ ਤਿਆਰ ਕੀਤੇ ਗਏ ਬਜਟ ਦੀ ਕਿਸੇ ਵੀ ਮਦ ਉਪਰ ਕੋਈ ਬਹਿਸ-ਵਿਚਾਰ ਨਹੀਂ ਹੋਈ, ਸਗੋਂ ਮਹਿਜ਼ ਹੱਥ ਖੜ੍ਹੇ ਕਰਕੇ ਹੀ ਪਾਸ ਕਰਾ ਲਿਆ ਗਿਆ। ਚਾਹੀਦਾ ਤਾਂ ਇਹ ਹੈ ਕਿ ਬਜਟ ਦੀਆਂ ਮਦਾਂ ਉਪਰ ਹੁਕਮਰਾਨ ਅਤੇ ਖਾਸਕਰ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਖੁੱਲ੍ਹ ਕੇ ਵਿਚਾਰ ਪੇਸ਼ ਕਰਨ ਅਤੇ ਬਹਿਸ ਕੀਤੇ ਜਾਣ ਦਾ ਮੌਕਾ ਮਿਲਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਬਹੁਤ ਸਾਰੀਆਂ ਗੱਲਾਂ ਸਦਨ ਦੇ ਮੈਂਬਰਾਂ ਸਾਹਮਣੇ ਆ ਸਕਦੀਆਂ ਹਨ ਅਤੇ ਪਾਰਲੀਮੈਂਟਰੀ ਸਲੀਕੇ ਦਾ ਵੀ ਇਹੀ ਮੰਨਣਾ ਹੈ ਕਿ ਚਾਹੇ ਵਿਧਾਨ ਸਭਾ ਹੋਵੇ ਜਾਂ ਲੋਕ ਸਭਾ ਹੋਵੇ, ਇਨ੍ਹਾਂ ਮੰਚਾਂ ਉਪਰ ਲੋਕਾਂ ਦੇ ਮਸਲਿਆਂ ਉਪਰ ਹੀ ਧਿਆਨ ਕੇਂਦਰਿਤ ਰੱਖਿਆ ਜਾਣਾ ਚਾਹੀਦਾ ਹੈ। ਪਰ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਕਿਸੇ ਵੀ ਪਾਰਟੀ ਨੇ ਆਪਣਾ ਅਜਿਹਾ ਰੋਲ ਨਿਭਾਉਣ ਲਈ ਯਤਨ ਨਹੀਂ ਕੀਤਾ।
ਜਿੱਥੇ ਕਾਂਗਰਸ ਪਾਰਟੀ ਆਪਣੇ ਵੱਲੋਂ ਪੇਸ਼ ਕੀਤੇ ਗਏ ਬਿੱਲ ਅਤੇ ਬਜਟ ਨੂੰ ਪਾਸ ਕਰਵਾਉਣ ਲਈ ਉਤਾਵਲੀ ਰਹੀ, ਉੱਥੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵਿਰੋਧੀ ਨੁਕਤਾ-ਨਿਗਾਹ ਤੋਂ ਬਜਟ ਉਪਰ ਆਪਣੇ ਵਿਚਾਰ ਪੇਸ਼ ਕਰਨ ਦੀ ਬਜਾਏ ਹੋਰਨਾਂ ਗੱਲਾਂ ਉਪਰ ਟਕਰਾਅ ਲੈਣ ਅਤੇ ਸਦਨ ਵਿਚੋਂ ਵਾਕ-ਆਊਟ ਕਰਨ ਵਿਚ ਹੀ ਸਾਰਾ ਸਮਾਂ ਲੰਘਾ ਦਿੱਤਾ। ਅਕਾਲੀ ਵਿਧਾਇਕਾਂ ਦਾ ਹਾਲ ਵੀ ਅਜਿਹਾ ਹੀ ਰਿਹਾ। ਉਨ੍ਹਾਂ ਵੱਲੋਂ ਵੀ ਕਿਸੇ ਮਸਲੇ ਉਪਰ ਕੋਈ ਬਹਿਸ-ਵਿਚਾਰ ਨਹੀਂ ਕੀਤੀ ਗਈ। ਬਜਟ ਸੈਸ਼ਨ ਮੌਕੇ ਵਿਰੋਧੀ ਧਿਰ ਦੇ ਆਗੂ ਵੱਲੋਂ ਮੁੱਖ ਭਾਸ਼ਨ ਦਿੱਤਾ ਜਾਣਾ ਹੁੰਦਾ ਹੈ। ਪਰ ਇਸ ਸੈਸ਼ਨ ਵਿਚ ਵਿਰੋਧੀ ਧਿਰ ਦੇ ਆਗੂ ਅਤੇ ‘ਆਪ’ ਦੇ ਵਿਧਾਇਕ ਸ. ਐੱਚ.ਐੱਸ. ਫੂਲਕਾ ਨੇ ਆਪਣਾ ਇਹ ਭਾਸ਼ਨ ਦੇਣ ਦੀ ਬਜਾਏ ਸੈਸ਼ਨ ਵਿਚ ਹੋਰ ਮੁੱਦੇ ਖੜ੍ਹੇ ਕਰਕੇ ਸਪੀਕਰ ਦੀ ਕੁਰਸੀ ਅੱਗੇ ਧਰਨਾ ਦੇਣ ਅਤੇ ਸਦਨ ਵਿਚੋਂ ਵਾਕ-ਆਊਟ ਕਰਨ ਨੂੰ ਹੀ ਤਰਜੀਹ ਦਿੱਤੀ। ਸਦਨ ਦੀ ਮਰਿਆਦਾ ਇਸ ਗੱਲ ਦੀ ਮੰਗ ਕਰਦੀ ਹੈ ਕਿ ਉਸ ਦੇ ਮੈਂਬਰ ਇਨਸਾਫ ਦੇ ਇਸ ਮੰਦਰ ਵਿਚ ਲੋਕਾਂ ਦੇ ਮਸਲੇ ਲੈ ਕੇ ਪੁੱਜਣ, ਉਨ੍ਹਾਂ ਬਾਰੇ ਆਪਣੀਆਂ ਦਲੀਲਾਂ ਪੇਸ਼ ਕਰਨ ਅਤੇ ਇਨ੍ਹਾਂ ਮਸਲਿਆਂ ਉਪਰ ਧਿਆਨ ਕੇਂਦਰਿਤ ਕਰਨ ਲਈ ਜ਼ੋਰਦਾਰ ਯਤਨ ਕਰਨ। ਪਰ ਲੱਗਦਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਨੂੰ ਅਜਿਹੀ ਪਾਰਲੀਮੈਂਟਰੀ ਸੂਝ ਦਾ ਅਜੇ ਕੋਈ ਬਹੁਤਾ ਇਲਮ ਨਹੀਂ। ਇਸ ਕਰਕੇ ਇਸ ਸੈਸ਼ਨ ਵਿਚ ਵੀ ਅਤੇ ਇਸ ਤੋਂ ਪਹਿਲਾਂ ਵੀ ਲੋਕ ਮੁੱਦਿਆਂ ਦੀ ਥਾਂ ਆਪੇ ਖੜ੍ਹੇ ਕੀਤੇ ਮੁੱਦਿਆਂ ਉਪਰ ਟਕਰਾਅ ਪੈਦਾ ਕਰਨ ਅਤੇ ਫਿਰ ਨਾਅਰੇਬਾਜ਼ੀ ਅਤੇ ਵਾਕ-ਆਊਟ ਕਰਨ ਵੱਲ ਹੀ ਵਧੇਰੇ ਧਿਆਨ ਕੇਂਦਰਿਤ ਕੀਤਾ ਜਾਂਦਾ ਰਹਿੰਦਾ ਹੈ। ਚਾਹੀਦਾ ਤਾਂ ਇਹ ਹੈ ਕਿ ਇਹ ਅਦਾਰੇ ਨਾਅਰੇਬਾਜ਼ੀ, ਝਗੜੇ ਅਤੇ ਪੱਗਾਂ ਲਾਹੁਣ ਲਈ ਨਾ ਵਰਤੇ ਜਾਣ, ਸਗੋਂ ਇਥੇ ਦਲੀਲਬਾਜ਼ੀ ਦਾ ਰਾਜ ਹੋਵੇ ਅਤੇ ਹਰ ਗੱਲ ਤਰਕ ਦੇ ਆਧਾਰ ‘ਤੇ ਕੀਤੀ ਜਾਵੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.