ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਹਥਿਆਰਾਂ ਦੀ ਖੁੱਲ੍ਹ ਕਾਰਨ ਅਮਰੀਕਾ ‘ਚ ਫੈਲ ਰਹੀਆਂ ਨੇ ਹਿੰਸਕ ਘਟਨਾਵਾਂ
ਹਥਿਆਰਾਂ ਦੀ ਖੁੱਲ੍ਹ ਕਾਰਨ ਅਮਰੀਕਾ ‘ਚ ਫੈਲ ਰਹੀਆਂ ਨੇ ਹਿੰਸਕ ਘਟਨਾਵਾਂ
Page Visitors: 2540

ਹਥਿਆਰਾਂ ਦੀ ਖੁੱਲ੍ਹ ਕਾਰਨ ਅਮਰੀਕਾ ‘ਚ ਫੈਲ ਰਹੀਆਂ ਨੇ ਹਿੰਸਕ ਘਟਨਾਵਾਂਹਥਿਆਰਾਂ ਦੀ ਖੁੱਲ੍ਹ ਕਾਰਨ ਅਮਰੀਕਾ ‘ਚ ਫੈਲ ਰਹੀਆਂ ਨੇ ਹਿੰਸਕ ਘਟਨਾਵਾਂ

October 04
11:15 2017
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
    ਸੰਨ 2001 ਵਿਚ 11 ਸਤੰਬਰ ਨੂੰ ਇਸਲਾਮਿਕ ਅੱਤਵਾਦੀਆਂ ਹੱਥੋਂ ਦੁਨੀਆਂ ਦੇ ਸਭ ਤੋਂ ਵੱਡੇ ਵਪਾਰਕ ਟਾਵਰ ਨੂੰ ਹਮਲਾ ਕਰਕੇ ਤਬਾਹ ਕਰ ਦੇਣ ਨਾਲ ਅਮਰੀਕਾ ਪੂਰੀ ਤਰ੍ਹਾਂ ਹਿੱਲ ਗਿਆ ਸੀ। ਉਸ ਤੋਂ ਬਾਅਦ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ‘ਚ ਹੋਰ ਵੀ ਕਈ ਥਾਈਂ ਹਿੰਸਕ ਘਟਨਾਵਾਂ ਵਾਪਰਦੀਆਂ ਰਹੀਆਂ ਹਨ। ਇਨ੍ਹਾਂ ਹਿੰਸਕ ਘਟਨਾਵਾਂ ਦਾ ਬਹੁਤਾ ਸੰਬੰਧ ਇਸਲਾਮਿਕ ਅੱਤਵਾਦੀਆਂ ਨਾਲ ਮੰਨਿਆ ਜਾਂਦਾ ਰਿਹਾ ਹੈ। ਪਰ ਹੁਣ ਦੁਨੀਆਂ ਭਰ ਵਿਚ ਜੂਏ ਦੇ ਸਭ ਤੋਂ ਵੱਡੇ ਅੱਡੇ ਵਜੋਂ ਸਥਾਪਿਤ ਅਮਰੀਕਾ ਦੇ ਨਵਾਡਾ ਸੂਬੇ ਅੰਦਰਲੇ ਲਾਸ ਵੇਗਾਸ ਵਿਚ ਇਕ ਬੰਦੂਕਧਾਰੀ ਵੱਲੋਂ ਚਲਾਈਆਂ ਅੰਨ੍ਹੇਵਾਹ ਗੋਲੀਆਂ ਨਾਲ 58 ਵਿਅਕਤੀ ਮਾਰੇ ਗਏ ਹਨ ਅਤੇ ਸੈਂਕੜੇ ਹੋਰ ਜ਼ਖਮੀ ਹੋ ਗਏ ਹਨ। ਇਹ ਹਿੰਸਕ ਘਟਨਾ ਦੇਰ ਰਾਤ ਉਸ ਸਮੇਂ ਵਾਪਰੀ, ਜਦ ਇਥੇ ਇਕ ਕਸੀਨੋ (ਜੂਏ ਦੇ ਅੱਡੇ) ਅੱਗੇ ਹਜ਼ਾਰਾਂ ਦੀ ਗਿਣਤੀ ਵਿਚ ਬੈਠੇ ਲੋਕ ਸੰਗੀਤ ਸਮਾਗਮ ਦਾ ਆਨੰਦ ਲੈ ਰਹੇ ਸਨ। ਬਾਹਰੋਂ ਆਏ ਇਕ ਜਾਂ ਦੋ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਚਲਾਈ ਗਈ ਗੋਲੀਆਂ ਨਾਲ ਇਕਦਮ ਚਾਰੇ ਪਾਸੇ ਹਾਹਾਕਾਰ ਮਚ ਗਈ। ਅਮਰੀਕਾ ਵਿਚ ਇਹ ਸਭ ਤੋਂ ਵੱਡੀ ਸਮਾਜਿਕ ਹਿੰਸਾ ਦੀ ਘਟਨਾ ਮੰਨੀ ਜਾ ਰਹੀ ਹੈ। ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਵੱਲੋਂ ਮੌਕੇ ‘ਤੇ ਹੀ ਆਪਣੇ ਆਪ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਗਈ। ਉਸ ਵੱਲੋਂ ਬੁੱਕ ਕੀਤੇ ਗਏ ਰੂਮ ਵਿਚੋਂ ਸੁਰੱਖਿਆ ਦਸਤਿਆਂ ਨੂੰ 10 ਹੋਰ ਬੰਦੂਕਾਂ ਮਿਲੀਆਂ ਹਨ ਅਤੇ ਉਸ ਦੀ ਘਰ ਦੀ ਤਲਾਸ਼ੀ ਲਏ ਜਾਣ ‘ਤੇ ਉਥੋਂ ਵੀ 31 ਹਥਿਆਰ ਹੋਰ ਪ੍ਰਾਪਤ ਹੋਏ ਹਨ।

ਅਮਰੀਕੀ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਘਟਨਾ ਦਾ ਅੱਤਵਾਦੀਆਂ ਨਾਲ ਕੋਈ ਸੰਬੰਧ ਨਹੀਂ, ਜਦਕਿ ਦੂਜੇ ਪਾਸੇ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਇਸ ਨੂੰ ਆਪਣਾ ਕਾਰਨਾਮਾ ਦੱਸਿਆ ਹੈ।
ਇਸ ਤੋਂ ਪਹਿਲਾਂ ਵੀ ਪਿਛਲੇ ਦੋ ਦਹਾਕੇ ਦੌਰਾਨ ਵੱਡੀ ਪੱਧਰ ‘ਤੇ ਕਤਲੋਗਾਰਤ ਦੀਆਂ ਅਮਰੀਕਾ ਅੰਦਰ ਅਨੇਕ ਘਟਨਾਵਾਂ ਵਾਪਰਦੀਆਂ ਰਹੀਆਂ ਹਨ। 1999 ਵਿਚ ਕੋਲਰਾਡੋ ਦੇ ਇਕ ਸਕੂਲ ਵਿਚ ਦੋ ਵਿਦਿਆਰਥੀਆਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ 12 ਵਿਦਿਆਰਥੀਆਂ ਅਤੇ ਅਧਿਆਪਕਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਜੁਲਾਈ 2012 ‘ਚ ਨਕਾਬਪੋਸ਼ ਬੰਦੂਕਧਾਰੀ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਉਣ ਨਾਲ ਇਕ ਸਿਨੇਮਾਘਰ ਵਿਚ ‘ਦ ਡਾਰਕ ਨਾਈਟ ਰਾਇਜਸ’ ਫਿਲਮ ਦੇਖ ਰਹੇ 12 ਲੋਕਾਂ ਨੂੰ ਕਤਲ ਕਰ ਦਿੱਤਾ ਸੀ। ਅਗਸਤ 2012 ਵਿਚ ਗੁਰਦੁਆਰਾ ਵਿਸਕਾਨਸਨ ਵਿਖੇ ਇਕ ਨਸਲਪ੍ਰਸਤ ਵੱਲੋਂ ਚਲਾਈਆਂ ਗੋਲੀਆਂ ਨਾਲ 6 ਸਿੱਖ ਮਾਰੇ ਗਏ ਸਨ। ਦਸੰਬਰ 2012 ਵਿਚ ਵਾਪਰੀ ਇਕ ਹੋਰ ਦਰਦਨਾਕ ਘਟਨਾ ਵਿਚ ਕਨੈਕਟੀਕੱਟ ਦੇ ਨਿਊਟਾਊਨ ਦੇ ਇਕ ਐਲੀਮੈਂਟਰੀ ਸਕੂਲ ਵਿਚ ਵੜ ਕੇ ਇਕ ਜਨੂੰਨੀ ਵੱਲੋਂ 20 ਛੋਟੇ ਬੱਚਿਆਂ ਅਤੇ 6 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਤੋਂ ਪਹਿਲਾਂ ਉਹ ਘਰ ਵਿਚ ਆਪਣੀ ਮਾਂ ਨੂੰ ਵੀ ਕਤਲ ਕਰਕੇ ਆਇਆ ਸੀ। ਇਸੇ ਤਰ੍ਹਾਂ ਜੂਨ 2013 ਵਿਚ 23 ਸਾਲਾ ਜੌਹਨ ਜਵਾਹਰੀ ਨੇ ਇਕ ਲਾਇਬ੍ਰੇਰੀ ਵਿਚ 5 ਵਿਅਕਤੀਆਂ ਨੂੰ ਗੋਲੀਆਂ ਮਾਰ ਦਿੱਤੀਆਂ ਸਨ। ਇਸੇ ਤਰ੍ਹਾਂ ਸਤੰਬਰ 2013 ਵਿਚ ਸਾਬਕਾ ਨੇਵੀ ਮੈਨ ਐਰੋਨ ਅਲੈਕਸੀਜ਼ ਨੇ ਵਾਸ਼ਿੰਗਟਨ ਡੀ.ਸੀ. ਵਿਖੇ ਪੁਲਿਸ ਨਾਲ ਝੜਪ ਕਰਦਿਆਂ 13 ਵਿਅਕਤੀ ਨੂੰ ਮੌਤ ਦੇ ਮੂੰਹ ਜਾ ਪਾਇਆ ਸੀ। ਮਈ 2014 ਵਿਚ ਕੈਲੀਫੋਰਨੀਆ ਦੇ ਇਸਲਾ ਵਿਸਟਾ ਦੇ ਕੈਂਪਸ ਟਾਊਨ ਵਿਚ ਇਕ ਖਰੂਦੀ ਵੱਲੋਂ ਚਲਾਈਆਂ ਗੋਲੀਆਂ ਨਾਲ 7 ਵਿਅਕਤੀ ਮਾਰੇ ਗਏ ਸਨ। ਇਸ ਤੋਂ ਬਾਅਦ ਜੂਨ 2015 ਵਿਚ ਇਕ ਗੋਰੇ ਨਸਲਪ੍ਰਸਤ ਡਿਆਲਨ ਰੂਫ ਨੇ ਇਤਿਹਾਸਕ ਬਲੈਕ ਚਰਚ ਵਿਖੇ ਗੋਲੀਆਂ ਚਲਾ ਕੇ 9 ਵਿਅਕਤੀ ਮਾਰ ਦਿੱਤੇ ਸਨ। ਉਸ ਦਾ ਮਸਕਦ ਨਸਲੀ ਦੰਗੇ ਭੜਕਾਉਣ ਸੀ।
ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਹਿੰਸਕ ਘਟਨਾਵਾਂ ਵਾਪਰਦੀਆਂ ਰਹੀਆਂ ਹਨ। ਹਿੰਸਕ ਘਟਨਾਵਾਂ ਵਿਚ ਖੁੱਲ੍ਹੇਆਮ ਹਥਿਆਰਾਂ ਦੀ ਵਰਤੋਂ ਅਤੇ ਲੋਕਾਂ ਉਪਰ ਕੀਤੇ ਗਏ ਹਮਲਿਆਂ ਕਾਰਨ ਪੂਰੇ ਅਮਰੀਕਾ ਵਿਚ ਇਕ ਨਵੀਂ ਬਹਿਸ ਛਿੜਦੀ ਰਹੀ ਹੈ। ਇਸ ਬਹਿਸ ਦਾ ਮੁੱਖ ਮੁੱਦਾ ਇਹ ਗੱਲ ਰਹੀ ਕਿ ਕੀ ਅਮਰੀਕਾ ਅੰਦਰ ਹਥਿਆਰ ਰੱਖਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਜਾਂ ਹਥਿਆਰ ਰੱਖਣ ਉਪਰ ਸਖਤ ਰੋਕਾਂ ਅਤੇ ਪਾਬੰਦੀਆਂ ਲੱਗਣੀਆਂ ਚਾਹੀਦੀਆਂ ਹਨ। ਇਹ ਮਸਲਾ ਪਿਛਲੇ ਸਮੇਂ ਦੌਰਾਨ ਹੁੰਦੀਆਂ ਚੋਣਾਂ ਵਿਚ ਵੀ ਉੱਠਦਾ ਰਿਹਾ ਹੈ। ਲਾਸ ਵੇਗਾਸ ਵਿਖੇ ਵਾਪਰੀ ਬਹੁਤ ਹੀ ਘਿਨਾਉਣੀ ਅਤੇ ਹਿਰਦੇਵੇਦਕ ਘਟਨਾ ਨੇ ਇਕ ਵਾਰ ਫਿਰ ਅਮਰੀਕਾ ਅੰਦਰ ਹਥਿਆਰਾਂ ਦੇ ਲਾਇਸੰਸ ਦੇਣ ਅਤੇ ਹਥਿਆਰ ਰੱਖਣ ਦੇ ਵਿਧੀ-ਵਿਧਾਨ ਬਾਰੇ ਚਰਚਾ ਨੂੰ ਨਵਾਂ ਜਨਮ ਦੇਣਾ ਹੈ। ਅਮਰੀਕਾ ਅੰਦਰ ਹਥਿਆਰਾਂ ਦੇ ਲਾਇਸੰਸ ਹਾਸਲ ਕਰਨ ਦਾ ਤਰੀਕਾ ਬੜਾ ਸੌਖਾ ਅਤੇ ਸਰਲ ਹੈ। ਕੋਈ ਵੀ ਵਿਅਕਤੀ ਬੜੀ ਆਸਾਨੀ ਨਾਲ ਹਥਿਆਰਾਂ ਦਾ ਲਾਇਸੰਸ ਲੈ ਸਕਦਾ ਹੈ। ਹਥਿਆਰ ਦਾ ਲਾਇਸੰਸ ਲੈਣ ਲਈ ਬੜਾ ਸਾਦਾ ਜਿਹਾ ਟੈਸਟ ਲਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਸੰਬੰਧਤ ਵਿਅਕਤੀ ਦਾ ਪਿਛੋਕੜ ਚੈੱਕ ਕਰਨ ਬਾਅਦ ਇਹ ਲਾਇਸੰਸ ਜਾਰੀ ਕਰ ਦਿੱਤਾ ਜਾਂਦਾ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਕੋਈ ਵੀ ਅਮਰੀਕੀ ਜਦ ਹਥਿਆਰ ਦਾ ਲਾਇਸੰਸ ਬਣਾ ਲੈਂਦਾ ਹੈ, ਤਾਂ ਉਹ ਇਸ ਲਾਇਸੰਸ ਉਪਰ ਜਿੰਨੇ ਮਰਜ਼ੀ ਹਥਿਆਰ ਖਰੀਦ ਸਕਦਾ ਹੈ। ਇਸ ਤੋਂ ਵੀ ਵੱਡੀ ਗੱਲ ਇਹ ਕਿ ਜਿਹੋ-ਜਿਹੇ ਮਰਜ਼ੀ ਖਤਰਨਾਕ ਖਰੀਦ ਕੇ ਉਹ ਆਪਣੇ ਕੋਲ ਰੱਖ ਸਕਦਾ ਹੈ। ਇਸ ਦੇ ਨਾਲ ਹੀ ਅਹਿਮ ਗੱਲ ਇਹ ਵੀ ਹੈ ਕਿ ਅਮਰੀਕਾ ਅੰਦਰ ਹਥਿਆਰ ਬੜੇ ਸਸਤੇ ਮਿਲਦੇ ਹਨ। ਉਂਝ ਤਾਂ ਪੂਰੀ ਦੁਨੀਆਂ ਵਿਚ ਹੀ ਅਮਰੀਕਾ ਨੂੰ ਹਥਿਆਰਾਂ ਦੇ ਵੱਡੇ ਵਪਾਰੀ ਵਜੋਂ ਗਿਣਿਆ ਜਾਂਦਾ ਹੈ, ਕਿਉਂਕਿ ਪੂਰੀ ਦੁਨੀਆਂ ਵਿਚ ਹਥਿਆਰਾਂ ਦੀ ਸਪਲਾਈ ਕਰਨ ਵਿਚ ਅਮਰੀਕਾ ਦਾ ਬਹੁਤ ਵੱਡਾ ਯੋਗਦਾਨ ਹੈ। ਪਹਿਲਾਂ ਕੁੱਝ ਸਮਾਂ ਸੋਵੀਅਤ ਯੂਨੀਅਨ ਅਮਰੀਕਾ ਦੇ ਮੁਕਾਬਲੇ ਵਿਚ ਆ ਖੜ੍ਹਾ ਸੀ। ਪਰ ਸੋਵੀਅਤ ਯੂਨੀਅਨ ਦੇ ਟੁੱਟ ਜਾਣ ਬਾਅਦ ਰੂਸ ਸਮੇਤ ਵੱਖ-ਵੱਖ ਦੇਸ਼ ਹੋਂਦ ਵਿਚ ਆਉਣ ਨਾਲ ਹਥਿਆਰਾਂ ਦੇ ਵਪਾਰ ਦੀ ਅਜਾਰੇਦਾਰੀ ਮੁੜ ਫਿਰ ਅਮਰੀਕਾ ਹੱਥ ਆ ਗਈ ਹੈ। ਛੋਟੇ ਤੋਂ ਲੈ ਕੇ ਵੱਡੇ ਤੋਂ ਵੱਡੇ ਹਥਿਆਰ ਅਮਰੀਕਾ ਵਿਚ ਬਣਾਏ ਜਾਂਦੇ ਹਨ ਅਤੇ ਦੁਨੀਆਂ ਭਰ ਵਿਚ ਸਪਲਾਈ ਕੀਤੇ ਜਾਂਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਹਰ ਤਰ੍ਹਾਂ ਦੇ ਛੋਟੇ ਰਿਵਾਲਵਰ, ਪਿਸਤੌਲ ਤੋਂ ਲੈ ਕੇ ਐੱਮ-16 ਵਰਗੀਆਂ ਫੌਜ ਵਿਚ ਵਰਤੀਆਂ ਜਾਂਦੀਆਂ ਰਾਈਫਲਾਂ ਬੜੇ ਸਸਤੇ ਭਾਅ ਆਸਾਨੀ ਨਾਲ ਮਿਲ ਜਾਂਦੀਆਂ ਹਨ।
ਲਾਸ ਵੇਗਾਸ ਵਿਖੇ ਵਾਪਰੇ ਦੁਖਾਂਤ ਵਿਚ ਵੀ ਹਮਲਾਵਰ ਕਾਤਲ ਦੇ ਕਮਰੇ ਵਿਚੋਂ 41 ਹੋਰ ਬੰਦੂਕਾਂ ਮਿਲਣਾ ਇਸੇ ਗੱਲ ਦਾ ਸੰਕੇਤ ਦਿੰਦਾ ਹੈ ਕਿ ਅਮਰੀਕਾ ਵਿਚ ਹਥਿਆਰਾਂ ਦੀ ਉਪਲਬੱਧਤਾ ਬਹੁਤ ਹੀ ਸੌਖਾਲੀ ਅਤੇ ਆਮ ਹੈ। ਇਸ ਕਰਕੇ ਜਦ ਮਾਰੂ ਤੋਂ ਮਾਰੂ ਹਥਿਆਰ ਹਰ ਬੰਦੇ ਦੀ ਪਹੁੰਚ ਵਿਚ ਹੋ ਜਾਂਦੇ ਹਨ ਅਤੇ ਬੜੀ ਆਸਾਨੀ ਨਾਲ ਉਹ ਇਨ੍ਹਾਂ ਨੂੰ ਖਰੀਦ ਕੇ ਆਪਣੇ ਕੋਲ ਰੱਖ ਲੈਂਦੇ ਹਨ, ਤਾਂ ਫਿਰ ਇਨ੍ਹਾਂ ਹਥਿਆਰਾਂ ਦੀ ਦੁਰਵਰਤੋਂ ਲਈ ਆਪਣੇ-ਆਪ ਹੀ ਰਾਹ ਖੁੱਲ੍ਹ ਜਾਂਦਾ ਹੈ। ਸਾਡਾ ਵਿਚਾਰ ਹੈ ਕਿ ਜਿਸ ਤਰ੍ਹਾਂ ਪੂਰੇ ਸਮਾਜ ਅੰਦਰ ਇਸ ਵੇਲੇ ਮਾਨਸਿਕ ਤਨਾਅ ਵਾਲਾ ਮਾਹੌਲ ਵਧ ਰਿਹਾ ਹੈ ਅਤੇ ਲੋਕਾਂ ਦੇ ਦਿਮਾਗਾਂ ਵਿਚੋਂ ਸਬਰ-ਸੰਤੋਖ ਅਤੇ  ਸੰਜਮ ਦੀ ਭਾਵਨਾ ਘਟਦੀ ਜਾ ਰਹੀ ਹੈ।
    ਅਜਿਹੀ ਹਾਲਤ ਵਿਚ ਉਨ੍ਹਾਂ ਦੇ ਹੱਥਾਂ ਵਿਚ ਹਥਿਆਰ ਹੋਣਾਂ ਹੋਰ ਵੀ ਵਧੇਰੇ ਘਾਤਕ ਬਣਦਾ ਹੈ। ਅਮਰੀਕੀ ਸਰਕਾਰ ਅਤੇ ਪ੍ਰਸ਼ਾਸਨ ਦਾ ਇਹ ਫਰਜ਼ ਬਣਦਾ ਹੈ ਕਿ ਹਥਿਆਰਾਂ ਦੇ ਲਾਇਸੰਸ ਬਣਾਉਣ ਦੀ ਵਿਧੀ ਬਾਰੇ ਮੁੜ ਵਿਚਾਰਿਆ ਜਾਵੇ ਅਤੇ ਲਾਇਸੰਸ ਜਾਰੀ ਕਰਨ ਦਾ ਅਮਲ ਸਖਤ ਹੋਵੇ। ਹਰ ਕਿਸੇ ਨੂੰ ਜਿੰਨੇ ਮਰਜ਼ੀ ਅਤੇ ਜਿਹੋ ਜਿਹੇ ਮਰਜ਼ੀ ਹਥਿਆਰ ਰੱਖਣ ਦੀ ਖੁੱਲ੍ਹ ਨਹੀਂ ਦਿੱਤੀ ਜਾਣੀ ਚਾਹੀਦੀ। ਇਸ ਦੇ ਉਲਟ ਵਿਅਕਤੀ ਦੀ ਹੈਸੀਅਤ ਅਤੇ ਲੋੜ ਨੂੰ ਧਿਆਨ ਵਿਚ ਰੱਖ ਕੇ ਉਸ ਦੀ ਸਿਖਲਾਈ ਮੁਤਾਬਕ ਹੀ ਕਿਸੇ ਨੂੰ ਇਕ ਜਾਂ ਵਧ ਹਥਿਆਰ ਰੱਖਣ ਬਾਰੇ ਪ੍ਰਵਾਨਗੀ ਹੋਵੇ। ਜਿਵੇਂ ਹੋਰ ਬਹੁਤ ਸਾਰੇ ਮੁਲਕਾਂ ਵਿਚ ਇਕ ਲਾਇਸੰਸ ਉਪਰ ਇਕ ਹੀ ਹਥਿਆਰ ਰੱਖਣ ਦੀ ਇਜਾਜ਼ਤ ਮਿਲਦੀ ਹੈ ਅਤੇ ਲਾਇਸੰਸਧਾਰੀ ਬੰਦਾ ਸਿਰਫ ਉਹੀ ਹਥਿਆਰ ਹੀ ਰੱਖ ਸਕਦਾ ਹੈ, ਜਿਸ ਲਈ ਉਸ ਨੂੰ ਲਾਇਸੰਸ ਮਿਲਿਆ ਹੈ। ਜੇਕਰ ਉਸ ਨੇ ਇਕ ਹੋਰ ਹਥਿਆਰ ਲੈਣਾ ਹੋਵੇ, ਤਾਂ ਉਸ ਨੂੰ ਨਵੀਂ ਪ੍ਰਵਾਨਗੀ ਲੈਣੀ ਪੈਂਦੀ ਹੈ।
   ਅਮਰੀਕਾ ਅੰਦਰ ਵੀ ਇਸੇ ਤਰ੍ਹਾਂ ਪ੍ਰਬੰਧ ਹੋਣਾ ਚਾਹੀਦਾ ਹੈ, ਤਾਂਕਿ 1 ਹੀ ਲਾਇਸੰਸ ਉਪਰ ਜਿੰਨੇ ਮਰਜ਼ੀ ਅਤੇ ਜਿਹੋ ਜਿਹੇ ਮਰਜ਼ੀ ਮਾਰੂ ਹਥਿਆਰ ਰੱਖਣ ਤੋਂ ਲੋਕਾਂ ਨੂੰ ਰੋਕਿਆ ਜਾ ਸਕੇ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਸਿਰਫ ਹਥਿਆਰਾਂ ਉਪਰ ਪਾਬੰਦੀ ਲਾ ਕੇ ਸਮਾਜ ਅੰਦਰ ਫੈਲ ਰਹੀ ਹਿੰਸਕ ਸਰਗਰਮੀ ਨੂੰ ਨਹੀਂ ਰੋਕਿਆ ਜਾ ਸਕਦਾ। ਲੋਕਾਂ ਅੰਦਰ ਫੈਲ ਰਹੀ ਹਿੰਸਕ ਪ੍ਰਵਿਰਤੀ ਨੂੰ ਰੋਕਣ ਲਈ ਹੋਰ ਖੇਤਰਾਂ ਵਿਚ ਅਨੇਕ ਤਰ੍ਹਾਂ ਦੇ ਕੰਮ ਕਰਨੇ ਪੈਣਗੇ। ਪਰ ਹਥਿਆਰ ਲੈਣ ਅਤੇ ਰੱਖਣ ਉਪਰ ਸਖਤ ਪਾਬੰਦੀਆਂ ਨਾਲ ਘਟਨਾਵਾਂ ਵਾਪਰਨ ਨੂੰ ਘਟਾਇਆ ਜ਼ਰੂਰ ਜਾ ਸਕਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਹਥਿਆਰ ਲੈਣ ਲਈ ਸਖ਼ਤ ਪ੍ਰਕਿਰਿਆ ਵਿਚੋਂ ਲੰਘਣਾ ਪਵੇ, ਤਾਂ ਉਹ ਉਸ ਦੀ ਸੰਕੋਚ ਨਾਲੋਂ ਵਰਤੋਂ ਬਾਰੇ ਵੀ ਚੇਤੰਨ ਹੋ ਜਾਂਦਾ ਹੈ। ਇਸ ਕਰਕੇ ਹਥਿਆਰਾਂ ਦੀ ਖੁੱਲ੍ਹੀ ਵਿਕਰੀ ਅਤੇ ਲਾਇਸੰਸ ਦੇਣ ਵਿਚ ਖੁੱਲ੍ਹ ਬਾਰੇ ਮੁੜ ਵਿਚਾਰ ਕਰਕੇ ਨਵੀਂ ਨੀਤੀ ਬਣਾਉਣ ਦੀ ਜ਼ਰੂਰਤ ਹੈ।
     ਸਾਡੇ ਆਪਣੇ ਭਾਈਚਾਰੇ ਨੂੰ ਵੀ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਅਸੀਂ ਆਪਣੀ ਸਵੈ-ਰੱਖਿਆ ਲਈ ਜੇਕਰ ਘਰ ਵਿਚ ਹਥਿਆਰ ਰੱਖਦੇ ਹਾਂ, ਤਾਂ ਉਸ ਦੀ ਸੰਭਾਲ ਪੂਰੀ ਚੌਕਸੀ ਨਾਲ ਕੀਤੀ ਜਾਵੇ। ਆਪਣਾ ਹਥਿਆਰ ਆਮ ਪਰਿਵਾਰ ਦੀ ਪਹੁੰਚ ਵਿਚ ਨਾ ਹੋਵੇ, ਸਗੋਂ ਇਹ ਹਥਿਆਰ ਲਾਕ ਕੀਤੇ ਦਰਾਜ ਜਾਂ ਅਲਮਾਰੀ ਵਿਚ ਰੱਖਿਆ ਜਾਵੇ। ਹਥਿਆਰ ਲੈਣ ਤੋਂ ਪਹਿਲਾਂ ਯੋਗ ਸਿਖਲਾਈ ਵੀ ਹਾਸਲ ਕੀਤੀ ਜਾਵੇ। ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਹਥਿਆਰਾਂ ਦੀ ਵਰਤੋਂ ਅਤੇ ਇਸ ਦੇ ਖਤਰਨਾਕ ਨਤੀਜਿਆਂ ਬਾਰੇ ਸਾਵਧਾਨ ਕੀਤਾ ਜਾਣਾ ਚਾਹੀਦਾ ਹੈ। ਸੋ ਸਾਡੀ ਰਾਇ ਹੈ ਕਿ ਅਮਰੀਕਨ ਸਰਕਾਰ ਅਤੇ ਪ੍ਰਸ਼ਾਸਨ ਨੂੰ ਹਥਿਆਰਾਂ ਦੇ ਲਾਇਸੰਸ ਦੇਣ ਅਤੇ ਰੱਖਣ ਬਾਰੇ ਨੀਤੀ ਉਪਰ ਮੁੜ ਵਿਚਾਰ ਕੇ ਇਸ ਨੂੰ ਸਖਤ ਬਣਾਇਆ ਜਾਣਾ ਚਾਹੀਦਾ ਹੈ।
.................................................
ਟਿੱਪਣੀ:- ਅਮਰੀਕਾ ਨੂੰ ਆਜ਼ਾਦ ਹੋਏ ਨੂੰ 70 ਸਾਲ ਹੋ ਚੱਲੇ ਹਨ, ਸ਼ੁਰੂ ਤੋਂ ਹਥਿਆਰਾਂ ਦੀ ਖੁਲ੍ਹ ਹੈ, ਫਿਰ ਹੁਣ ਹੀ ਕਿਉਂ ਫੈਲਣ ਲੱਗੀਆਂ ਹਨ ਹਿੰਸਕ ਘਟਨਾਵਾਂ ? ਪਬਲਿਕ ਕੋਲ ਹਥਿਆਰ ਤਾਂ ਪਬਲਿਕ ਦੀ ਆਜ਼ਾਦੀ ਦੇ ਜ਼ਾਮਨ ਹੁੰਦੇ ਹਨ। ਖਾਲੀ ਰਾਜਿਆਂ ਅਤੇ ਫੌਜੀਆਂ ਕੋਲ ਹਥਿਆਰਾਂ ਨੇ 1200 ਸਾਲ ਭਾਰਤ ਨੂੰ ਗੁਲਾਮ ਰੱਖਆ ਹੈ। ਸਿੱਖਾਂ ਤੇ ਵੀ ਤਾਂ ਵੇਲੇ ਦੇ ਹਾਕਮਾਂ ਨੇ ਹਥਿਆਰ ਰੱਖਣ ਤੇ ਪਾਬੰਦੀ ਲਾਈ ਸੀ, ਜੇ ਗੁਰੂ ਜੀ ਸਿੱਖਾਂ ਨੂੰ ਹਥਿਆਰਾਂ ਦੀ ਖੁਲ੍ਹ ਨਾ ਦਿੰਦੇ ਤਾਂ ਕੀ ਹੁੰਦਾ ਜੇ ਨਵੰਬਰ 1984 ਵਿਚ ਸਿੱਖਾਂ ਕੋਲ ਹਥਿਆਰ ਹੁੰਦੇ ਤਾਂ ਕੀ ਇਵੇਂ ਉਨ੍ਹਾਂ ਦੀ ਨਸਲ-ਕੁਸ਼ੀ ਹੁੰਦੀ ?
  ਹਥਿਆਰ ਕੁਝ ਵੀ ਗਲਤ ਨਹੀਂ ਕਰਦੇ
, ਜਿਸ ਬੰਦੇ ਕੋਲ ਹਥਿਆਰ ਹੋਣ, ਉਸ ਦੀ ਸੋਚ ਹੀ ਸਭ ਕੁੱਛ ਕਰਵਾਉਂਦੀ ਹੈ। ਅਸਲ ਗੱਲ ਇਹ ਹੈ ਕਿ ਆਜ਼ਾਦੀ ਵੇਲੇ ਦੇ ਅਮਰੀਕੀਆਂ ਅਤੇ ਅੱਜ ਦੇ ਅਮਰੀਕੀਆਂ ਦੀ ਸੋਚ ਵਿਚ ਬਹੁਤ ਫਰਕ ਆ ਗਿਆ ਹੈ, ਉਸ ਵੇਲੇ ਉਨ੍ਹਾਂ ਨੂੰ ਗੁਲਾਮੀ ਦੀ ਜਾਣਕਾਰੀ ਸੀ, ਅੱਜ ਉਨ੍ਹਾਂ ਨੂੰ ਅਮਰੀਕਾ ਦਾ ਡਾਲਰ ਦਿਸਦਾ ਹੈ ਅਤੇ ਉਨ੍ਹਾਂ ਦੇ ਦੁਸ਼ਮਣਾਂ ਦੀ ਅੱਖ ਵਿਚ ਵੀ ਅਮਰੀਕਾ ਦਾ ਡਾਲਰ ਅਤੇ ਉਸ ਦੀ ਤਾਕਤ ਰੜਕਦੀ ਹੈ, ਇਹ ਸਾਰਾ ਕੁਝ ਅਮਰੀਕਾ ਦੀ ਆਰਥਿਕ ਅਤੇ ਫੌਜੀ ਤਾਕਤ ਨੂੰ ਖਤਮ ਕਰਨ ਅਤੇ ਰੂਸ ਵਾਙ ਉਸ ਦੇ ਵੀ ਟੁਕੜੇ ਕਰ ਕੇ ਉਸ ਨੂੰ ਖਤਮ ਕਰਨ ਲਈ ਹੋ ਰਿਹਾ ਹੈ।

  ਟ੍ਰੰਪ ਪਾਗਲ ਹੈ ਪਰ ਅਮਰੀਕੀ ਸਿੱਖਾਂ ਨੂੰ ਅਕਲਮੰਦ ਹੋਣਾ ਬਣਦਾ ਹੈ
, ਤਾਂ ਜੋ ਉਹ ਅਮਰੀਕਾ ਦੇ ਹਰ ਦੁਸ਼ਮਣ ਦਾ ਮੁਕਾਬਲਾ ਕਰ ਸਕਣ।                           ਅਮਰ ਜੀਤ ਸਿੰਘ ਚੰਦੀ  

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.