ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਸ਼ਿਲਾਂਗ ‘ਚ ਸਿੱਖਾਂ ਨਾਲ ਵਾਪਰਿਆ ਇਕ ਹੋਰ ਦੁਖਾਂਤ
ਸ਼ਿਲਾਂਗ ‘ਚ ਸਿੱਖਾਂ ਨਾਲ ਵਾਪਰਿਆ ਇਕ ਹੋਰ ਦੁਖਾਂਤ
Page Visitors: 2524

ਸ਼ਿਲਾਂਗ ‘ਚ ਸਿੱਖਾਂ ਨਾਲ ਵਾਪਰਿਆ ਇਕ ਹੋਰ ਦੁਖਾਂਤਸ਼ਿਲਾਂਗ ‘ਚ ਸਿੱਖਾਂ ਨਾਲ ਵਾਪਰਿਆ ਇਕ ਹੋਰ ਦੁਖਾਂਤ

 

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਭਾਰਤ ਦੇ ਉੱਤਰ-ਪੂਰਬ ਇਲਾਕੇ ‘ਚ ਸਥਿਤ ਮੇਘਾਲਿਆ ਪ੍ਰਾਂਤ ਦੀ ਰਾਜਧਾਨੀ ਸ਼ਿਲਾਂਗ ਵਿਚ ਸਿੱਖਾਂ ਦੇ ਇਲਾਕੇ ਪੰਜਾਬੀ ਲੇਨ ਵਿਚ ਪਿਛਲੇ ਦਿਨਾਂ ਤੋਂ ਚੱਲਿਆ ਆ ਰਿਹਾ ਤਨਾਅ ਅਤੇ ਹੋਈਆਂ ਘਟਨਾਵਾਂ ਦੀਆਂ ਖ਼ਬਰਾਂ ਸੁਰਖੀਆਂ ਵਿਚ ਹਨ। ਇਸ ਇਲਾਕੇ ਵਿਚ ਸਾੜ-ਫੂਕ ਤੇ ਪੱਥਰਬਾਜ਼ੀ ਹੋਣ ਨਾਲ ਇਲਾਕੇ ਵਿਚ ਇਸ ਵੇਲੇ ਤਨਾਅ ਦੀ ਸਥਿਤੀ ਹੈ।
ਘਟਨਾ ਉਦੋਂ ਸ਼ੁਰੂ ਹੋਈ, ਜਦੋਂ ਦੋ ‘ਖਾਸੀ’ ਮੁੰਡਿਆਂ ਵੱਲੋਂ ਸਿੱਖ ਲੜਕੀ ਪ੍ਰਭਜੋਤ ਕੌਰ ਨੂੰ ਛੇੜਿਆ ਗਿਆ। ਇਸ ‘ਤੇ ਪ੍ਰਭਜੋਤ ਦੀਆਂ ਸਾਥਣਾਂ ਰਿੰਕੀ ਕੌਰ, ਸੀਤਾ ਕੌਰ ਅਤੇ ਸਲਮਾ ਪਤਨੀ ਬਿੱਟੂ ਸਿੰਘ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਝਗੜੇ ਵਿਚ ਛੇੜਨ ਵਾਲੇ ਦੋਵੇਂ ਮੁੰਡੇ ਜ਼ਖਮੀ ਹੋ ਗਏ। ਪਰ ਥਾਣੇ ਵਿਚ ਜਾ ਕੇ ਦੋਵਾਂ ਧਿਰਾਂ ਦਰਮਿਆਨ ਸਮਝੌਤਾ ਹੋ ਗਿਆ। ਸਿੱਖ ਭਾਈਚਾਰੇ ਵੱਲੋਂ ਦੋਵਾਂ ਜ਼ਖਮੀਆਂ ਦੇ ਇਲਾਜ ਲਈ 4 ਹਜ਼ਾਰ ਰੁਪਏ ਦਿੱਤੇ ਗਏ।
ਰਾਜ਼ੀਨਾਮਾ ਹੋਣ ਦੇ ਬਾਵਜੂਦ ਵੀ ਕੁੱਝ ਦੇਰ ਬਾਅਦ 300 ਦੇ ਕਰੀਬ ਲੋਕਾਂ ਨੇ ਸਿੱਖਾਂ ਦੇ ਮੁਹੱਲੇ ‘ਤੇ ਹਮਲਾ ਬੋਲ ਦਿੱਤਾ, ਜਿਸ ਵਿਚ ਇਕ ਮਕਾਨ, ਕਾਰ, ਸਕੂਟਰਾਂ ਅਤੇ ਸ਼ੋਅਰੂਮ ਅੱਗ ਦੀ ਭੇਂਟ ਕਰ ਦਿੱਤੇ ਗਏ। ਪੁਲਿਸ ਨੇ ਮੌਕਾ ਸੰਭਾਲਿਆ ਅਤੇ ਕਰਫਿਊ ਲਗਾ ਦਿੱਤਾ। ਪਰ ਕਰਫਿਊ ਦੌਰਾਨ ਹੀ ਦੁਬਾਰਾ ਸਿੱਖਾਂ ‘ਤੇ ਹਮਲਾ ਕਰ ਦਿੱਤਾ ਗਿਆ।
ਵੈਸੇ ਤਾਂ ਇਸ ਇਲਾਕੇ ਵਿਚ ਦੋਵਾਂ ਫਿਰਕਿਆਂ ਦਰਮਿਆਨ ਖਿਚਾਅ ਪਹਿਲਾਂ ਤੋਂ ਹੀ ਚੱਲ ਰਿਹਾ ਸੀ। ਪਰ ਇਸ ਘਟਨਾ ਨੇ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ, ਜਿਸ ਨਾਲ ਕੁੱਝ ਸਮੇਂ ਵਿਚ ਹੀ ਇਹ ਅੱਗ ਦਾ ਰੂਪ ਧਾਰਨ ਕਰ ਗਈ। ਥਾਂ-ਥਾਂ ‘ਤੇ ਪਥਰਾਅ ਅਤੇ ਸਾੜ-ਫੂਕ ਦੀਆਂ ਘਟਨਾਵਾਂ ਹੋਈਆਂ।
     ਪਹਿਲਾਂ ਤਾਂ ਦੁਨੀਆਂ ਭਰ ਵਿਚ ਇਹ ਖ਼ਬਰ ਅੱਗ ਵਾਂਗ ਫੈਲ ਗਈ ਸੀ ਕਿ ਸ਼ਿਲਾਂਗ ਦੇ ਗੁਰਦੁਆਰਾ ਸਾਹਿਬ ‘ਤੇ ਸਥਾਨਕ ਲੋਕਾਂ ਨੇ ਹਮਲਾ ਕਰ ਦਿੱਤਾ ਹੈ ਅਤੇ ਇਥੇ ਸਿੱਖਾਂ ਦੀ ਮਾਰਕੁੱਟ ਵੀ ਹੋਈ ਹੈ। ਪਰ ਸਥਾਨਕ ਸਰਕਾਰਾਂ ਵੱਲੋਂ ਤਫਤੀਸ਼ ਕੀਤੇ ਜਾਣ ਤੋਂ ਬਾਅਦ ਇਹ ਮਹਿਜ਼ ਅਫਵਾਹਾਂ ਹੀ ਸਾਬਤ ਹੋਈਆਂ। ਇਲਾਕੇ ਵਿਚ ਸੁਰੱਖਿਆ ਦਸਤੇ ਭਾਰੀ ਗਿਣਤੀ ਵਿਚ ਤਾਇਨਾਤ ਕਰ ਦਿੱਤੇ ਗਏ ਹਨ, ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਹੋਵੇ ਅਤੇ ਇਸ ਦੇ ਨਾਲ-ਨਾਲ ਕਰਫਿਊ ਵੀ ਲਗਾ ਦਿੱਤਾ ਗਿਆ ਹੈ। ਪਰ ਫਿਰ ਵੀ ਪਥਰਾਅ ਜਾਂ ਸਾੜ-ਫੂਕ ਦੀਆਂ ਛਿੱਟ-ਪੁੱਟ ਘਟਨਾਵਾਂ ਹੋਣਾ ਇਹ ਦਰਸਾਉਂਦਾ ਹੈ ਕਿ ਇਹ ਮਾਮਲਾ ਸਥਾਨਕ ਲੋਕਾਂ ਅਤੇ ਬਾਹਰੋਂ ਆਣ ਕੇ ਵਸੇ ਲੋਕਾਂ ਵਿਚਕਾਰ ਇਕ ਲੜਾਈ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਵਫਦ ਦੀ ਰਿਪੋਰਟ ਅਨੁਸਾਰ ਉਥੇ ਹਾਲੇ ਵੀ ਸਥਿਤੀ ਤਨਾਅਪੂਰਨ ਬਣੀ ਹੋਈ ਹੈ। ਕਰਫਿਊ ਵਿਚ ਢਿੱਲ ਮਿਲਣ ਤੋਂ ਬਾਅਦ ਖਾਸੀ ਫਿਰਕੇ ਦੇ ਲੋਕਾਂ ਨੇ ਮੁੜ ਜਲੂਸ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਗਲੀਆਂ ਵਿਚੋਂ ਆ ਕੇ ਸਿੱਖਾਂ ਦੇ ਘਰਾਂ ‘ਤੇ ਹਮਲੇ ਕੀਤੇ। ਇਸ ਮੌਕੇ ਪੁਲਿਸ ਨੇ ਹਵਾ ਵਿਚ ਗੋਲੀਆਂ ਚਲਾ ਕੇ ਅਤੇ ਅੱਥਰੂ ਗੈਸ ਛੱਡ ਕੇ ਸਿੱਖਾਂ ਨੂੰ ਬਚਾਇਆ। ਲੋਕਾਂ ਵਿਚ ਅਜੇ ਵੀ ਆਪਣੀ ਜਾਨ-ਮਾਲ ਨੂੰ ਲੈ ਕੇ ਸਹਿਮ ਵਾਲਾ ਮਾਹੌਲ ਬਣਿਆ ਹੋਇਆ ਹੈ। ਪਰ ਸਿੱਖ ਪਰਿਵਾਰ ਸਹਿਮ ਦੇ ਬਾਵਜੂਦ ਵੀ ਉਥੇ ਡਟੇ ਹੋਏ ਹਨ।
ਘਟਨਾ ਸਥਾਨ ਦੇ ਨਜ਼ਦੀਕ 350 ਸਿੱਖ ਦਲਿਤ ਪਰਿਵਾਰ ਰਹਿ ਰਹੇ ਹਨ। ਇਹ ਜਗ੍ਹਾ ਵਪਾਰਕ ਤੌਰ ‘ਤੇ ਬਹੁਤ ਮਹਿੰਗੀ ਹੋ ਚੁੱਕੀ ਹੈ। ਜਿਸ ਕਰਕੇ ਖਾਸੀ ਭਾਈਚਾਰੇ ਦੇ ਲੋਕ ਸਿੱਖਾਂ ਦੀ ਚੜ੍ਹਤ ਵੇਖ ਕੇ ਉਨ੍ਹਾਂ ਦੇ ਖਿਲਾਫ ਹੋ ਗਏ ਹਨ ਅਤੇ ਇਹ ਜਗ੍ਹਾ ਖਾਲੀ ਕਰਵਾਉਣਾ ਚਾਹੁੰਦੇ ਹਨ। ਹਾਲਾਂਕਿ ਇਸ ਜਗ੍ਹਾ ਬਾਰੇ ਸਾਰੇ ਕੇਸ ਇਥੋਂ ਦੇ ਸਿੱਖ ਹਾਈਕੋਰਟ ਤੱਕ ਜਿੱਤ ਚੁੱਕੇ ਹਨ। ਪਰ ਸਥਾਨਕ ਸਰਕਾਰ ਅਜੇ ਵੀ ‘ਪਟਾਨਾਮਾ’ ਸਿੱਖਾਂ ਦੇ ਨਾਂ ਕਰਨ ਨੂੰ ਤਿਆਰ ਨਹੀਂ।
ਪੰਜਾਬ ਸਰਕਾਰ ਵੱਲੋਂ ਵੀ ਆਪਣਾ ਇਕ ਵਫਦ ਸ਼ਿਲਾਂਗ ਭੇਜਿਆ ਗਿਆ ਹੈ। ਇਸ ਵਫਦ ਨੇ ਮੇਘਾਲਿਆ ਸਰਕਾਰ ਦੁਆਰਾ ਸਥਿਤੀ ਨਾਲ ਨਜਿੱਠਣ ਦੇ ਢੰਗ ‘ਤੇ ਤਸੱਲੀ ਪ੍ਰਗਟਾਈ ਹੈ ਅਤੇ ਮੁੱਖ ਮੰਤਰੀ ਕੋਨਾਰਡ ਸੰਗਮਾ ਨਾਲ ਮੀਟਿੰਗ ਕਰਕੇ ਸਿੱਖਾਂ ਦੀ ਜਾਨ, ਮਾਲ ਦੀ ਰੱਖਿਆ ਕਰਨ ਦੀ ਅਪੀਲ ਕੀਤੀ ਹੈ।
ਮੇਘਾਲਿਆ ਦੇ ਮੁੱਖ ਮੰਤਰੀ ਸੰਗਮਾ ਨੇ ਕਿਹਾ ਕਿ ਇਹ ਝੜਪਾਂ ਫਿਰਕੂ ਨਹੀਂ ਸਨ ਅਤੇ ਪੱਥਰਬਾਜ਼ਾਂ ਨੂੰ ਸ਼ਰਾਬ ਅਤੇ ਪੈਸੇ ਦੇ ਕੇ ਤਨਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਅਪੀਲ ਕੀਤੀ ਕਿ ਅਫਵਾਹਾਂ ਫੈਲਾਉਣ ਵਾਲਿਆਂ ਤੋਂ ਬਚ ਕੇ ਰਹੋ।
ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ ਜਾਣਕਾਰੀ ਦਿੱਤੀ ਹੈ ਕਿ ਸ਼ਿਲਾਂਗ ‘ਚ ਹਿੰਸਾ ਦੌਰਾਨ ਕਿਸੇ ਵੀ ਗੁਰਦੁਆਰੇ ਜਾਂ ਸਿੱਖਾਂ ਦੇ ਕਿਸੇ ਹੋਰ ਅਦਾਰੇ ਨੂੰ ਨੁਕਸਾਨ ਨਹੀਂ ਪਹੁੰਚਿਆ।
ਮੇਘਾਲਿਆ ਭਾਰਤ ਦੇ ਉੱਤਰ-ਪੂਰਬ ਇਲਾਕੇ ਵਿਚ ਸਥਿਤ ਹੈ, ਜਿਹੜਾ ਕਿ ਬੰਗਲਾਦੇਸ਼ ਦੇ ਦੱਖਣ ਵੱਲ ਅਤੇ ਭਾਰਤ ਦੇ ਆਸਾਮ ਪ੍ਰਾਂਤ ਦੇ ਪੂਰਬ ਵੱਲ ਵਸਿਆ ਹੋਇਆ ਹੈ। ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਹੈ। ਭਾਰਤ ‘ਚ ਬ੍ਰਿਟਿਸ਼ ਰਾਜ ਵੇਲੇ ਉਸ ਵਕਤ ਦੇ ਅਧਿਕਾਰੀਆਂ ਵੱਲੋਂ ਇਸ ਨੂੰ ਪੂਰਬ ਦਾ ਸਕਾਟਲੈਂਡ ਕਿਹਾ ਜਾਂਦਾ ਸੀ। ਬ੍ਰਿਟਿਸ਼ ਸਰਕਾਰ ਵੱਲੋਂ ਦਲਿਤ ਸ਼੍ਰੇਣੀ ਨਾਲ ਸੰਬੰਧਤ ਸਿੱਖਾਂ ਨੂੰ ਸ਼ਿਲਾਂਗ ਇਲਾਕੇ ਵਿਚ ਲਿਜਾਇਆ ਗਿਆ ਸੀ। ਇਸ ਦੇ ਨਾਲ-ਨਾਲ ਦਲਿਤ ਸਫਾਈ ਸੇਵਕਾਂ ਨੂੰ ਵੀ ਬ੍ਰਿਟਿਸ਼ ਹਾਕਮਾਂ ਨੇ ਪੰਜਾਬ ਤੋਂ ਲਿਆ ਕੇ ਸ਼ਿਲਾਂਗ ਵਿਚ ਵਸਾਇਆ ਸੀ। 1947 ਦੀ ਵੰਡ ਤੋਂ ਬਾਅਦ ਪੋਠੋਹਾਰ (ਪਾਕਿਸਤਾਨ) ਇਲਾਕੇ ਤੋਂ ਕਈ ਪਰਿਵਾਰ ਹਿਜਰਤ ਕਰਕੇ ਆਪਣੇ ਸਕੇ-ਸੰਬੰਧੀਆਂ ਕੋਲ ਸ਼ਿਲਾਂਗ ਆਣ ਵਸੇ ਸਨ ਅਤੇ ਇਥੇ ਆਣ ਕੇ ਉਹ ਸਫਲ ਕਾਰੋਬਾਰੀ ਬਣੇ, ਜੋ ਕਿ ਸਥਾਨਕ ਲੋਕਾਂ ਲਈ ਨਾ ਸਹਿਣਯੋਗ ਸੀ।
ਸ਼ਿਲਾਂਗ ਇਕ ਟੂਰਿਸਟ ਸਥਾਨ ਹੈ। 2017 ‘ਚ ਬਾਹਰੋਂ ਆਉਣ ਵਾਲੇ ਯਾਤਰੀਆਂ ਦੀ ਗਿਣਤੀ 10 ਲੱਖ ਤੋਂ ਉਪਰ ਪਹੁੰਚ ਗਈ ਸੀ। ਪਰ ਸ਼ਿਲਾਂਗ ਦੀ ਤਾਜ਼ਾ ਹਿੰਸਾ ਤੋਂ ਬਾਅਦ ਹੁਣ ਇਹ ਗਿਣਤੀ ਕਾਫੀ ਘੱਟ ਗਈ ਹੈ। ਲੋਕ ਹੋਟਲਾਂ ਵਿਚ ਅਗਾਊਂ ਕਰਾਈ ਹੋਈ ਬੁਕਿੰਗ ਰੱਦ ਕਰਵਾ ਰਹੇ ਹਨ। ਇਸ ਤੋਂ ਪਹਿਲਾਂ ਵੀ ਸ਼ਿਲਾਂਗ ਤੋਂ ਬੰਗਾਲੀ ਲੋਕਾਂ ਨੂੰ ਕੱਢਣ ਦਾ ਰੁਝਾਨ ਹੋ ਚੁੱਕਾ ਹੈ।
ਜੂਨ ਦਾ ਮਹੀਨਾ ਸਿੱਖਾਂ ਲਈ ਪਹਿਲਾਂ ਹੀ ਭਾਰੀ ਗਿਣਿਆ ਜਾਂਦਾ ਹੈ। ਜੂਨ 1984 ਦੇ ਹੋਏ ਸਾਕੇ ਅਤੇ ਨਵੰਬਰ ਮਹੀਨੇ ਦਿੱਲੀ ਸਮੇਤ ਹੋਰਨਾਂ ਥਾਵਾਂ ‘ਤੇ ਹੋਈ ਸਿੱਖ ਨਸਲਕੁਸ਼ੀ ਤੋਂ ਇਹ ਕੌਮ ਪਹਿਲਾਂ ਤੋਂ ਹੀ ਜੂਝ ਰਹੀ ਹੈ। ਉਸ ਤੋਂ ਉਪਰੰਤ ਬਿਦਰ ਅਤੇ ਪੀਲੀਭੀਤ ਵਿਚ ਵੀ ਕੁੱਝ ਸਿੱਖਾਂ ਨੂੰ ਨਾਜਾਇਜ਼ ਤੌਰ ‘ਤੇ ਜਾਨ ਗੁਆਉਣੀ ਪਈ ਸੀ। ਅਜਿਹੀਆਂ ਹੀ ਹੋਰ ਘਟਨਾਵਾਂ ਭਾਰਤ ਦੇ ਕੁਝ ਹੋਰ ਇਲਾਕਿਆਂ ਵਿਚ ਵੀ ਵਾਪਰੀਆਂ ਹਨ।
ਅੱਜ ਜਦੋਂ ਸਿੱਖ ਜੂਨ 1984 ‘ਚ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋਏ ਹਮਲੇ ਦੀ ਵਰ੍ਹੇਗੰਢ ਮਨਾ ਰਿਹਾ ਹੈ, ਉਸ ਵਕਤ ਸਿੱਖਾਂ ਨਾਲ ਅਜਿਹੀ ਘਟਨਾ ਵਾਪਰਨਾ ਹੋਰ ਵੀ ਦੁਖਦਾਈ ਲੱਗਦਾ ਹੈ। ਅਜਿਹੀਆਂ ਘਟਨਾਵਾਂ ਨਾਲ ਸਿੱਖਾਂ ਦੇ ਜ਼ਖਮ ਤਾਜ਼ੇ ਹੁੰਦੇ ਹਨ। ਸਿੱਖ ਕੌਮ ਤਾਂ ਪਿਛਲੇ ਕਾਲੇ ਦਿਨ ਹੀ ਹਾਲੇ ਨਹੀਂ ਭੁੱਲੀ। ਅਜਿਹੀਆਂ ਘਟਨਾਵਾਂ ਨਾਲ ਵਿਸ਼ਵ ਭਰ ਵਿਚ ਰਹਿੰਦੇ ਸਿੱਖਾਂ ਦੇ ਹਿਰਦੇ ਵਲੂੰਧਰੇ ਜਾਂਦੇ ਹਨ।
ਅਜੋਕੇ ਸਮੇਂ ਵਿਚ ਸਿੱਖ ਵਿਸ਼ਵ ਭਰ ਵਿਚ ਫੈਲੇ ਹੋਏ ਹਨ। ਇਹ ਜਿੱਥੇ ਵੀ ਗਏ, ਉਥੇ ਇਨ੍ਹਾਂ ਆਪਣੀ ਮਿਹਨਤ, ਮੁਸ਼ੱਕਤ, ਲਗਨ ਅਤੇ ਦਿਮਾਗ ਨਾਲ ਕਾਮਯਾਬੀ ਦੇ ਝੰਡੇ ਗੱਡੇ ਹਨ। ਕਈ ਵਾਰ ਸਥਾਨਕ ਲੋਕਾਂ ਕੋਲੋਂ ਇਨ੍ਹਾਂ ਦੀ ਕਾਮਯਾਬੀ ਸਹਿਣ ਨਹੀਂ ਹੁੰਦੀ, ਜਿਸ ਕਰਕੇ ਕਿਤੇ ਨਾ ਕਿਤੇ ਤਲਖਬਾਜ਼ੀ ਹੋ ਜਾਂਦੀ ਹੈ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪ੍ਰਾਂਤਕ ਸਰਕਾਰਾਂ ਨਾਲ ਪੂਰਾ ਤਾਲਮੇਲ ਬਣਾ ਕੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੀ ਸੁਰੱਖਿਆ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਵੇ ਅਤੇ ਭਵਿੱਖ ਵਿਚ ਵੀ ਉਨ੍ਹਾਂ ਨੂੰ ਆਉਂਦੀਆਂ ਮੁਸ਼ਕਿਲਾਂ ਨੂੰ ਹਮਦਰਦੀ ਨਾਲ ਵਿਚਾਰ ਕੇ ਕੋਈ ਸਥਾਈ ਹੱਲ ਕੱਢੇ, ਤਾਂ ਜੋ ਮੁੜ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.