ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਗੁਰਾਯਾ (ਜਰਮਨੀ )
ਮੀਡੀਏ 'ਚ ਨਾਮ ਤੇ ਫੋਟੋ ਦੇਣ ਦੇ ਸ਼ੌਕੀਨਾਂ ਨੇ ਸ਼ਲਾਘਾ ਤੇ ਨਿਖੇਧੀ ਦਾ ਲਿਆ ਆਸਰਾ
ਮੀਡੀਏ 'ਚ ਨਾਮ ਤੇ ਫੋਟੋ ਦੇਣ ਦੇ ਸ਼ੌਕੀਨਾਂ ਨੇ ਸ਼ਲਾਘਾ ਤੇ ਨਿਖੇਧੀ ਦਾ ਲਿਆ ਆਸਰਾ
Page Visitors: 2830

 

ਮੀਡੀਏ ' ਨਾਮ ਤੇ ਫੋਟੋ ਦੇਣ ਦੇ ਸ਼ੌਕੀਨਾਂ ਨੇ ਸ਼ਲਾਘਾ ਤੇ ਨਿਖੇਧੀ ਦਾ ਲਿਆ ਆਸਰਾ  
ਅੱਜ ਆਮ ਹੀ ਰੋਜ਼ਾਨਾ ਅਖਬਾਰਾਂ ਵਿੱਚ ਕਿਸੇ ਦੀ ਸ਼ਲਾਘਾ ਜਾਂ ਕਿਸੇ ਦੀ ਨਿਖੇਧੀ ਦੇ ਬਿਆਨ ਪੜ੍ਹਨ ਨੂੰ ਮਿਲ ਜਾਦੇ ਹਨ। ਈਮਾਨਦਾਰੀ ਤੇ ਸ਼ੁੱਧ ਭਾਵਨਾ ਨਾਲ ਕੀਤੇ ਚੰਗੇ ਕੰਮਾਂ ਦੀ ਸ਼ਲਾਘਾ ਤੇ ਮਾੜੇ ਕੰਮਾਂ ਦੀ ਨਿਖੇਧੀ ਕਰਨੀ ਮਾੜੀ ਗੱਲ ਨਹੀ ਪਰ ਕਿਸੇ ਦੀ ਸ਼ਲਾਘਾ ਕਰਨ ਵਕਤ ਉਸ ਦੇ ਕੰਮਾਂ ਦੀ ਪੜਚੋਲ ਤੇ ਹੁਣ ਲਏ ਕਿਸੇ ਚੰਗੇ ਫੈਸਲੇ ਪਿੱਛੇ ਮਕਸਦ, ਭਾਵਨਾ ਜਾਂ ਫਿਰ ਮਜ਼ਬੂਰੀ ਨੂੰ ਜਾਣਨਾ ਵੀ ਬਹੁਤ ਜਰੂਰੀ ਬਣ ਜਾਦਾ ਹੈ। ਪਰ ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਦੀ ਦੌੜ ਸੱਤਾ ਦੀ ਕੁਰਸੀ ਪ੍ਰਾਪਤ ਕਰਨ ਵਾਲੀ ਤਸੀਰ ਇੱਕ ਹੀ ਹੈ। ਇਹ ਗਿਣਤੀ ਦੇ ਰਾਜਸੀ ਲੀਡਰ ਕਰੋੜਾਂ ਲੋਕਾਂ ਨੂੰ ਬਾਰ ਬਾਰ ਮੂਰਖ ਬਣਾਉਂਦੇ ਆ ਰਹੇ ਹਨ ਤੇ ਆਮ ਲੋਕ ਇਹਨਾਂ ਤੋਂ ਬਾਰ ਬਾਰ ਮੂਰਖ ਬਣਦੇ ਆ ਰਹੇ ਹਨ। ਇਸੇ ਕਰਕੇ ਕਿਸੇ ਅਮਰੀਕਨ ਵਿਦਵਾਨ ਨੇ ਠੀਕ ਹੀ ਕਿਹਾ ਹੈ ਕਿ ਇਕ ਵਾਰੀ ਤਹਾਨੂੰ ਕਿਸੇ ਨੇ ਮੂਰਖ ਬਣਾਇਆ, ਗਲਤੀ ਉਹਨਾˆ ਦੀ ਸੀ।
ਪਰ ਦੂਜੀ ਵਾਰੀ ਜਦ ਮੂਰਖ ਬਣਾਇਆ ਤਾਂ ਤੁਸੀਂ ਮੂਰਖ ਬਣੇ, ਗਲਤੀ ਤੁਹਾਡੀ ਹੈ। ਤਾਂ ਹੀ ਅਸੀਂ ਅੱਜ ਅਖਬਾਰਾਂ ਵਿੱਚ ਕਿਸੇ ਵੀ ਲੀਡਰ ਜਾਂ ਧਾਰਮਿਕ ਆਗੂਆਂ ਦੇ ਪਿਛਲੇ ਕੀਤੇ ਕੰਮਾਂ ਦਾ ਲੇਖਾ ਜੋਖਾ ਕੀਤੇ ਬਗੈਰ ਹੀ ਸ਼ਲਾਘਾ ਜਾਂ ਨਿਖੇਧੀ ਦੇ ਬਿਆਨ ਜਾਰੀ ਕਰਨ ਨੂੰ ਤਕੀਆ ਕਲਾਮ ਹੀ ਬਣਾ ਲਿਆ ਹੈ। ਜਦਕਿ ਚਾਹੀਦਾ ਇਹ ਹੈ ਕਿ ਕਿਸੇ ਰਾਜਸੀ ਲੀਡਰ ਜਾਂ ਧਾਰਮਿਕ ਆਗੂ ਦੀ ਸ਼ਲਾਘਾ ਕਰਦੇ ਸਮੇਂ ਉਸ ਦੇ ਪਿਛੋਕੜ ਵਿੱਚ ਉਸ ਵੱਲੋਂ ਕੀਤੇ ਕੰਮਾਂ ਨੂੰ ਮਾਪ ਤੋਲ ਕੇ ਫਿਰ ਹੁਣ ਉਸ ਵੱਲੋਂ ਲਿਆ ਫੈਸਲਾ ਜਾ ਕੀਤਾ ਕੰਮ ਉਸ ਦੇ ਬਾਰਬਾਰ ਜਾਂ ਉਹਨਾਂ ਸਾਰੇ ਕੰਮਾਂ ਤੋਂ ਵੱਧ ਚੰਗਾ ਹੈ ਤਾਂ ਉਸ ਦੀ ਸ਼ਲਾਘਾ ਕਰਨੀ ਬਣਦੀ ਹੈ। ਕਾਂਗਰਸ, ਭਾਜਪਾ ਜਾਂ ਬਾਦਲ ਅਕਾਲੀ ਦਲ ਦੇ ਲੀਡਰਾਂ ਦੇ ਕਿਸੇ ਇਕ ਅੱਧ ਦਿੱਤੇ ਚੰਗੇ ਬਿਆਨ ਦੀ ਸ਼ਲਾਘਾ ਕਰਨ ਵਾਲੇ ਸਿੱਖ ਲੀਡਰਾਂ ਨੂੰ ਸ਼ਲਾਘਾ ਕਰਨ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਜੂਨ 84 ਵਿੱਚ ਵਰਤਾਏ ਤੀਜੇ ਖੂਨੀ ਘਲੂਘਾਰੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਅਗਨ ਭੇਟ, ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਖਿਲਵਾੜ, ਨਵੰਬਰ 84 ਵਿੱਚ ਸਿੱਖ ਕਤਲੇਆਮ ਤੇ ਪੰਜਾਬ ਅੰਦਰ ਕੋਹ ਕੋਹ ਕੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰਨ ਵਰਗੇ ਬੱਜਰ ਗੁਨਾਹਾਂ ਨੂੰ ਧਿਆਨ ਵਿੱਚ ਰੱਖ ਲੈਣਾ ਚਾਹੀਦਾ ਹੈ । ਸਿੱਖ ਕੌਮ ਦੇ ਹੱਕਾਂ ਹਿੱਤਾਂ ਲਈ ਹੋਂਦ ਵਿੱਚ ਆਏ ਸ਼ਰੋਮਣੀ ਅਕਾਲੀ ਦਲ ਦਾ ਇਤਿਹਾਸ ਕੌਮ ਲਈ ਕੁਰਬਾਨੀਆਂ ਭਰਿਆਂ ਹੈ।
ਪਰ ਅੱਜ ਇਸਦੀ ਵਾਗਡੋਰ ਕੌਮ ਪ੍ਰਸਤਾਂ ਦੇ ਬਜਾਏ ਪਰਿਵਾਰ ਤੇ ਕੁਰਸੀ ਪ੍ਰਸਤ ਸਰਮਾਏਦਾਰ ਕਾਂਗਰਸੀ ਤੇ ਭਾਜਪਈ ਬਿਰਤੀ ਵਾਲੇ ਲੋਕਾਂ ਦੇ ਹੱਥ ਵਿੱਚ ਹੈ ਜੋ ਕਿ ਹਿੰਦੋਸਤਾਨ ਦੇ ਹਿੰਦੂਤਵੀ ਲੋਕਾਂ ਨੂੰ ਬਹੁਤ ਰਾਸ ਆ ਰਿਹੀ ਹੈ। ਕਿਉਂਕਿ ਜਦੋਂ ਸਿੱਖ ਦੂਸਰਿਆਂ ਤੋਂ ਇਨਸਾਫ ਜਾਂ ਧੱਕਿਆਂ ਦੀ ਗੱਲ ਕਰਦਾ ਹੈ ਤਾਂ ਫਿਰ ਆਪਣਿਆਂ ਵੱਲੋ ਵੀ ਕੌਮ ਨਾਲ ਕੀਤੇ ਵਿਸਾਹਘਾਤ ਧੱਕਿਆਂ ਤੇ ਕੌਮ ਨੂੰ ਨਿਘਾਰ ਵੱਲ ਲੈ ਜਾਣ ਵਾਲੇ ਕਾਰਨਾਂ ਨੂੰ ਅੱਖੋ ਪਰੋਖੇ ਨਹੀਂ ਕਰਨਾ ਚਾਹੀਦਾ। ਬ੍ਰਾਹਮਣਵਾਦੀ ਕੱਟੜ ਫਿਰਕੂ ਸੋਚ ਦੀ ਧਾਰਨੀ ਭਾਜਪਾ ਜਿਸ ਨਾਲ ਸ਼ਰੋਮਣੀ ਅਕਾਲੀ ਦਲ(ਬਾਦਲ) ਦਾ ਪਤੀ ਪਤਨੀ ਵਾਲਾ ਰਿਸ਼ਤਾ ਹੈ,
 
ਇਸ ਨੂੰ ਵੀ ਅੱਖੋ ਪਰੋਖੇ ਨਹੀਂ ਕਰਨਾ ਚਾਹੀਦਾ। ਅੱਜ ਨਿੱਜ ਸਵਾਰਥ ਤੇ ਚੌਧਰ ਦੀ ਭੁੱਖ ਕਾਰਨ ਸਾਡੇ ਹਿਰਦਿਆਂ ਵਿੱਚੋ ਗੁਰੂ ਨਾਨਕ ਵਾਲਾ ਸੱਚ ਸਿਧਾਂਤ ਅਲੋਪ ਹੋ ਗਿਆ ਹੈ ।ਪੰਜਾਬ ਦੇ ਹਾਲਾਤਾਂ ਦੇ ਜਿੰਨੇ ਸਿੱਖੀ ਦੇ ਦੁਸ਼ਮਨ ਕਸੂਰਵਾਰ ਹਨ ਉਨੇ ਹੀ ਸਿੱਖੀ ਭੇਸ ਵਿਚਲੇ ਕੌਮ ਘਾਤਕ ਜ਼ਮੀਰ ਵੇਚੂ ਲੀਡਰ ਵੀ ਬਰਾਬਰ ਦੇ ਜਿੰਮੇਵਾਰ ਹਨ ਕਿਉਕਿ ਇਹਨਾਂ ਵੱਲੋਂ ਹੀ ਅਨੰਦਪੁਰ ਦੇ ਮਤੇ ਦੀ ਪ੍ਰਾਪਤੀ ਲਈ ਲਾਏ ਮੋਰਚੇ ਨੂੰ ਸਿੱਖ ਕੌਮ ਦੇ ਨੌਜਵਾਨਾਂ ਨੇ ਆਪਣਾਇਆ ਸੀ। ਇਸ ਬਾਦਲ ਦੀ ਸਰਕਾਰ ਵੇਲੇ 1978 ਵਿੱਚ ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਨਰਕਧਾਰੀ ਗੁਰੂ ਨਿੰਦਕ ਗੁਰਬਚਨੇ ਦੀ ਫੌਜ ਨੇ 13 ਸਿੰਘਾਂ ਨੂੰ ਸ਼ਹੀਦ ਤੇ 70 ਸਿੰਘਾਂ ਨੂੰ ਫੱਟੜ ਕੀਤਾ ਸੀ ਤੇ ਗੁਰਬਚਨੇ ਨੂੰ ਪੰਜਾਬ ਤੋਂ ਬਾਹਰ ਕੱਢਣ ਦਾ ਕੰਮ ਵੀ ਬਾਦਲ ਸਰਕਾਰ ਨੇ ਕੀਤਾ ਤੇ ਕਿਸੇ ਨੂੰ ਸਜ਼ਾ ਵੀ ਨਹੀਂ ਹੋਈ । ਸਗੋਂ ਅਕਾਲ ਤਖਤ ਸਾਹਿਬ ਤੋਂ ਨਰਕਧਾਰੀਆਂ ਦੇ ਖਿਲਾਫ ਜਾਰੀ ਹੋਏ ਹੁਕਮਨਾਮੇ ਤੇ ਫੁੱਲ ਚੜਾਉਣ ਵਾਲੇ ਗੁਰਸਿੱਖਾਂ ਤੇ ਸਖਤੀ ਵਰਤਣ ਲਈ ਪ੍ਰਕਾਸ਼ ਸਿੰਘ ਬਾਦਲ ਦਾ 25 ਅਗਸਤ 1978 ਨੂੰ ਦਿੱਤਾ ਬਿਆਨ ਪੜ ਲੈਣਾ ਚਾਹੀਦਾ ਹੈ।
ਉਸ ਤੋਂ ਬਾਅਦ ਇਹਨਾਂ ਦੇ ਰੋਲ ਦੇ ਪਿਛੋਕੜ ਵਿੱਚ ਨਾ ਵੀ ਜਾਈਏ ਹੁਣ ਦੀ ਗੱਲ ਹੀ ਕਰ ਲਈਏ ਕਿ ਸਿਰਸੇ ਵਾਲੇ ਸਾਧ ਦਾ ਮਸਲੇ ਵਿੱਚ ਕਿਸ ਤਰ੍ਹਾਂ ਉਸ ਬਲਾਤਕਾਰੀ ਸਾਧ ਨੇ ਗੁਰੂ ਸਾਹਿਬਾਂ ਦੀ ਨਕਲ ਕਰਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਭੜਕਾਇਆ। ਪੰਜਾਬ ਦਾ ਮੁੱਖ ਮੰਤਰੀ ਬਾਦਲ ਹੀ ਸੀ ਜਦੋਂ ਪੂਰੀ ਕੌਮ ਸੜਕਾਂ ਤੇ ਆ ਗਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾਂ ਵੀ ਜਾਰੀ ਹੋਇਆ, ਤਿੰਨ ਸਿੰਘ ਵੀ ਸ਼ਹੀਦ ਹੋ ਗਏ ਤੇ ਹੁਕਮਨਾਮੇ ਤੇ ਪਹਿਰਾ ਦੇਣ ਵਾਲੇ ਸਿੰਘਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਤੇ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਕੀਤਾ ਗਿਆ ਤੇ ਸੌਦਾ ਸਾਧ ਫਿਰ ਜਿਉਂ ਦਾ ਤਿਉਂ । ਸਿੱਖ ਕੌਮ ਦੇ ਰਾਜਨੀਤਿਕ ਆਗੂ ,ਹੁਕਮਨਾਮੇ ਜਾਰੀ ਕਰਨ ਵਾਲੇ ਜਥੇਦਾਰ ਤੇ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਭੁੱਲ ਭੁਲਾ ਗਿਆ।
ਦੂਜੀ ਘਟਨਾ ਲੁਧਿਆਣਾ  ਵਿੱਚ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਭੜਕਾਉਣ ਲਈ ਬਾਦਲ ਸਾਹਿਬ ਦੀ ਧਰਮ ਪਤਨੀ ਬੀਬੀ ਸੁਰਿੰਦਰ ਕੌਰ ਦੇ ਮਾਹਰਾਜ ਆਸ਼ੂਤੋਸ਼ ਨੇ ਨਾਮ ਚਰਚਾ ਲਈ ਵੱਡਾ ਸਮਾਗਮ ਰਚਾਇਆ ਗਿਆ। ਸਿੱਖ ਕੌਮ ਸਮੇਤ ਸੰਤ ਬਾਬੇ ਉਸ ਨੂੰ ਰੋਕਣ ਲਈ ਮੈਦਾਨ ਵਿੱਚ ਆਏ । ਗੋਲੀ ਚਲੀ, ਇੱਕ ਸਿੰਘ ਸ਼ਹੀਦ ਹੋ ਗਿਆ ਤੇ ਪੰਜ ਸੱਤ ਫੱਟੜ ਹੋ ਗਏ ਜਿਨ੍ਹਾਂ ਵਿੱਚੋਂ ਬਾਅਦ ਵਿੱਚ ਖਾੜਕੂ ਕਹਿ ਕੇ ਝੂਠੇ ਕੇਸ ਪਾਕੇ ਸਰਕਾਰ ਨੇ ਜੇਲ੍ਹੀ ਡੱਕ ਦਿੱਤੇ । ਪੰਜਾਬ ਅੰਦਰ ਕੀ ਵਿਦੇਸ਼ਾਂ ਵਿੱਚ ਸਿੰਘ ਪੂਰੇ ਜੋਸ਼ ਨਾਲ ਸਰਗਰਮ ਹੋਏ ਸਟੇਜਾਂ ਤੇ ਜਜ਼ਬਾਤੀ ਭਾਸ਼ਨ ਹੋਏ, ਪੰਥਕ ਏਕਤਾ ਦੀਆਂ ਗਰਮ ਗੱਲਾਂ ਹੋਈਆਂ ਪਰ ਕੁਝ ਦਿਨ ਬਾਅਦ ਕੌਮ ਫਿਰ ਭੁਲ ਭੁਲਾਕੇ ਆਪਣੇ ਕੰਮੀਕਾਰੀਂ ਲੱਗ ਗਈ ।
ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰਨ ਵਾਲੇ ਬੇਅੰਤੇ ਦੀ ਟੀਮ ਦੇ ਮੋਹਰੀ ਇਜ਼ਾਹਰ ਆਲਮ ਦੀ ਪਤਨੀ ਨੂੰ ਬਾਦਲ ਨੇ ਵਿਧਾਨ ਸਭਾ ਦੀ ਟਿਕਟ ਤੇ ਵਿਧਾਨ ਸਭਾ ਦਾ ਮੈਬਰ ਤੇ ਸੰਸਦੀ ਸਕੱਤਰ ਦੇ ਅਹੁਦੇ ਨਾਲ ਨਿਵਾਜ਼ਿਆ । ਸੁਮੇਧ ਸੈਣੀ ਨੂੰ ਪੰਜਾਬ ਦਾ ਡੀ.ਜੀ.ਪੀ. ਬਣਾਉਣ ਨੂੰ ਸਿੱਖ ਕੌਮ ਦੇ ਵੱਡੇ ਹਿੱਸੇ ਨੇ ਉਸ ਦੇ ਸਿੱਖਾਂ ਉਪਰ ਕੀਤੇ ਜ਼ੁਲਮਾਂ ਨੂੰ ਵਿਸਾਰ ਦਿੱਤਾ ਹੈ । ਭਾਈ ਬਲਵੰਤ ਸਿੰਘ ਰਾਜੋਆਣਾ ਨੇ ਕਿਸੇ ਵੀ ਤਰ੍ਹਾਂ ਦੀ ਰਹਿਮ ਜਾਂ ਇਸ ਅਨਿਆਂ ਭਰੇ ਕਾਨੂੰਨ ਤਹਿਤ ਕੇਸ ਨਹੀ ਲੜਿਆ ਤੇ ਉਸ ਨੂੰ ਫਾਸੀ ਦੀ ਸਜ਼ਾ ਹੋਈ । 31 ਮਾਰਚ ਦਾ ਦਿਨ ਮਿਥਿਆ ਗਿਆ ਪੂਰੀ ਕੌਮ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਬੋਲਾਂ ਤੇ ਸੜਕਾਂ ਤੇ ਆ ਗਈ ਤੇ ਉਸ ਦੀ ਦ੍ਰਿੜਤਾ ਨੂੰ ਪ੍ਰਣਾਮ ਕਰਦੀ ਹੋਈ ਨੇ ਬਿਨ੍ਹਾਂ ਰਹਿਮ ਦੀ ਅਪੀਲ ਲਈ ਪੰਜਾਬ ਦੇ ਸੂਬੇਦਾਰ ਬਾਦਲ ਤੇ ਧਾਰਮਿਕ ਆਗੂਆਂ ਨੂੰ ਵੀ ਮਜ਼ਬੂਰ ਕਰ ਦਿੱਤਾ ਤੇ ਲੋਕਾਂ ਦੇ ਰੋਹ ਅੱਗੇ ਧਾਰਮਿਕ ਤੇ ਰਾਜਸੀ ਆਗੂਆਂ ਨੇ ਵੀ ਸ਼ਾਂਤੀ ਦੇ ਬਹਾਨੇ ਫਾਂਸੀ ਦੀ ਸਜ਼ਾ ਕੁਝ ਸਮੇਂ ਲਈ ਰੁਕਵਾ ਲਈ ਤੇ ਸਿੱਖ ਸੰਗਤਾਂ ਦੇ ਆਏ ਇਸ ਰੋਹ ਤੇ ਜ਼ਜ਼ਬਾਤਾਂ ਨੂੰ ਠੰਡਾਂ ਕਰਨ ਲਈ ਪਹਿਲਾਂ ਦੀ ਤਰ੍ਹਾਂ ਉਹ ਹੀ ਤਰੀਕਾ ਫਿਰ ਅਪਨਾਇਆ ਗਿਆ । ਭਾਈ ਬਲਵੰਤ ਸਿੰਘ ਰਾਜੋਆਣਾ ਦੇ ਜਜ਼ਬਾਤਾਂ ਦੀ ਕਦਰ ਕਰਨ ਦੀ ਬਜਾਏ ਉਸ ਨੂੰ ਪੂਰੀ ਤਰ੍ਹਾਂ ਕੈਸ਼ ਕਰਾਇਆ । ਗੁਰਦਾਸਪੁਰ ਵਿੱਚ ਸ਼ਾਂਤਮਈ ਰੋਸ ਕਰ ਰਹੇ ਸਿੰਘਾਂ ਤੇ ਗਿਣੀਮਿੱਥੀ ਸਾਜ਼ਿਸ਼ ਤਹਿਤ ਪੁਲਿਸ ਕੋਲੋਂ ਗੋਲੀ ਚਲਵਾ ਕੇ ਇੱਕ ਸਿੰਘ ਸ਼ਹੀਦ ਤੇ ਇੱਕ ਫੱਟੜ ਕਰਾਇਆ ਗਿਆ ਤੇ ਫਿਰ ਉਹ ਹੀ ਆਪਣੇ ਹੱਥ ਠੋਕੇ ਜਥੇਦਾਰ, ਹਰਨਾਮ ਸਿੰਘ ਧੁੰਮੇ ਵਰਗੇ ਸ਼ਹੀਦ ਭਾਈ ਜਸਪਾਲ ਸਿੰਘ ਦੇ ਘਰ ਭੇਜੇ ਗਏ ਉਹਨਾਂ ਨੇ ਉਹ ਹੀ ਰੋਲ ਅਦਾ ਕੀਤਾ ਜੋ ਪਹਿਲਾਂ ਸਿਰਸੇ ਵਾਲੇ ਸਾਧ ਤੇ ਲੁਧਿਆਣਾ ਗੋਲੀ ਕਾਂਡ ਸਮੇਂ ਕੀਤਾ । ਜੋ ਪੁਲਿਸ ਵਾਲਿਆਂ ਨੂੰ ਮੁਲਤਵੀ ਕਰਨ ਦੀ ਵਿਚੋਲਗੀ ਕੀਤੀ ਉਹ ਵੀ ਸੰਗਤਾਂ ਵੱਲੋਂ ਸਟੈਂਡ ਲੈਣ ਕਰਕੇ ਹੋਇਆ ਨਾ ਕਿ ਜਥੇਦਾਰਾਂ ਨੇ ਖੁਦ ਸਟੈਂਡ ਲਿਆ । ਜਥੇਦਾਰ ਨਾਲ ਜੋ ਸੁਖਬੀਰ ਬਾਦਲ ਨੇ ਟੈਲੀਫੋਨ ਤੇ ਗਾਲਾਂ ਕੱਢਕੇ ਜੋ ਕੁਤੇਖਾਣੀ ਕੀਤੀ ਜੇਕਰ ਥੌੜੀ ਵੀ ਅਣਖ ਹੁੰਦੀ ਉਸੇ ਦਿਨ ਜਥੇਦਾਰੀ ਤੋਂ ਅਸਤੀਫਾ ਦੇ ਜਾਂਦਾ ।  ਪਰ ਗੁਲਾਮਾਂ ਤੇ ਨੌਕਰਾਂ ਦੀ ਕਾਹਦੀ ਜਿੰਦਗੀ
 ਅੱਜ ਹਾਈ ਕੋਰਟ ਦੇ ਫੈਸਲੇ ਅਨੁਸਾਰ ਪੁਲਿਸ ਨੂੰ ਦੋਸ਼ੀ ਗਰਦਾਨਿਆ ਗਿਆ ਤੇ ਪੁਲਿਸ ਨੂੰ ਬਚਾਉਣ ਲਈ ਸ਼ਹੀਦ ਭਾਈ ਜਸਪਾਲ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰਾਂ ਤੇ ਝੂਠੇ ਕੇਸਾਂ ਵਿੱਚ ਗ੍ਰਿਫਤਾਰ ਕਰਕੇ ਪ੍ਰੈਸ਼ਰ ਬਣਾਇਆ ਜਾ ਸਕੇ ਕਿ ਉਹ ਜਸਪਾਲ ਸਿੰਘ ਦੇ ਕਾਤਲ ਪੁਲਿਸ ਵਾਲਿਆ ਤੇ ਬਣੇ ਕੇਸ ਦੀ ਪੈਰਵਾਈ ਕਰਨੋਂ ਹੱਟ ਜਾਣ । ਜਥੇਦਾਰ
, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹਨ ਤੇ ਸ਼ਰੋਮਣੀ ਕਮੇਟੀ ਬਾਦਲ ਦੇ ਅਧੀਨ ਹੈ । ਜਥੇਦਾਰਾਂ ਦੀ ਕੀ ਔਕਾਤ ਹੈ ਕਿ ਉਹ ਬਾਦਲ ਤੋਂ ਬਾਹਰ ਕੋਈ ਕੰਮ ਕਰ ਜਾਣ ਉਹਨਾਂ ਨੇ ਆਪਣੇ ਮਾਲਕ ਦੇ ਕਹਿਣ ਤੇ ਮਾਲਕ ਨੂੰ ਫਾਇਦਾ ਪੁਹੰਚਾਉਣ ਵਾਲਾ ਕੰਮ ਹੀ ਕਰਨਾ ਹੈ । ਪਰ ਸਿੱਖ ਕੌਮ ਦੇ ਨਿਆਰੇਪਨ ਅਤੇ ਸਵੈਮਾਨ ਨਾਲ ਜੀਉਣ ਦੇ ਹੱਕ ਲਈ ਸੰਘਰਸ਼ੀਲ ਧਿਰਾਂ ਨੂੰ ਬਾਦਲ ਦੇ ਇਹਨਾਂ ਮੁਲਾਜ਼ਮਾਂ ਤੋਂ ਮਾਣ ਸਨਮਾਨ ਲੈਣ ਤੇ ਦੇਣ ਦਾ ਸਿੱਧਾ ਮਤਲਬ ਬਾਦਲ ਦੇ ਨੂੰ ਮਾਨਤਾ ਦੇਣ ਬਰਾਬਰ ਹੀ ਹੈ। ਹਿੰਦੁਤਵੀ ਸੋਚ ਨੇ ਪੰਜਾਬ ਅੰਦਰ ਕੁਰਸੀ ਤੇ ਚੌਧਰ ਦੇ ਲਾਲਚ ਦੇਕੇ ਬਹੁਗਿਣਤੀ ਸਿੱਖਾਂ ਨੂੰ ਮਾਨਸਿਕ ਤੌਰਤੇ ਬ੍ਰਹਮਵਾਦੀ ਦੀ ਗੁਲਾਮੀ ਕਬੂਲ ਕਰਵਾ ਲਈ ਹੈ। ਹੁਣ ਸਾਰਾ ਧਿਆਨ ਬਾਹਰ ਵਿਦੇਸ਼ਾਂ ਵਿੱਚ, ਸਿੱਖ ਕੌਮ ਦੀ ਨਿਆਰੀ ਹੋਂਦ ਨੂੰ ਕਾਇਮ ਰੱਖਣ ਤੇ ਸਵੈਮਾਨ ਨਾਲ ਜੀਉਣ ਦੇ ਹੱਕ ਨੂੰ ਗਵਾ ਰਹੇ ਪੰਜਾਬ ਬਾਰੇ ਚਿੰਤਤ ਸਿੱਖਾਂ ਨੂੰ ਬ੍ਰਾਹਮਣਵਾਦੀ ਮੁਖਧਾਰਾ ਵਿੱਚ ਲਿਆਉਣ ਲਈ ਕੇਂਦਰਤ ਕੀਤਾ ਗਿਆ ਹੈ । ਜਿਸ ਵਿੱਚ ਉਹ ਕਾਫੀ ਸਫਲ ਵੀ ਹੋ ਗਏ ਹਨ । ਇਸੇ ਕਰਕੇ ਉਹ ਆਏ ਦਿਨ ਕਦੀ ਆਪਣੇ ਮੁਲਾਜ਼ਮ ਜਥੇਦਾਰ ਤੇ ਕਦੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਆਪਣਾ ਸਫੀਰ ਬਣਾਕੇ ਭੇਜਦੇ ਰਹਿੰਦੇ ਹਨ
ਚਾਪਲੂਸ
, ਨਿੱਜ ਸਵਾਰਥ ਤੇ ਅਖਬਾਰਾਂ ਵਿੱਚ ਇਹਨਾਂ ਨਾਲ ਫੋਟੋ ਖਿਚਾਉਣ ਦੇ ਸ਼ੌਕੀਨ ਤਾਂ ਇਹਨਾਂ ਦੀਆਂ ਸਿਫਤਾਂ ਦੇ ਪੁਲ ਬੰਨਣ, ਇਹਨਾਂ ਤੋਂ ਸਿਰੋਪਾਉ ਲੈਣ ਦੇਣ ਤੇ ਇਹਨਾਂ ਦੀ ਸ਼ਲਾਘਾਂ ਕਰਦੇ ਨਹੀਂ ਥੱਕਦੇ ਪਰ ਇਸ ਵਾਰ ਇੰਗਲੈਂਡ ਦੇ ਗੁਰਸਿੱਖਾਂ ਨੇ ਬਾਦਲ ਦੇ ਸਫੀਰ ਮਨਜੀਤ ਸਿੰਘ ਜੀ. ਕੇ. ਦਿੱਲੀ ਵਾਲੇ ਨੂੰ ਜਿਸ ਤਰ੍ਹਾਂ ਪਬਲਿਕ ਤੌਰਤੇ ਸਵਾਲ ਪੁੱਛਕੇ ਇਕ ਚੰਗੀ ਪਿਰਤ ਪਾਈ ਹੈ ਇਸੇ ਤਰ੍ਹਾਂ ਪੰਜਾਬ ਤੋਂ ਆਉਣ ਵਾਲੇ ਕਿਸੇ ਵੀ ਧਾਰਮਿਕ ਜਾਂ ਰਾਜਸੀ ਲੀਡਰ ਨਾਲ ਪਬਲਿਕ ਤੌਰਤੇ ਸਵਾਲ ਜਵਾਬਾਂ ਦਾ ਸੰਵਾਦ ਰਚਾਉਣਾ ਚਹੀਦਾ ਹੈ ਇਸੇ ਤਰ੍ਹਾਂ ਹੀ ਵਿਦੇਸ਼ਾਂ ਵਿੱਚ ਜੋ ਸੰਘਰਸ਼ ਦੇ ਨਾਮ ਤੇ ਗਲਤ ਕਰਮ ਕਰਕੇ ਵੀ ਆਪਣੇ ਆਪ ਨੂੰ ਸਿੱਖ ਸੰਘਰਸ਼ ਦੇ ਖੈਰ ਖਵਾਹ ਸਮਝਦੇ ਹਨ । ਉਹਨਾਂ ਦੇ ਕੰਮਾਂ ਦਾ ਈਮਾਨਦਾਰੀ ਨਾਲ ਲੇਖਾ ਜੋਖਾ ਕਰਕੇ ਉਹਨਾਂ ਨੂੰ ਵੀ ਸੰਗਤਾਂ ਵਿੱਚ ਜਵਾਬਦੇਹ ਬਣਾਉਣ ਚਾਹੀਦਾ ਹੈ।ਜੇਕਰ ਇਸ ਤਰ੍ਹਾਂ ਲੋਕ ਨਿਰਸਵਾਰਥ ਤੇ ਸੁਚੇਤ ਹੋ ਕੇ ਪਬਲਿਕ ਤੌਰਤੇ ਸਵਾਲ ਜਵਾਬ ਕਰਨ ਲੱਗ ਜਾਣ ਤਾਂ ਗਲਤ ਵਿਆਕਤੀ ਅੱਗੇ  ਅੱਗੇ ਆਉਣ ਤੋਂ ਰੁੱਕ ਸਕਦੇ ਹਨ ।
ਸੋ
, ਅੰਤ ਵਿੱਚ ਸਿੱਖ ਕੌਮ ਦੇ ਦਾਨਿਸ਼ਮੰਦ ਵਿਦਵਾਨਾਂ, ਬੁੱਧੀਜੀਵੀਆਂ ਨੂੰ ਅਪੀਲ ਹੈ ਕਿ ਉਹ ਸਿੱਖ ਕੌਮ ਨੂੰ ਬਾਰ ਬਾਰ ਮੂਰਖ ਬਣਾਉਣ ਵਾਲੇ ਰਾਜਸੀ ਤੇ ਧਾਰਮਿਕ ਆਗੂਆਂ ਦੀਆਂ ਕੌਮ ਨਾਲ ਧਰੋਹ ਕਮਾਉਣ ਵਾਲੀਆਂ ਬਰੀਕੀਆਂ ਤੇ ਚਾਨਣਾ ਪਾਕੇ ਕੌਮ ਨੂੰ ਇਹਨਾਂ ਦੇ ਜਾਲ ਤੋਂ ਅਜ਼ਾਦ ਕਰਾਉਣ ਲਈ ਉਪਰਾਲਾ ਕਰਨ ਜੋ ਧਾਰਮਿਕ ਤੇ ਰਾਜਸੀ ਲੋਕ ਸਾਨੂੰ ਮੂਰਖ ਬਣਾ ਰਹੇ ਹਨ ਤੇ ਅਸੀਂ ਬਣ ਰਹੇ ਹਾਂ ਤਾਂ ਗਲਤੀ ਸਾਡੀ ਹੈ ਉਹਨਾਂ ਦੀ ਨਹੀਂ ਤੇ ਸਾਨੂੰ ਸ਼ਲਾਘਾ ਤੇ ਨਿਖੇਧੀ ਕਰਨ ਦੇ ਬਿਆਨਾਂ ਨੂੰ ਅਖਬਾਰਾਂ ਵਿੱਚ ਆਪਣਾ ਨਾਮ ਤੇ ਆਪਣੀਆਂ ਤਸਵੀਰਾਂ ਲਗਵਾਉਣ ਲਈ ਤਕੀਆ ਕਲਾਮਾਂ ਵਾਂਗ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ
ਭੁੱਲਾਂ ਚੁੱਕਾਂ ਲਈ ਖਿਮਾਂ ਦਾ ਜਾਚਕ
 ਗੁਰਚਰਨ ਸਿੰਘ ਗੁਰਾਇਆ , ਜਰਮਨੀ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.