ਕੈਟੇਗਰੀ

ਤੁਹਾਡੀ ਰਾਇ



ਗੁਰਮਤਿ ਵਿਚ ਆਵਾ-ਗਵਨ ਦਾ ਸੰਕਲਪ
(ਵਿਸ਼ਾ-ਛੇਵਾਂ, ਆਵਾ ਗਵਣ ) (ਭਾਗ ਪੰਜਵਾਂ) ਆਵਾ ਗਉਣੁ ਨਿਵਾਰਿਆ ਜੋਤੀ ਜੋਤਿ ਮਿਲਾਇ ॥
(ਵਿਸ਼ਾ-ਛੇਵਾਂ, ਆਵਾ ਗਵਣ ) (ਭਾਗ ਪੰਜਵਾਂ) ਆਵਾ ਗਉਣੁ ਨਿਵਾਰਿਆ ਜੋਤੀ ਜੋਤਿ ਮਿਲਾਇ ॥
Page Visitors: 2933

                                    (ਵਿਸ਼ਾ-ਛੇਵਾਂ, ਆਵਾ ਗਵਣ )
                                             (ਭਾਗ ਪੰਜਵਾਂ)      
                  ਆਵਾ ਗਉਣੁ ਨਿਵਾਰਿਆ ਜੋਤੀ ਜੋਤਿ ਮਿਲਾਇ ॥

           ਸ਼ਬਦ ,         ਬਿਖੁ ਬੋਹਿਥਾ ਲਾਦਿਆ ਦੀਆ ਸਮੁੰਦ ਮੰਝਾਰਿ ॥
                            ਕੰਧੀ ਦਿਸਿ ਨ ਆਵਈ ਨਾ ਉਰਵਾਰੁ ਨ ਪਾਰੁ ॥
                            ਵੰਝੀ ਹਾਥਿ ਨ ਖੇਵਟੂ ਜਲੁ ਸਾਗਰੁ ਅਸਰਾਲੁ
॥1॥      (1009)
                               ਬਾਬਾ ਜਗੁ ਫਾਥਾ ਮਹਾ ਜਾਲਿ ॥
                            ਗੁਰ ਪਰਸਾਦੀ ਉਬਰੇ ਸਚਾ ਨਾਮੁ ਸਮਾਲਿ
॥1॥ਰਹਾਉ॥
                               ਸਤਿਗੁਰੂ ਹੈ ਬੋਹਿਥਾ ਸਬਦਿ ਲੰਘਾਵਣਹਾਰੁ ॥
                            ਤਿਥੈ ਪਵਣੁ ਨ ਪਾਵਕੋ ਨਾ ਜਲੁ ਨਾ ਆਕਾਰੁ ॥
                            ਤਿਥੈ ਸਚਾ ਸਚਿ ਨਾਇ ਭਵਜਲ ਤਾਰਣਹਾਰੁ
॥2॥
                               ਗੁਰਮੁਖਿ ਲੰਘੇ ਸੇ ਪਾਰਿ ਪਏ ਸਚੇ ਸਿਉ ਲਿਵ ਲਾਇ ॥
                            ਆਵਾ ਗਉਣੁ ਨਿਵਾਰਿਆ ਜੋਤੀ ਜੋਤਿ ਮਿਲਾਇ ॥
                            ਗੁਰਮਤੀ ਸਹਜੁ ਊਪਜੈ ਸਚੇ ਰਹੈ ਸਮਾਇ
॥3॥
                               ਸਪੁ ਪਿੜਾਈ ਪਾਈਐ ਬਿਖੁ ਅੰਤਰਿ ਮਨਿ ਰੋਸੁ ॥
                            ਪੂਰਬਿ ਲਿਖਿਆ ਪਾਈਐ ਕਿਸ ਨੋ ਦੀਜੈ ਦੋਸੁ ॥
                            ਗੁਰਮੁਖਿ ਗਾਰੜੁ ਜੇ ਸੁਣੇ ਮੰਨੇ ਨਾਉ ਸੰਤੋਸੁ
॥4॥
                               ਮਾਗਰਮਛੁ ਫਹਾਈਐ ਕੁੰਡੀ ਜਾਲੁ ਵਤਾਇ ॥
                            ਦੁਰਮਤਿ ਫਾਥਾ ਫਾਹੀਐ ਫਿਰਿ ਫਿਰਿ ਪਛੋਤਾਇ ॥
                            ਜੰਮਣ ਮਰਣੁ ਨ ਸੁਝਈ ਕਿਰਤੁ ਨ ਮੇਟਿਆ ਜਾਇ
॥5॥
                               ਹਉਮੈ ਬਿਖੁ ਪਾਇ ਜਗਤੁ ਉਪਾਇਆ ਸਬਦੁ ਵਸੈ ਬਿਖੁ ਜਾਇ ॥
                            ਜਰਾ ਜੋਹਿ ਨ ਸਕਈ ਸਚਿ ਰਹੈ ਲਿਵ ਲਾਇ ॥
                            ਜੀਵਨ ਮੁਕਤੁ ਸੋ ਆਖੀਐ ਜਿਸੁ ਵਿਚਹੁ ਹਉਮੈ ਜਾਇ
॥6॥
                               ਧੰਧੈ ਧਾਵਤ ਜਗੁ ਬਾਧਿਆ ਨਾ ਬੂਝੈ ਵੀਚਾਰੁ ॥
                            ਜੰਮਣ ਮਰਣੁ ਵਿਸਾਰਿਆ ਮਨਮੁਖ ਮੁਗਧੁ ਗਵਾਰੁ ॥
                            ਗੁਰਿ ਰਾਖੇ ਸੇ ਉਬਰੇ ਸਚਾ ਸਬਦੁ ਵੀਚਾਰਿ
॥7॥
                               ਸੂਹਟੁ ਪਿੰਜਰਿ ਪ੍ਰੇਮ ਕੈ ਬੋਲੈ ਬੋਲਣਹਾਰੁ ॥
                            ਸਚੁ ਚੁਗੈ ਅੰਮ੍ਰਿਤੁ ਪੀਐ ਉਡੈ ਤ ਏਕਾ ਵਾਰ ॥
                            ਗੁਰਿ ਮਿਲਿਐ ਖਸਮੁ ਪਛਾਣੀਐ ਕਹੁ ਨਾਨਕ ਮੋਖ ਦੁਆਰੁ
॥8॥    ( 1010 )
 

            ॥ਰਹਾਉ॥     ਬਾਬਾ ਜਗੁ ਫਾਥਾ ਮਹਾ ਜਾਲਿ ॥
                            ਗੁਰ ਪਰਸਾਦੀ ਉਬਰੇ ਸਚਾ ਨਾਮੁ ਸਮਾਲਿ ॥1॥ਰਹਾਉ॥
    ਹੇ ਭਾਈ ਇਹ ਸੰਸਾਰ , ਮਾਇਆ ਮੋਹ ਦੇ ਬੜੇ ਵੱਡੇ ਜਾਲ ਵਿਚ ਫਸਿਆ ਹੋਇਆ ਹੈ । ਇਸ ਜਾਲ ਵਿਚੋਂ ਉਹੀ ਨਿੱਕਲ ਪਾਉਂਦੇ ਹਨ , ਜੋ ਸ਼ਬਦ ਗੁਰੂ ਦੀ ਮਿਹਰ ਸਦਕਾ , ਸ਼ਬਦ ਦੀ ਵਿਚਾਰ ਆਸਰੇ , ਪਰਮਾਤਮਾ ਦੇ ਨਾਮ , ਉਸ ਦੇ ਹੁਕਮ ਬਾਰੇ ਸੋਝੀ ਹਾਸਲ ਕਰ ਕੇ , ਆਪਣਾ ਜੀਵਨ , ਪ੍ਰਭੂ ਦੇ ਹੁਕਮ ਅਨੁਸਾਰ ਬਿਤਾਉਂਦੇ ਹਨ ।

                ॥1॥      ਬਿਖੁ ਬੋਹਿਥਾ ਲਾਦਿਆ ਦੀਆ ਸਮੁੰਦ ਮੰਝਾਰਿ ॥
                           ਕੰਧੀ ਦਿਸਿ ਨ ਆਵਈ ਨਾ ਉਰਵਾਰੁ ਨ ਪਾਰੁ ॥
                           ਵੰਝੀ ਹਾਥਿ ਨ ਖੇਵਟੂ ਜਲੁ ਸਾਗਰੁ ਅਸਰਾਲੁ ॥1॥
      ਜਗਤ ਨੇ ਆਪਣੀ ਜ਼ੰਦਗੀ ਦਾ ਬੇੜਾ , ਵਿਕਾਰਾਂ ਰੂਪੀ ਜ਼ਹਰ ਨਾਲ ਲੱਦ ਕੇ ਸੰਸਾਰ ਸਮੁੰਦਰ ਵਿਚ ਠੇਲਿਆ ਹੋਇਆ ਹੈ । ਹੁਣ ਬੇੜਾ ਅਜਿਹੀ ਥਾਂ ਅਪੜ ਗਿਆ ਹੋਇਆ ਹੈ , ਜਿਥੋਂ ਨਾ ਇਸ ਦਾ ਉਰਲਾ ਕੰਢਾ ਨਜ਼ਰ ਆ ਰਿਹਾ , ਨਾ ਪਾਰਲਾ ਕੰਢਾ ਨਜ਼ਰ ਆ ਰਿਹਾ  , ਯਾਨੀ ਇਨ੍ਹਾਂ ਵਿਸ਼ੇ ਵਿਕਾਰਾਂ ਤੋਂ ਬਚਾਉ ਦਾ ਕੋਈ ਸਾਧਨ , ਨਜ਼ਰ ਨਹੀਂ ਆ ਰਿਹਾ । ਨਾ ਤਾਂ ਬੰਦੇ ਦੇ ਹੱਥ ਵਿਚ ਚੱਪੂ ਹੀ ਹਨ , ਨਾ ਹੀ ਗੁਰੂ ਰੂਪੀ ਮਲਾਹ ਉਸ ਬੇੜੇ ਵਿਚ ਹੈ , ਅਰਥਾਤ ਬੰਦੇ ਕੋਲ ਸ਼ਬਦ ਗੁਰੂ ਦੀ ਸਿਖਿਆ ਵੀ ਨਹੀਂ ਹੈ । ਜਿਸ ਆਸਰੇ ਇਹ ਬੇੜਾ ਬੰਨੇ ਲਾਇਆ ਜਾ ਸਕੇ । ਦੂਸਰੇ ਪਾਸੇ , ਇਹ ਭਵਜਲ ਸਾਗਰ , ਠਾਠਾਂ ਮਾਰਦਾ ਡਰਾਉਣਾ ਹੋ ਰਿਹਾ ਹੈ ।

              ॥2॥      ਸਤਿਗੁਰੂ ਹੈ ਬੋਹਿਥਾ ਸਬਦਿ ਲੰਘਾਵਣਹਾਰੁ ॥
                         ਤਿਥੈ ਪਵਣੁ ਨ ਪਾਵਕੋ ਨਾ ਜਲੁ ਨਾ ਆਕਾਰੁ ॥
                         ਤਿਥੈ ਸਚਾ ਸਚਿ ਨਾਇ ਭਵਜਲ ਤਾਰਣਹਾਰੁ ॥2॥
    ਇਸ ਸਮੁੰਦਰ ਵਿਚੋਂ ਪਾਰ ਹੋਣ ਲਈ , ਪਰਮਾਤਮਾ ਰੂਪੀ ਬੇੜਾ ਹੈ , ਸ਼ਬਦ ਇਸ ਦਾ ਮਲਾਹ ਹੈ , ਜੋ ਬੰਦੇ ਨੂੰ ਪਾਰ ਲੰਘਾਉਣ ਦੇ ਸਮਰੱਥ ਹੈ । ਜਦ ਬੰਦਾ ਸ਼ਬਦ ਵਿਚਾਰ ਆਸਰੇ , ਪਰਮਾਤਮਾ ਰੂਪੀ ਬੇੜੇ ਤੇ ਸਵਾਰ ਹੋ ਜਾਂਦਾ ਹੈ , ਤਾਂ ਇਹ ਬੇੜਾ ਉਸ ਨੂੰ ਐਸੀ ਥਾਂ ਲੈ ਜਾਂਦਾ ਹੈ ਜਿੱਥੇ ( ਹਵਾ , ਪਾਣੀ , ਅੱਗ ਰੂਪੀ ) ਦੁਨੀਆ ਦੀ ਮਾਇਆ ਦੇ ਝੱਖੜ , ਉਸ ਤੇ ਕੋਈ ਅਸਰ ਨਹੀਂ ਪਾ ਸਕਦੇ । ਅਜਿਹੀ ਅਵਸਥਾ ਵਿਚ ਅਪੜਿਆ ਜੀਵ , ਸਦਾ ਥਿਰ ਪ੍ਰਭੂ ਦੀ ਰਜ਼ਾ , ਉਸ ਦੇ ਹੁਕਮ ਵਿਚ ਖੁਸ਼ ਰਹਿੰਦਾ ਹੈ । ਇਸ ਹਾਲਤ ਵਿਚ ਅਪੜਿਆ ਜੀਵ , ਪਰਭੂ ਦੇ ਨਾਮ ਆਸਰੇ , ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦੇ ਸਮਰੱਥ ਹੁੰਦਾ ਹੈ।

         ॥3॥           ਗੁਰਮੁਖਿ ਲੰਘੇ ਸੇ ਪਾਰਿ ਪਏ ਸਚੇ ਸਿਉ ਲਿਵ ਲਾਇ ॥
                         ਆਵਾ ਗਉਣੁ ਨਿਵਾਰਿਆ ਜੋਤੀ ਜੋਤਿ ਮਿਲਾਇ ॥
                         ਗੁਰਮਤੀ ਸਹਜੁ ਊਪਜੈ ਸਚੇ ਰਹੈ ਸਮਾਇ ॥3॥
    ਜਿਹੜੇ ਬੰਦੇ ਗੁਰਮੁਖਿ ਹੋ ਕੇ , ਗੁਰੂ ਦੀ ਸਿਖਿਆ ਅਨੁਸਾਰ ਚਲ ਕੇ , ਹਮੇਸ਼ਾ ਕਾਇਮ ਰਹਣ ਵਾਲੇ ਪ੍ਰਭੂ ਨਾਲ ਲਿਵ ਜੋੜਦੇ ਹਨ , ਪਿਆਰ ਪਾਉਂਦੇ ਹਨ , ਉਹ ਇਸ ਭਵਜਲ ਸੰਸਾਰ ਵਿਚ ਡੁਬਣੋ ਬਚ ਕੇ ਪਾਰ ਲੰਘ ਜਾਂਦੇ ਹਨ । ਉਨ੍ਹਾਂ ਵਿਚ ਗੁਰੂ ਦੀ ਮੱਤ ਆਸਰੇ , ਸਹਜ ਭਾਵ , ਭਟਕਣਾ ਰਹਿਤ ਭਾਵ ਪੈਦਾ ਹੋ ਜਾਂਦਾ ਹੈ , ਅਤੇ ਉਹ ਸੱਚੇ , ਪਰਮਾਤਮਾ ਨਾਲ ਸਹਜ ਅਵਸਥਾ ਵਿਚ , ਬਿਨਾ ਕਿਸੇ ਉਚੇਚੇ ਕਰਮ ਕਾਂਡ ਦੇ , ਜੁੜੇ ਰਹਿੰਦੇ ਹਨ । ਇਵੇਂ ਆਪਣੀ ਜੋਤ ਨੂੰ ਪਰਮਾਤਮਾ ਦੀ ਲੋਤ ਵਿਚ ਮਿਲਾ ਕੇ , ਉਸ ਨਾਲ ਇਕ ਮਿਕ ਹੋ ਕੇ , ਆਪਣਾ ਆਵਾ-ਗਵਣ ਦਾ ਚੱਕਰ ਖਤਮ ਕਰ ਲੈਂਦੇ ਹਨ ।

             ॥4॥       ਸਪੁ ਪਿੜਾਈ ਪਾਈਐ ਬਿਖੁ ਅੰਤਰਿ ਮਨਿ ਰੋਸੁ ॥
                         ਪੂਰਬਿ ਲਿਖਿਆ ਪਾਈਐ ਕਿਸ ਨੋ ਦੀਜੈ ਦੋਸੁ ॥
                         ਗੁਰਮੁਖਿ ਗਾਰੜੁ ਜੇ ਸੁਣੇ ਮੰਨੇ ਨਾਉ ਸੰਤੋਸੁ ॥4॥
      ਜੇ ਸੱਪ ਨੂੰ ਪਟਾਰੀ ਵਿਚ ਪਾ ਦੇਈਏ , ਤਾਂ ਉਸ ਦਾ ਜ਼ਹਰ ਖਤਮ ਨਹੀਂ ਹੋ ਜਾਂਦਾ , ਨਾ ਹੀ ਉਸ ਦੇ ਮਨ ਵਿਚੋਂ , ਦੂਸਰਿਆਂ ਨੂੰ ਡੰਗ ਮਾਰਨ ਦਾ ਗੁੱਸਾ ਖਤਮ ਹੁੰਦਾ ਹੈ । ਇਵੇਂ ਹੀ ਮੰਨੋ ਕਿ ਮਨ ਇਕ ਸੱਪ ਹੈ , ਕਿਸੇ ਧਾਰਮਿਕ ਭੇਸ ਵਿਚ ਰਹਣ ਨਾਲ ਵੀ , ਮਨ ਦਾ ਸੁਭਾਉ ਬਦਲ ਨਹੀਂ ਜਾਂਦਾ । ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਇਕੱਠ ਦਾ ਫਲ ਭੋਗਣਾ ਹੀ ਪੈਂਦਾ ਹੈ , ਆਪਣੇ ਕੀਤੇ ਬੁਰੇ ਕਰਮਾਂ ਲਈ , ਕਿਸੇ ਦੂਸਰੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ । ਅਪਣਾ ਕੀਤਾ ਆਪ ਹੀ ਭੋਗਣਾ ਪੈਂਦਾ ਹੈ । ਜੇ ਬੰਦਾ ਗੁਰਮੁਖਿ ਹੋ ਕੇ , ਗੁਰੂ ਦੀ ਸਰਨ ਪੈ ਕੇ , ਮਨ ਰੂਪੀ ਸੱਪ ਨੂੰ ਵੱਸ ਵਿਚ ਕਰਨ ਵਾਲਾ ਗਾਰੜ ਮੰਤ੍ਰ , ਗੁਰੂ ਕੋਲੋਂ ਸੁਣ ਲਵੇ , ਉਸ ਨੂੰ ਵਰਤਣ ਦਾ ਵੱਲ ਸਮਝ ਲਵੇ , ਮਨ ਨੂੰ ਪਰਮਾਤਮਾ ਦੇ ਹੁਕਮ ਵਿਚ ਚੱਲਣ ਦੀ ਗੇਝ ਪਾ ਲਵੇ , ਤਾਂ ਉਸ ਦੇ ਅੰਦਰ , ਠੰਡ ਪੈ ਜਾਂਦੀ ਹੈ , ਮਨ ਟਿਕ ਜਾਂਦਾ ਹੈ ।

            ॥5॥         ਮਾਗਰਮਛੁ ਫਹਾਈਐ ਕੁੰਡੀ ਜਾਲੁ ਵਤਾਇ ॥
                          ਦੁਰਮਤਿ ਫਾਥਾ ਫਾਹੀਐ ਫਿਰਿ ਫਿਰਿ ਪਛੋਤਾਇ ॥
                          ਜੰਮਣ ਮਰਣੁ ਨ ਸੁਝਈ ਕਿਰਤੁ ਨ ਮੇਟਿਆ ਜਾਇ ॥5॥
   ਜਿਵੇਂ ਦਰਿਆ ਵਿਚ ਕੁੰਡੀ ਲਾ ਕੇ , ਜਾਂ ਜਾਲ ਪਾ ਕੇ ਮਗਰ-ਮੱਛ ਫਸਾ ਲਈਦਾ ਹੈ , ਤਿਵੇਂ ਹੀ ਭੈੜੀ ਮੱਤ ਵਿਚ ਫਸਿਆ ਬੰਦਾ , ਮਾਇਆ-ਮੋਹ ਦੇ ਕਾਬੂ ਆ ਹੀ ਜਾਂਦਾ ਹੈ , ਫਿਰ ਉਹ ਮੁੜ-ਮੁੜ ਵਿਕਾਰ ਕਰਦਾ ਹੈ , ਅਤੇ ਮੁੜ-ਮੁੜ ਪਛਤਾਉਂਦਾ ਹੈ , ਉਸ ਨੂੰ ਇਹ ਸੋਝੀ ਨਹੀਂ ਹੋ ਪਾਉਂਦੀ , ਕਿ ਇਸ ਤਰ੍ਹਾਂ ਵਿਕਾਰਾਂ ਕਾਰਨ , ਜਨਮ ਮਰਨ ਦੇ ਗੇੜ ਵਿਚ ਪਵਾਂਗਾ । ਪਰ ਉਸ ਦੇ ਵੱਸ ਦੀ ਵੀ ਕੋਈ ਗੱਲ ਨਹੀਂ , ਕਿਉਂਕਿ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਨੂੰ ਮਿਟਾਇਆ ਨਹੀਂ ਜਾ ਸਕਦਾ ।

              ॥6॥        ਹਉਮੈ ਬਿਖੁ ਪਾਇ ਜਗਤੁ ਉਪਾਇਆ ਸਬਦੁ ਵਸੈ ਬਿਖੁ ਜਾਇ ॥
                           ਜਰਾ ਜੋਹਿ ਨ ਸਕਈ ਸਚਿ ਰਹੈ ਲਿਵ ਲਾਇ ॥
                           ਜੀਵਨ ਮੁਕਤੁ ਸੋ ਆਖੀਐ ਜਿਸੁ ਵਿਚਹੁ ਹਉਮੈ ਜਾਇ ॥6॥
    ਪਰਮਾਤਮਾ ਨੇ ਜੀਵਾਂ ਦੇ ਅੰਦਰ ਹਉਮੈ ਰੂਪੀ ਜ਼ਹਰ ਪਾ ਕੇ , ਹਗਤ ਪੈਦਾ ਕੀਤਾ ਹੈ । ਜਿਸ ਬੰਦੇ ਦੇ ਅੰਦਰ ਸ਼ਬਦ ਗੁਰੂ ਦਾ ਗਿਆਨ ਟਿਕ ਜਾਂਦਾ ਹੈ , ਉਸ ਦੇ ਅੰਦਰੋਂ ਹਉਮੈ ਰੂਪੀ ਜ਼ਹਰ ਖਤਮ ਹੋ ਜਾਂਦਾ ਹੈ । ਉਹ ਹਮੇਸ਼ਾ ਸੱਚ , ਪਰਮਾਤਮਾ ਨਾਲ ਲਿਵ ਜੋੜੀ ਰਖਦਾ ਹੈ , ਉਸ ਦੀ ਆਤਮਕ ਅਵਸਥਾ ਤੇ , ਕਾਲ , ਸਮੇ ਦੇ ਪ੍ਰਭਾਵ ਦਾ ਅਸਰ ਨਹੀਂ ਪੈਂਦਾ । ਜਿਸ ਮਨੁੱਖ ਦੇ ਅੰਦਰੋਂ ਹਉਮੈ ਖਤਮ ਹੋ ਜਾਵੇ , ਉਸ ਬਾਰੇ ਹੀ ਕਿਹਾ ਜਾ ਸਕਦਾ ਹੈ ਕਿ ਉਹ ਸੰਸਾਰਿਕ ਜੀਵਨ ਵਿਚ ਹੀ , ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਗਿਆ ਹੈ ।

               ॥7॥       ਧੰਧੈ ਧਾਵਤ ਜਗੁ ਬਾਧਿਆ ਨਾ ਬੂਝੈ ਵੀਚਾਰੁ ॥
                           ਜੰਮਣ ਮਰਣੁ ਵਿਸਾਰਿਆ ਮਨਮੁਖ ਮੁਗਧੁ ਗਵਾਰੁ ॥
                           ਗੁਰਿ ਰਾਖੇ ਸੇ ਉਬਰੇ ਸਚਾ ਸਬਦੁ ਵੀਚਾਰਿ ॥7॥
   ਦੁਨੀਆ ਵਿਚ ਸੰਸਾਰੀ ਕਾਰ-ਵਿਹਾਰ ਦੀ ਦੌੜ-ਭੱਜ ਕਾਰਨ ਹੀ ਬੰਦਾ ਮਾਇਆ ਮੋਹ ਦੀ ਪਕੜ ਵਿਚ ਆ ਜਾਂਦਾ ਹੈ , ਉਸ ਵਿਚੋਂ ਨਿਕਲਣ ਬਾਰੇ , ਉਹ ਸੋਚ ਹੀ ਨਹੀਂ ਸਕਦਾ ।ਆਪਣੇ ਮਨ ਦੀ ਮੱਤ ਪਿੱਛੇ ਚੱਲਣ ਵਾਲਾ ਬੰਦਾ , ਅਜਿਹਾ ਮੂਰਖ ਅਤੇ ਬੁਧੂ ਬਣ ਜਾਂਦਾ ਹੈ ਕਿ ਉਹ ਜਨਮ-ਮਰਨ ਦਾ ਗੇੜ , ਭੁਲਾਅ ਹੀ ਬੈਠਦਾ ਹੈ । ਜਿਨ੍ਹਾਂ ਦੀ ਰੱਖਿਆ ਸ਼ਬਦ ਗੁਰੂ ਨੇ ਕੀਤੀ , ਉਹ ਸ਼ਬਦ ਵਿਚਾਰ ਆਸਰੇ , ਮਾਇਆ ਦੇ ਮੋਹ ਤੋਂ ਬਚ ਗਏ ।

             ॥8॥        ਸੂਹਟੁ ਪਿੰਜਰਿ ਪ੍ਰੇਮ ਕੈ ਬੋਲੈ ਬੋਲਣਹਾਰੁ ॥
                          ਸਚੁ ਚੁਗੈ ਅੰਮ੍ਰਿਤੁ ਪੀਐ ਉਡੈ ਤ ਏਕਾ ਵਾਰ ॥
                          ਗੁਰਿ ਮਿਲਿਐ ਖਸਮੁ ਪਛਾਣੀਐ ਕਹੁ ਨਾਨਕ ਮੋਖ ਦੁਆਰੁ ॥8॥    ( 1010 )
    ਤੋਤਾ ਪਿੰਜਰੇ ਵਿਚ ਬੰਦ , ਉਹੀ ਬੋਲੀ ਬੋਲਦਾ ਹੈ , ਜੋ ਉਸ ਦਾ ਮਾਲਿਕ ਉਸ ਨੂੰ ਸਿਖਾਉਂਦਾ ਹੈ । ਇਵੇਂ ਹੀ ਜੋ ਬੰਦਾ ਪਰਮਾਤਮਾ ਦੇ ਪ੍ਰੇਮ ਰੂਪੀ ਪਿੰਜਰੇ ਵਿਚ , ਕੈਦ ਹੋ ਜਾਂਦਾ ਹੈ , ਉਹ ਪ੍ਰਭੂ ਦੇ ਨਾਮ ਦੀ ਹੀ ਬੋਲੀ ਬੋਲਦਾ ਹੈ , ਕਰਤਾਰ ਦੀ ਰਜ਼ਾ ਦਾ ਹੀ ਦਾਣਾ ਚੁਗਦਾ ਹੈ , ਵਾਹਿਗੁਰੂ ਦੇ ਹੁਕਮ ਅਨੁਸਾਰ ਚੱਲਣ ਦਾ ਹੀ ਅੰਂਮ੍ਰਿਤੁ ਪੀਂਦਾ ਹੈ । ਇਵੇਂ ਉਹ ਇਕ ਵਾਰ ਹੀ , ਏਸੇ ਮਨੁੱਖਾ ਜਨਮ ਵਿਚ ਹੀ , ਇਸ ਸਰੀਰ ਨੂੰ ਹਮੇਸ਼ਾ ਲਈ ਤਿਆਗ ਦਿੰਦਾ ਹੈ , ਯਾਨੀ ਫਿਰ ਕਦੇ ਵੀ ਸਰੀਰਕ ਜਾਮੇ ਵਿਚ ਨਹੀਂ ਆਉਂਦਾ , ਮੁੜ-ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ ।
    ਹੇ ਨਾਨਕ ਆਖ , ਜੇ ਸ਼ਬਦ ਗੁਰੂ ਮਿਲ ਪਵੇ ਤਾਂ ਪਰਮਾਤਮਾ ਨਾਲ ਡੂੰਘੀ ਸਾਂਝ ਪੈ ਜਾਂਦੀ ਹੈ ਅਤੇ ਉਸ ਬੰਦੇ ਨੂੰ ਮੁਕਤੀ ਦਾ ਦੁਆਰਾ ਲੱਭ ਪੈਂਦਾ ਹੈ ।

                                                  ਅਮਰ ਜੀਤ ਸਿੰਘ ਚੰਦੀ
                                                               5-12-14

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.