ਕੈਟੇਗਰੀ

ਤੁਹਾਡੀ ਰਾਇ



ਗੁਰਮਤਿ ਵਿਚ ਆਵਾ-ਗਵਨ ਦਾ ਸੰਕਲਪ
(ਵਿਸ਼ਾ-ਛੇਵਾਂ, ਆਵਾ ਗਵਣ ) (ਭਾਗ ਛੇਵਾਂ) ਆਸਾ ਆਵੈ ਮਨਸਾ ਜਾਇ ॥ ਉਰਝੀ ਤਾਣੀ ਕਿਛੁ ਨ ਬਸਾਇ ॥
(ਵਿਸ਼ਾ-ਛੇਵਾਂ, ਆਵਾ ਗਵਣ ) (ਭਾਗ ਛੇਵਾਂ) ਆਸਾ ਆਵੈ ਮਨਸਾ ਜਾਇ ॥ ਉਰਝੀ ਤਾਣੀ ਕਿਛੁ ਨ ਬਸਾਇ ॥
Page Visitors: 2907

                (ਵਿਸ਼ਾ-ਛੇਵਾਂ, ਆਵਾ ਗਵਣ )
                         (ਭਾਗ ਛੇਵਾਂ)      
            ਆਸਾ ਆਵੈ ਮਨਸਾ ਜਾਇ ॥ ਉਰਝੀ ਤਾਣੀ ਕਿਛੁ ਨ ਬਸਾਇ ॥ 

           ਸ਼ਬਦ    ਜਾਗਤੁ ਬਿਗਸੈ ਮੂਠੋ ਅੰਧਾ ॥ ਗਲਿ ਫਾਹੀ ਸਿਰਿ ਮਾਰੇ ਧੰਧਾ ॥
                      ਆਸਾ ਆਵੈ ਮਨਸਾ ਜਾਇ ॥ ਉਰਝੀ ਤਾਣੀ ਕਿਛੁ ਨ ਬਸਾਇ
॥1॥
                         ਜਾਗਸਿ ਜੀਵਣ ਜਾਗਣਹਾਰਾ ॥ ਸੁਖ ਸਾਗਰ ਅੰਂਮ੍ਰਿਤ ਭੰਡਾਰਾ ॥1॥ਰਹਾਉ॥
                         ਕਹਿਉ ਨ ਬੂਝੈ ਅੰਧੁ ਨ ਸੂਝੈ ਭੋਂਡੀ ਕਾਰ ਕਮਾਈ ॥
                       ਆਪੇ ਪ੍ਰੀਂਤਿ ਪ੍ਰੇਮ  ਪਰਮੇਸੁਰੁ ਕਰਮੀ ਮਿਲੈ ਵਡਾਈ
॥2॥
                          ਦਿਨੁ ਦਿਨੁ ਆਵੈ ਤਿਲੁ ਤਿਲੁ ਛੀਜੈ ਮਾਇਆ ਮੋਹੁ ਘਟਾਈ ॥
                        ਬਿਨੁ ਗੁਰ ਬੂਡੋ ਠਉਰ ਨ ਪਾਵੈ ਜਬ ਲਗ ਦੂਜੀ ਰਾਈ
॥3॥
                           ਅਹਿਨਿਸਿ ਜੀਆ ਦੇਖਿ ਸਮ੍‍ਾਲੈ ਸੁਖੁ ਦੁਖੁ ਪੁਰਬਿ ਕਮਾਈ ॥
                         ਕਰਮ ਹੀਣੁ ਸਚੁ ਭੀਂਖਿਆ ਮਾਂਗੈ ਨਾਨਕ ਮਿਲੈ ਵਡਾਈ
॥4॥   (1330)

             ॥ਰਹਾਉ॥   ਜਾਗਸਿ ਜੀਵਣ ਜਾਗਣਹਾਰਾ ॥ ਸੁਖ ਸਾਗਰ ਅੰਂਮ੍ਰਿਤ ਭੰਡਾਰਾ ॥1॥ਰਹਾਉ॥
     ਸਾਰੀ ਦੁਨੀਆ ਦੀ ਜ਼ਿੰਦਗੀ , ਜੀਵਨ ਦਾ ਆਧਾਰ , ਪ੍ਰਭੂ ਹਰ ਵੇਲੇ ਸੁਚੇਤ , ਸਦਾ ਜਾਗਦਾ ਰਹਿਣ ਵਾਲਾ ਹੈ । ਬੰਦਾ , ਮਾਇਆ ਮੋਹ ਦੀ ਨੀਂਦ ਵਿਚ ਹਰ ਵੇਲੇ ਗਾਫਲ ਰਹਿੰਦਾ ਹੈ । ਹੇ ਪਰਮਾਤਮਾ ਇਹ ਸਮਰਥਾ , ਸਿਫਤ ਤੇ ਸਿਰਫ ਤੇਰੇ ਵਿਚ ਹੀ ਹੈ ਕਿ ਤੇਰੇ ਤੇ ਮਾਇਆ ਮੋਹ ਦੀ ਨੀਂਦ ਕਦੀ ਅਸਰ ਨਹੀਂ ਕਰਦੀ । ਹੇ ਸੁਖਾਂ ਦੇ ਸਮੁੰਦਰ ਪ੍ਰਭੂ , ਤੇਰੇ ਕੋਲ ਹੀ ਅੰਮ੍ਰਿਤ ਦੇ ਉਹ ਭੰਡਾਰ ਹਨ , ਜੋ ਮਾਇਆ ਮੋਹ ਦੇ ਵਿਚ , ਆਤਮਕ ਮੌਤੇ ਮਰੇ ਬੰਦੇ ਨੂੰ ਜਿਉਂਦਾ ਕਰਨ ਦੇ ਸਮਰੱਥ ਹੈ ।

               ॥1॥   ਜਾਗਤੁ ਬਿਗਸੈ ਮੂਠੋ ਅੰਧਾ ॥ ਗਲਿ ਫਾਹੀ ਸਿਰਿ ਮਾਰੇ ਧੰਧਾ ॥
                         ਆਸਾ ਆਵੈ ਮਨਸਾ ਜਾਇ ॥ ਉਰਝੀ ਤਾਣੀ ਕਿਛੁ ਨ ਬਸਾਇ ॥1॥
    ਬੰਦਾ ਅਜਿਹਾ ਸਮਝਦਾ ਹੈ ਕਿ ਮੈਂ ਬਹੁਤ ਸੁਚੇਤ ਹਾਂ , ਬਹੁਤ ਚਤੁਰ ਹਾਂ , ਇਸ ਭੁਲੇਖੇ ਵਿਚ ਹੀ ਉਹ ਖੁਸ਼ ਹੁੰਦਾ ਰਹਿੰਦਾ ਹੈ ਕਿ ਮੈਂ ਜਾਗ ਰਿਹਾ ਹਾਂ , ਹਰ ਪਾਸਿਉਂ ਚੌਕਸ ਹਾਂ , ਪਰ ਉਹ ਮਾਇਆ ਮੋਹ ਵਿਚ ਅੰਨ੍ਹਾ ਹੋਇਆ , ਵਿਕਾਰਾਂ ਹਥੋਂ ਲੁਟਿਆ ਜਾ ਰਿਹਾ ਹੈ , ਵਿਕਾਰ ਹਰ ਵੇਲੇ ਉਸ ਦੀ ਆਤਮਕ ਪੂੰਜੀ ਲੁੱਟ ਰਹੇ ਹਨ । ਉਸ ਦੇ ਗਲ ਵਿਚ ਤਾਂ ਮਾਇਆ ਮੋਹ ਦੀ ਫਾਹੀ ਪਈ ਹੋਈ ਹੈ , ਪਰ ਉਸ ਨੂੰ ਇਸ ਬਾਰੇ ਕੋਈ ਸੋਝੀ ਨਹੀਂ ਹੈ , ਜੋ ਉਹ ਉਸ ਤੋਂ ਛੁਟਕਾਰਾ ਪਾਉਣ ਦਾ ਉਪਰਾਲਾ ਕਰ ਸਕੇ । ਉਸ ਦੇ ਸਿਰ ਤੇ ਤਾਂ ਹਰ ਵੇਲੇ , ਦੁਨਿਆਵੀ ਲੋੜਾਂ ਦਾ ਭੂਤ ਸਵਾਰ ਰਹੰਦਾ ਹੈ । ਇਸ ਤਰ੍ਹਾਂ ਉਹ ਜਿਨ੍ਹਾਂ ਆਸਾਂ ਅਧੀਨ , ਇਸ ਸੰਸਾਰ ਵਿਚ ਆਉਂਦਾ ਹੈ , ਉਨ੍ਹਾਂ ਬਾਰੇ ਅਨੇਕਾਂ ਫੁਰਨੇ ਲੈ ਕੇ ਇਸ ਸੰਸਾਰ ਤੋਂ ਚਲੇ ਜਾਂਦਾ ਹੈ ।
    ਇਵੇਂ ਉਸ ਦੀ ਸਾਰੀ ਜ਼ਿੰਦਗੀ , ਆਸਾਂ ਅਤੇ ਉਨ੍ਹਾਂ ਨੂੰ ਪੁਰਾ ਕਰਨ ਲਈ , ਮਨ ਦੇ ਫੁਰਨਿਆਂ ਵਿਚ ਹੀ ਬੀਤ ਜਾਂਦੀ ਹੈ । ਆਪਣੀ ਜ਼ਿੰਦਗੀ ਦੀ ਉਲਝੀ ਹੋਈ ਤਾਣੀ ਨੂੰ ਸੁਲਝਾਉਣ ਬਾਰੇ , ਉਸ ਦਾ ਕੋਈ ਵੱਸ ਹੀ ਨਹੀਂ ਚਲਦਾ ।

              ॥2॥   ਕਹਿਉ ਨ ਬੂਝੈ ਅੰਧੁ ਨ ਸੂਝੈ ਭੋਂਡੀ ਕਾਰ ਕਮਾਈ ॥
                        ਆਪੇ ਪ੍ਰੀਂਤਿ ਪ੍ਰੇਮ  ਪਰਮੇਸੁਰੁ ਕਰਮੀ ਮਿਲੈ ਵਡਾਈ ॥2॥
    ਮਾਇਆ ਮੋਹ ਦੇ ਵਿਚ ਅੰਨ੍ਹਾ ਹੋਇਆ ਬੰਦਾ , ਕਿਸੇ ਦੀ ਦਿੱਤੀ ਹੋਈ ਸਿਖਿਆ ਨੂੰ ਸਮਝਦਾ ਹੀ ਨਹੀਂ । ਸ਼ਬਦ ਗੁਰੂ ਦੀ ਸਿਖਿਆ ਲਏ ਬਗੈਰ , ਆਪਣੇ ਆਪ ਉਸ ਨੂੰ , ਆਤਮਕ ਜੀਵਨ ਬਚਾਉਣ ਦਾ ਕੋਈ ਉਪਰਾਲਾ ਸੁਝਦਾ ਹੀ ਨਹੀਂ , ਅਤੇ ਉਹ ਨਿੱਤ ਬੁਰੇ ਕੰਮ ਹੀ ਕਰੀ ਜਾਂਦਾ ਹੈ ।
    ਪਰ ਜੀਵ ਦੇ ਆਪਣੇ ਵੱਸ ਦੀ ਕੋਈ ਗੱਲ ਨਹੀਂ ਹੈ , ਪਰਮਾਤਮਾ ਆਪ ਹੀ ਬੰਦੇ ਨੂੰ ਆਪਣੇ ਪਿਆਰ , ਆਪਣੀ ਭਗਤੀ ਨਾਲ ਜੋੜਦਾ ਹੈ , ਜਿਸ ਕਾਰਨ ਉਹ ਚੰਗੇ ਕੰਮ ਕਰਦਾ ਹੈ , ਅਤੇ ਚੰਗੇ ਕੰਮ ਕਰਨ ਆਸਰੇ ਉਸ ਨੂੰ ਵਡਿਆਈ ਮਿਲਦੀ ਹੈ ।

               ॥3॥   ਦਿਨੁ ਦਿਨੁ ਆਵੈ ਤਿਲੁ ਤਿਲੁ ਛੀਜੈ ਮਾਇਆ ਮੋਹੁ ਘਟਾਈ ॥
                         ਬਿਨੁ ਗੁਰ ਬੂਡੋ ਠਉਰ ਨ ਪਾਵੈ ਜਬ ਲਗ ਦੂਜੀ ਰਾਈ ॥3॥
    ਦਿਨ ਆਉਂਦੇ ਅਤੇ ਜਾਂਦੇ ਰਹਿੰਦੇ ਹਨ , ਤਿਲ-ਤਿਲ ਕਰ ਕ ਉਮਰ ਘਟਦੀ ਰਹਿੰਦੀ ਹੈ , ਪਰ ਮਾਇਆ ਦਾ ਮੋਹ ਬੰਦੇ ਦੇ ਅੰਦਰ ਓਵੇਂ ਹੀ ਟਿਕਿਆ ਰਹਿੰਦਾ ਹੈ । ਇਸ ਤਰ੍ਹਾਂ ਮਾਇਆ ਮੋਹ ਵਿਚ ਡੁੱਬੇ ਹੋੲ ਬੰਦੇ ਨੂੰ ਕਿਤੇ ਵੀ ਠਿਕਾਣਾ , ਆਸਰਾ ਨਹੀਂ ਮਿਲਦਾ । ਜਦ ਤਕ ਬੰਦੇ ਦੇ ਅੰਦਰ ਇਕ ਰਾਈ ( ਸਰ੍ਹੋਂ ਦਾ ਦਾਣਾ ) ਜਿੰਨਾ ਵੀ ਦੂਜਾ ਭਾਵ , ਪਰਮਾਤਮਾ ਤੋਂ ਇਲਾਵਾ ਕਿਸੇ ਦੂਸਰੇ ਤੇ ਤਿਲ ਮਾਤ੍ਰ ਵੀ ਵਿਸ਼ਵਾਸ ਰਹਿੰਦਾ ਹੈ , ਤਦ ਤਕ ਉਸ ਦਾ ਮਨ ਸ਼ਬਦ ਗੁਰੂ ਦੀ ਸਿਖਿਆ ਲਏ ਬਗੈਰ , ਭਟਕਦਾ ਰਹਿੰਦਾ ਹੈ , ਉਸ ਨੂੰ ਆਪਣੇ ਬਚਾਅ ਦਾ ਕੋਈ ਰਾਹ ਨਹੀਂ ਲੱਭਦਾ ।
  ( ਇਸ ਹਿਸਾਬ ਉਨ੍ਹਾਂ ਸਿੱਖਾਂ ਦਾ ਕੀ ਹਾਲ ਹੋਵੇਗਾ ਜੋ , ਸ਼ਬਦ ਗੁਰੂ ਨੂੰ ਛੱਡ ਕੇ , ਮਾਇਆ ਦੇ ਲੋਭੀ ਇਨਸਾਨਾਂ ਦਾ ਆਸਰਾ ਤਕਦੇ , ਡੇਰਿਆਂ ਵਿਚ ਧੱਕੇ ਖਾਂਦੇ , ਆਪਣੀ ਕਮਾਈ , ਆਪਣੀ ਇਜ਼ਤ ਅਤੇ ਕਈ ਵਾਰੀ ਤਾਂ ਆਪਣੀ ਜਾਨ ਵੀ ਗਵਾ ਲੈਂਦੇ ਹਨ। ਤਾਜ਼ੀ ਮਿਸਾਲ ਸਾਮ੍ਹਣੇ ਹੈ , ਜਿਸ ਵਿਚ ਇਕ ਮਿਲਟਰੀ ਦੇ ਰਿਟਾਇਰਡ ਮੇਜਰ ਨੂੰ , ਸਿਰਫ ਇਸ ਕਰ ਕੇ , ਉਸ ਦੇ ਮੂੰਹ ਤੇ ਤਿਜ਼ਾਬ ਪਾ ਕੇ ਉਸ ਦਾ ਚਿਹਰਾ ਸਾੜ ਦਿੱਤਾ ਗਿਆ , ਉਸ ਦੀ ਦੋਵਾਂ ਅੱਖਾਂ ਦੀ ਰੌਸ਼ਨੀ ਚਲੇ ਗਈ , ਕਿਉਂਕਿ ਉਹ ਪਹਿਲਾਂ ਮਾਣ ਸਿੰਹੁ ਪਿਹੋਵੇ ਵਾਲੇ ਦੇ ਡੇਰੇ ਵਿਚਲੇ ਹਸਪਤਾਲ ਵਿਚ , ਉਨ੍ਹਾਂ ਬੀਬੀਆਂ ਦੇ ਗਰਭ ਵਿਚਲੇ ਬੱਚਿਆਂ ਦੇ ਲਿੰਗ ਦੀ ਜਾਂਚ ਕਰਦਾ ਸੀ , ਜਿਨ੍ਹਾਂ ਨੂੰ ਮਾਣ ਸਿੰਹੁ ਵਲੋਂ , ਮੁੰਡਾ ਹੋਣ ਦਾ ਵਰ ਮਿਲਿਆ ਹੋਇਆ ਹੁੰਦਾ ਸੀ ।         ਤਾ ਕਿ ਜਿਸ ਬੀਬੀ ਦੇ ਗਰਭ ਵਿਚ ਕੁੜੀ ਹੋਵੇ , ਉਸ ਦਾ ਗਰਭ-ਪਾਤ ਕਰ ਕੇ , ਮਾਣ ਸਿੰਹੁ ਪਿਹੋਵੇ ਵਾਲੇ ਦੇ ਵਰ ਨੂੰ ਗਲਤ ਹੋਣ ਤੋਂ ਬਚਾ ਕੇ , ਉਸ ਨੂੰ ਝੂਠਾ ਹੋਣ ਤੋਂ ਬਚਾਇਆ ਜਾ ਸਕੇ । ਪਰ ਉਸ ਮੇਜਰ ਦੀ ਖੁਸ਼ ਕਿਸਤੀ , ਜਾਂ ਪਿਹੋਵੇ ਵਾਲੇ ਦੀ ਬਦਕਿਸਮਤੀ ਕਿ , ਉਸ ਤੇ ਡਾ. ਹਰਸ਼ਿੰਦਰ ਕੌਰ ਦੀ ਅਪੀਲ ਦਾ ਅਸਰ ਹੋ ਗਿਆ , ਅਤੇ ਉਸ ਨੇ ਇਸ ਘਿਨਾਉਣੇ ਕੰਮ ਤੋਂ ਤੋਬਾ ਕਰ ਲਈ । ਉਸ ਨੂੰ ਸਿਰਫ ਇਸ ਕਰ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ , ਉਹ ਡੇਰੇ ਦੀਆਂ ਕਰਤੂਤਾਂ , ਬਾਹਰ ਨਾ ਜ਼ਾਹਰ ਕਰ ਸਕੇ । ਪਰ ਉਹ ਉਸ ਡੇਰੇਦਾਰ ਸਾਧ ਦਾ ਪਾਜ ਨੰਗਾ ਕਰਨ ਲਈ ਜਿਉਂਦਾ ਬਚ ਗਿਆ )  

                  ॥4॥   ਅਹਿਨਿਸਿ ਜੀਆ ਦੇਖਿ ਸਮ੍‍ਾਲੈ ਸੁਖੁ ਦੁਖੁ ਪੁਰਬਿ ਕਮਾਈ ॥
                            ਕਰਮ ਹੀਣੁ ਸਚੁ ਭੀਂਖਿਆ ਮਾਂਗੈ ਨਾਨਕ ਮਿਲੈ ਵਡਾਈ ॥4॥    (1330)
    ਪਰਮਾਤਮਾ ਆਪ , ਦਿਨ-ਰਾਤ , ਬਹੁਤ ਧਿਆਨ ਨਾਲ , ਆਪਣੇ ਅਟੱਲ ਨਿਯਮਾਂ ਅਨੁਸਾਰ , ਜੀਵਾਂ ਦੀ ਦੇਖ-ਭਾਲ ਕਰਦਾ ਹੈ । ਬੰਦੇ ਨੂੰ ਸੁਖ , ਪਰਮਾਤਮਾ ਨਾਲ ਪਿਆਰ , ਪ੍ਰਭੂ ਨਾਲ ਮਿਲਾਪ । ਅਤੇ ਦੁੱਖ , ਪਰਮਾਤਮਾ ਤੋਂ ਦੂਰੀ , ਅਕਾਲ ਪੁਰਖ ਤੋਂ ਵਿਛੋੜਾ , ਆਪਣੇ ਪੂਰਬਲੇ ਕੀਤੇ ਕਰਮਾਂ ਆਸਰੇ  ਕੀਤੀ ਕਮਾਈ ਨੂੰ ਵੇਖਦਿਆਂ , ਕਰਤਾਰ ਦੇ ਅਟੱਲ ਨਿਯਮਾਂ ਅਨੁਸਾਰ ਹੀ ਮਿਲਦੇ ਹਨ ।
    ਹੇ ਪ੍ਰਭੂ , ਮੈਂ ਤਾਂ ਚੰਗੇ ਕਰਮ ਕਰਨ ਜੋਗਾ ਹਾਂ ਹੀ ਨਹੀਂ , ਮੈਂ ਤਾਂ ਇਹੀ ਲੋਚਦਾ ਹਾਂ ਕਿ  ਮੈਨੂੰ ਤੇਰਾ ਨਾਮ ਸਿਮਰਨ ਦੀ ਵਡਿਆਈ ਮਿਲ ਜਾਵੇ , ਇਸ ਲਈ ਨਾਨਕ ਤੇਰੇ ਦਰ ਤੋਂ , ਤੇਰਾ ਨਾਮ ਸਿਮਰਨ ਦੀ ਭਿੱਛਿਆ ਹੀ ਮੰਗਦਾ ਹੈ ।

                  ਅਮਰ ਜੀਤ ਸਿੰਘ ਚੰਦੀ
                           10-12-14 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.