ਕੈਟੇਗਰੀ

ਤੁਹਾਡੀ ਰਾਇ



ਬੀਰ ਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ, ਪੰਜਾਬ
ਫੇਸਬੁਕ ਤੇ ਚਲ ਰਹੀ ਚਰਚਾ ਬਾਰੇ ਕੁਝ ਵਿਚਾਰ
ਫੇਸਬੁਕ ਤੇ ਚਲ ਰਹੀ ਚਰਚਾ ਬਾਰੇ ਕੁਝ ਵਿਚਾਰ
Page Visitors: 2931
ਫੇਸਬੁਕ ਤੇ ਚਲ ਰਹੀ ਚਰਚਾ ਬਾਰੇ ਕੁਝ ਵਿਚਾਰ
ਸਿੱਖਾਂ ਨੂੰ ਤਾਂ ‘ਕਰਬਲਾ’ ਵਰਗੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਮਨਾਉਣੀ ਵੀ ਨਹੀਂ ਆਉਦੀਂ
ਇਹ ਸਾਲ ੧੯੬੭(1967) ਦਾ ਜ਼ਿਕਰ ਹੈ| ਗੁਰਦਵਾਰਾ ਫ਼ਤਿਹਗੜ੍ਹ ਸਾਹਿਬ (ਸਰਹੰਦ) ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ , ਸ਼ਹੀਦੀ 
ਜੋੜ ਮੇਲੇ ਸਮੇਂ , ੧੩(13) ਪੋਹ ਦੀ ਰਾਤ ਨੂੰ , ਸ਼ਹੀਦੀ ਕਵੀ ਦਰਬਾਰ ਸਜਾਇਆ
ਗਿਆ ਸੀ , ਜਿਸ ਵਿਚ ਚੋਟੀ ਦੇ ਕਵੀ ਪਹੁੰਚੇ ਹੋਏ ਸਨ। ਕਵੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਪਰਤ 
ਅਪਣੇ ਬੇਹਤਰੀਨ ਕਲਾਮ ਪੇਸ਼ ਕੀਤੇ ਅਤੇ ਸੰਗਤ ਦੀ ਵਾਹ-ਵਾਹ ਖੱਟੀ , ਪਰ ਸੱਭ ਤੋਂ ਵੱਧ ਪ੍ਰਸ਼ੰਸਾ ਉਸ ਸ਼ਾਇਰ ਨੂੰ ਮਿਲੀ , ਜਿਸ ਨੇ ਆਪਣੀ 
ਨਜ਼ਮ ਦਾ ਵਿਸ਼ਾ-ਵਸਤੂ , ਬਾਕੀਆਂ ਤੋ ਵਖਰਾ ਰੱਖ ਕੇ , ਆਪਣੀ ਨਜ਼ਮ ਪੇਸ਼ ਕੀਤੀ। ਇਹ ਕਵੀ ਸੀ , ਮਰਹੂਮ ਸਾਧੂ ਸਿੰਘ ਦਰਦ | ਉਸ ਦੀ
 ਨਜ਼ਮ ਦਾ ਉਨਵਾਨ ਸੀ , “ਇਹ ਸਰਹੰਦ ਨਹੀ , ਸਿੱਖਾਂ ਦੀ ‘ਕਰਬਲਾ’ ਹੈ!” ਮੈ ਉਸ ਸਮੇ ਮਾਤਾ ਗੁਜਰੀ ਕਾਲਜ , ਫ਼ਤਿਹਗੜ੍ਹ ਸਾਹਿਬ 
ਵਿਚ ਹਾਲੇ ਗਿਆਰਵੀਂ ਜਮਾਤ ਦਾ ਵਿਦਿਆਰਥੀ ਸੀ , ਇਸ ਲਈ ਮੇਰੀ ਸੂਝ ਅਤੇ ਸੂਝੀ ਵਿਚ ‘ਕਰਬਲਾ’ ਬਾਰੇ ਕੋਈ ਜਾਣਕਾਰੀ ਨਹੀਂ ਸੀ। ਪਰ
 ਸਾਧੂ ਸਿੰਘ ਦਰਦ ਦੀ ਕਵਿਤਾ ਨੇ , ਮੇਰੇ ਜ਼ਿਹਨ ਵਿਚ ਯਕਦਮ ਇਹ ਸਵਾਲ ਖੜਾ ਕਰ ਦਿਤਾ ਕਿ ਸ਼ਾਇਰ ਨੇ ਸਰਹੰਦ ਨੂੰ , ‘ਕਰਬਲਾ’ 
ਨਾਲ ਤਸ਼ਬੀਹ ਕਿਉਂ ਦਿਤੀ? ਬਸ ਇਸ ਸਵਾਲ ਨੇ ‘ਕਰਬਲਾ’ ਬਾਰੇ ਜਾਣਨ ਦੀ ਪਰਬਲ ਇੱਛਾ ਜਗਾ ਦਿਤੀ ।
ਕਰਬਲਾ ਦੇ ਪ੍ਰਸੰਗ ਵਿਚ ਸੰਖੇਪ ਜਹੀ ਜਾਣਕਾਰੀ ਇਸ ਤਰ੍ਹਾਂ ਹੈ : ਇਸਲਾਮ ਦੇ ਪੈਗ਼ੰਬਰ ਹਜ਼ਰਤ ਮੁਹਮਦ ਸਾਹਿਬ ਦੇ ਨਵਾਸੇ (ਦੋਹਤਰੇ) ਹਜ਼ਰਤ 
ਇਮਾਮ ਹੁਸੈਨ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ , ਅੱਜ ਤੋਂ ਕੋਈ ੧੩੩੨(1333) ਸਾਲ ਪਹਿਲਾਂ ੬੮੦(680) ਈਸਵੀ ੬੧(61) ਹਿਜਰੀ ਨੂੰ , ਇਕ 
ਸਾਜ਼ਸ਼ ਦੇ ਤਹਿਤ , ਇਰਾਕ ਦੇ ਕੂਫ਼ਾ ਸ਼ਹਿਰ ਦੇ ਨਜ਼ਦੀਕ , ਦਰਿਆ ਫ਼ਰਾਤ ਦੇ ਕਿਨਾਰੇ , ਕਰਬਲਾ ਦੇ ਮੈਦਾਨ ਵਿਚ , ਤਿੰਨ ਦਿਨ ਪਿਆਸਾ 
ਰੱਖ ਕੇ ਸ਼ਹੀਦ ਕਰ ਦਿਤਾ ਗਿਆ ਸੀ । ਕਰਬਲਾ ਦਾ ਮੈਦਾਨ ਉਹ ਜਗ੍ਹਾ ਹੈ ਜਿਥੇ ਯਦੀਦ ਦੇ ਲਸ਼ਕਰ ਨੇ ਹਜ਼ਰਤ ਇਮਾਮ ਹੁਸੈਨ ‘ਤੇ ਹਮਲਾ 
ਕਰ ਕੇ ਉਨ੍ਹਾਂ ਨੂੰ ੭੨(72) ਸਾਥੀਆਂ ਸਮੇਤ ਸ਼ਹੀਦ ਕਰ ਦਿਤਾ ਸੀ । ਸ਼ਹੀਦ ਹੋਣ ਵਾਲਿਆਂ ਵਿਚ ਹਜ਼ਰਤ ਇਮਾਮ ਹੁਸੈਨ ਦੇ ਪਰਵਾਰ ਦੇ ੧੮(18)
 ਮੈਂਬਰ ਵੀ ਸ਼ਾਮਲ ਸਨ । ਹਜ਼ਰਤ ਇਮਾਮ ਹੁਸੈਨ ਦੀ ਉਮਰ ਸ਼ਹਾਦਤ ਦੇ ਵਕਤ ੫੮(58) ਸਾਲ ਸੀ ਜਦਕਿ ਕਰਬਲਾ ਦੇ ਮੈਂਦਾਨ ਵਿਚ ਸਹੀਦ 
ਹੋਣ ਵਾਲੇ ਉਨ੍ਹਾਂ ਦੇ ਦੋ ਬੇਟਿਆਂ ‘ਚੋਂ ਅਲੀ ਅਕਬਰ ਦੀ ਉਮਰ ੧੮(18) ਸਾਲ ਅਤੇ ਅਲੀ ਅਸਗ਼ਰ ਦੀ ਉਮਰ ਕੇਵਲ ੬(6) ਮਹੀਨੇ ਦੀ ਸੀ 
।ਉਨ੍ਹਾਂ ਦੇ ਦੋ ਭਾਣਜੇ , ਔਨ ਅਤੇ ਮੁਹੰਮਦ , ਕਰਮਵਾਰ ੯(9) ਅਤੇ ੧੦(10) ਸਾਲ ਦੇ ਸਨ । ਇਨ੍ਹਾਂ ਦੀ ਸ਼ਹਾਦਤ ਨੂੰ ਖ਼ਰਾਜ-ਏ-ਅਕੀਦਤ 
ਪੇਸ਼ ਕਰਨ ਲਈ ਸ਼ੀਆਂ ਮੁਸਲਮਾਨਾ ਵਲੋ , ਹਰ ਸਾਲ , ਦਸ ਮੁਹੱਰਮ ਨੂੰ ਤਾਜ਼ੀਆਂ ਕਢਿਆ ਜਾਂਦਾ ਹੈ। ਮੁਹੱਰਮ ਇਸਲਾਮੀ ਕੈਲੰਡਰ ਦਾ ਪਹਿਲਾ
 ਮਹੀਨਾ ਹੈ |ਇਸਲਾਮ ਦੇ ਪੈਰੋਕਾਰ ਮੁਹੱਰਮ ਦੇ ਮਹੀਨੇ ਨੂੰ ਇਸਲਾਮ ਦੇ ਇਤਿਹਾਸ ਵਿਚ ਨਹਾਇਤ ਹੀ ਅਫ਼ਸੋਸਨਾਕ ਸਮਾਂ ਮੰਨਦੇ ਹਨ | ਇਥੋਂ 
ਤਕ ਕਿ ਮੁਹੱਰਮ ਦਾ ਚੰਨ ਚੜ੍ਹਨ ਸਮੇ ਸ਼ੀਆਂ ਫ਼ਿਰਕੇ ਨਾਲ ਤਾਅਲੁਕ ਰੱਖਣ ਵਾਲੀਆਂ ਔਰਤਾਂ , ਅਪਣੀਆਂ ਚੂੜੀਆਂ ਤਕ ਤੋੜ ਦਿੰਦੀਆਂ ਹਨ ਅਤੇ 
ਚਾਲੀ ਦਿਨ ਤਕ ਕੋਈ ਵੀ ਹਾਰ-ਸ਼ਿਗਾਰ ਨਹੀ ਕਰਦੀਆਂ , ਸੋਗ ਵਜੋਂ ਪੁਸ਼ਾਕ ਵੀ ਸਿਆਹ ਰੰਗ ਦੀ ਹੀ ਪਹਿਨਦੀਆਂ ਹਨ | ਚਾਲੀ ਦਿਨ ਤਕ 
ਕੋਈ ਖੁਸ਼ੀ ਨਹੀ ਮਨਾਈ ਜਾਂਦੀ | ਖਾਣ ਲਈ ਕੇਵਲ ਸਾਦਾ ਖਾਣਾ ਤਿਆਰ ਕੀਤਾ ਜਾਂਦਾ ਹੈ , ਜੋ ਕੇਵਲ ਜਿਉਣ ਲਈ ਲੋੜੀਦਾਂ ਹੈ , ਸੁਆਦਲੇ ਤੇ
 ਲਜ਼ੀਜ਼ ਪਕਵਾਨ ਇਸ ਸਮੇਂ ਦੌਰਾਨ ਨਹੀਂ ਪਕਾਏ ਜਾਂਦੇ । ਮੁਹੱਰਮ ਦਾ ਸਮਾਂ , ਗ਼ਮ-ਏ-ਹੁਸੈਨ ਦੇ ਤੌਰ ‘ਤੇ ਅੰਤਾਂ ਦੀ ਉਦਾਸੀ , ਸਾਦਗੀ ਅਤੇ 
ਹਲੀਮੀ ਵਿਚ ਰਹਿ ਕੇ ਗੁਜ਼ਾਰਿਆ ਜਾਂਦਾ ਹੈ । ਸ਼ੀਆ ਮੱਤ ਨੂੰ ਮੰਨਣ ਵਾਲੇ ਮੁਸਲਮਾਨ ਮਰਦ ਤਾਂ ਤਾਅਜ਼ੀਏ ਕੱਢਣ ਵਕਤ ਅਪਣੀਆਂ ਛਾਤੀਆਂ 
ਪਿੱਟ-ਪਿੱਟ ਕੇ , ਯਾ-ਹੁਸੈਨ ਯਾ-ਹੁਸੈਨ ਪੁਕਾਰਦੇ , ਲਹੂ-ਲੁਹਾਨ ਹੋ ਜਾਂਦੇ ਹਨ । ਉਨ੍ਹਾਂ ਦਾ ਮੰਨਣਾ ਹੈ ਕਿ ਇੰਜ ਕਰਨ ਨਾਲ ਉਹ ਇਨ੍ਹਾਂ 
ਸ਼ਹਾਦਤਾਂ ਨੂੰ ਲਹੂ ਦਾ ਨਜ਼ਰਾਨਾ ਭੇਟ ਕਰਦੇ ਹਨ । ਕਰਬਲਾ ਦੇ ਮੈਦਾਨ ਦਾ ਇਹ ਦਰਦਨਾਕ ਮੰਜਰ ਇਸਲਾਮ ਦੀ ਤਵਾਰੀਖ ਵਿਚ ਭਾਰੀ ਮਹੱਤਵ
 ਰਖਦਾ ਹੈ । ਸਰ ਮੁਹਮੰਦ ਇਕਬਾਲ ਲਿਖਦੇ ਹਨ ,
“ਕਤਲ-ਏ-ਹੁਸੈਨ ਅਸਲ ਮੇਂ ਮਰਗ-ਏ-ਯਦੀਦ ਹੈ ,
ਇਸਲਾਮ ਜਿੰਦਾ ਹੋਤਾ ਹੈ ਹਰ ‘ਕਰਬਲਾ’ ਕੇ ਬਾਦ “
ਜਹੀ ਜਾਣਕਾਰੀ ਨਾਲ , ਆਓ ਹੁਣ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੋਟੇ ਸ਼ਾਹਿਬਜ਼ਾਦੇ , ਬਾਬਾ ਜ਼ੋਰਾਵਰ ਸਿੰਘ , ਬਾਬਾ ਫ਼ਤਿਹ
 ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀਆ ਸ਼ਹਾਦਤਾਂ ਦੀ ਗੱਲ ਕਰੀਏ | ਬਾਬਾ ਜ਼ੋਰਾਵਰ ਸਿੰਘ ਦੀ ਉਮਰ ਸ਼ਹਾਦਤ ਦੇ ਵਕ਼ਤ ੯(9 )ਸਾਲ ਸੀ 
ਅਤੇ ਬਾਬਾ ਫ਼ਤਿਹ ਸਿੰਘ ਦੀ ਉਮਰ ੭(7 ) ਸਾਲ ਸੀ | ਇਨ੍ਹਾਂ ਨੂੰ ਆਪਣੇ ਧਰਮ ਅਤੇ ਸਿਖੀ ਸਿਦਕ ਪ੍ਰਤੀ ਵਫ਼ਾ ਪਾਲਣ ਬਦਲੇ , ਸੂਬਾ ਸਰਹੰਦ
 ਵਜ਼ੀਰ ਖ਼ਾਂ ਦੇ ਹੁਕਮ ਨਾਲ ੧੩(13 ) ਪੋਹ ਸੰਮਤ ੧੭੬੧(1761) ਬਿਕ੍ਰਮੀ ਅਰਥਾਤ ੨੭(27 ) ਦਸੰਬਰ , ੧੭੦੪(1704 ) ਈਸਵੀ ਨੂੰ 
ਜਿਊਂਦੇ ਦਿਵਾਰਾਂ ਵਿਚ ਚਿਣ ਕੇ ਸ਼ਹੀਦ ਕਰ ਦਿਤਾ ਗਿਆ | ਕੁਝ ਇਤਿਹਾਸਕਾਰਾਂ ਦਾ ਮੰਨਣਾਂ ਹੈ ਕਿ ਦੀਵਾਰ ਚਿਣੇ ਜਾਣ ਤੋਂ ਬਾਅਦ , ਵਾਰ-ਵਾਰ
 ਡਿਗਦੀ ਰਹੀ ਤਾ ਮਾਸੂਮ ਸਾਹਿਬਜ਼ਾਦਿਆਂ ‘ਤੇ ਤਲਵਾਰ ਦਾ ਵਾਰ ਕਰ ਕੇ ਉਨਾ ਦੇ ਸੀਸ ਧੜ ਨਾਲੋ ਜੁਦਾ ਕਰ ਕੇ ਸ਼ਹੀਦ ਕੀਤਾ ਗਿਆ | ਉਸੇ
 ਹੀ ਦਿਨ ,ਜਦੋ ਮਾਤਾ ਗੁਜਰੀ ਜੀ ਨੂੰ ਸਰਹੰਦ ਦੇ ਠੰਡੇ ਬੁਰਜ ਵਿਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਖਬਰ ਮਿਲੀ ਤਾ ਮਾਤਾ ਜੀ ਵੀ 
ਸਰੀਰ ਤਿਆਗ ਕੇ ਜੋਤੀ ਜੋਤ ਸਮਾ ਗਏ | ਮਨੁੱਖਤਾ ਦੇ ਇਤਿਹਾਸ ਵਿਚ ਇਸ ਅਦੁਤੀ ਸ਼ਹਾਦਤ ਜਹੇ ਭਿਆਨਕ ਕਹਿਰ ਦਾ ਮੰਜ਼ਰ , ਹੋਰ ਕਿਧਰੇ
 ਵੀ ਵਿਖਾਈ ਨਹੀ ਦਿੰਦਾ । ਗੁਰੂ ਜੀ ਦੇ ਵੱਡੇ ਦੋਵੇ ਸ਼ਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਸਮੇਂ ਉਮਰ ੧੮(18 ) ਸਾਲ ਦੀ ਸੀ ਅਤੇ
 ਬਾਬਾ ਜੁਝਾਰ ਸਿੰਘ ਜੀ ਦੀ ਉਮਰ ੧੪(14 ) ਸਾਲ ਸੀ | ਇਹ ਦੋਵੇ ਸ਼ਾਹਿਬਜ਼ਾਦੇ , ੮(8 ) ਪੋਹ ਸੰਮਤ ੧੭੬੧(1761 ) ਬਿਕ੍ਰਮੀ ਅਰਥਾਤ
 22 ਦਸੰਬਰ , 1704 ਈਸਵੀ ਨੂੰ ਦਸਮ ਪਾਤਸ਼ਾਹ ਹਜੂਰ ਦੀਆਂ ਨਜ਼ਰਾਂ ਸਾਹਮਣੇ , ਦੁਸ਼ਮਣਾ ਨਾਲ ਜੰਗ ਲੜਦੇ ਹੋਏ ਚਮਕੌਰ ਦੇ ਧਰਮ ਯੁਧ 
ਵਿਚ , ਵੱਡੀ ਵੀਰਤਾ ਨਾਲ ਸ਼ਹੀਦੀਆਂ ਪਾ ਗਏ | ਗੁਰੂ ਜੀ ਦੇ ਚਾਰੇ ਸ਼ਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਪੰਜ ਦਿਨ ਦੇ ਵਕਫ਼ੇ ਅੰਦਰ-ਅੰਦਰ 
ਹੀ ਸ਼ਹੀਦੀਆਂ ਪਾ ਗਏ | ਇਨ੍ਹਾਂ ਸ਼ਹਾਦਤਾਂ ਨੂੰ ਹਾਲੇ 309ਵਰ੍ਹੇ ਹੋਏ ਹਨ | ਕੌਮਾਂ ਦੀ ਤਵਾਰੀਖ਼ ਦਾ ਲੇਖਾ-ਜੋਖਾ ਕਰਨ ਸਮੇਂ , ਇਹ ਅਵਧੀ ਕੋਈ
 ਏਨੀ ਜ਼ਿਆਦਾ ਨਹੀਂ ਕਿ ਕੌਮ ਦੇ ਚੇਤਿਆਂ ਵਿਚੋ , ਛੋਟੇ ਸਾਹਿਬਜ਼ਾਦਿਆਂ ਵਰਗੇ ਸ਼ਹੀਦ ਮਨਫ਼ੀ ਹੋ ਜਾਣ | ਸ਼ਹੀਦਾ ਨੂੰ ਇਕ ਖਾਸ ਅਦਬ ਅਤੇ
 ਮਰਿਆਦਾ ਨਾਲ ਯਾਦ ਕਰਨਾ ਹੀ , ਅਪਣੇ ਅਕੀਦੇ ਪ੍ਰਤੀ ਸੱਚੀ ਵਫਾਦਾਰੀ ਦਾ ਹਲਫ਼ ਹੈ । ਸ਼ਹੀਦ ਕਦੇ ਮਰਦੇ ਨਹੀ , ਮੌਤ ਤਾ ਜੁਲਮ ਦੀ 
ਹੁੰਦੀ ਹੈ । ਅਜਿਹੇ ਸ਼ਹੀਦਾ ਦੀਆਂ ਸ਼ਹਾਦਤਾਂ ਦੇ ਸੱਚ ਸਦਾ ਸਜਰੇ , ਜਗਦੇ ਅਤੇ ਮਘਦੇ ਰਹਿਦੇ ਹਨ | ਸ਼ਹੀਦਾਂ ਦੇ ਲਹੂ ਨਾਲ ਲਿਖੀਆਂ ਇਬਾਰਤਾਂ 
ਕਦੇ ਫਿੱਕੀਆਂ ਨਹੀ ਪੈਂਦੀਆਂ । ਮਹਿਸੂਸ ਕਰਨ ਵਾਲਿਆਂ ਲਈ , ਸ਼ਹੀਦੀਆਂ ਦੀ ਸ਼ਿੱਦਤ ਅਤੇ ਵੇਦਨਾ , ਉਨ੍ਹਾਂ ਦੇ ਜਜ਼ਬਾਤ ਅੰਦਰ ,ਸਦਾ 
ਸਰਸਬਜ਼ ਰਹਿੰਦੀ ਹੈ । ਕਮਜੋਰ ਤੇ ਬੁਜਦਿਲ ਮਨਾ ਦੇ ਅਕੀਦੇ ਸਮੇ ਦੀ ਗਰਦਸ਼ ਨਾਲ ਕਮਜੋਰ ਪੈ ਜਾਂਦੇ ਹਨ । ਸਮਾਂ ਪਾ ਕੇ , ਉਨ੍ਹਾਂ ਦੇ ਮਨਾ
 ਅੰਦਰ ਅਪਣੇ ਸਿੱਦਕ ਪ੍ਰਤੀ ਵਫ਼ਾ ਪਾਲਣ ਦੀ ਸਿੱਕ ਅਤੇ ਸਮਰਥਾ ਹੀ ਮਰ ਜਾਂਦੀ ਹੈ | ਅਜਿਹੇ ਸਿਦਕਹੀਣ ਬੰਦੇ ਤਾਂ ਧਰਤੀ ‘ਤੇ ਬੋਝ ਹੀ ਹੁੰਦੇ
 ਹਨ | ਜਿਨਾਂ ਘਰਾਂ ਵਿਚ ਸ਼ਹੀਦਾ ਪ੍ਰਤੀ ਈਮਾਨ ਅਤੇ ਸਿੱਦਕ ਪ੍ਰਤੀ ਵਫ਼ਾ ਦੀ ਸ਼ਮਾਂ ਨਹੀ ਜਗਦੀ , ਉਹ ਘਰ , ਘਰ ਨਹੀ ਹੁੰਦੇ | ਅਜਿਹੇ 
ਸਰਾਪੇ ਘਰਾਂ ਨੂੰ ਹੀ ਤਾ ‘ਭੂਤਵਾੜਾ’ ਆਖਦੇ ਹਾਂ |
ਇਹ ਸਾਲ ੨੦੦੩ (2003) ) ਦਾ ਜਿਕਰ ਹੈ | ਮੈ ਅਮਰੀਕਾ ਦੀ ਇਕ ਯੂਨੀਵਰਸਟੀ ਵਿਚ ‘ਅੰਤਰ-ਧਰਮ ਇਕ ਅਨੁਭਵ’ ਵਿਸ਼ੇ ‘ਤੇ ਰੱਖੀ ਇਕ
 ਗਿਆਨ-ਗੋਸ਼ਟੀ ਵਿਚ ਅਪਣੇ ਵਿਚਾਰ ਪੇਸ਼ ਕਰ ਰਿਹਾ ਸੀ | ਯੂਨੀਵਰਸਟੀ ਆਡੀਟੋਰੀਅਮ ਦੇ ਮੰਚ ਦੇ ਚਬੂਤਰੇ ਦੇ ਸਾਹਮਣੇ ਵਾਲੀ ਦੀਵਾਰ ‘ਤੇ 
ਪ੍ਰਭੂ ਯਸੂ ਮਸੀਹ ਦੀ ਇਕ ਲਹੂ-ਲੁਹਾਨ ਆਦਮ ਕੱਦ ਮੂਰਤੀ ਸਲੀਬ ‘ਤੇ ਲਟਕ ਰਹੀ ਸੀ | ਪ੍ਰਭੂ ਯਸੂ ਮਸੀਹ ਦੇ ਹੱਥਾਂ ਅਤੇ ਪੈਰਾਂ ਵਿਚ ਮੇਖਾਂ 
ਗੱਡੀਆਂ ਹੋਈਆਂ ਸਨ ਤੇ ਜ਼ਖ਼ਮਾ ਵਿਚੋ ਖੂਨ ਸਿਮਦਾ ਵਿਖਾਇਆ ਹੋਇਆ ਸੀ | ਮੈ ਅਪਣੀ ਤਕਰੀਰ ਪ੍ਰਭੂ ਯਸੂ ਮਸੀਹ ਦੀ ਮੂਰਤੀ ਤੇ ਸਲੀਬ ਦੇ 
ਜ਼ਿਕਰ ਨਾਲ ਅਰੰਭ ਕੀਤੀ | ਉਸ ਤੋ ਬਾਅਦ ਅਪਣੀ ਬੋਲਣ ਵਿਧੀ ਰਾਹੀਂ ਅਪਣੀ ਜਾਣ-ਪਛਾਣ ਦੇਣ ਸਮੇਂ , ਸਰੋਤਿਆਂ ਨੂੰ ਸਿੱਖ ਇਤਿਹਾਸ ਦੇ 
ਝਰੋਖਿਆਂ ਵਿਚੋਂ ਦੀ , ਸਰਹੰਦ ਦੀਆਂ ਦੀਵਾਰਾਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੋੜ ਲਿਆ |ਸਰੋਤੇ ਸਾਹ ਸੂਤ ਕੇ ਇਸ ਖ਼ੌਫ਼ਨਾਕ 
ਮੰਜਰ ਦਾ ਬਿਆਨ ਸੁਣ ਰਹੇ ਸਨ | ਇਜ ਲਗ ਰਿਹਾ ਸੀ ਜਿਵੇ ਉਹ ਸਾਰੇ ਦੇ ਸਾਰੇ ਮੇਰੇ ਨਾਲ ਮਿਲ ਕੇ , ਸਰਹੰਦ ਦੀਆਂ ਖੂਨੀ ਦੀਵਾਰ ਦੇ 
ਸਨਮੁਖ ਆ ਖੜੇ ਹੋਏ ਸਨ | ਸਰੋਤਿਆਂ ਦੀ ਪਹਿਲੀ ਕਤਾਰ ਵਿਚ ਯੂਨੀਵਰਸਿਟੀ ਦੇ ਵਿਦੇਸ਼ੀ ਵਿਦਿਆਰਥੀਆਂ ਦੀ ਡੀਨ ਡਾਕਟਰ ਵੈਂਡੀ ਬੈਠੀ ਹੋਈ 
ਸੀ | ਇਤਫਾਕ਼ ਨਾਲ ਉਸ ਦੇ ਦੋਵੇ ਪਾਸੇ , ਸਜੇ ਅਤੇ ਖਬੇ , ਉਸ ਦੇ ਦੋ ਪੁਤਰ ਬੈਠੇ ਹੋਏ ਸਨ , ਜੋ ਉਮਰ ਵਿਚ ਦਸ ਸਾਲ ਤੋ ਛੋਟੀ ਉਮਰ
 ਦੇ ਜਾਪਦੇ ਸਨ | ਮੈ ਵੇਖ ਰਿਹਾ ਸੀ ਕਿ ਡਾਕਟਰ ਵੈਂਡੀ ਨੇ ਸਰਹੰਦ ਦੀ ਦਾਸਤਾਨ ਦਾ ਹੌਲਨਾਕ ਵਿਸਥਾਰ ਸੁਣਦਿਆਂ , ਕਈ ਵਾਰੀ ਰੁਮਾਲ
 ਨਾਲ ਅੱਖਾਂ ਵਿਚੋ ਵਗਦੇ ਹੰਝੂ ਪੂੰਝੇ ਸਨ | ਉਹ ਇਕ ਸਹਿਮੀ ਹੋਈ ਮਨੋ-ਅਵੱਸਥਾ ਵਿਚ , ਬਾਰ-ਬਾਰ ਆਪਣੇ ਦੋਵਾਂ ਪੁੱਤਰਾ ਨੂੰ ਅਪਣੀ ਹਿਕੜੀ
 ਨਾਲ ਲਾ ਰਹੀ ਸੀ | ਮੈ ਸਮਝ ਰਿਹਾ ਸੀ ਕਿ ਉਸ ਦੇ ਮਨ ‘ਤੇ ਕੀ ਗੁਜਰ ਰਿਹਾ ਹੈ | ਸ਼ਾਇਦ ਉਹ ਉਸ ਵੇਲੇ ਤਸੱਵਰ ਵਿਚ , ਮਾਤਾ ਗੁਜਰ
 ਕੌਰ ਜੀ ਨੂੰ ਯਾਦ ਕਰਦੀ ਹੋਈ , ਜ਼ਬਰਦਸਤ ਮਾਨਸਕ ਪੀੜਾ ਵਿਚ , ਉਨ੍ਹਾਂ ਭਿਆਨਕ ਪਲਾਂ ਨੂੰ ਜੀਅ ਰਹੀ ਸੀ , ਜੋ ਮਾਤਾ ਗੁਜਰ ਕੌਰ ਜੀ 
ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਸੁਣਨ ਤੋ ਲੈ ਕੇ ਅਕਾਲ ਚਲਾਣਾ ਤਕ ਹੰਡਾਏ ਸਨ | ਜਦੋ ਮੈ ਸਰਹੰਦ ਦੇ ਇਤਿਹਾਸ ਦੀ ਦਰਦਨਾਕ
 ਵਿਥਿਆ ਸਮਾਪਤ ਕੀਤੀ ਤਾ ਪੂਰੇ ਦੇ ਪੂਰੇ ਆਡੀਟੋਰੀਅਮ ਵਿਚ ਇਕ ਅਜੀਬ ਸਨਾਟਾ ਜਿਹਾ ਛਾਇਆ ਹੋਇਆ ਸੀ | ਲਗਪਗ ਸਾਰੇ ਸਰੋਤਿਆਂ
 ਦੀਆਂ ਅੱਖੀਆਂ ਨਮ ਸਨ | ਮੈ ਖੁਦ ਵੀ ਸਿਰ ਤੋ ਪੈਰਾਂ ਤਕ ਅਥਰੂ- ਅਥਰੂ ਸਾਂ | ਕੁਝ ਪਲ ਦੀ ਖ਼ਾਮੋਸ਼ੀ ਤੋ ਬਾਅਦ ਮੈਂ ਸਰੋਤਿਆਂ ਨੂੰ ਪੁਛਿਆ 
ਕਿ ਜੇ ਉਨ੍ਹਾਂ ਦੇ ਮਨ ਵਿਚ ਕੋਈ ਦੁਬਿਧਾ ਜਾਂ ਸਵਾਲ ਹੈ ਤਾ ਪੁਛ ਸਕਦੇ ਹਨ | ਬਸ ਇਹ ਕਹਿਣ ਦੀ ਦੇਰ ਸੀ ਕਿ ਮੰਤਰ-ਮੁਗਧ ਹੋਏ ਅਮਰੀਕਨ
 ਸਰੋਤੇ ਇਕ-ਇਕ ਕਰ ਕੇ ਸਵਾਲ ਕਰਨ ਲਗੇ | ਉਨ੍ਹਾਂ ਵਿਚੋ ਕੁਝ ਕੁ ਸਵਾਲ ਅਜਿਹੇ ਸਨ , ਜਿਨਾ ਨੇ ਮੇਰੀ ਸੰਵੇਦਨਸ਼ੀਲਤਾ ਨੂੰ ਝੰਜੋੜ ਕੇ ਰਖ 
ਦਿਤਾ , ਜੋ ਆਪ ਸਭ ਨਾਲ ਸਾਂਝੇ ਕਰਨੇ ਜਰੂਰੀ ਸਨ :
ਪਹਿਲਾ ਸਵਾਲ ਇਸ ਤਰ੍ਹਾਂ ਸੀ :-
ਕਿਰਪਾ ਕਰਕੇ ਇਹ ਦਸੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ , ਵਜੀਰ ਖ਼ਾਂ ਦੀ ਕਚਹਿਰੀ ਵਿਚ ਪੇਸ਼ੀ ਲਈ ਜਾਣ ਤੋ ਪਹਿਲਾ , ਕਿਸ ਦੀ
 ਸੰਗਤ ਵਿਚ ਸਨ ? ਅਜਿਹੀ ਕਿਹੜੀ ਮਹਾਨ ਅਤੇ ਮਜਬੂਤ ਪ੍ਰੇਰਨਾ ਸੀ ਜਿਸ ਸਦਕਾ , ਉਨ੍ਹਾਂ ਵਜੀਰ ਖ਼ਾ ਦੇ ਡਰਾਵੇ ਅਤੇ ਬਹਿਕਾਵਿਆਂ ਨੂੰ
 ਦਰ-ਕਿਨਾਰ ਕਰਦੇ ਹੋਏ , ਡੋਲਣ ਅਤੇ ਘਬਰਾਉਣ ਦੀ ਬਜਾਏ , ਜਿਊਣ ਦੀ ਇੱਛਾ ਦੇ ਇਖ਼ਤਿਆਰ ਨੂੰ ਠੁਕਰਾ ਕੇ , ਸਿਖੀ ਸਿੱਦਕ ‘ਤੇ ਕਾਇਮ 
ਰਹਿੰਦੇ ਹੋਏ , ਮੌਤ ਨੂੰ ਮਨਜੂਰ ਕਰਨ ਨੂੰ ਤਰਜੀਹ ਦਿਤੀ ?
ਦੂਜਾ ਸਵਾਲ ਇਸ ਇਸ ਤਰ੍ਹਾਂ ਸੀ :-
ਮਾਸੂਮ ਸਾਹਿਬਜ਼ਾਦਿਆਂ ਨੂੰ ਜਦੋ ਜਿਊਂਦੇ ਦੀਵਾਰਾਂ ਵਿਚ ਚਿਣਨਾ ਸ਼ੁਰੂ ਕੀਤਾ ਤਾਂ ਇਸ ਵਿਕਰਾਲ ਪ੍ਰਕਿਰਿਆ ਵਿਚ ਲਗਪਗ ਕਿਨਾ ਕੁ ਸਮਾ ਲਗਾ 
ਹੋਵੇਗਾ ? ਜਦੋ ਇਹ ਸਮਾ , ਹਰ ਸਾਲ ਆਉਦਾ ਹੈ ਤਾ ਸਿਖ ਕੌਮ , ਇਹ ਭਿਆਨਕ ਪਲ ਕਿਸ ਤਰ੍ਹਾਂ ਗੁਜ਼ਾਰਦੀ ਹੈ ? ਇਸ ਹਿਰਦੇ ਵੇਧਕ ਸਮੇ
 ਵਿਚ , ਮਾਸੂਮ ਸਾਹਿਬਜ਼ਾਦਿਆਂ ਦੀ ਪੀੜਾ ਨੂੰ ਤੁਸੀਂ ਕਿੰਜ ਅਨੁਭਵ ਕਰਦੇ ਹੋ ਅਤੇ ਉਸ ਖ਼ਾਸ ਵਕ਼ਤ ‘ਤੇ ਤੁਹਾਡੀ ਵਿਅਸਤਤਾ ਅਤੇ ਅਮਲ ਕੀ
 ਹੁੰਦੇ ਹਨ ?
ਪਹਿਲੇ ਸਵਾਲ ਦਾ ਜਵਾਬ ਤਾਂ ਮੈ ਬੜੇ ਠਰੰਮੇ ਤੇ ਵਿਸਥਾਰ ਨਾਲ ਦੇ ਦਿਤਾ , ਪਰ ਦੂਜੇ ਸਵਾਲ ਨੇ ਮੈਨੂੰ ਸ਼ਰਮ ਨਾਲ ਪਾਣੀ-ਪਾਣੀ ਕਰ ਦਿਤਾ |
 ਉਨ੍ਹਾਂ ਸੁਹਿਰਦ ਸਰੋਤਿਆਂ ਦੇ ਤਾਂ ਸਰਹੰਦ ਦੀ ਦਾਸਤਾਨ ਦਾ ਵਰਨਣ ਸੁਣ ਕੇ ਹੀ ਹੰਝੂ ਵਹਿ ਤੁਰੇ ਸਨ | ਮੈ ਉਨ੍ਹਾਂ ਨੂੰ ਕਿਸ ਤਰ੍ਹਾਂ ਦਸਦਾ ਕਿ 
ਸਿੱਖ ਤਾਂ ਹੁਣ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਦਿਨ , ਵਿਆਹ ਸ਼ਾਦੀਆਂ ਵੀ ਕਰਨ ਲਗ ਪਏ ਹਨ | ਇਕ ਪਾਸੇ ਸਾਹਿਬਜ਼ਾਦਿਆਂ ਦੇ ਨੀਹਾਂ 
ਵਿਚ ਚਿਣਨ ਦਾ ਸਮਾ ਆਉਦਾ ਹੈ , ਦੂਜੇ ਪਾਸੇ ਬੈਂਡ-ਵਾਜੇ ਵਜਦੇ ਹਨ , ਬਰਾਤਾਂ ਢੁਕਦੀਆਂ ਹਨ , ਸ਼ਹਿਨਾਈਆਂ ਦੀ ਗੂੰਜ ਵਿਚ ਕੁੜਮ 
ਮਿਲਣੀਆਂ ਕਰਦੇ ਹਨ , ਸਿਖ ਬਰਾਤੀ ਸ਼ਰਾਬਾਂ ਪੀ ਕੇ ਭੰਗੜੇ ਪਾਂਉਦੇ ਤੇ ਖਰਮਸਤੀਆਂ ਕਰਦੇ ਹਨ | ਮੈ ਕਿੰਜ ਦਸਦਾ ਕਿ ਸ਼ਹੀਦੀ ਜੋੜ ਮੇਲੇ
 ‘ਤੇ ਜੁੜਨ ਵਾਲੀ ਭੀੜ ਵਿਚ ਅੱਧੇ ਸਿਰੋ ਨੰਗੇ ਅਤੇ ਰੋਡੀ-ਭੋਡੀ ਸਿਖ ਸਾਧ-ਸੰਗਤ ਅਖਵਾਉਣ ਵਿਚ ਹੀ ਫ਼ਖਰ ਮਹਿਸੂਸ ਕਰਦੇ ਹਨ | ਭਲਾ 
ਮੈ ਕਿੰਝ ਦਸਦਾ ਕਿ ਅਜਕਲ ਤਾ ਸ਼ਹੀਦੀ ਜੋੜ ਮੇਲੇ ‘ਤੇ ਲੰਗਰਾਂ ਵਿਚ ਲੱਡੂ-ਜਲੇਬੀਆਂ ਵੀ ਪਕਦੇ ਹਨ ਅਤੇ ਗੁਰੂ ਦੇ ਲਾਲਾਂ ਦੀਆਂ ਸ਼ਹੀਦੀਆਂ 
‘ਤੇ ‘ਖ਼ਿਰਾਜ-ਏ-ਅਕੀਦਤ’ ਭੇਟ ਕਰਨ ਆਏ ਤੀਰਥ ਯਾਤਰੀ , ਬੜੇ ਸਵਾਦ ਨਾਲ ਲੱਡੂ-ਜਲੇਬੀਆਂ ਛਕਦੇ ਹਨ | ਮੈ ਕਿੰਝ ਦਸਦਾ ਕਿ ਸ਼ਹੀਦੀ 
ਜੋੜ ਮੇਲੇ ‘ਤੇ ਪੁੱਜਣ ਵਾਲੀ ਸੰਗਤ ਲਈ , ਸੜਕਾ ‘ਤੇ ਜਗਾ-ਜਗਾ ਲਾਏ ਜਾਂਦੇ ਲੰਗਰਾਂ ਵਿਚ ਲੰਗਰ ਵਰਤਾਉਣ ਵਾਲੇ ਸਿਖ ਨੌਜਵਾਨਾਂ ਵਿਚ ਕੋਈ 
ਟਾਵਾਂ-ਟੱਲਾ ਹੀ ਕੇਸਾਧਾਰੀ ਹੁੰਦਾ ਹੈ , ਬਾਕੀ ਸਿਖਾ ਦੀ ਅਧੀ ਨਾਲੋ ਵਧ ਨੌਜਵਾਨ ਪੀੜ੍ਹੀ ਹੁਣ ਰੋਡੀ-ਭੋਡੀ ਹੋ ਗਈ ਹੈ | ਸ਼ਰਾਬ ਦੇ ਠੇਕੇ ਵੀ 
ਫ਼ਤਿਹਗੜ੍ਹ ਸਾਹਿਬ ਦੇ ਗੁਰੁਦਵਾਰੇ ਦੇ ਇਰਦ-ਗਿਰਦ ਨੂੰ ਛੱਡ ਕੇ , ਸ਼ਰਾਬੀਆਂ ਦੀ ਸਹੂਲਤ ਲਈ ਅਤੇ ਸ਼ਰਾਬ ਦੇ ਠੇਕੇਦਾਰਾ ਦੀ ਆਮਦਨ ਦਾ 
ਖ਼ਿਆਲ ਰਖਦੇ ਹੋਏ , ਬਾਕੀ ਸਾਰੇ ਜ਼ਿਲ੍ਹਾਂ ਫ਼ਤਿਹਗੜ੍ਹ ਸਾਹਿਬ ਵਿਚ ਖੁਲੇ ਰਖੇ ਜਾਂਦੇ ਹਨ | ਮੇਰੇ ਪਾਸ ਇਸ ਸਵਾਲ ਦਾ ਜਵਾਬ ਵੀ ਨਹੀ ਸੀ
 ਕਿ ਹਾਲੇ ਤਕ , ਸਿਖ ਕੌਮ ਦੇ ਧਾਰਮਕ ਅਤੇ ਸਮਾਜਕ ਵਰਤਾਰਿਆਂ ਨੂੰ ਸੇਧ ਦੇਣ ਵਾਲੀ ਸ਼੍ਰੋਮਣੀ ਸੰਸਥਾ , ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ
 ਨੇ ਪੰਜ ਸਿਖ ਤਖ਼ਤਾਂ ਦੇ ਸਿੰਘ ਸਾਹਿਬਾਨ ਰਾਹੀਂ , ਹਾਲੇ ਤਹਿ ਹੀ ਨਹੀ ਕੀਤਾ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿਚ ਜਿਊਂਦੇ ਚਿਣਨ ਦੀ 
ਪ੍ਰਕਿਰਿਆ ਤੋ ਸ਼ੁਰੂ ਹੋ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤਕ ਦੇ ਸਮੇ ਦਰਮਿਆਨ , ਸਮੁੱਚੀ ਸਿਖ ਕੌਮ ਦੀ ਵਿਅਸਤਤਾ , ਸਮੂਹਕ ਅਮਲ ਅਤੇ 
ਵਰਤਾਰੇ ਕੀ ਹੋਣੇ ਚਾਹੀਦੇ ਹਨ ?
ਅਮਰੀਕਾ ਤੋ ਵਾਪਸ ਪਰਤਦਿਆਂ ਹੀ , ਮੈ ਸਭ ਤੋ ਪਹਿਲਾ ਇਹ ਦਰਦ , ਸਿਖ ਪੰਥ ਦੇ ਚੂੜਾਮਣੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਸਾਝੇ
 ਕੀਤੇ | ਉਨ੍ਹਾਂ ਸਾਰੀ ਗਲ ਬੜੀ ਗੰਭੀਰਤਾ ਨਾਲ ਸੁਣੀ ਤੇ ਸਿਟੇ-ਬੱਧ ਸੁਹਿਰਦ ਉਪਰਾਲਾ ਸ਼ੁਰੂ ਕੀਤਾ | ਮੈ ਉਸ ਵੇਲੇ ਦੇ ਫ਼ਤਿਹਗੜ੍ਹ ਸਾਹਿਬ ਦੇ
 ਡਿਪਟੀ ਕਮਿਸ਼ਨਰ ਸ਼੍ਰੀ ਐਸ.ਕੇ.ਆਹਲੂਵਾਲੀਆ ਨਾਲ ਵੀ ਇਹ ਸਾਰਾ ਬ੍ਰਿਤਾਤ ਸਾਂਝਾ ਕੀਤਾ | ਉਨ੍ਹਾਂ ਨੇ ਵੀ ਇਸ ਨੇਕ ਕੰਮ ਵਿਚ ਬੜੀ ਸਾਰਥਕ
 ਭੂਮਿਕਾ ਨਿਭਾਈ | ਬੜੀ ਖੋਜ ਤੋ ਬਾਅਦ ਸ਼ਾਹਦਤ ਦੇ ਸਮੇ ਦਾ ਜਿਕਰ ਕੇਵਲ ਗੁਰ ਪ੍ਰਣਾਲੀ , ਗੁਲਾਬ ਸਿੰਘ ਵਿਚ ਹੀ ਮਿਲਿਆ ਹੈ , ਜੋ 
ਤਕਰੀਬਨ ਸਵੇਰੇ 9.45 ਤੋ 11 ਵਜੇ ਤਕ ਦਾ ਬਣਦਾ ਹੈ | ਗੁਰ ਪ੍ਰਣਾਲੀ , ਗੁਲਾਬ ਸਿੰਘ ਵਿਚ ਸ਼ਾਹਦਤ ਦਾ ਸਮਾ ਇਸ ਤਰ੍ਹਾਂ ਅੰਕਿਤ ਕੀਤਾ 
ਗਿਆ ਹੈ :
“ਸਵਾ ਪਹਰ ਦਿਨ ਚੜ੍ਹੇ ਕਾਮ ਭਯੋ ਹੈ”
ਭਾਵ ਸਵਾ ਪਹਰ ਦਿਨ ਚੜ੍ਹੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ | ਭਾਈ ਦੱਨਾ ਸਿੰਘ ਹੰਡੂਰੀਆਂ ਦੀ ਅਪ੍ਰਕਾਸ਼ਿਤ ਕ੍ਰਿਤ ,
 ‘ ਕਥਾ ਗੁਰੂ ਜੀ ਕੇ ਸੁਤਨ ਕੀ ‘ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਦੇ ਸੀਸ ਕਟਾਰ ਨਾਲ ਧੜ ਤੋ ਜੁਦਾ ਕਰਨ ਤੋ ਪਹਿਲਾਂ , ਜ਼ਾਲਮਾਂ ਨੇ ਉਨ੍ਹਾਂ
 ਮਾਸੂਮਾਂ ਨੂੰ ਚਾਬਕਾਂ ਤੇ ਕੋਰੜੇ ਵੀ ਮਾਰੇ ਸਨ :
“ਖਮਚੀ ਸਾਥ ਜੁਲਗੇ ਤਬੈ ਦੁਖ ਦੇਵਨੰ ਏਹ ਸੁਬਾਲਕ ਫੂਲ , ਧੂਪ ਨਹਿ ਖੇਵਨੰ ਤਬ ਮਲੇਰੀਏ ਕਹਯੋ ; ‘ਜੜਾਂ ਤੁਮ ਜਾਂਹਿ ਹੀ ਇਹ ਮਸੂਮ ਹੈਂ 
ਬਾਲ ਦੁਖਾਵਹੁਨਾਹਿ ਹੀ”
(ਇਥੇ ਖਮਚੀ ਤੋ ਭਾਵ ਹੈ ਛਾਂਟਾ ਅਰਥਾਤ ਕੋਰੜਾ)
“ਜਬ ਦੁਸ਼ਟੀਂ ਐਸੇ ਦੁਖ | ਬਹੁਰੋ ਫੇਰ ਸੀਸ ਕਢਵਾਏ 
ਰਜ ਕੋ ਪਾਇ ਪੀਪਲਹ ਬਾਂਧੇ | ਦੁਸ਼ਟ ਗੁਲੇਲੇ ਸੁਸਾਂਧੇ”
(ਰਜ ਤੋ ਭਾਵ ਹੈ ਰੱਸਾ ਅਰਥਾਤ ਪਿਪਲ ਦੇ ਦਰਖ਼ਤ ਨਾਲ ਰੱਸਿਆਂ ਨਾਲ ਬੰਨ੍ਹ ਕੇ ਗੁਲੇਲ ਦੇ ਨਿਸ਼ਾਨੇ ਬਣਾ ਕੇ ਤਸੀਹੇ ਦਿਤੇ ਗਏ | ਹਵਾਲੇ ਲਈ
 ਦੇਖੋ : ਹੱਥ ਲਿਖਤ ਖਰੜਾ ਨੰਬਰ ੬੦੪੫(6045), ਸਿਖ ਰੈਫ਼ਰੈਂਸ ਲਾਇਬਰੇਰੀ , ਸ਼੍ਰੀ ਅੰਮ੍ਰਿਤਸਰ)
ਇਥੇ ਇਹ ਜਿਕਰ ਕਰਨਾ ਵੀ ਅਜ਼ਹਦ ਜ਼ਰੂਰੀ ਹੈ ਕਿ ਨਵਾਬ ਸ਼ੇਰ ਮੁਹਮੰਦ ਖ਼ਾਨ ਮਲੇਰਕੋਟਲਾ ਨੇ ਨਾ ਸਿਰਫ ਹਾਅ ਦਾ ਨਾਹਰਾ ਹੀ ਮਾਰਿਆ ,
 ਸਗੋ ਉਸ ਨੇ ਮਾਸੂਮ ਸਾਹਿਬਜ਼ਾਦਿਆਂ ‘ ਤੇ ਜੁਲਮ ਰੁਕਣ ਲਈ ਬੜੇ ਲਹੂਰ ਅਤੇ ਤਰਲੇ ਵੀ ਲਏ , ਲਾਹਨਤਾਂ ਵੀ ਪਾਈਆਂ , ਪਰ ਜਾਲਮ 
ਵਜੀਰ ਖ਼ਾਂ ਨੇ ਉਸ ਦੀ ਇਕ ਨਾ ਸੁਣੀ | ਸਰਹੰਦ ਦੀ ਤਵਾਰੀਖ ਦਾ ਜਿਕਰ ਕਰਦਿਆਂ ਇਹ ਬੜੇ ਅਦਬ ਨਾਲ ਕਹਿਣਾ ਬਣਦਾ ਹੈ ਕਿ ਸਿੱਖ ਕੌਮ
 ਦੇ ਇਤਿਹਾਸ ਦੇ ਅਜਿਹੇ ਨਾਜੁਕ ਅਤੇ ਭਿਆਨਕ ਮਰਹਲੇ ਤੇ ਨਵਾਬ ਸ਼ੇਰ ਮੁਹਮੰਦ ਖ਼ਾਨ , ਮਲੇਰਕੋਟਲਾ ਵਲੋ ਨਿਭਾਈ , ਨਾਕਾਬਿਲ-ਏ-ਫ਼ਰਾਮੋਸ਼ 
ਵਿਸ਼ੇਸ਼ ਤਵਾਰੀਖੀ ਭੂਮਿਕਾ ਲਈ , ਸਿੱਖ ਕੌਮ ਹਮੇਸ਼ਾ ਲਈ ਆਭਾਰੀ ਅਤੇ ਅਹਿਸਾਨਮੰਦ ਰਹੇਗੀ | 
ਭਾਵੇ ਸਮੁੱਚੀ ਸਿੱਖ ਕੌਮ ਦੇ ਅਮਲਾਂ ਵਿਚ , ਇਨ੍ਹਾਂ ਦਰਦਨਾਕ ਪਲਾਂ ਨੂੰ , ਸ਼ਰਧਾ ਅਤੇ ਅਕੀਦਤ ਨਾਲ ਨਿਯਮਤ ਕਰਨਾ , ਨਿਸਚੇ ਹੀ , ਸਿੱਖ 
ਤਖ਼ਤਾਂ ਦੇ ਜਥੇਦਾਰ ਸਾਹਿਬਾਨ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਹੀ ਜਿਮੇਵਾਰੀ ਬਣਦੀ ਹੈ , ਪਰ ਫਿਰ ਵੀ , ਮੈ ਇਸ ਨਿਬੰਧ ਰਾਹੀਂ
 ਸਮੁੱਚੀ ਸਿੱਖ ਕੌਮ , ਸਿੱਖ ਤਖ਼ਤਾਂ ਦੇ ਜਥੇਦਾਰ ਸਾਹਿਬਾਨ , ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ , ਦਿੱਲੀ ਗੁਰਦਵਾਰਾ ਮੈਨੇਜਮੈਂਟ ਕਮੇਟੀ , 
ਸੰਤ ਮਹਾਂਪੁਰਖਾਂ , ਸਿੰਘ ਸਭਾਵਾਂ , ਦੇਸ਼-ਪ੍ਰਦੇਸ਼ ਦੇ ਗੁਰਦਵਾਰਾ ਸਾਹਿਬਾਨ ਦੀਆਂ ਪ੍ਰਬੰਧਕ ਕਾਮੇਟੀਆਂ , ਸਿੱਖ ਸਟੂਡੈਂਟਸ ਫ਼ੈਡਰੇਸ਼ਨ , ਖਾਲਸਾ
 ਕਾਲਜਾਂ ਅਤੇ ਖਾਲਸਾ ਸਕੂਲਾਂ ਦੇ ਸਮੂਹ ਪ੍ਰਬੰਧਕਾਂ ਅਤੇ ਮੁਖੀਆਂ , ਸਮੂਹ ਸਿੱਖ ਪਰਵਾਰਾਂ ਅਤੇ ਸਿੱਖ-ਪੰਥ ਦੇ ਦਰਦਮੰਦਾ ਨੂੰ ਇਕ ਮਿੰਨਤ ਅਤੇ 
ਤਰਲਾ ਕਰਦਾ ਹਾਂ ਕਿ ਗੰਭੀਰਤਾ ਨਾਲ ਸੋਚੋ ਕਿ ਵਿਸ਼ਵ ਭਰ ਦੇ ਈਸਾਈਅਤ ਨੂੰ ਮੰਨਣ ਵਾਲੇ ਪੈਰੋਕਾਰਾਂ ਨੂੰ ਤਾਂ 2000 ਸਾਲ ਬਾਅਦ ਵੀ ਸਲੀਬ 
‘ਤੇ ਟੰਗੇ ਪ੍ਰਭੂ ਯਸੂ ਮਸੀਹ ਨਜ਼ਰ ਆਉਂਦੇ ਹਨ ਅਤੇ ਸਲੀਬਕਸ਼ੀ ਤੋਂ ਬਾਅਦ ਈਸਾ ਮਸੀਹ ਦੇ ਹੱਥਾਂ ਅਤੇ ਪੈਰਾਂ ਵਿਚ ਗੱਡੀਆਂ ਮੇਖਾਂ ਦੇ ਜ਼ਖ਼ਮਾਂ 
ਵਿਚੋਂ ਸਿੰਮਦਾ ਖ਼ੂਨ ਅਤੇ ਉਸ ਦੀ ਪੀੜਾ ਦੇ ਅਨੁਭਵ ਦਾ ਡੂੰਘਾ ਅਹਿਸਾਸ ਹੈ , ਇਸੇ ਤਰ੍ਹਾਂ ਇਸਲਾਮ ਦੇ ਅਨੁਯਾਈਆਂ ਨੂੰ 1333 ਸਾਲ ਬਾਅਦ ਵੀ
 ‘ਕਰਬਲਾ’ ਦਾ ਕਹਿਰ ਯਾਦ ਹੈ , ਹਰ ਮੁਸਲਮਾਨ , ਮੁਹੱਰਮ ਮੌਕੇ ਅਪਣੇ ਆਪ ਨੂੰ ਕਰਬਲਾ ਦੀ ਪੀੜਾ ਵਿਚ ਗੁੰਮ ਕਰ ਲੈਂਦਾ ਹੈ ਅਤੇ ਅਪਣੇ
 ਪੈਗ਼ੰਬਰ ਦੀ ਵੇਦਨਾ ਨਾਲ ਇਕਸੁਰ ਹੋ ਜਾਂਦਾ ਹੈ । 
ਦੁੱਖ ਇਸ ਗੱਲ ਦਾ ਹੈ ਕਿ ਸਿੱਖ ਕੌਮ 309ਸਾਲਾਂ ਦੇ ਸਮੇ ਅੰਦਰ ਹੀ ਨੀਹਾਂ ਵਿਚ ਚਿਣ ਕੇ ਸ਼ਹੀਦ ਹੋਏ , ਦਸ਼ਮੇਸ਼ ਗੁਰੂ ਜੀ ਦੇ ਮਾਸੂਮ
 ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕਿਉਂ ਵਿਸਰ ਗਈ ਹੈ ? ਇਹ ਸਮੁੱਚੀ ਸਿੱਖ ਕੌਮ ਲਈ , ਆਪਣੇ ਸਵੈ ਅੰਦਰ ਝਾਤੀ ਮਾਰ ਕੇ , ਗੰਭੀਰ 
ਸਮੀਖਿਆ ਕਰਨ ਦਾ ਸਮਾ ਹੈ | ਕੌਮਾਂ ਦੇ ਇਤਿਹਾਸ ਵਿਚ ਅਜਿਹਾ ਸਮਾ ਕਦੇ-ਕਦੇ ਆਉਂਦਾ ਹੈ , ਜਦੋ ਕੌਮਾਂ ਆਪਣੇ ਬੀਤ ਚੁਕੇ ਆਪੇ ਦਾ 
ਨਰੀਖਣ ਕਰਦੀਆਂ ਹਨ ਅਤੇ ਆਉਣ ਵਾਲੇ ਸਮੇ ਲਈ ਚਿੰਤਤ ਹੁੰਦੀਆਂ ਹਨ | ਆਉ ਪ੍ਰਣ ਕਰੀਏ ਕਿ 13ਪੋਹ ਅਰਥਾਤ ੨੭(27) ਦਸੰਬਰ ਨੂ
 ਸਵੇਰ ਦੇ ਠੀਕ ੧੦(10) ਵਜ੍ਹੇ ਤੋ ੧੧(11) ਬਜੇ ਤਕ , ਇਕ ਘੰਟਾ, ਹਰ ਸਿਖ , ਭਾਵੇਂ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਕਿਉਂ ਨਾ ਹੋਵੇ
 ਤੇ ਕਿਸੇ ਵੀ ਵਰਤਾਰੇ ਵਿਚ ਮਸਰੂਫ਼ ਕਿਉਂ ਨਾ ਹੋਵੇ , ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਵਿਚ ਜੁੜ ਕੇ , ਸਤਿਨਾਮ ਵਾਹਿਗੁਰੂ ਦਾ
 ਜਾਪ ਕਰੇ | ਜਰਾ ਸੋਚੋ ! ਜਦੋ ਸਾਡੇ ਕਿਸੇ ਬੱਚੇ ਨੂੰ ਜ਼ਰਾ ਜਿਨੀ ਸੱਟ ਲੱਗ ਜਾਂਦੀ ਹੈ ਤਾਂ ਸਾਡੇ ਮੂੰਹੋਂ ਆਪਮੁਹਾਰੇ ਹੀ ਨਿਕਲ ਜਾਂਦਾ ਹੈ ,
 ‘ਹੇ ਵਾਹਿਗੁਰੂ ‘ | ਕੀ ਅਸੀਂ ਹਰ ਸਾਲ ਇਹ ਥੋੜਾ ਜਿਹਾ ਸਮਾ ਕਢ , ਨਿਵੇਕਲੇ ਬੈਠ ਕੇ , ਆਪਣੇ ਗੁਰੂ ਅਤੇ ਮਾਸੂਮ ਛੋਟੇ ਸਾਹਿਬਜ਼ਾਦਿਆਂ 
ਦੀ ਯਾਦ ਵਿਚ ਸਮਰਪਿਤ ਹੋ ਕੇ , ‘ ਸਤਿਨਾਮ ਵਾਹਿਗੁਰੂ ‘ ਨਹੀ ਜਪ ਸਕਦੇ ਜਿਨਾ ਨੇ ਧਰਮ ਅਤੇ ਸਿਖੀ ਸਿੱਦਕ ਦੀ ਰਖਿਆ ਲਈ ਆਪਣੇ 
ਜੀਵਨ ਤਕ ਬਲੀਦਾਨ ਕਰ ਦਿਤੇ | ਖ਼ਾਸ ਕਰ ਕੇ , ਗੁਰਦਵਾਰਾ ਫ਼ਤਿਹਗੜ੍ਹ ਸਾਹਿਬ ਵਿਖੇ ਤਾ ਇਸ ਨਿਸਚਿਤ ਸਮੇ ‘ਤੇ , ਸ਼ਹੀਦੀ ਜੋੜ ਮੇਲੇ 
ਸਮੇ , ਹਰ ਬੰਦਾ ਅਪਣੀ-ਅਪਣੀ ਜਗਾ ਬੈਠ ਕੇ , ਇਸ ਇਕ ਘੰਟੇ ਲਈ ਬੰਦਗੀ ਵਿਚ ਜੁੜ ਜਾਵੇ | ਇਸ ਇਕ ਘੰਟੇ ਤਾ ਇੰਝ ਜਾਪੇ ਜਿਵੇਂ 
ਸਮੁੱਚਾ ਜਨਜੀਵਨ ਹੀ ‘ਮਾਸੂਮ ਸ਼ਹੀਦਾਂ’ ਦੀ ਅਕੀਦਤ ਵਿਚ ਜੁੜ ਗਿਆ ਹੈ | ਇੰਝ ਕਰਨ ਨਾਲ , ਸ਼ਹੀਦਾਂ ਪ੍ਰਤੀ ਸ਼ਰਧਾ ਅਤੇ ਸਨਮਾਨ ਵਿਅਕਤ
 ਕਰਨ ਦੇ ਅਦਬ ਵਿਚ ਇਕ ਨਿਵੇਕਲਾ ਬਾਬ ਨਮੂਦਾਰ ਹੋਵੇਗਾ | ਕਿਨਾ ਮਾਣ ਸੀ ਦਸਮ ਪਾਤਿਸ਼ਾਹ ਹਜੂਰ ਨੂੰ ਆਪਣੇ ਸਿਖਾ ਅਤੇ ਗੁਰੂ ਖਾਲਸੇ
 ‘ਤੇ , ਜਦੋਂ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋ ਬਾਅਦ ਗੁਰੂ ਮਾਹਰਾਜ ਨੇ ਬੜੇ ਫ਼ਖ਼ਰ ਨਾਲ ਫ਼ੁਰਮਾਇਆ ਸੀ :
ਇਨ ਪੁਤ੍ਰਨ ਕੇ ਸੀਸ ਪੈ , ਵਾਰ ਦੀਏ ਸੁਤ ਚਾਰ | ਚਾਰ ਮੂਏ ਤੋ ਕਿਆ ਭਯਾ ਜੀਵਤ ਕਈ ਹਜ਼ਾਰ |  
ਬੀਰ ਦਵਿੰਦਰ ਸਿੰਘ 
 ਸਾਬਕਾ ਡਿਪਟੀ ਸਪੀਕਰ, ਪੰਜਾਬ
 ਮੋਬਾਈਲ:- 98140 33362
…………………………………
ਟਿੱਪਣੀ:- ਇਹ ਗੁਰਮਤਿ ਦਾ ਸਿਧਾਂਤ ਹੈ ਕਿ ਸਿੱਖਾਂ ਨੇ ਦੁਖ-ਸੁਖ ਸਮ ਕਰ ਜਾਨਣੇ ਹਨ, ਇਸ ਦਾ ਹੀ ਪ੍ਰਤੀਕ ਹੈ ਕਿ ਹਰ ਖੁਸ਼ੀ-ਗਮੀ ਦੇ ਸਮੇ 
ਪ੍ਰਸ਼ਾਦ ਬਣਾ ਕੇ ਸੰਗਤ ਵਿਚ ਵਰਤਾਈਦਾ ਹੈ । ਪਰ ਸਾਰੇ ਮੌਕਿਆਂ ਨੂੰ ਇਕ ਸਮਾਨ ਨਹੀਂ ਸਮਝਿਆ ਜਾ ਸਕਦਾ। ਮੇਰੇ ਖਿਆਲ ਮੁਤਾਬਕ ਛੋਟੇ 
ਸਾਹਿਬਜ਼ਾਦਿਆਂ ਦੀ ਸ਼ਹਾਦਤ, ਵੱਡੇ ਸਾਹਿਬ ਜ਼ਾਦਿਆਂ ਦੀ ਸ਼ਹਾਦਤ, ਮਾਤਾ ਗੁੱਜਰ ਕੌਰ ਜੀ ਦੀ ਸ਼ਹਾਦਤ ਤੇ, ਲੰਗਰਾਂ ਵਿਚ ਮਠਾਈਆਂ ਨਹੀਂ 
ਬਣਨੀਆਂ ਚਾਹੀਦੀਆਂ, ਪਰ ਤਾਜੀਆਂ ਵਾਲੇ ਸੋਗ ਦਾ ਪ੍ਰਚਲਨ ਵੀ ਸਿੱਖਾਂ ਵਿਚ ਨਹੀਂ ਹੋਣਾ ਚਾਹੀਦਾ। ਸਾਨੂੰ ਕੁਝ ਅਜਿਹਾ ਉਪਰਾਲਾ ਕਰਨਾ ਚਾਹੀਦਾ
 ਹੈ ਕਿ ਇਸ ਪੂਰੇ ਮਹੀਨੇ ਵਿਚ(ਪੂਰੀ ਦੁਨੀਆਂ ਵਿਚ) 40/50 ਮੀਲਾਂ ਦੀ ਦੂਰੀ ਤੇ ਇਕੱਠੇ ਹੋ ਕੇ ਸੰਗਤ, ਹਰ ਰੋਜ਼ 2/3 ਘੰਟੇ  ਸਿੱਖੀ ਦੇ 
ਭਵਿੱਖ ਬਾਰੇ ਵਿਚਾਰ ਕਰਿਆ ਕਰੇ, ਅਤੇ ਸਾਰੇ ਥਾਵਾਂ ਤੋਂ ਨਿਕਲੇ ਸਿੱਟਿਆਂ ਨੂੰ ਇਕ ਥਾਂ ਇਕੱਠੇ ਕਰ ਕੇ, ਪੰਥਿਕ ਵਿਦਵਾਨ ਉਸ ਦਾ ਮੰਥਨ 
ਕਰਨ, ਉਸ ਦੇ ਆਧਾਰ ਤੇ ਪੰਥ ਦੇ ਭਵਿੱਖ ਦਾ ਪ੍ਰੋਗ੍ਰਾਮ ਉਲੀਕਿਆ ਜਾਇਆ ਕਰੇ । ਪਰ ਇਹ ਉਸ ਵੇਲੇ ਦੀਆਂ ਗੱਲਾਂ ਹਨ, ਜਦ ਪੰਥਿਕ 
ਵਿਦਵਾਨ ਇਕੱਠੇ ਬੈਠਣ ਵਿਚ ਨਮੋਸ਼ੀ ਨਾ ਸਮਝਣ । ਫਿਲਹਾਲ ਭੈਣਾਂ/ਵੀਰਾਂ ਨੂੰ ਬੇਨਤੀ ਹੈ ਕਿ ਪੰਥ ਵਿਚ ਪਹਿਲਾਂ ਹੀ, ਅਨੇਕਾਂ ਮੁੱਦੇ ਅਣਸੁਲਝੇ
 ਪਏ ਹਨ, ਇਸ ਲਈ ਅਜਿਹੇ ਹੋਰ ਮੁੱਦੇ ਨਾ ਉਠਾਏ ਜਾਣ, ਜਿਸ ਨਾਲ ਪੰਥ ਵਿਚ ਹੋਰ ਵੰਡੀਆਂ ਪੈਣ ਅਤੇ ਸਿੱਖ ਭੰਬਲ-ਭੁਸੇ ਵਿਚ ਪੈਣ ।
 ਜੇ ਅਜਿਹੇ ਮੁੱਦੇ ਡੇਰੇਦਾਰਾਂ ਦੇ ਪੱਲੇ ਪੈ ਗਏ ਤਾਂ ਸਿੱਖਾਂ ਅਤੇ ਸਿੱਖੀ ਦਾ ਕੀ ਹਾਲ ਹੋਵੇਗਾ ? ਇਸ ਨੂੰ ਸਮਝਣਾ ਬਹੁਤਾ ਔਖਾ ਨਹੀਂ ।
                                  ਅਮਰ ਜੀਤ ਸਿੰਘ ਚੰਦੀ
                                      18-12-14                    
 
 
 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.