ਕੈਟੇਗਰੀ

ਤੁਹਾਡੀ ਰਾਇ



ਸੁਖਜੀਤ ਸਿੰਘ ਕਪੂਰਥਲਾ
ਲਹੂ-ਭਿੱਜੀ ਚਮਕੌਰ- (ਕਿਸ਼ਤ ਨੰ. 9)
ਲਹੂ-ਭਿੱਜੀ ਚਮਕੌਰ- (ਕਿਸ਼ਤ ਨੰ. 9)
Page Visitors: 2555

ਲਹੂ-ਭਿੱਜੀ ਚਮਕੌਰ- (ਕਿਸ਼ਤ ਨੰ. 9)
ਚਮਕੌਰ ਦੀ ਜੰਗ ਦਾ ਆਰੰਭ (Chapter- 9/13)
ਨੋਟ- ਲੜੀ ਜੋੜਨ ਲਈ ਕਿਸ਼ਤ ਨੰ. 8 ਪੜੋ (ਸੁਖਜੀਤ ਸਿੰਘ ਕਪੂਰਥਲਾ)
ਫੁਰਮਾਏ ਕਲਗੀਧਰ ਕਿ ਅਬ ਇੱਕ ਇੱਕ ਜਵਾਂ ਚਲੇ।
ਪਾ ਪਾ ਕੇ ਹੁਕਮ ਭੇੜੋ ਮੇਂ ਸ਼ੇਰ ਯਿਆਂ ਚਲੇ।
ਬਚ ਕਰ ਅੱਦੂ ਕੇ ਦਾਉ ਸੇ ਯੂੰ ਪਹਲਵਾਂ ਚਲੇ।
ਦਾਂਤੋਂ ਮੇਂ ਜੈਸੇ ਘਿਰ ਕੇ ਦਹਨ ਮੇਂ ਜਬਾਂ ਚਲੇ।

ਕਲਗੀਧਰ ਪਾਤਸ਼ਾਹ ਨੇ ਸਿੰਘਾਂ ਦੇ ਜਥੇ ਬਣਾ ਕੇ ਮੈਦਾਨ-ਏ-ਜੰਗ ਵਿੱਚ ਜੂਝਣ ਲਈ ਤਿਆਰ ਕੀਤੇ ਤੇ ਉਪਦੇਸ਼ ਦਿੰਦਿਆਂ ਕਹਿ ਰਹੇ ਨੇ ਕਿ ਜਿਵੇ ਬੱਤੀ ਦੰਦਾਂ ਵਿੱਚ ਜੀਭ ਚਲਦੀ ਹੈ ਤੇ ਦੰਦਾਂ ਦਾ ਕੰਮ ਹੀ ਕਟਣਾ ਹੁੰਦਾ ਹੈ ਪਰ ਜੀਭ ਬਚੀ ਰਹਿੰਦੀ ਹੈ। ਇਸ ਤਰਾਂ ਤੁਸੀ ਵੈਰੀ ਦਾ ਸਾਹਮਣਾ ਕਰਨਾ ਹੈ।
ਘੁਸਤੇ ਹੀ ਰਨ ਮੇਂ ਜੰਗ ਕਾ ਪੱਲਾ ਝੁਕਾ ਦੀਆ।
ਜਿਸ ਸਮਤ ਤੇਗ਼ ਤੋਲ ਕੇ ਪਹੁੰਚੇ, ਭਗਾ ਦੀਆ।

ਕਲਗੀਧਰ ਪਾਤਸ਼ਾਹ ਦੇ ਬਚਨ ਆਪਣੀ ਝੋਲੀ ਵਿੱਚ ਪਵਾ ਕੇ ਜਦੋਂ ਸਿੰਘ, ਸੂਰਬੀਰ ਜੰਗ-ਏ-ਮੈਦਾਨ ਵਿੱਚ ਪਹੁੰਚੇ ਤਾਂ ਵੈਰੀਆਂ ਨੂੰ ਭਾਜੜਾਂ ਪੈ ਗਈਆ। ਜੁਝਾਰੂ ਸਿਖ, ਸੂਰਬੀਰ ਜਿਧਰ-2 ਨੂੰ ਵੀ ਜਾਂਦੇ ਨੇ, ਵੈਰੀ ਫੌਜਾਂ ਉਥੋ ਪਿਛਾਂਹ ਨੂੰ ਭੱਜੀਆਂ ਜਾ ਰਹੀਆਂ ਨੇ। ਸਿੰਘਾਂ ਕੋਲ ਕਿਹੜੀ ਐਸੀ ਤਾਕਤ ਹੈ ਕਿ ਵੈਰੀਆਂ ਨੂੰ ਭਾਜੜਾਂ ਹੀ ਪਈ ਜਾ ਰਹੀਆਂ ਨੇ?
ਉਹ ਦਸ ਲਖ ਮੁਲਖਈਆ, ਜੋ ਕਿ ਤਨਖਾਹਦਾਰ ਮੁਲਾਜਮ ਹਨ, ਜਿਨ੍ਹਾ ਦੀ ਆਪਣੇ ਪੇਟ ਅਤੇ ਪ੍ਰਵਾਰ ਨੂੰ ਪਾਲਣ ਦੀ ਮਜਬੂਰੀ ਹੈ। ਪਰ ਇਧਰ ਕਲਗੀਧਰ ਦੇ ਸ਼ੇਰ ਜੋ ਸਿੱਖੀ ਦੀ ਆਨ-ਸ਼ਾਨ ਲਈ ਸਿਰ ਧੜ੍ਹ ਦੀ ਬਾਜੀ ਲਾਉਣ ਲਈ ਤਿਆਰ ਬਰ-ਤਿਆਰ ਹੋ ਕੇ ਮੈਦਾਨ-ਏ-ਜੰਗ ਵਿੱਚ ਆਏ ਨੇ। ਕਲਗੀਧਰ ਦੇ ਸਿੱਖਾਂ ਦੇ ਲੜ੍ਹਨ ਵਿੱਚ ਅਤੇ ਮੁਗਲਈ ਫੌਜੀ ਸਿਪਾਹੀਆਂ ਦੇ ਲੜ੍ਹਨ ਵਿੱਚ ਜਮੀਨ ਅਸਮਾਨ ਦਾ ਅੰਤਰ ਹੈ।
ਕਲਗੀਧਰ ਦੇ ਸੂਰਬੀਰ ਲੜਦਿਆਂ ਹੋਇਆਂ ਜਿਧਰ-ਜਿਧਰ ਨੂੰ ਵੀ ਵਧਦੇ ਗਏ, ਉਧਰ-ਉਧਰ ਹੀ ਜਿਤ ਦਾ ਝੰਡਾ ਗੱਡਦੇ ਗਏ ਤੇ ਅਗਾਂਹ ਵਧਦੇ ਗਏ। ਜੋਗੀ ਅਲ੍ਹਾ ਯਾਰ ਖ਼ਾਂ ਦੀ ਕਲਮ ਇਸ ਕਿੱਸੇ ਨੂੰ ਅਗਾਂਹ ਤੋਰਦਿਆਂ ਲਿਖਦੀ ਹੈ-
ਏਕ ਏਕ ਲਾਖ ਸੇ ਮੈਦਾਨ ਮੇਂ ਲੜਾ।
ਜਿਸ ਜਾ ਪਿ ਸਿੰਘ ਅੜ ਗਏ, ਝੰਡਾ ਵਹਾਂ ਗੜਾ।
ਚਸ਼ਮਿ-ਫਲਕ ਨੇ ਥਾ ਜੋ ਨ ਦੇਖਾ ਵੁਹ ਰਨ ਪੜਾ।
ਘੋੜੇ ਪਿ ਝੂਮਤਾ ਇੱਕ ਅਕਾਲੀ ਜਵਾਂ ਬੜਾ।

ਜੋ ਅਸਮਾਨੀ ਅੱਖ ਨੇ ਕਦੀਂ ਵੀ ਨਹੀ ਸੀ ਵੇਖਿਆ, ਉਹ ਅੱਜ ਅੱਖ ਨੇ ਵੇਖਿਆ ਕਿ ਚਮਕੌਰ ਦੀ ਗੜ੍ਹੀ ਦੇ ਬਾਹਰ ਜੰਗ ਦਾ ਮੈਦਾਨ ਕਿਵੇਂ ਭਖਿਆ ਹੈ? ਕਿਸੇ ਵੈਰੀ ਦੀ ਹਿੰਮਤ ਨਹੀ ਪੈ ਰਹੀ ਕਿ ਚਮਕੌਰ ਦੀ ਗੜ੍ਹੀ ਵਲ ਨੂੰ ਕਦਮ ਵਧਾ ਸਕੇ। ਸਿੰਘ, ਸੂਰਬੀਰਾਂ ਦੀ ਦਹਿਸ਼ਤ ਹੀ ਏਨੀ ਛਾਈ ਹੋਈ ਹੈ ਕਿ ਵੈਰੀਆਂ ਨੂੰ ਜਾਨਾਂ ਬਚਾਉਣ ਦੇ ਲਾਲੇ ਪਏ ਹੋਏ ਨੇ।
ਹੁਣ ਕਲਗੀਧਰ ਪਾਤਸ਼ਾਹ ਦਾ ਇੱਕ ਸੂਰਮਾ ਸਿੰਘ ਗੜ੍ਹੀ ਚੋਂ ਬਾਹਰ ਨਿਕਲ ਕੇ ਅਗਾਂਹ ਨੂੰ ਵਧਿਆ ਤਾਂ ਵੈਰੀਆਂ ਵਿੱਚ ਹਾਹਾਕਾਰ ਮਚ ਗਈ। ਪੰਜ ਪਿਆਰੇ ਵੀ ਕਲਗੀਧਰ ਪਾਤਸ਼ਾਹ ਦੇ ਨਾਲ ਚਮਕੌਰ ਦੀ ਗੜ੍ਹੀ ਅੰਦਰ ਮੌਜੂਦ ਹਨ। ਇਹਨਾਂ ਤੋਂ ਇਲਾਵਾ ਭਾਈ ਕ੍ਰਿਪਾ ਸਿੰਘ ਜੋ ਕਿ ਕਸ਼ਮੀਰ ਤੋਂ ਪੰਡਿਤਾਂ ਨੂੰ ਨਾਲ ਲੈ ਕੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਰਨ ਵਿੱਚ ਆਇਆ ਸੀ ਫਰਿਆਦ ਲੈ ਕੇ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਕਿਰਪਾ ਰਾਮ ਤੋਂ ਕ੍ਰਿਪਾ ਸਿੰਘ ਬਣ ਗਿਆ ਸੀ, ਉਹ ਵੀ ਚਮਕੌਰ ਦੀ ਗੜ੍ਹੀ ਅੰਦਰ ਕਲਗੀਧਰ ਪਾਤਸ਼ਾਹ ਦੇ ਨਾਲ ਹੀ ਹੈ। ਉਸਨੇ ਵੀ ਚਮਕੌਰ ਦੀ ਜੰਗ ਅੰਦਰ ਸ਼ਹਾਦਤ ਦਾ ਜਾਮ ਪੀਤਾ। ਪੰਡਿਤ ਲਾਲ ਚੰਦ ਜਿਸਦਾ ਹੰਕਾਰ ਅਠਵੇਂ ਪਾਤਸ਼ਾਹ ਨੇ ਪੰਜੋਖੜੇ ਦੀ ਧਰਤੀ ਤੇ ਤੋੜਿਆ ਸੀ ਜੋ ਅੰਮ੍ਰਿਤ ਛਕ ਕੇ ਲਾਲ ਚੰਦ ਤੋ ਲਾਲ ਸਿੰਘ ਬਣ ਗਿਆ, ਉਹ ਵੀ ਚਮਕੌਰ ਦੀ ਗੜੀ ਦੇ ਸ਼ਹੀਦਾਂ ਦੀ ਲਿਸਟ ਵਿੱਚ ਸ਼ਾਮਲ ਹੈ।
ਆਪ ਜੀ ਨਾਲ ਮੈਂ ਇਹਨਾਂ ਚਾਲੀ ਸਿੰਘ, ਸੂਰਬੀਰਾਂ ਦਾ ਥੋੜਾ ਜਿਕਰ ਕਰਨਾ ਵੀ ਜਰੂਰੀ ਸਮਝਾਂਗਾ। ਆਪ ਹੈਰਾਨ ਹੋਵੋਗੇ ਕਿ ਜੇਕਰ ਸਿੱਖ ਇਤਿਹਾਸ ਵਿੱਚ ਸ਼ਹੀਦਾਂ ਦਾ ਪਰਿਵਾਰ ਲੱਭਣਾ ਹੋਵੇ ਤਾਂ ਸਿੱਖ ਇਤਿਹਾਸ ਵਿੱਚ ਸਭ ਤੋ ਵੱਡਾ ਸ਼ਹੀਦਾ ਦਾ ਪਰਿਵਾਰ ਭਾਈ ਮਨੀ ਸਿੰਘ ਜੀ ਦਾ ਹੋਵੇਗਾ।
ਆਪ ਜੀ ਹੈਰਾਨ ਹੋਵੇਗੇ ਕਿ ਭਾਈ ਮਨੀ ਸਿੰਘ ਜੀ ਆਪ ਵੀ ਸ਼ਹੀਦ ਹੋਏ ਨੇ ਤੇ ਜਿਸ ਸਿੱਖ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਧੜ ਦਾ ਸਸਕਾਰ ਆਪਣੇ ਘਰ ਨੂੰ ਅੱਗ ਲਗਾ ਕੇ ਕੀਤਾ ਸੀ, ਭਾਈ ਲੱਖੀ ਸ਼ਾਹ ਵਣਜਾਰਾ, ਉਹ ਭਾਈ ਮਨੀ ਸਿੰਘ ਜੀ ਦੇ ਸਹੁਰਾ ਸਾਹਿਬ ਸਨ। ਨੌਵੇਂ ਪਾਤਸ਼ਾਹ ਦੇ ਸਨਮੁੱਖ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਦੇਗ ਵਿੱਚ ਉਬਾਲੇ ਖਾ ਕੇ ਸ਼ਹਾਦਤ ਪ੍ਰਾਪਤ ਕਰਨ ਵਾਲੇ ਭਾਈ ਦਿਆਲਾ ਜੀ ਵੀ ਭਾਈ ਮਨੀ ਸਿੰਘ ਜੀ ਦੇ ਸਕੇ ਭਰਾ ਸਨ।
ਜਿਸ ਸਿਖ ਨੇ ਅਨੰਦਪੁਰ ਸਾਹਿਬ ਦੀ ਧਰਤੀ ਉਪਰ, ਆਪਣੇ ਗੁਰੂ ਕਲਗੀਧਰ ਪਾਤਸ਼ਾਹ ਦਾ ਹੁਕਮ ਮੰਨ ਕੇ ਨਾਗਨੀ ਬਰਛੇ ਦੇ ਨਾਲ ਮਸਤ ਹਾਥੀ ਦਾ ਮੁਕਾਬਲਾ ਕੀਤਾ ਤੇ ਹਾਥੀ ਦਾ ਮੂੰਹ ਮੋੜਿਆ ਸੀ, ਭਾਈ ਬਚਿਤਰ ਸਿੰਘ ਜੀ ਉਹ ਭਾਈ ਮਨੀ ਸਿੰਘ ਜੀ ਦਾ ਸਪੁੱਤਰ ਸੀ। ਜਿਸ ਸਿੰਘ ਨੇ ਸਰਸਾ ਨਦੀ ਦੇ ਕੰਢੇ ਤੇ ਜੰਗ ਵਿਚੋਂ ਸਾਹਿਬਜਾਦਾ ਅਜੀਤ ਸਿੰਘ ਨੂੰ ਆਪਣੀ ਸ਼ਹਾਦਤ ਦੇ ਕੇ ਬਚਾਇਆ ਸੀ, ਉਹ ਭਾਈ ਉਦੈ ਸਿੰਘ ਵੀ ਭਾਈ ਮਨੀ ਸਿੰਘ ਜੀ ਦੇ ਸਪੁੱਤਰ ਸਨ। ਇਹਨਾਂ ਤੋਂ ਇਲਾਵਾ ਭਾਈ ਅਨਕ ਸਿੰਘ, ਭਾਈ ਅਜਬ ਸਿੰਘ ਅਤੇ ਭਾਈ ਅਜਾਇਬ ਸਿੰਘ ਵੀ ਚਮਕੌਰ ਦੀ ਜੰਗ ਦੇ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸਪੁੱਤਰ ਅਤੇ ਭਾਈ ਦਾਨ ਸਿੰਘ ਸਕੇ ਭਰਾ ਸਨ। ਸਭ ਤੋ ਵੱਡਾ ਸ਼ਹੀਦਾਂ ਦਾ ਪਰਿਵਾਰ ਸਿੱਖ ਇਤਿਹਾਸ ਵਿੱਚ ਭਾਈ ਮਨੀ ਸਿੰਘ ਜੀ ਦਾ ਹੈ।
ਹੁਣ ਚਮਕੌਰ ਦੀ ਧਰਤੀ ਉਪਰ ਜੰਗ ਦਾ ਮੈਦਾਨ ਭਖਿਆ ਹੋਇਆ ਹੈ ਤੇ ਕਿੱਸਾ ਅੱਗੇ ਵਧਦਾ ਹੈ-
ਚਿੱਲਾਏ ਬਾਜ: “ਲੋ ਵੁਹ ਹਿੰਮਤ ਸਿੰਘ ਜੀ ਬੜੇ।
ਖਾਂਡਾ ਪਕੜ ਕੇ ਹਾਥ ਮੇ ਜੀਵਤ ਬਲੀ ਬੜ੍ਹੇ।

ਕਲਗੀਧਰ ਪਾਤਸ਼ਾਹ ਦਾ ਬਾਜ਼, ਜੋ ਕਿ ਮਮਟੀ ਦੇ ਉਪਰ ਬੈਠਾ ਇਹ ਸਭ ਤਕ ਰਿਹਾ ਹੈ। ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ, ਜੋ ਕਿ ਪੰਜ ਪਿਆਰਿਆਂ ਵਿੱਚੋਂ ਸਨ, ਇਹ ਮੈਦਾਨ-ਏ-ਜੰਗ ਵਿੱਚ ਨਹੀ ਗਏ, ਇਹ ਕਲਗੀਧਰ ਪਾਤਸ਼ਾਹ ਦੇ ਨਾਲ ਹੀ ਮੌਜੂਦ ਰਹੇ ਨੇ। ਭਾਈ ਹਿੰਮਤ ਸਿੰਘ ਸਿੰਘਾਂ ਦੇ ਜਥੇ ਨਾਲ ਮੈਦਾਨ-ਏ-ਜੰਗ ਵਿੱਚ ਜੂਝ ਗਏ।
ਦੇਖੋ ਪੰਜ ਪਿਆਰਿਆਂ ਦੇ ਨਾਵਾਂ ਵਿਚੋ ਵੀ ਵਿਦਵਾਨਾਂ ਨੇ ਕਿੰਨੀ ਕਮਾਲ ਦੀ ਖੋਜ ਸਾਡੇ ਸਾਹਮਣੇ ਰੱਖੀ ਹੈ। ਪ੍ਰਿੰਸੀਪਲ ਸਤਿਬੀਰ ਸਿੰਘ ਜੀ ਨੇ ਪੰਜ ਪਿਆਰਿਆਂ ਦੇ ਨਾਵਾਂ ਦੀ ਮਹੱਤਤਾ ਇੱਕ ਲਾਈਨ ਵਿੱਚ ਹੀ ਬੜੇ ਵਧੀਆ ਢੰਗ ਨਾਲ ਲਿਖੀ ਹੈ:-
ਜਿਸ ਸਿੱਖ ਦੇ ਜੀਵਨ ਅੰਦਰ “ਦਇਆ ਹੋਵੇਗੀ,
ਜਿਸ ਸਿੱਖ ਦੇ ਜੀਵਨ ਅੰਦਰ “ਧਰਮ” ਹੋਵੇਗਾ,
ਜਿਸ ਸਿੱਖ ਦੇ ਜੀਵਨ ਅੰਦਰ “ਦ੍ਰਿੜਤਾ” ਹੋਵੇਗੀ (ਮੋਹਕਮ ਦਾ ਅਰਥ ਹੈ ਦ੍ਰਿੜਤਾ)
ਜਿਸ ਸਿੱਖ ਦੇ ਜੀਵਨ ਅੰਦਰ “ਹਿੰਮਤ” ਹੋਵੇਗੀ,
ਉਥੇ “ਸਾਹਿਬ” ਕਲਗੀਧਰ ਆਪ ਹੋਣਗੇ।

ਕਿਉਕਿ ਕਲਗੀਧਰ ਪਾਤਸ਼ਾਹ ਆਪਣੇ ਖਾਲਸੇ ਤੋਂ ਵੱਖ ਨਹੀ ਹਨ। ਪਰ ਜੋ ਅਜ ਕਲ੍ਹ ਦੇ ਪਾਖੰਡੀ ਸਾਧ ਤੇ ਚੇਲੇ ਤੁਰੇ ਫਿਰਦੇ ਹਨ ਉਹਨਾ ਵਿੱਚ ਆਪਸੀ ਸਾਂਝ ਵੀ ਕੋਈ ਨਹੀ ਹੈ ਕਿਉਕਿ ਚੇਲਾ-ਚੇਲਾ ਹੀ ਰਹਿੰਦਾ ਹੈ ਅਤੇ ਗੁਰੂ-ਗੁਰੂ ਹੀ ਰਹਿੰਦਾ ਹੈ। ਪਰ ਬਲਿਹਾਰ ਜਾਈਏ ਗਰੂ ਕਲਗੀਧਰ ਪਾਤਸ਼ਾਹ ਦੇ ਜਿੰਨਾਂ ਨੇ ਆਪਣੇ ਖਾਲਸੇ ਨੂੰ ਇਨਾਂ ਮਾਣ ਦਿੱਤਾ ਹੈ। ਸਾਹਿਬ ਫੁਰਮਾਣ ਕਰਦੇ ਹਨ ਕਿ ਜਿਵੇਂ ਅਕਾਲ ਪੁਰਖ ਅਤੇ ਗੁਰੂ ਵਿੱਚ ਕੋਈ ਅੰਤਰ ਨਹੀ ਹੈ। ਪਰਮੇਸ਼ਰ, ਗੁਰੂ ਅਤੇ ਖਾਲਸੇ ਵਿੱਚ ਕੋਈ ਅੰਤਰ ਨਹੀ ਹੋਵੇਗਾ।
ਆਤਮ ਰਸ ਜਿਹ ਜਾਨਹੀ, ਸੋ ਹੈ ਖਾਲਸ ਦੇਵ ।
ਪ੍ਰਭ ਮਹਿ, ਮੋ ਮਹਿ, ਤਾਸ ਮਹਿ, ਰੰਚਕ ਨਾਹਨ ਭੇਵ ।
(ਸਰਬ ਲੋਹ ਗ੍ਰੰਥ)
ਇਹ ਕਲਗੀਧਰ ਪਾਤਸ਼ਾਹ ਵਲੋ ਨਾਦੀ ਪੁੱਤਰ ਖਾਲਸੇ ਦੀ ਝੋਲੀ ਵਿੱਚ ਪਾਈਆਂ ਹੋਈਆਂ ਬਖਸ਼ਿਸ਼ਾਂ ਹਨ। ਇਹ ਵੱਖਰੀ ਬਾਤ ਹੈ ਕਿ ਅਸੀ ਖੁਦ ਕਲਗੀਧਰ ਪਾਤਸ਼ਾਹ ਦੇ ਸਪੁੱਤਰ ਬਨਣ ਲਈ ਤਿਆਰ ਨਹੀ ਹਾਂ।
ਸਾਡੇ ਵਿੱਚ ਬਹੁ-ਗਿਣਤੀ ਹੈ ਉਹਨਾ ਵੀਰਾਂ ਦੀ ਜੋ ਢਾਡੀ ਵਾਰਾਂ, ਕਵੀਸ਼ਰੀ, ਇਤਿਹਾਸਕ ਗਾਥਾਵਾਂ ਤਾਂ ਬੜੀ ਸ਼ਰਧਾ ਨਾਲ ਪੜ੍ਹਨ, ਸੁਨਣਗੇ ਪਰ ਅੰਮ੍ਰਿਤ ਛਕਣ ਤੋਂ ਪੂਰੀ ਤਰਾਂ ਸੰਕੋਚ ਕਰਨਗੇ। ਉਧਰ ਕਲਗੀਧਰ ਪਾਤਸ਼ਾਹ ਦੇ ਸਿੰਘ, ਸੂਰਬੀਰ ਚਮਕੌਰ ਦੀ ਗੜ੍ਹੀ ਦੇ ਅੰਦਰੋਂ ਪੂਰੇ ਜ਼ੋਸ਼ ਨਾਲ ਮੈਦਾਨ-ਏ-ਜੰਗ ਵਿੱਚ ਆ ਰਹੇ ਹਨ।
ਹੁਣ ਮੈਦਾਨ-ਏ-ਜੰਗ ਵਿੱਚ ਪੰਜ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਜੀ, ਇਹ ਤਿੰਨ ਪਿਆਰੇ, ਸਿੰਘਾਂ ਦੇ ਜਥਿਆਂ ਦੀ ਅਗਵਾਈ ਕਰਦੇ ਹੋਏ ਮੈਦਾਨ-ਏ-ਜੰਗ ਵਿੱਚ ਪਹੁੰਚ ਗਏ ਨੇ।
ਸਤਿਗੁਰ ਕੇ ਬਾਗ ਕੇ ਹੈ ਯਿਹ ਸਰਵਿ-ਸਹੀ ਬੜ੍ਹੇ।
ਲਾਸ਼ੋ ਕੇ ਪਾਟਨੇ ਕੋ ਸਫਰ-ਜਨਤੀ ਬੜ੍ਹੇ।
ਇਨ ਸਾ ਦਲੇਰ ਕੋਈ ਨਹੀ ਹੈ ਸਿਪਾਹ ਮੇਂ।
ਸਰ ਨਜ਼ਰ ਕਰ ਚੁੱਕੇ ਹੈਂ ਯਿਹ ਮੌਲਾ ਕੀ ਰਾਹ ਮੇਂ।

ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਸਿਰਮੌਰ ਪਿਆਰੇ ਵੀ ਨੇ। ਇਹਨਾਂ ਸਿਰਮੌਰ ਬਹਾਦਰ ਸਿੰਘਾਂ ਨੇ ਆਪਣੇ ਸੀਸ ਤਾਂ ਪਹਿਲਾਂ ਹੀ ਕਲਗੀਧਰ ਪਾਤਸ਼ਾਹ ਨੂੰ ਭੇਟਾ ਕੀਤੇ ਹੋਏ ਹਨ।
ਮੁਹਕਮ ਕੀ ਸ਼ਕਲ ਦੇਖ ਕੇ, ਲਹੂ ਨੁਚੜ ਗਿਆ।
ਧੱਬਾ ਅਦੂ ਕੇ ਜਾਮਾ ਇ-ਜੁਰਇਤ ਪੇ ਪੜ ਗਿਆ।

ਭਾਈ ਮੁਹਕਮ ਸਿੰਘ ਜੀ ਜਦੋਂ ਮੈਦਾਨ-ਏ-ਜੰਗ ਵਿੱਚ ਆਏ ਤਾਂ ਉਹਨਾਂ ਦੇ ਨੂਰਾਨੀ ਚਿਹਰੇ ਅਤੇ ਜਲਾਲ ਨੂੰ ਦੇਖ ਕੇ ਵੈਰੀਆਂ ਦਾ ਰੰਗ ਫਿਕਾ ਪੈ ਗਿਆ, ਉਹਨਾਂ ਦਾ ਹੌਸਲਾ ਵੀ ਜਵਾਬ ਦੇ ਗਿਆ।
ਪਟਖਾ ਮਰੋੜ ਕਰ ਉਸੇ, ਹੱਥੇ ਜੁ ਚੜ੍ਹ ਗਿਆ।
ਦਹਸ਼ਤ ਸੇ ਹਰ ਜਵਾਨ ਕਾ, ਹੁਲੀਆ ਬਿਗੜ ਗਿਆ।

ਕਲਗੀਧਰ ਦੇ ਲਾਡਲੇ ਪਿਆਰੇ ਭਾਈ ਮੋਹਕਮ ਸਿੰਘ ਜੀ ਦੇ ਸਾਹਮਣੇ ਜੋ ਵੀ ਆ ਗਿਆ, ਬਸ! ਉਹ ਉਹਨਾਂ ਦੇ ਹੱਥੋਂ ਬਚ ਕੇ ਨਹੀ ਜਾ ਸਕਿਆ।
‘ਸਾਹਿਬ` ਕੋ ਦੇਖ ਮਸਖ ਖਤੁ ਖਾਲ ਹੋ ਗਏ।
ਡਰ ਸੇ ਸਫੈਦ ਜਾਲਿਮੋ ਕੇ ਬਾਲ ਹੋ ਗਏ।

ਹੁਣ ਜਦੋਂ ਭਾਈ ਸਾਹਿਬ ਸਿੰਘ ਜੀ ਵੀ ਮੈਦਾਨ-ਏ-ਜੰਗ ਵਿੱਚ ਆ ਗਏ ਨੇ ਤੇ ਵੈਰੀਆਂ ਦੇ ਹੌਂਸਲੇ ਹੋਰ ਵੀ ਡਾਵਾਂ-ਡੋਲ ਹੋ ਗਏ ਨੇ। ਉਹਨਾਂ ਵੈਰੀਆਂ ਦੇ ਸਰੀਰ ਵਿੱਚ ਕੰਬਣੀਆਂ ਛਿੜਣ ਲਗ ਗਈਆਂ ਅਤੇ ਰੋਮ ਰੋਮ ਕੰਬਣ ਲਗ ਪਿਆ। ਵੈਰੀ ਡਰਦੇ ਹੋਏ ਹੀ ਚਿੱਟੇ-ਬੱਗੇ ਹੋਈ ਜਾ ਰਹੇ ਹਨ ਕਿਉਂਕਿ ਮੌਤ ਦਾ ਡਰ ਵੀ ਤਾਂ ਬਹੁਤ ਭੈੜਾ ਹੈ ਨਾ।
ਜਿਸ ਸੱਮਤ ਗੁਲ ਮਚਾ ਥਾ, ਉਧਰ ਜਬ ਨਿਗਾਹ ਕੀ।
ਆਵਾਜ ਸਾਫ ਆਨੇ ਲਗੀ ‘ਆਹ-`ਆਹ`ਕੀ।

ਮੈਦਾਨ-ਏ-ਜੰਗ ਵਿੱਚ ਸਿੰਘ, ਸੂਰਬੀਰ ਅਗਾਂਹ ਨੂੰ ਵਧੀ ਜਾ ਰਹੇ ਹਨ, ਜਿਸ-ਜਿਸ ਪਾਸੇ ਵੀ ਜਾਂਦੇ ਹਨ, ਉਧਰੋਂ -ਉਧਰੋਂ ਹੀ “ਹਾਏ ਅੰਮਾ! -ਹਾਏ ਅੰਮਾ! “ਦੀਆਂ ਆਵਾਜਾਂ ਆ ਰਹੀਆਂ ਹਨ। ਕਲਗੀਧਰ ਪਾਤਸ਼ਾਹ ਦੇ ਲਾਡਲੇ ਸੂਰਬੀਰਾਂ ਨੇ ਦੁਸ਼ਮਣਾਂ ਨੂੰ ਉਨਾਂ ਚਿਰ ਆਪਣੇ ਸਾਹਮਣੇ ਟਿਕਣ ਨਹੀ ਦਿੱਤਾ, ਜਿੰਨਾ ਚਿਰ ਉਹਨਾਂ ਦੀ ਜਾਨ ਵਿੱਚ ਜਾਨ ਸੀ। ਉਨਾਂ ਚਿਰ ਸਿੰਘਾਂ ਨੇ ਵੈਰੀਆਂ ਨੂੰ ਭਾਜੜਾਂ ਹੀ ਪਾਈ ਰੱਖੀਆਂ, ਜਿੰਨਾ ਚਿਰ ਉਹਨਾਂ ਦੇ ਸਾਹ ਵਿੱਚ ਸਾਹ ਸੀ।
ਇੱਕ ਖਾਲਸੇ ਨੇ ਹਾਲਤਿ ਲਸ਼ਕਰ ਤਬਾਹ ਕੀ।
ਰਨ ਮੇ ਕਹੀ ਜਗ੍ਹਾ ਨ ਰਹੀ ਥੀ ਪਨਾਹ ਕੀ।

ਇਕ-ਇਕ ਖਾਲਸੇ ਨੇ ਗੁਰੂ ਦਾ ਬਚਨ,” ਸਵਾ ਲਾਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊ”।। ਨੂੰ ਸਚ ਕਰ ਕੇ ਵਿਖਾ ਦਿੱਤਾ। ਹੁਣ ਵੈਰੀਆਂ ਨੂੰ ਚਮਕੌਰ ਦੇ ਮੈਦਾਨ ਵਿੱਚ ਪਨਾਹ ਲੈਣ ਲਈ ਵੀ ਕੋਈ ਜਗ੍ਹਾ ਨਹੀ ਸੀ ਲੱਭ ਰਹੀ। ਮੁਗਲਈ ਫੌਜੀ ਆਪਣੇ-ਆਪਣੇ ਸਾਥੀਆਂ ਨੂੰ ਕਹਿ ਰਹੇ ਨੇ ਕਿ ਇਥੋਂ ਦੌੜੋ ਤੇ ਆਪਣੀਆਂ-ਆਪਣੀਆਂ ਜਾਨਾਂ ਬਚਾ ਲਉ। ਹੁਣ ਹੋਰ ਕੋਈ ਚਾਰਾ ਨਹੀ ਜੇ ਰਿਹਾ।
ਭਾਗੋ! ਕਿ ਅਬ ਬਚਾਉ ਕੀ ਸੂਰਤ ਨਹੀਂ ਰਹੀ।
ਆਏ ‘ਧਰਮ` ਤੋ ਜੰਗ ਕੀ ਹਿੰਮਤ ਨਹੀ ਰਹੀ।

ਸਿੰਘਾਂ ਦੇ ਜਥੇ ਵਾਰੋ ਵਾਰੀ ਚਮਕੌਰ ਕੀ ਗੜ੍ਹੀ ਅੰਦਰੋਂ ਬਾਹਰ ਜੰਗ ਵਿੱਚ ਜੂਝਣ ਲਈ ਜਾ ਰਹੇ ਨੇ ਤੇ ਉਹਨਾਂ ਨੂੰ ਇਹ ਵੀ ਗਿਆਨ ਹੈ ਕਿ ਜੋ ਬਾਹਰ ਜਾ ਰਿਹਾ ਹੈ ਉਹ ਵਾਪਿਸ ਲਈ ਆ ਰਿਹਾ ਅਤੇ ਨਾ ਐਸੀ ਸੰਭਾਵਨਾ ਹੈ। ਜੋ ਅੰਦਰ ਨੇ ਉਹਨਾਂ ਨੂੰ ਵੀ ਗਿਆਨ ਹੈ ਕਿ ਅੰਦਰ ਰਹਿ ਕੇ ਵੀ ਬਚਣਾ ਸੰਭਵ ਨਹੀ ਹੈ।
ਹੁਣ ਸਿੰਘਾਂ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ “ਪਾਤਸ਼ਾਹ ਆਪ ਜੀ ਸਾਹਿਬਜਾਦਿਆਂ ਨੂੰ ਲੈ ਕੇ ਨਿਕਲ ਜਾਉ। “ਇਥੇ ਵਰਨਣ ਕਰਨਾ ਜਰੂਰੀ ਹੈ ਕਿ ਸਾਰੀ ਦੁਨੀਆਂ ਦੇ ਇਤਿਹਾਸ ਅੰਦਰ ਕੇਵਲ ਤੇ ਕੇਵਲ ਇੱਕ ਕਲਗੀਧਰ ਪਾਤਸ਼ਾਹ ਹੀ ਐਸਾ ਗੁਰੂ ਮਿਲੇਗਾ ਜਿਸਨੇ ਜਵਾਬ ਦਿੱਤਾ ਸੀ “ਤੁਸੀ ਕਿਹੜੇ ਸਾਹਿਬਜਾਦਿਆਂ ਦੀ ਗਲ ਕਰਦੇ ਹੋ? ਤੁਸੀ ਸਾਰੇ ਹੀ ਮੇਰੇ ਸਾਹਿਬਜਾਦੇ ਹੋ। “ ਇਹੀ ਬਚਨ ਜੋ ਪਾਤਸ਼ਾਹ ਨੇ ਚਮਕੌਰ ਦੀ ਗੜ੍ਹੀ ਅੰਦਰ ਕਹੇ ਸਨ ਉਹਨਾਂ ਬਚਨਾਂ ਦੀ ਪ੍ਰੋੜਤਾ ਵੀ ਕੀਤੀ। ਮਾਤਾਵਾਂ ਨੇ ਦਮਦਮਾ ਸਾਹਿਬ ਦੀ ਧਰਤੀ ਉਪਰ ਜਦੋਂ ਪੁਛਿਆ ਸੀ “ਪਾਤਸ਼ਾਹ ਆਪ ਜੀ ਨਾਲ ਸਾਹਿਬਜਾਦੇ ਦਿਖਾਈ ਨਹੀ ਦੇ ਰਹੇ, ਸਾਹਿਬਜਾਦੇ ਕਿਥੇ ਨੇ? “ਕਲਗੀਧਰ ਪਾਤਸ਼ਾਹ ਨੇ ਸਾਡੇ ਲੋਕਾਂ ਵਲ ਇਸ਼ਾਰਾ ਕਰ ਕੇ ਕਿਹਾ ਸੀ-
ਇਨ ਪੁਤਰਨ ਕੇ ਕਾਰਨੇ, ਵਾਰ ਦੀਏ ਸੁਤ ਚਾਰ।
ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜਾਰ।

ਜਿਹੜੇ ਜਿਹੜੇ ਵੀ ਚਮਕੌਰ ਦੀ ਗੜ੍ਹੀ ਅੰਦਰੋਂ ਬਾਹਰ ਗਏ ਨੇ ਉਹ ਲੱਖਾਂ ਦੀ ਗਿਣਤੀ ਦੇ ਵੈਰੀਆਂ ਨੂੰ ਮਾਰਦੇ ਹੋਏ ਆਪ ਵੀ ਜਾਮੇ ਸ਼ਹਾਦਤ ਪੀਂਦੇ ਗਏ।
ਲਾਖੋ ਕੋ ਕਤਲ ਕਰਕੇ ‘ਪਯਾਰੇ` ਗੁਜ਼ਰ ਗਏ।
ਏਕ ਏਕ ਕਰਕੇ ਖਾਲਸੇ ਸਾਰੇ ਗੁਜ਼ਰ ਗਏ।
ਸਦਾ ਫਨਾਹ ਕੇ ਘਾਟ ਉਤਾਰੇ ਗੁਜ਼ਰ ਗਏ।
ਭੁਸ ਮੇ ਲਗਾ ਕੇ ਆਗ ਸ਼ਰਾਰੇ ਗੁਜ਼ਰ ਗਏ।

ਇਹ ਸਿੰਘ, ਸੂਰਬੀਰ ਜਦੋਂ ਗੜ੍ਹੀ ਦੇ ਅੰਦਰੋਂ ਬਾਹਰ ਜਾਂਦੇ ਸਨ, ਤਾਂ ਇੰਝ ਜਾਂਦੇ ਸਨ ਜਿਵੇਂ ਇੱਕ ਛੋਟੀ ਜਿਹੀ ਅੱਗ ਦੀ ਚਿੰਗਾਰੀ ਜਾਂਦਿਆਂ ਹੀ ਵੱਡੇ ਸਾਰੇ ਬਾਲਣ ਦੇ ਢੇਰ ਨੂੰ ਸਾੜ ਕੇ ਸੁਆਹ ਕਰ ਜਾਂਦੀ ਹੈ ਤੇ ਬਿਲਕੁਲ ਉਸੇ ਤਰਾਂ ਚਮਕੌਰ ਦੇ ਮੈਦਾਨ-ਏ-ਜੰਗ ਵਿੱਚ ਹੋ ਰਿਹਾ ਹੈ। ਇਹ ਸਿੰਘ ਰੂਪੀ ਚਿੰਗਾੜੀਆਂ ਕਈਆਂ ਨੂੰ ਸਾੜ ਕੇ ਸੁਆਹ ਕਰੀ ਜਾ ਰਹੀਆਂ ਹਨ। ਸੁਆਹ ਕਰਦਿਆਂ ਆਪ ਵੀ ਬੁਝ ਗਈਆਂ। ਗੁਰੂ ਕਲਗੀਧਰ ਪਾਤਸ਼ਾਹ ਦੇ ਸਿੰਘ, ਸੂਰਬੀਰ ਇੰਨੀ ਦਲੇਰੀ, ਬਹਾਦਰੀ ਨਾਲ ਲੜ ਰਹੇ ਨੇ-
ਜ਼ਖਮੋ ਸੇ ਸਿੰਘ ਸੂਰਮੇ ਜਬ ਚੂਰ ਹੋ ਗਏ।
ਸ੍ਰਦਾਰ ਸਰ ਕਟਾਨੇ ਪਿ ਮਜਬੂਰ ਹੋ ਗਏ।
ਫਵਾਰਾ ਇ-ਖੂੰ ਹਰ ਹਰ ਬੁਨੇ-ਮੂ ਸੇ ਰਵਾਂ ਹੂਆ।
ਜ਼ਖਮੋ ਸੇ ਚੂਰ ਚੂਰ ਇੱਕ ਇੱਕ ਜਵਾਂ ਹੂਆ।
ਖਾ-ਖਾ ਕੇ ਤੀਰ ਸਿੰਘ ਹਰ ਇੱਕ ਨਾਤਵਾਂ ਹੂਆ।
ਸਰ ਤਨ ਪਿ ਸ਼ੌਕ ਕਤਲ ਮੇ ਬਾਰਿ ਗਿਰਾਂ ਹੂਆ।

ਸਿੰਘ, ਸੂਰਬੀਰ ਵੈਰੀਆਂ ਦੀਆਂ ਗੋਲੀਆਂ, ਵੈਰੀਆਂ ਦੇ ਤੀਰ ਅਤੇ ਕ੍ਰਿਪਾਨਾਂ ਦੇ ਫੱਟ ਖਾ-ਖਾ ਕੇ ਵੀ ਸੂਰਮਤਾਈ ਦਿਖਾ ਰਹੇ ਨੇ, ਪਰ ਖੂਨ ਦੇ ਫੁਹਾਰੇ ਵੀ ਜਿਸਮ ਵਿਚੋਂ ਫੁੱਟ ਰਹੇ ਨੇ, ਤੁਪਕਾ-ਤੁਪਕਾ ਕਰਕੇ ਜਿਸਮ ਵਿਚੋਂ ਖੂਨ ਵੀ ਧਰਤੀ ਉਪਰ ਡਿੱਗ ਰਿਹਾ ਹੈ।
ਗੁਰੂ ਨਾਨਕ ਦੇ ਪਾਏ ਗਏ ਪੂਰਨਿਆਂ ਤੇ ਚਲਦਿਆਂ, ਕਲਗੀਧਰ ਪਾਤਸ਼ਾਹ ਨੇ ਔਰੰਗਜੇਬ ਨੂੰ ਜਫਰਨਾਮਾ ਲਿਖਿਆ ਤੇ ਇਸ ਗਲ ਨੂੰ ਮੰਨਿਆ ਤੇ ਲਿਖਿਆ ਕਿ ਐ ਔਰੰਗਜੇਬ! ਮੇਰੇ ਚਾਲੀ ਭੁਖਣਭਾਣੇ ਸ਼ੇਰਾਂ ਤੇ ਤੇਰੀ ਲੱਖਾਂ ਦੀ ਫੌਜ ਭੁੱਖੇ ਬਘਿਆੜਾਂ ਵਾਂਗ ਟੁੱਟ ਕੇ ਪੈ ਗਈ। ਪਰ ਮੇਰੇ ਸਿੰਘ, ਸੂਰਬੀਰਾਂ ਦੀ ਇਕੱਲੀ ਸੂਰਮਤਾਈ ਵੀ ਕੀ ਕਰ ਸਕਦੀ ਸੀ, ਦੇਖੋ ਇਥੇ ਕਲਗੀਧਰ ਪਾਤਸ਼ਾਹ ਨੇ ਸਚ ਦੀ ਓਟ ਲੈ ਕੇ ਗੱਲ ਲਿਖੀ ਗਈ ਸੀ ਕਿ ਮੇਰੇ ਸਿੰਘਾਂ ਦੀ ਇਕੱਲੀ ਸੂਰਮਤਾਈ ਕੀ ਕਰ ਸਕਦੀ ਸੀ ਤੇ ਜੇਕਰ ਮੇਰੇ ਸਿੰਘਾਂ ਦੀ ਗਿਣਤੀ ਕੁੱਝ ਹੋਰ ਹੁੰਦੀ ਤਾਂ ਨਤੀਜਾ ਵੀ ਕੁੱਝ ਹੋਰ ਹੋਣਾ ਸੀ। ਪਰ ਫਿਰ ਵੀ ਕਲਗੀਧਰ ਦੇ ਇਹਨਾਂ ਸਿੰਘਾਂ ਨੇ ਜਾਨ ਦੇਣ ਤੋਂ ਪਹਿਲਾਂ ਲੱਖਾਂ ਦੀ ਜਾਨ ਵੀ ਲਈ ਸੀ।” ਕਲਗੀਧਰ ਪਾਤਸ਼ਾਹ ਦੇ ਪਿਆਰਿਆਂ, ਸਿੰਘ ਸੂਰਬੀਰਾਂ ਨੇ ਪਾਤਸ਼ਾਹ ਦੇ ਇਹਨਾਂ ਬਚਨਾਂ ਤੇ ਪ੍ਰੈਕਟੀਕਲੀ ਚਲ ਕੇ ਵਿਖਾ ਦਿੱਤਾ।
ਲਾਖੋਂ ਕੀ ਜਾਨ ਲੈ ਕੇ ਦਲੇਰੋਂ ਨੇ ਜਾਨ ਦੀ।
ਸਤਿਗੁਰੂ ਗੁਰੂ ਗੋਬਿੰਦ ਕੇ ਸ਼ੇਰੋਂ ਨੇ ਜਾਨ ਦੀ।

ਸੂਰਬੀਰਾਂ ਨੇ ਲੱਖਾਂ ਜਾਨਾ ਲੈ ਕੇ ਆਪਣੇ ਸਰੀਰ ਰੂਪੀ ਠੀਕਰੇ ਵੀ ਭੰਨ ਦਿੱਤੇ।
********** (ਚਲਦਾ … ….)

ਸੁਖਜੀਤ ਸਿੰਘ ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ
201/6 ਮੁਹੱਲਾ ਸੰਤਪੁਰਾ, ਕਪੂਰਥਲਾ
98720-76876

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.