ਕੈਟੇਗਰੀ

ਤੁਹਾਡੀ ਰਾਇ



ਡਾ: ਸਰਬਜੀਤ ਸਿੰਘ
ਗੁਰੂ ਗਰੰਥ ਸਾਹਿਬ ਅਨੁਸਾਰ ਬੀਜ ਮੰਤਰ, ਮੂਲ ਮੰਤਰ, ਮਹਾਂ ਮੰਤ੍ਰ ਅਤੇ ਗੁਰ ਮੰਤ੍ਰ ਕੀ ਹਨ?(ਭਾਗ ੧)
ਗੁਰੂ ਗਰੰਥ ਸਾਹਿਬ ਅਨੁਸਾਰ ਬੀਜ ਮੰਤਰ, ਮੂਲ ਮੰਤਰ, ਮਹਾਂ ਮੰਤ੍ਰ ਅਤੇ ਗੁਰ ਮੰਤ੍ਰ ਕੀ ਹਨ?(ਭਾਗ ੧)
Page Visitors: 2595

ਗੁਰੂ ਗਰੰਥ ਸਾਹਿਬ ਅਨੁਸਾਰ ਬੀਜ ਮੰਤਰ, ਮੂਲ ਮੰਤਰ, ਮਹਾਂ ਮੰਤ੍ਰ ਅਤੇ ਗੁਰ ਮੰਤ੍ਰ ਕੀ ਹਨ?(ਭਾਗ ੧)
What is Beej Mantar, Mool Mantar, Maha Mantar and Gur Mantar according to Guru Granth Sahib  (Part 1)
ਗੁਰਦੁਆਰਾ ਸਾਹਿਬਾਂ ਵਿੱਚ ਆਮ ਤੌਰ ਤੇ ਵੇਖਣ ਵਿੱਚ ਆਉਂਦਾ ਹੈ ਕਿ ਪ੍ਰਚਾਰਕ ਗੁਰਬਾਣੀ ਦੇ ਕੁੱਝ ਸਬਦਾਂ ਦੇ ਇਕੱਠ ਨੂੰ ਵੱਖ ਵੱਖ ਤਰ੍ਹਾਂ ਦੇ ਮੰਤਰਾਂ ਦਾ ਨਾਂ ਦਿੰਦੇ ਰਹਿੰਦੇ ਹਨ, ਤੇ ਉਸ ਨੂੰ ਸਿਧ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਪ੍ਰਮਾਣ ਵੀ ਦਿੰਦੇ ਰਹਿੰਦੇ ਹਨ, ਪਰੰਤੂ ਕਿਸੇ ਵੀ ਪ੍ਰਚਾਰਕ ਨੇ ਕਦੇ ਵੀ ਆਪਣਾ ਪ੍ਰਮਾਣ ਗੁਰੂ ਗਰੰਥ ਸਾਹਿਬ ਦੇ ਆਧਾਰ ਤੇ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਲੋਕ ਆਮ ਤੋਰ ਤੇ ਹੇਠ ਲਿਖੇ ਮੰਤਰਾਂ ਦਾ ਜਿਕਰ ਕਰਦੇ ਹਨ, ਤੇ ਉਹਨਾਂ ਦਾ ਰਟਨ ਕਰਨ ਲਈ ਵੀ ਪ੍ਰੇਰਤ ਕਰਦੇ ਰਹਿੰਦੇ ਹਨ:
ਬੀਜ ਮੰਤ੍ਰ =
ਮੂਲ ਮੰਤ੍ਰ = ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ, ਸੈਭੰ ਗੁਰ ਪ੍ਰਸਾਦਿ॥ (੧)
ਮਹਾਂ ਮੰਤ੍ਰ = ਮੂਲ ਮੰਤ੍ਰ + ਸਲੋਕ = ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ
ਜਪੁ
 ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ ੧॥ (੧)
ਗੁਰ ਮੰਤ੍ਰ = ਵਾਹਿਗੁਰੂ
ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਦੇ ਆਧਾਰ ਤੇ ਵੇਖਿਆ ਜਾਵੇਂ ਤਾਂ ਕਿਤੇ ਵੀ ਇਹ ਨਹੀਂ ਕਿਹਾ ਕਿ ਕਿਸੇ ਤਰ੍ਹਾਂ ਦਾ ਕੋਈ ਖਾਸ ਅੱਖਰੀ ਸ਼ਬਦ ਜਾਂ ਕੁੱਝ ਅੱਖਰੀ ਸ਼ਬਦਾ ਦਾ ਜੋੜ, ਬੀਜ ਮੰਤ੍ਰ ਹੈ, ਮੂਲ ਮੰਤ੍ਰ ਹੈ, ਮਹਾਂ ਮੰਤ੍ਰ ਹੈ, ਜਾਂ ਗੁਰ ਮੰਤ੍ਰ ਹੈ। ਇਹ ਸਾਰੀ ਵੰਡ ਸਾਡੀ ਆਪਣੀ ਬਣਾਈ ਹੋਈ ਹੈ।
ਕਈਆਂ ਨੇ ਕਾਵ ਰਚਨਾ ਦੇ ਆਧਾਰ ਤੇ ਵੀ ਵਰਗੀਕਰਨ (Classification) ਕਰਨ ਦੀ ਕੋਸ਼ਿਸ਼ ਕੀਤੀ ਹੈ। ਪੁਰਾਤਨ ਸਮਿਆਂ ਵਿੱਚ ਰਚਨਾ ਲਿਖਣ ਸਮੇਂ ਲੇਖਕ ਪਹਿਲਾਂ ਆਪਣੇ ਇਸ਼ਟ ਬਾਰੇ ਬਿਆਨ ਕਰਦਾ ਸੀ, ਫਿਰ ਆਪਣੇ ਇਸ਼ਟ ਦਾ ਧੰਨਵਾਦ ਲਈ ਮੰਗਲਾਚਰਨ, ਆਦਿ ਲਿਖਿਆ ਜਾਂਦਾ ਸੀ। ਅੱਜਕਲ ਦੇ ਕਵੀ ਵੀ ਆਪਣੀ ਕਵਿਤਾ ਬੋਲਣ ਤੋਂ ਪਹਿਲਾਂ ਕੁੱਝ ਪੰਗਤੀਆਂ ਕਹਿੰਦੇ ਹਨ, ਜੋ ਕਿ ਅਕਸਰ ਕਿਸੇ ਹੋਰ ਕਵਿਤਾ ਜਾਂ ਰਚਨਾਂ ਤੋਂ ਹੁੰਦੀਆਂ ਹਨ।
ਹੇਠ ਲਿਖੇ ਦੋਹਰੇ ਵਿੱਚ ਦਸਵੇਂ ਪਤਾਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਪੱਸ਼ਟ ਕਰਕੇ ਸਮਝਾਇਆ ਹੈ ਕਿ ਉਹਨਾਂ ਨੇ ਅਕਾਲ ਪੁਰਖੁ ਦੀ ਆਗਿਆ ਨਾਲ ਇਹ ਪੰਥ ਚਲਾਇਆ ਹੈ। ਉਹਨਾਂ ਨੇ ਸਾਰੇ ਸਿੱਖਾਂ ਨੂੰ ਹੁਕਮ ਕੀਤਾ ਸੀ, ਕਿ ਹਰੇਕ ਸਿੱਖ ਨੇ ਗੁਰੂ ਗਰੰਥ ਸਾਹਿਬ ਨੂੰ ਹੀ ਆਪਣਾ ਗੁਰੂ ਸਮਝਣਾ ਹੈ। ਜਦੋਂ ਅਸੀਂ ਗੁਰੂ ਗਰੰਥ ਸਾਹਿਬ ਨੂੰ ਆਪਣਾ ਗੁਰੂ ਮੰਨ ਲਵਾਂਗੇ, ਤਾਂ ਗੁਰੂ ਦੀ ਦੇਹ ਸਾਡੇ ਸਾਹਮਣੇ ਆਪਣੇ ਆਪ ਪ੍ਰਗਟ ਹੋ ਜਾਵੇਗੀ। ਜਿਹੜਾ ਵੀ ਸਿੱਖ ਅਕਾਲ ਪੁਰਖੁ ਨੂੰ ਮਿਲਣਾ ਚਾਹੁੰਦਾ ਹੈ, ਉਹ ਜੁਗੋ ਜੁਗ ਅਟਲ ਗੁਰੂ ਗਰੰਥ ਸਾਹਿਬ ਵਿਚੋਂ ਖੋਜ ਸਕਦਾ ਹੈ। ਇਸ ਲਈ ਹਰੇਕ ਸਿੱਖ ਲਈ ਗੁਰੂ ਤੇ ਹੋਰ ਸਭ ਕੁੱਝ ਜੋ ਵੀ ਉਸ ਨੂੰ ਜੀਵਨ ਦੀ ਸੇਧ ਤੇ ਸਫਲਤਾ ਲਈ ਚਾਹੀਦਾ ਹੈ, ਉਹ ਸਭ ਕੁੱਝ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਵਿਚੋਂ ਹੀ ਖੋਜਣਾ ਹੈ।
ਦੋਹਰਾ:
 ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ॥ ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ॥
 ਗੁਰੂ ਗ੍ਰੰਥ ਕੋ ਮਾਨੀਓ ਪ੍ਰਗਟ ਗੁਰਾਂ ਕੀ ਦੇਹ॥ ਜੋ ਪ੍ਰਭ ਕੋ ਮਿਲਬੋ ਚਹੇ ਖੋਜ ਸ਼ਬਦ ਮੈਂ ਲੇਹ

ਇਸ ਲਈ ਅਸੀਂ ਆਪਣੀ ਮਰਜ਼ੀ ਨਾਲ ਕਿਸੇ ਤਰ੍ਹਾਂ ਦੀ ਵੀ ਮੋਹਰ ਨਹੀਂ ਲਾ ਸਕਦੇ ਹਾਂ, ਜੋ ਵੀ ਸਿਖਿਆ ਲੈਣੀ ਹੈ ਜਾਂ ਨਿਰਣਾ ਕਰਨਾ ਹੈ, ਉਹ ਸਿਰਫ ਤਾਂ ਸਿਰਫ ਗੁਰੂ ਗਰੰਥ ਸਾਹਿਬ ਦੇ ਆਧਾਰ ਤੇ ਹੀ ਕਰਨਾ ਹੈ। ਆਓ ਅਸੀਂ ਵੀ ਗੁਰੂ ਗਰੰਥ ਸਾਹਿਬ ਦੇ ਆਧਾਰ ਤੇ ਇਨ੍ਹਾਂ ਮੰਤਰਾਂ ਬਾਰੇ ਖੋਜਣ ਦਾ ਯਤਨ ਕਰੀਏ, ਕਿ ਗੁਰੂ ਗਰੰਥ ਸਾਹਿਬ ਸਾਨੂੰ ਕੀ ਸੇਧ ਦਿੰਦੇ ਹਨ।
ਮਨੁੱਖ ਭਾਂਵੇਂ ਕਿਸੇ ਤਰ੍ਹਾਂ ਦੀ ਬਿਰਤੀ, ਭਾਵ ਪਸ਼ੂ, ਚੰਦਰੀ ਰੂਹ, ਮੂਰਖ, ਪੱਥਰ ਦਿਲ ਵਾਲਾ ਹੋਵੇ। ਜੇਕਰ ਅਕਾਲ ਪੁਰਖੁ ਆਪਣੀ ਮੇਹਰ ਕਰ ਕੇ ਉਸ ਦੇ ਹਿਰਦੇ ਵਿੱਚ ਨਾਮੁ ਟਿਕਾ ਦੇਵੇ ਤਾਂ ਨਾਮੁ ਸਭ ਨੂੰ ਇਸ ਸੰਸਾਰ ਰੂਪੀ ਸਮੁੰਦਰ ਵਿਚੋਂ ਤਾਰ ਸਕਦਾ ਹੈ। ਪਰੰਤੂ ਇਹ ਨਾਮੁ ਹੋਰ ਕਿਸੇ ਢੰਗ ਨਾਲ ਜਾਂ ਕਿਸੇ ਧਾਰਮਿਕ ਰਸਮ ਰਿਵਾਜ ਦੇ ਕਰਨ ਨਾਲ ਨਹੀਂ ਮਿਲਦਾ; ਇਹ ਨਾਮੁ ਉਸ ਮਨੁੱਖ ਨੂੰ ਮਿਲਦਾ ਹੈ, ਜਿਸ ਦੇ ਮੱਥੇ ਤੇ ਧੁਰੋਂ ਅਕਾਲ ਪੁਰਖੁ ਦੀ ਮੇਹਰ ਅਨੁਸਾਰ ਲਿਖਿਆ ਜਾਂਦਾ ਹੈ। ਚਾਰੇ ਜਾਤੀਆਂ ਵਿਚੋਂ ਕੋਈ ਵੀ ਅਕਾਲ ਪੁਰਖੁ ਦਾ ਨਾਮੁ ਜਪ ਕੇ ਵੇਖ ਲਏ, ਅਕਾਲ ਪੁਰਖੁ ਦਾ ਨਾਮੁ ਹੋਰ ਸਭ ਮੰਤ੍ਰਾਂ ਦਾ ਮੁੱਢ ਹੈ ਤੇ ਸਭ ਦਾ ਗਿਆਨ ਦਾਤਾ ਹੈ। ਅਕਾਲ ਪੁਰਖੁ ਦਾ ਨਾਮੁ ਸਾਰੇ ਰੋਗਾਂ ਦੀ ਦਵਾਈ ਹੈ। ਅਕਾਲ ਪੁਰਖੁ ਦੇ ਗੁਣ ਗਾਉਣੇ ਚੰਗੇ ਭਾਗਾਂ ਤੇ ਸੁਖ ਦਾ ਰੂਪ ਹੈ। ਜਿਹੜਾ ਮਨੁੱਖ ਨਾਮੁ ਜਪਦਾ ਹੈ ਉਸ ਦੀ ਉੱਚੀ ਜ਼ਿੰਦਗੀ ਬਣ ਜਾਂਦੀ ਹੈ, ਪਰੰਤੂ ਕੋਈ ਵਿਰਲਾ ਮਨੁੱਖ ਹੀ ਸਾਧ ਸੰਗਤਿ ਵਿੱਚ ਰਹਿ ਕੇ ਇਸ ਨੂੰ ਹਾਸਲ ਕਰਦਾ ਹੈ।
ਇਸ ਸਬਦ ਅਨੁਸਾਰ ਅਕਾਲ ਪੁਰਖੁ ਦਾ ਨਾਮੁ ਹੀ ਬੀਜ ਮੰਤ੍ਰੁ ਹੈ ਤੇ ਗਿਆਨ ਦਾ ਸੋਮਾ ਹੈ, ਜਿਹੜਾ ਕਿ ਸਬਦ ਗੁਰੂ ਦੀ ਸੰਗਤਿ ਵਿੱਚ ਰਹਿ ਕੇ ਮਿਲ ਸਕਦਾ ਹੈ।
ਬੀਜ ਮੰਤ੍ਰੁ ਸਰਬ ਕੋ ਗਿਆਨੁ॥ ਚਹੁ ਵਰਨਾ ਮਹਿ ਜਪੈ ਕੋਊ ਨਾਮੁ॥
 ਜੋ ਜੋ ਜਪੈ ਤਿਸ ਕੀ ਗਤਿ ਹੋਇ॥ ਸਾਧਸੰਗਿ ਪਾਵੈ ਜਨੁ ਕੋਇ
॥ (੨੭੪)
ਜਿਸ ਅਵਸਥਾ ਵਿੱਚ ਮਨੁੱਖ ਦੇ ਮਨ ਵਿੱਚ ਅਕਾਲ ਪੁਰਖੁ ਦਾ ਨਾਮੁ ਆ ਕੇ ਟਿਕ ਜਾਂਦਾ ਹੈ, ਉਸ ਅਵਸਥਾ ਵਿੱਚ ਸਤਿਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਬਾਣੀ ਨਾਲ ਮਨੁੱਖ ਦੇ ਹਿਰਦੇ ਵਿੱਚ ਹੁਲਾਰੇ ਪੈਣੇ ਸ਼ੁਰੂ ਹੋ ਜਾਂਦੇ ਹਨ; ਮਨੁੱਖ ਦੀ ਸੁਰਤਿ ਗੁਰੂ ਦੀ ਸਿੱਖਿਆ ਨਾਲ ਜਾਗ ਪੈਂਦੀ ਹੈ, ਸਬਦ ਗੁਰੂ ਦੁਆਰਾ ਮਨੁੱਖ ਨੂੰ ਸੋਝੀ ਆ ਜਾਂਦੀ ਹੈ, ਮਨੁੱਖ ਦੀ ਅਕਾਲ ਪੁਰਖੁ ਨਾਲ ਡੂੰਘੀ ਜਾਣ ਪਛਾਣ ਹੋ ਜਾਂਦੀ ਹੈ, ਤੇ ਉਸ ਨੂੰ ਅਕਾਲ ਪੁਰਖ ਮਿਲ ਪੈਂਦਾ ਹੈ। ਜਿਸ ਮਨੁੱਖ ਦੇ ਅੰਦਰ ਅਕਾਲ ਪੁਰਖੁ ਪਰਗਟ ਹੋ ਜਾਂਦਾ ਹੈ, ਉਹ ਸਦਾ ਰੁਹਾਨੀ ਤੌਰ ਤੇ ਜਾਗਦਾ ਰਹਿੰਦਾ ਹੈ, ਭਾਵ ਮਾਇਆ ਦੇ ਹੱਲਿਆਂ ਤੋਂ ਸੁਚੇਤ ਰਹਿੰਦਾ ਹੈ। ਉਹ ਮਾਇਆ ਦੀ ਨੀਂਦ ਵਿੱਚ ਕਦੇ ਵੀ ਸਉਂਦਾ ਨਹੀਂ; ਉਹ ਇੱਕ ਐਸੀ ਸਮਾਧੀ ਵਿੱਚ ਟਿਕਿਆ ਰਹਿੰਦਾ ਹੈ ਜਿਥੋਂ ਮਾਇਆ ਦੇ ਤਿੰਨੇ ਗੁਣ ਤੇ ਤਿੰਨਾਂ ਲੋਕਾਂ ਦੀ ਮਾਇਆ ਪਰੇ ਹੀ ਰਹਿੰਦੇ ਹਨ; ਉਹ ਮਨੁੱਖ ਅਕਾਲ ਪੁਰਖੁ ਦਾ ਨਾਮੁ ਮੰਤ੍ਰ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਦਾ ਹੈ, ਜਿਸ ਦੀ ਬਰਕਤਿ ਨਾਲ ਉਸ ਦਾ ਮਨ ਮਾਇਆ ਵਲੋਂ ਸੁਚੇਤ ਰਹਿੰਦਾ ਹੈ, ਤੇ ਉਹ ਮਨੁੱਖ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ। ਉਹ ਮਨੁੱਖ ਕਦੇ ਝੂਠ ਨਹੀਂ ਬੋਲਦਾ; ਆਪਣੀਆਂ ਪੰਜ ਇੰਦ੍ਰਿਆਂ ਨੂੰ ਆਪਣੇ ਕਾਬੂ ਵਿੱਚ ਰੱਖਦਾ ਹੈ, ਸਤਿਗੁਰੂ ਦਾ ਉਪਦੇਸ਼ ਆਪਣੇ ਮਨ ਵਿੱਚ ਸਾਂਭ ਕੇ ਰੱਖਦਾ ਹੈ, ਆਪਣਾ ਮਨ, ਤੇ ਆਪਣਾ ਸਰੀਰ ਅਕਾਲ ਪੁਰਖੁ ਦੇ ਪਿਆਰ ਤੋਂ ਕੁਰਬਾਨ ਕਰ ਦਿੰਦਾ ਹੈ।
ਜਾਗਤੁ ਰਹੈ ਸੁ ਕਬਹੁ ਨ ਸੋਵੈ॥ ਤੀਨਿ ਤਿਲੋਕ ਸਮਾਧਿ ਪਲੋਵੈ॥
 ਬੀਜ ਮੰਤ੍ਰੁ ਲੈ ਹਿਰਦੈ ਰਹੈ॥ ਮਨੂਆ ਉਲਟਿ ਸੁੰਨ ਮਹਿ ਗਹੈ
॥ ੫॥ (੯੭੪)
ਇਹ ਕਾਮ ਕ੍ਰੋਧ, ਤੇ ਹੰਕਾਰ ਮਨੁੱਖ ਨੂੰ ਹਰੇਕ ਤਰ੍ਹਾਂ ਦੀ ਬੜੀ ਔਖਿਆਈ ਦੇਣ ਵਾਲੇ ਹਨ। ਭਲੇ ਮਨੁੱਖਾਂ, ਦੇਵਤਿਆਂ, ਦੈਂਤਾਂ, ਤੇ ਜਗਤ ਦੇ ਸਾਰੇ ਲੋਕਾਂ ਦੇ ਆਤਮਕ ਜੀਵਨ ਦਾ ਸਰਮਾਇਆ, ਇਹਨਾਂ ਵਿਕਾਰਾਂ ਨੇ ਲੁੱਟ ਲਿਆ ਹੈ। ਜਦੋਂ ਜੰਗਲ ਨੂੰ ਅੱਗ ਲੱਗਦੀ ਹੈ ਤਾਂ ਬਹੁਤ ਸਾਰੇ ਘਾਹ ਬੂਟੇ ਸੜ ਜਾਂਦੇ ਹਨ, ਤੇ ਕੋਈ ਵਿਰਲਾ ਹਰਾ ਰੁੱਖ ਹੀ ਬਚਿਆ ਰਹਿੰਦਾ ਹੈ। ਇਸੇ ਤਰ੍ਹਾਂ ਇਸ ਜਗਤ ਰੂਪੀ ਜੰਗਲ ਨੂੰ ਤ੍ਰਿਸ਼ਨਾ ਦੀ ਅੱਗ ਸਾੜ ਰਹੀ ਹੈ, ਤੇ ਕੋਈ ਵਿਰਲਾ ਆਤਮਕ ਬਲੀ ਮਨੁੱਖ ਹੀ ਬਚ ਸਕਦਾ ਹੈ। ਜਿਹੜਾ ਇਸ ਤ੍ਰਿਸ਼ਨਾ ਰੂਪੀ ਅੱਗ ਵਿੱਚ ਸੜਨ ਤੋਂ ਬਚਿਆ ਹੈ, ਐਸੇ ਬਲੀ ਮਨੁੱਖ ਦੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ। ਜਦੋਂ ਅਕਾਲ ਪੁਰਖੁ ਕਿਰਪਾ ਕਰ ਕੇ ਆਪਣੀ ਮੇਹਰ ਦੀ ਨਿਗਾਹ ਨਾਲ ਵੇਖਦਾ ਹੈ, ਆਪਣੇ ਚਰਨਾਂ ਵਿੱਚ ਜੋੜੀ ਰੱਖਦਾ ਹੈ, ਤਾਂ ਉਸ ਅਕਾਲ ਪੁਰਖੁ ਦਾ ਪ੍ਰੇਮ ਪ੍ਰਾਪਤ ਹੁੰਦਾ ਹੈ, ਉਸ ਦੀ ਭਗਤੀ ਦੀ ਦਾਤ ਮਿਲਦੀ ਹੈ, ਤੇ ਮਨੁੱਖ ਤ੍ਰਿਸ਼ਨਾ ਰੂਪੀ ਅੱਗ ਵਿੱਚ ਸੜ ਰਹੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵੀ ਆਤਮਕ ਆਨੰਦ ਮਾਣਦਾ ਰਹਿੰਦਾ ਹੈ। ਗੁਰੂ ਸਾਹਿਬ ਸਮਝਾਂਦੇ ਹਨ ਕਿ ਮੇਰੇ ਹਿਰਦੇ ਵਿੱਚ ਸਤਿਗੁਰੂ ਦਾ ਸ਼ਬਦ ਰੂਪੀ ਮਹਾਂ ਬਲੀ ਮੰਤ੍ਰ ਵੱਸ ਰਿਹਾ ਹੈ, ਮੈਂ ਅਸਚਰਜ ਤਾਕਤ ਵਾਲੇ ਅਕਾਲ ਪੁਰਖੁ ਦਾ ਨਾਮੁ ਸੁਣਦੀ ਰਹਿੰਦੀ ਹਾਂ, ਇਸ ਵਾਸਤੇ ਇਸ ਕਾਲਖ ਨਾਲ ਭਰੀ ਕੋਠੜੀ ਵਾਲੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵੀ ਮੈਂ ਵਿਕਾਰਾਂ ਦੀ ਕਾਲਖ ਨਾਲ ਕਾਲੀ ਨਹੀਂ ਹੋਈ ਹਾਂ, ਤੇ ਮੇਰਾ ਸਾਫ਼ ਸੁਥਰਾ ਰੰਗ ਹੀ ਬਣਿਆ ਹੋਇਆ ਹੈ।
ਕਾਜਰ ਕੋਠ ਮਹਿ ਭਈ ਨ ਕਾਰੀ ਨਿਰਮਲ ਬਰਨੁ ਬਨਿਓ ਰੀ॥
 ਮਹਾ ਮੰਤ੍ਰੁ ਗੁਰ ਹਿਰਦੈ ਬਸਿਓ ਅਚਰਜ ਨਾਮੁ ਸੁਨਿਓ ਰੀ
॥ ੩॥ (੩੮੪)
ਜਿਸ ਮਨੁੱਖ ਉਤੇ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ, ਅਕਾਲ ਪੁਰਖੁ ਉਸ ਮਨੁੱਖ ਉਤੇ ਦਇਆਵਾਨ ਹੋ ਜਾਂਦਾ ਹੈ, ਉਸ ਦੇ ਸਾਰੇ ਬੰਧਨ ਕੱਟ ਦੇਂਦਾ ਹੈ, ਤੇ ਉਸ ਮਨੁੱਖ ਦਾ ਜੀਵਨ ਆਨੰਦ ਭਰਪੂਰ ਹੋ ਜਾਂਦਾ ਹੈ। ਅਕਾਲ ਪੁਰਖੁ ਦਾ ਨਾਮੁ ਇੱਕ ਐਸੀ ਦਵਾਈ ਹੈ, ਜਿਸ ਦੀ ਬਰਕਤਿ ਨਾਲ ਕੋਈ ਵੀ ਰੋਗ ਜ਼ੋਰ ਨਹੀਂ ਪਾ ਸਕਦਾ। ਜਦੋਂ ਗੁਰੂ ਦੀ ਸੰਗਤਿ ਵਿੱਚ ਰਹਿ ਕੇ ਮਨੁੱਖ ਦੇ ਮਨ ਵਿਚ, ਤੇ ਤਨ ਵਿੱਚ ਅਕਾਲ ਪੁਰਖੁ ਨਾਮੁ ਪਿਆਰਾ ਲੱਗਣ ਲੱਗ ਪੈਂਦਾ ਹੈ, ਤਾਂ ਮਨੁੱਖ ਨੂੰ ਕੋਈ ਦੁਖ ਮਹਿਸੂਸ ਨਹੀਂ ਹੁੰਦਾ। ਇਸ ਲਈ ਗੁਰੂ ਦੀ ਸਰਨ ਵਿੱਚ ਪੈ ਕੇ ਆਪਣੇ ਅੰਦਰ ਸੁਰਤਿ ਜੋੜ ਕੇ, ਸਦਾ ਅਕਾਲ ਪੁਰਖੁ ਦਾ ਨਾਮੁ ਜਪਦੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਸਾਰੇ ਪਾਪ ਮਨ ਤੋਂ ਲਹਿ ਜਾਂਦੇ ਹਨ, ਤੇ ਮਨੁੱਖ ਦਾ ਮਨ ਪਵਿਤਰ ਹੋ ਜਾਂਦਾ ਹੈ। ਗੁਰੂ ਸਾਹਿਬ ਸਾਨੂੰ ਸਪਸ਼ਟ ਕਰਕੇ ਸਮਝਾਂਦੇ ਹਨ ਕਿ ਮੈਂ ਤੁਹਾਨੂੰ ਇੱਕ ਸਭ ਤੋਂ ਵੱਡਾ ਮੰਤ੍ਰ ਦੱਸਦਾ ਹਾਂ, ਉਹ ਮੰਤ੍ਰ ਇਹ ਹੈ ਕਿ ਜੇਹੜਾ ਮਨੁੱਖ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਰਹਿੰਦਾ ਹੈ, ਅਕਾਲ ਪੁਰਖੁ ਦੇ ਨਾਮੁ ਦੀ ਵਡਿਆਈ ਸੁਣਦਾ ਤੇ ਜਪਦਾ ਰਹਿੰਦਾ ਹੈ, ਉਸ ਮਨੁੱਖ ਦੀ ਹਰੇਕ ਤਰ੍ਹਾਂ ਦੀ ਬਲਾ ਤੇ ਬਿਪਤਾ ਦੂਰ ਹੋ ਜਾਂਦੀ ਹੈ।
ਸੁਨਤ ਜਪਤ ਹਰਿ ਨਾਮ ਜਸੁ ਤਾ ਕੀ ਦੂਰਿ ਬਲਾਈ॥
ਮਹਾ ਮੰਤ੍ਰੁ ਨਾਨਕੁ ਕਥੈ ਹਰਿ ਕੇ ਗੁਣ ਗਾਈ
॥ ੪॥ ੨੩॥ ੫੩॥ (੮੧੪)
ਇਹ ਸਬਦ ਸਾਨੂੰ ਸਪਸ਼ਟ ਕਰਕੇ ਸਮਝਾਂਦਾ ਹੈ, ਕਿ ਮਹਾ ਮੰਤ੍ਰੁ ਕੋਈ ਖਾਸ ਸ਼ਬਦਾਂ ਦਾ ਜੋੜ ਨਹੀਂ ਹੈ, ਬਲਕਿ ਗੁਰਬਾਣੀ ਦੁਆਰਾ, ਅਕਾਲ ਪੁਰਖੁ ਦੇ ਨਾਮੁ ਦੁਆਰਾ, ਉਸ ਅਕਾਲ ਪੁਰਖੁ ਦੀ ਵਡਿਆਈ ਹੀ ਸਭ ਤੋਂ ਵੱਡਾ ਮੰਤ੍ਰ ਹੈ।
ਭਾਈ ਗੁਰਦਾਸ ਜੀ ਦੀ ਹੇਠ ਲਿਖੀ ਵਾਰ ਵਿਚੋਂ
"ਵਾਹਿਗੁਰੂ ਗੁਰੂ ਮੰਤ੍ਰ ਹੈ ਜਪ ਹਉਮੈਂ ਖੋਈ"
 ਵਾਲੀ ਪੰਗਤੀ ਤਾਂ ਲੋਕਾਂ ਕੋਲੋਂ ਅਨੇਕਾਂ ਵਾਰੀ ਸੁਣੀ ਜਾਂਦੀ ਹੈ, ਪਰੰਤੂ ਇਸ ਪੁਰੀ ਵਾਰ ਬਾਰੇ ਕੋਈ ਵਿਰਲਾ ਹੀ ਪੜ੍ਹਨ ਤੇ ਜਾਨਣ ਦੀ ਕੋਸ਼ਿਸ਼ ਕਰਦਾ ਹੈ। ਕਿਉਂਕਿ ਇਸ ਵਿੱਚ
"ਵਾਹਿਗੁਰੂ ਗੁਰੂ ਮੰਤ੍ਰ ਹੈ" ਲਿਖਿਆ ਹੈ, ਪ੍ਰਚਾਰਕਾਂ ਨੇ ਇਸ ਦਾ ਅੱਖਰੀ ਅਰਥ ਲੋਕਾਂ ਮਨ ਵਿੱਚ ਵਾਰ ਵਾਰ ਪਾ ਕੇ, ਇਹ ਨਤੀਜਾ ਕੱਢ ਦਿਤਾ ਹੈ ਕਿ ਗੁਰਬਾਣੀ ਅਨੁਸਾਰ
 "ਵਾਹਿਗੁਰੂ" ਗੁਰ ਮੰਤ੍ਰ ਹੈ, ਤੇ ਨਾਲ ਹੀ ਆਪਣੇ ਕੋਲੋ ਬਣਾ ਲਿਆ ਕਿ ਮੰਤ੍ਰ ਦਾ ਅਰਥ ਰਟਨ ਕਰਨਾ ਹੈ। ਪੂਰੇ ਗੁਰੂ ਗਰੰਥ ਸਾਹਿਬ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਗਿਆ ਹੈ ਕਿ "ਵਾਹਿਗੁਰੂ" ਅਕਾਲ ਪੁਰਖ ਦਾ ਨਾਮੁ ਹੈ। ਇਹ ਵੀ ਲੋਕਾਂ ਨੇ ਵਾਰ ਵਾਰ ਪ੍ਰਾਪੇਗੰਡਾ ਕਰਕੇ ਆਪਣੇ ਕੋਲੋਂ ਬਣਾ ਲਿਆ ਹੈ ਕਿ
 "ਵਾਹਿਗੁਰੂ" ਨਾਮੁ ਹੈ। ਇਸ ਤਰ੍ਹਾਂ ਦੇ ਪ੍ਰਚਾਰ ਕਰਕੇ ਅੱਜਕਲ ਅਕਸਰ ਬਹੁਤ ਸਾਰੇ ਗੁਰਦੁਆਰਾ ਸਾਹਿਬਾਂ ਵਿੱਚ ਇਹੀ ਹੋ ਰਿਹਾ ਹੈ, ਕਿ ਕੋਈ ਬਾਣੀ ਪੜ੍ਹੇ ਜਾਂ ਨਾ ਪੜ੍ਹੇ, ਪਰੰਤੂ "ਵਾਹਿਗੁਰੂ" ਦਾ ਰਟਨ ਜਰੂਰ ਕੀਤਾ ਜਾਂਦਾ ਹੈ। ਕਈ ਰਾਗੀਆਂ ਨੇ ਤਾਂ ਗੁਰਬਾਣੀ ਦੇ ਗਾਇਨ ਕਰਨ ਸਮੇਂ ਇਸ ਦੀ ਮਿਲਾਵਟ ਵੀ ਖੁਲੇ ਆਮ ਕਰਨੀ ਸ਼ੁਰੂ ਕਰ ਦਿਤੀ ਹੈ।
ਗੁਰ ਸਿਖਹੁ ਗੁਰ ਸਿਖ ਹੈ ਪੀਰ ਪੀਰਹੁੰ ਕੋਈ। ਸ਼ਬਦ ਸੁਰਤ ਚੇਲਾ ਗੁਰੂ ਪਰਮੇਸ਼ਰ ਸੋਈ
ਦਰਸ਼ਨ ਦ੍ਰਿਸ਼ਟਿ ਧਿਆਨ ਧਰ ਗੁਰੁ ਮੂਰਤਿ ਹੋਈ
। ਸ਼ਬਦ ਸੁਰਤਿ ਕਰ ਕੀਰਤਨ ਸਤਸੰਗ ਵਿਲੋਈ
ਵਾਹਿਗੁਰੂ ਗੁਰੂ ਮੰਤ੍ਰ ਹੈ ਜਪ ਹਉਮੈਂ ਖੋਈ
। ਆਪ ਗਵਾਏ ਆਪ ਹੈ ਗੁਣ ਗੁਣੀ ਪਰੋਈ। ੨। (੧੩-੨-੬)
ਅਕਸਰ ਵੇਖਣ ਵਿੱਚ ਆਂਉਂਦਾ ਹੈ, ਕਿ ਹੋਰਨਾਂ ਧਰਮਾਂ ਅਨੁਸਾਰ ਨਾਮੁ ਜਪਣ ਦੀ ਰਵਾਇਤ ਦਾ ਭਾਵ ਹੈ, ਕਿ ਕਿਸੇ ਮਿਥੇ ਗਏ ਇੱਕ ਸਬਦ (ਅੱਖਰਾਂ ਦੇ ਜੋੜ) ਦਾ ਰਟਨ ਕਰੀ ਜਾਣਾ ਹੈ। ਇਸੇ ਪ੍ਰਭਾਵ ਹੇਠ ਆ ਕੇ ਕਈ ਸਿੱਖ ਫਿਰਕਿਆਂ ਨੇ "ਵਾਹਿਗੁਰੂ" ਸਬਦ ਦਾ ਰਟਨ ਪ੍ਰਚਲਤ ਕਰ ਦਿਤਾ ਹੈ। ਗੁਰੂ ਸਾਹਿਬਾਂ ਨੇ ਅਕਾਲ ਪੁਰਖੁ ਦਾ ਕੋਈ ਵੀ ਇੱਕ ਅਖਰੀ ਨਾਂ ਨੀਯਤ ਨਹੀਂ ਕੀਤਾ ਹੈ ਤੇ ਨਾ ਹੀ ਗੁਰਬਾਣੀ ਵਿੱਚ ਏਕਾ ਸ਼ਬਦੀ (ਇਕ ਸਬਦ ਨੂੰ ਵਾਰ ਵਾਰ ਦੁਹਰਾਈ ਜਾਣ) ਵਾਲਿਆ ਨੂੰ ਪਰਵਾਨ ਕੀਤਾ ਗਿਆ ਹੈ।
ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ। ੨। (੬੫੪-੬੫੫)
ਭਾਈ ਗੁਰਦਾਸ ਜੀ ਦੀ ਉੱਪਰ ਲਿਖੀ ਵਾਰ ਨੂੰ ਸਮਝਣ ਦਾ ਯਤਨ ਕਰੀਏ ਦਾ ਪਤਾ ਲਗਦਾ ਹੈ ਕਿ ਭਾਈ ਗੁਰਦਾਸ ਜੀ ਸਮਝਾ ਰਹੇ ਰਹੇ ਹਨ, ਕਿ ਗੁਰੂ ਦਾ ਸਬਦ ਭਾਵ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਕਿਸ ਤਰ੍ਹਾਂ ਮੰਤ੍ਰ ਬਣ ਸਕਦੀ ਹੈ।
ਉੱਪਰ ਲਿਖੀ ਵਾਰ ਵਿੱਚ ਭਾਈ ਗੁਰਦਾਸ ਜੀ ਸਿਧੇ ਤਰੀਕੇ ਨਾਲ ਸਪਸ਼ਟ ਕਰਕੇ ਕਹਿੰਦੇ ਹਨ ਕਿ ਗੁਰੂ ਦੇ ਸਿੱਖਾਂ ਵਿਚੋਂ ਅਨੇਕਾਂ ਲੋਕ ਗੁਰੂ ਦੇ ਸਿੱਖ ਤਾਂ ਹੋ ਸਕਦੇ ਹਨ, ਪਰੰਤੂ ਕੋਈ ਵਿਰਲਾ ਹੀ ਪੀਰ, ਭਾਵ ਗੁਰਮੁੱਖ ਹੁੰਦਾਂ ਹੈ, ਜਿਹੜਾ ਕਿ ਗੁਰੂ ਦੇ ਦੱਸੇ ਮਾਰਗ ਅਨੁਸਾਰ ਚਲਦਾ ਹੈ। ਗੁਰੂ ਦੇ ਸ਼ਬਦ ਵਿੱਚ ਸੁਰਤ ਜੋੜਨ ਵਾਲਾ ਹੀ ਆਪਣੇ ਆਪ ਨੂੰ ਗੁਰੂ ਦਾ ਅਸਲੀ ਚੇਲਾ ਅਖਵਾ ਸਕਦਾ ਹੈ।
"ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (੯੪੩) "
 ਗੁਰੂ ਦਾ ਸ਼ਬਦ ਹੀ ਗੁਰੂ ਤੇ ਪਰਮੇਸਰ ਹੈ, ਕਿਉਂਕਿ ਗੁਰੂ ਦੇ ਸ਼ਬਦ ਦੁਆਰਾ ਹੀ ਅਕਾਲ ਪੁਰਖੁ ਬਾਰੇ ਜਾਣਿਆ ਜਾ ਸਕਦਾ ਹੈ ਤੇ ਉਸ ਅਕਾਲ ਪੁਰਖੁ ਨੂੰ ਪਾਇਆ ਜਾ ਸਕਦਾ ਹੈ।
 "ਗੁਰੁ ਪਰਮੇਸਰੁ ਏਕੋ ਜਾਣੁ॥ ਜੋ ਤਿਸੁ ਭਾਵੈ ਸੋ ਪਰਵਾਣੁ॥ ੧॥ ਰਹਾਉ॥ (੮੬੪) "
ਗੁਰੂ ਦੀ ਮੂਰਤ ਅੱਖਾਂ ਨਾਲ ਨਹੀਂ ਵੇਖੀ ਜਾ ਸਕਦੀ, ਉਸ ਲਈ ਆਪਣਾ ਧਿਆਨ ਗੁਰੂ ਦੇ ਸ਼ਬਦ ਵਿੱਚ ਜੋੜਨਾ ਹੈ, ਤਾਂ ਹੀ ਗੁਰੂ ਦੀ ਅਸਲੀ ਮੂਰਤ ਬਾਰੇ ਪਤਾ ਲਗ ਸਕਦਾ ਹੈ,
 "ਗੁਰ ਕੀ ਮੂਰਤਿ ਮਨ ਮਹਿ ਧਿਆਨੁ॥ ਗੁਰ ਕੈ ਸਬਦਿ ਮੰਤ੍ਰੁ ਮਨੁ ਮਾਨ॥
 ਗੁਰ ਕੇ ਚਰਨ ਰਿਦੈ ਲੈ ਧਾਰਉ॥ ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ
॥ ੧॥ (੮੬੪)"।
ਇਥੇ ਹੀ ਬਸ ਨਹੀਂ, ਗੁਰੂ ਦੀ ਸਤਿਸੰਗਤ ਵਿੱਚ ਬੈਠ ਕੇ, ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਨਾਲ ਜੋੜ ਕੇ, ਗੁਰੂ ਦੇ ਸਬਦ ਨੂੰ ਰਿੜਕਣਾ ਹੈ, ਭਾਵ ਚੰਗੀ ਤਰ੍ਹਾਂ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ ਹੈ ਤੇ ਉਨ੍ਹਾਂ ਬਾਰੇ ਵੀਚਾਰ ਕਰਨੀ ਹੈ। "ਵਾਹਿਗੁਰੂ", ਭਾਵ "ਗੁਰੂ ਦਾ ਸ਼ਬਦ", ਗੁਰੂ ਦਾ ਦਿਤਾ ਹੋਇਆ ਅਜੇਹਾ ਮੰਤ੍ਰ ਹੈ, ਜਿਸ ਨੂੰ ਜਪ ਕੇ ਅਸੀਂ ਆਪਣੀ ਹਉਮੈਂ ਦੂਰ ਕਰ ਸਕਦੇ ਹਾਂ। ਅਜੇਹਾ ਕੁੱਝ ਤਾਂ ਹੀ ਸੰਭਵ ਹੈ, ਜੇਕਰ ਅਸੀਂ ਆਪਣਾ ਆਪ ਗਵਾ ਕੇ, ਆਪਣੇ ਆਪ ਨੂੰ ਗੁਰੂ ਦੇ ਅੱਗੇ ਅਰਪਨ ਕਰਕੇ, ਆਪਣੇ ਆਪ ਨੂੰ ਗੁਰੂ ਦੇ ਸ਼ਬਦ ਅਨੁਸਾਰ ਢਾਲ ਕੇ, ਅਕਾਲ ਪੁਰਖੁ ਦੇ ਗੁਣਾਂ ਨਾਲ ਪਰੋ ਲੈਂਦੇ ਹਾਂ।
"ਮਨੁ ਬੇਚੈ ਸਤਿਗੁਰ ਕੈ ਪਾਸਿ॥ ਤਿਸੁ ਸੇਵਕ ਕੇ ਕਾਰਜ ਰਾਸਿ॥" (੨੮੬-੨੮੭)।
ਜੇ ਕਰ ਅਸੀਂ ਭਾਈ ਗੁਰਦਾਸ ਜੀ ਦੀ ਪੂਰੀ ਵਾਰ ਨੂੰ ਧਿਆਨ ਨਾਲ ਪੜ੍ਹਦੇ ਤੇ ਵੀਚਾਰਦੇ ਤਾਂ ਅਸੀਂ ਰਟਨ ਵਾਲੇ ਪਾਸੇ ਨਾ ਤੁਰਦੇ ਤੇ ਨਾ ਹੀ ਕਿਸੇ ਹੋਰ ਕੋਲੋ ਗੁਮਰਾਹ ਹੁੰਦੇ, ਬਲਕਿ ਗੁਰੂ ਦੀ ਸਤਿਸੰਗਤ ਵਿੱਚ ਬੈਠ ਕੇ, ਗੁਰੂ ਦੇ ਸ਼ਬਦ ਦੀ ਵੀਚਾਰ ਕਰਦੇ, ਉਸ ਅਨੁਸਾਰ ਦਿਤੀ ਗਈ ਸਿਖਿਆ ਨੂੰ ਸਮਝਦੇ, ਤੇ ਗੁਰੂ ਦੇ ਸ਼ਬਦ ਅਨੁਸਾਰ ਅਪਣੇ ਜੀਵਨ ਨੂੰ ਢਾਲ ਕੇ ਆਪਣਾ ਮਨੁੱਖਾ ਜੀਵਨ ਸਫਲ ਕਰਦੇ।
ਧਿਆਨ ਨਾਲ ਪੜ੍ਹੀਏ ਤਾਂ ਸਮਝ ਆਂਉਂਦੀ ਹੈ, ਕਿ ਭਾਈ ਗੁਰਦਾਸ ਜੀ ਨੇ ਆਪਣੀ ਕਿਸੇ ਵੀ ਵਾਰ ਵਿੱਚ ਇਹ ਨਹੀਂ ਕਿਹਾ ਹੈ, ਕਿ ਵਾਹਿਗੁਰੂ ਨਾਮੁ ਹੈ। ਇਹ ਸਭ ਕੁੱਝ ਅਸੀਂ ਆਪਣੇ ਕੋਲੋ, ਤੇ ਲੋਕਾਂ ਨੇ ਆਪਸੀ ਪ੍ਰੋਪੇਗੰਡੇ ਨਾਲ ਬਣਾਇਆ ਹੈ। ਭਾਈ ਗੁਰਦਾਸ ਜੀ ਨੇ ਆਪਣੀਆਂ ਹੋਰ ਬਹੁਤ ਸਾਰੀਆਂ ਵਾਰਾਂ ਵਿੱਚ ਚੰਗੀ ਤਰ੍ਹਾਂ ਸਿਧੇ ਤੌਰ ਤੇ ਸਪੱਸ਼ਟ ਕੀਤਾ ਹੈ ਕਿ "ਵਾਹਿਗੁਰੂ" "ਸਬਦੁ" ਹੈ। ਜਿਸ ਤਰ੍ਹਾਂ ਕਿ ਹੇਠ ਲਿਖੀਆਂ ਵਾਰਾਂ ਸਾਬਤ ਕਰਦੀਆਂ ਹਨ:
ਵਾਹਿਗੁਰੂ ਗੁਰ ਸ਼ਬਦੁ ਲੈ ਪਿਰਮ ਪਿਆਲਾ ਚੁਪ ਚਬੋਲਾ। (੪-੧੭-੭)
ਪਉਣੁ ਗੁਰੂ ਗੁਰ ਸਬਦੁ ਹੈ ਵਾਹਿਗੁਰੂ ਗੁਰ ਸਬਦੁ ਸੁਣਾਯਾ। (੬-੫-੧੦)
ਵਾਹਿਗੁਰੂ ਸਾਲਾਹਣਾ ਗੁਰ ਸ਼ਬਦ ਅਲਾਏ। ੧੩। (੯-੧੩-੬)
ਸਤਿਗੁਰ ਪੁਰਖ ਦਇਆਲ ਹੋਇ ਵਾਹਿਗੁਰੂ ਸਚੁ ਮੰਤ੍ਰ ਸੁਣਾਯਾ। (੧੧-੩-੮)
ਨਿਰੰਕਾਰ ਆਕਾਰ ਕਰ ਜੋਤਿ ਸਰੂਪ ਅਨੂਪ ਦਿਖਾਇਆ। ਵੇਦ ਕਤੇਬ ਅਗੋਚਰਾ ਵਾਹਿਗੁਰੂ ਗੁਰੁ ਸ਼ਬਦ ਸੁਣਾਯਾ। (੧੨-੧੭-੭)
ਧਰਮਸਾਲ ਕਰਤਾਰ ਪੁਰੁ ਸਾਧਸੰਗਤਿ ਸਚ ਖੰਡੁ ਵਸਾਇਆ। ਵਾਹਿਗੁਰੂ ਗੁਰ ਸਬਦੁ ਸੁਣਾਇਆ। ੧। (੨੪-੧-੭)
ਭਾਈ ਗੁਰਦਾਸ ਜੀ ਨੇ ਹੀ ਆਪਣੀ ਵਾਰ ਵਿੱਚ ਸੁਚੇਤ ਕਰਕੇ ਸਮਝਾਇਆ ਹੈ ਕਿ ਉਸ ਜੀਭ ਉਪਰ ਲਾਹਨਤ ਹੈ, ਜਿਹੜੀ ਕਿ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰੂ ਦੇ ਸਬਦ ਤੋਂ ਬਿਨਾਂ ਕਿਸੇ ਹੋਰ ਮੰਤ੍ਰ ਨੂੰ ਸਿਮਰਦੀ ਰਹਿੰਦੀ ਹੈ। ਜਿਹੜੇ ਹੱਥ ਪੈਰ ਗੁਰੂ ਦੀ ਮਤਿ ਅਨੁਸਾਰ ਦੱਸੀ ਸੇਵਾ ਛੱਡ ਕੇ ਹੋਰ ਝੂਠੀ ਸੇਵਾ ਕਰਦੇ ਰਹਿੰਦੇ ਹਨ, ਉਹਨਾਂ ਉਪਰ ਵੀ ਲਾਹਨਤ ਹੈ। ਪੀਰ ਨਾਲ ਮੁਰੀਦਾਂ ਦੀ ਪ੍ਰੀਤ ਹੀ ਅਸਲੀ ਸਫਲ ਸੇਵਾ ਹੈ, ਤੇ ਮਨੁੱਖ ਨੂੰ ਆਤਮਿਕ ਸੁਖ ਸਿਰਫ ਸਤਿਗੁਰ ਦੀ ਸਰਣ ਵਿੱਚ ਆ ਕੇ ਹੀ ਮਿਲ ਸਕਦਾ ਹੈ।
ਧ੍ਰਿਗ ਜਿਹਬਾ ਗੁਰ ਸਬਦ ਵਿਣੁ ਹੋਰ ਮੰਤ੍ਰ ਸਿਮਰਣੀ
ਵਿਣੁ ਸੇਵਾ ਧ੍ਰਿਗੁ ਹਥ ਪੈਰ ਹੋਰ ਨਿਹਫਲ ਕਰਣੀ

ਪੀਰ ਮੁਰੀਦਾਂ ਪਿਰਹੜੀ ਸੁਖ ਸਤਿਗੁਰ ਸਰਣੀ
। ੧੦। (੨੭-੧੦-੬)
ਭਾਈ ਗੁਰਦਾਸ ਜੀ ਨੇ ਵੀ ਆਪਣੀ ਵਾਰ ਵਿੱਚ ਸਮਝਾਇਆ ਹੈ ਕਿ "ਮੂਲੁ ਮੰਤ੍ਰ" ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਕੀਤਾ, ਗੁਰੂ ਦਾ ਸਬਦ ਹੀ ਹੈ, ਤੇ ਇਹ ਸੱਚਾ ਸਬਦ ਸਤਿਗੁਰੂ ਨੇ ਆਪ ਸੁਣਾਇਆ ਹੈ।
ਮੰਤ੍ਰ ਮੂਲੁ ਗੁਰੁ ਵਾਕ ਹੈ ਸਚੁ ਸਬਦੁ ਸਤਿਗੁਰੂ ਸੁਣਾਏ। (੪੦-੨੨-੨)
ਇਸ ਲਈ ਗੁਰਸਿੱਖ ਲਈ ਹਰੇਕ ਤਰ੍ਹਾਂ ਦਾ ਮੰਤ੍ਰ (ਬੀਜ ਮੰਤਰ, ਮੂਲ ਮੰਤਰ, ਮਹਾਂ ਮੰਤ੍ਰ ਅਤੇ ਗੁਰ ਮੰਤ੍ਰ) ਸਭ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਕੀਤਾ, ਗੁਰੂ ਦਾ ਸਬਦ ਹੀ ਹੈ, ਭਾਵ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਕੀਤੀ ਬਾਣੀ ਹੀ ਗੁਰਸਿੱਖ ਲਈ ਹਰੇਕ ਤਰ੍ਹਾਂ ਦਾ ਮੰਤ੍ਰ ਹੈ।
ਗੁਰੂ ਗਰੰਥ ਸਾਹਿਬ ਵਿੱਚ ਨਾਮੁ/ਨਾਮ (Naam) ਦਾ ਲਫਜ਼ ੪੦੦੦ ਤੋਂ ਵੱਧ ਵਾਰੀ ਆਇਆ ਹੈ, ਪਰੰਤੂ ਇਹ ਕਿਤੇ ਵੀ ਨਹੀਂ ਕਿਹਾ ਗਿਆ ਹੈ ਕਿ ਨਾਮੁ ਦਾ ਅਰਥ "ਵਾਹਿਗੁਰੂ" ਲਫਜ਼ ਨੂੰ ਵਾਰ ਵਾਰ ਦੁਹਰਾਈ ਜਾਂਣਾ ਹੈ। ਇਹ ਸਾਡਾ ਆਪਣਾ ਬਣਾਇਆ ਹੋਇਆ ਨਿਯਮ ਹੈ। ਹੋਰ ਧਿਆਨ ਨਾਲ ਵੇਖਿਆ ਜਾਵੇ ਤਾਂ ਸਮਝ ਪੈਂਦੀ ਹੈ ਕਿ ਸਵਾਏ ਭੱਟਾਂ ਤੋਂ ਕਿਸੇ ਵੀ ਗੁਰੂ ਸਾਹਿਬ ਨੇ ਆਪਣੇ ਬਾਣੀ ਵਿੱਚ "ਵਾਹਿਗੁਰੂ" ਲਫਜ਼ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਹੈ। ਭੱਟਾਂ ਨੇ ਵੀ ਆਪਣੀ ਰਚਨਾ ਵਿੱਚ "ਵਾਹਿਗੁਰੂ" ਲਫਜ਼ ਦੀ ਵਰਤੋਂ ਚੌਥੀ ਜੋਤਿ ਦੀ ਉਸਤਤ ਲਈ ਕੀਤੀ ਹੈ ਤੇ ਭਾਈ ਗੁਰਦਾਸ ਜੀ ਨੇ "ਵਾਹਿਗੁਰੂ" ਲਫਜ਼ ਦੀ ਵਰਤੋਂ "ਸਬਦ" ਲਈ ਕੀਤੀ ਹੈ। ਕੀ ਅੱਜ ਦੇ ਆਪਣੇ ਆਪ ਨੂੰ ਕਹਿਲਾਣ ਵਾਲੇ ਸਿੱਖ, ਗੁਰੂ ਸਾਹਿਬਾਂ ਨਾਲੋਂ ਜਿਆਦਾ ਅਕਲਮੰਦ ਹੋ ਗਏ ਹਨ? ਜਿਨ੍ਹਾਂ ਨੇ ਆਪਣੀ ਨਾਮੁ ਦੀ ਨਵੀਂ ਪ੍ਰੀਭਾਸ਼ਾ ਦੇਣੀ ਸ਼ੁਰੂ ਕਰ ਦਿਤੀ ਹੈ।
ਜੇਕਰ ਕਿਸੇ ਵੀ ਗੁਰੂ ਸਾਹਿਬ ਨੇ ਗੁਰੂ ਗਰੰਥ ਸਾਹਿਬ ਵਿੱਚ "ਵਾਹਿਗੁਰੂ" ਲਫਜ਼ ਦੀ ਵਰਤੋਂ ਨਾਮੁ ਲਈ ਨਹੀਂ ਕੀਤੀ ਹੈ, ਤਾਂ ਅਸੀਂ ਬਾਣੀ ਨੂੰ ਬਦਲਣ ਵਾਲੇ ਜਾਂ ਬਾਣੀ ਵਿੱਚ ਆਪਣੀ ਮੱਤ ਅਨੁਸਾਰ ਤਬਦੀਲੀ ਕਰਨ ਵਾਲੇ ਕੌਣ ਹੁੰਦੇ ਹਾਂ? ਜੇਕਰ ਗੁਰੂ ਹਰਿਰਾਏ ਸਾਹਿਬ ਨੇ ਆਪਣੇ ਪੁੱਤਰ ਨੂੰ ਬਾਣੀ ਵਿੱਚ ਇੱਕ ਤਬਦੀਲੀ ਕਰਨ ਕਰਕੇ ਬੇਦਖਲ ਕਰ ਦਿਤਾ ਸੀ, ਤਾਂ ਸਾਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਸਿੱਖ ਕਹਿਲਾ ਸਕਦੇ ਹਾਂ, ਤੇ ਜੇਕਰ ਲਗਾਤਾਰ ਅਜੇਹਾ ਕਰਦੇ ਰਹੇ ਤਾਂ ਭਵਿੱਖ ਵਿੱਚ ਸਾਡਾ ਕੀ ਹਾਲ ਹੋ ਸਕਦਾ ਹੈ।
ਗੁਰ ਤੇ ਮੁਹੁ ਫੇਰੇ ਜੇ ਕੋਈ ਗੁਰ ਕਾ ਕਹਿਆ ਨ ਚਿਤਿ ਧਰੈ॥
 ਕਰਿ ਆਚਾਰ ਬਹੁ ਸੰਪਉ ਸੰਚੈ ਜੋ ਕਿਛੁ ਕਰੈ ਸੁ ਨਰਕਿ ਪਰੈ
॥ ੪॥ (੧੩੩੪)
ਗੁਰੂ ਗਰੰਥ ਸਾਹਿਬ ਵਿੱਚ ੬ ਗੁਰੂ ਸਾਹਿਬਾਂ (ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਸਾਹਿਬ, ਤੇ ਗੁਰੂ ਤੇਗ ਬਹਾਦਰ ਸਾਹਿਬ) ਦੀ ਬਾਣੀ ਅੰਕਿਤ ਹੈ। ਇਨ੍ਹਾਂ ੬ ਗੁਰੂ ਸਾਹਿਬਾਂ ਵਿਚੋਂ ਕਿਸੇ ਵੀ ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ "ਵਾਹਿਗੁਰੂ" ਲਫਜ਼ ਦੀ ਵਰਤੋਂ ਨਹੀਂ ਕੀਤੀ ਹੈ।
ਜੇਕਰ ਅੱਜਕਲ ਦੇ ਆਪਣੇ ਆਪ ਨੂੰ ਕਹਿਲਾਣ ਵਾਲੇ ਸਿੱਖਾਂ ਦੀ ਨਾਮੁ ਦੀ ਪ੍ਰੀਭਾਸ਼ਾਂ ( "ਵਾਹਿਗੁਰੂ" ਲਫਜ਼ ਦਾ ਰਟਨ) ਠੀਕ ਸਮਝ ਲਈਏ ਤੇ ਲਾਗੂ ਕਰ ਦਈਏ ਤਾਂ ਇਸ ਬਣਾਏ ਗਏ ਅਸੂਲ ਮੁਤਾਬਕ ਕਿਸੇ ਵੀ ਗੁਰੂ ਸਾਹਿਬਾਂ ਨੂੰ ਨਾਮੁ ਜਪਣਾ ਨਹੀਂ ਆਉਂਦਾ ਸੀ, ਕਿਉਂਕਿ ਇਨ੍ਹਾਂ ੬ ਗੁਰੂ ਸਾਹਿਬਾਂ ਵਿਚੋਂ ਕਿਸੇ ਇੱਕ ਗੁਰੂ ਸਾਹਿਬ ਨੇ ਵੀ ਆਪਣੀ ਬਾਣੀ ਵਿੱਚ "ਵਾਹਿਗੁਰੂ" ਲਫਜ਼ ਦੀ ਵਰਤੋਂ ਨਹੀਂ ਕੀਤੀ ਹੈ। ਇਹ ਤਾਂ "ਉਲਟਾ ਚੋਰ ਕੋਤਵਾਲ ਕੋ ਡਾਂਟੇ" ਵਾਲੀ ਗਲ ਹੋ ਗਈ, ਕਿ ਅੱਜਕਲ ਦੇ ਆਪਣੇ ਆਪ ਨੂੰ ਕਹਿਲਾਣ ਵਾਲੇ ਸਿੱਖਾਂ ਨੇ ਗੁਰੂ ਸਾਹਿਬਾਂ ਨੂੰ ਹੀ ਗਲਤ ਸਾਬਤ ਕਰਨਾ ਸ਼ੁਰੂ ਕਰ ਦਿਤਾ ਹੈ। ਸਾਨੂੰ ਅਕਲ ਤਾਂ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਕੀਤੀ ਗੁਰਬਾਣੀ ਵਿਚੋਂ ਲੈਣੀ ਸੀ, ਪਰੰਤੂ ਇਨ੍ਹਾਂ ਲੋਕਾਂ ਨੇ ਤਾਂ ਗੁਰੂ ਸਾਹਿਬਾਂ ਨੂੰ ਹੀ ਅਕਲ ਦੇਣੀ ਸ਼ੁਰੂ ਕਰ ਦਿਤੀ ਹੈ।
ਗੁਰ ਤੇ ਮੁਹੁ ਫੇਰੇ ਜੇ ਕੋਈ ਗੁਰ ਕਾ ਕਹਿਆ ਨ ਚਿਤਿ ਧਰੈ॥
 ਕਰਿ ਆਚਾਰ ਬਹੁ ਸੰਪਉ ਸੰਚੈ ਜੋ ਕਿਛੁ ਕਰੈ ਸੁ ਨਰਕਿ ਪਰੈ
॥ ੪॥ (੧੩੩੪)
ਗੁਰੂ ਹਰਿ ਰਾਏ ਸਾਹਿਬ ਨੇ ਆਪਣੇ ਪੁੱਤਰ ਨੂੰ ਗੁਰਬਾਣੀ ਦਾ ਇੱਕ ਸਬਦ ਬਦਲਣ ਤੇ ਤਿਆਗ ਦਿਤਾ ਸੀ, ਪਰ ਕੀ ਅਸੀਂ ਸੋਚਿਆ ਹੈ, ਕਿ ਅਸੀਂ ਅਜੇਹੀਆਂ ਗਲਤੀਆਂ ਜਾਣ ਬੁਝ ਕੇ ਰੋਜਾਨਾਂ ਕਰਦੇ ਰਹੀਏ ਤੇ ਸਾਨੂੰ ਕੋਈ ਸਜਾ ਨਹੀਂ ਮਿਲੇਗੀ। ਅੱਜਕਲ ਦੇ ਜਿਆਦਾ ਤਰ ਸਬਦ ਗਾਇਨ ਕਰਨ ਵਾਲੇ ਰਾਗੀ ਜਾਂ ਲੋਕ ਵੀ ਸਬਦ ਵਿੱਚ ਵਾਧ ਘਾਟ ਕਰਨੀ ਆਪਣੀ ਸ਼ਾਨ ਸਮਝਦੇ ਹਨ। ਕੋਈ ਵਿਰਲਾ ਹੀ ਸਬਦ ਗਾਇਨ ਕਰਨ ਵਾਲਾ ਬਚਿਆ ਹੈ ਜਿਹੜਾ ਕਿ ਗੁਰਬਾਣੀ ਨੂੰ ਬਦਲਦਾ ਨਹੀਂ। "ਵਾਹਿਗੁਰੂ" ਅਤੇ "ਜੀ" ਸਬਦ ਲਾਉਂਣ ਦਾ ਤਾਂ ਫੈਸ਼ਨ ਆਮ ਹੀ ਹੋ ਗਿਆ ਹੈ। "ਵਾਹਿਗੁਰੂ" ਸਬਦ ਨੂੰ ਵਾਰ ਵਾਰ ਬੋਲੀ ਜਾਣਾਂ ਵੀ ਆਮ ਹੀ ਹੋ ਗਿਆ ਹੈ, ਤੇ ਕਈ ਲੋਕ ਇਸ ਨੂੰ ਨਾਮੁ ਜਪਣਾ ਕਹਿੰਦੇ ਹਨ।
ਜੇ ਅਜੇਹਾ ਕਰਨਾ ਠੀਕ ਹੈ ਤਾਂ ਬਾਹਰਲੀ ਕੌਮ ਵਾਲਾ ਇਹੀ ਸੋਚੇਗਾ ਕਿ ਇਨ੍ਹਾਂ ਦੇ ਗੁਰੂ ਸਾਹਿਬਾਂ ਨੂੰ ਬਾਣੀ ਲਿਖਣੀ ਨਹੀਂ ਆਉਂਦੀ ਸੀ, ਜਿਸ ਕਰਕੇ ਇਨ੍ਹਾਂ ਲੋਕਾਂ ਨੂੰ "ਵਾਹਿਗੁਰੂ" ਲਫਜ ਲਗਾ ਕੇ ਸੋਧ ਕਰਨੀ ਪਈ। "ਜੀ" ਲਫਜ ਆਮ ਤੌਰ ਤੇ ਕਿਸੇ ਨੂੰ ਇਜਤ ਨਾਲ ਬਲਾਉਂਣ ਲਈ ਵਰਤਿਆ ਜਾਂਦਾ ਹੈ, ਇਸ ਸੋਧ ਬਾਰੇ ਦੂਸਰੇ ਇਹੀ ਅੰਦਾਜਾ ਲਾਉਂਣਗੇ ਕਿ ਇਨ੍ਹਾਂ ਦੇ ਗੁਰੂ ਸਾਹਿਬਾਂ ਨੂੰ ਬਾਣੀ ਲਿਖਣ ਸਮੇਂ ਇਹ ਨਹੀਂ ਸੀ ਪਤਾ ਕਿ ਇਜਤ ਕੀ ਹੁੰਦੀ ਹੈ। ਪਿਛਲੇ ੫੦ ਸਾਲਾਂ ਤੋਂ ਅਜੇਹੀ ਮਿਲਾਵਟ ਦਿਨੋਂ ਦਿਨ ਵਧਦੀ ਜਾ ਰਹੀ ਹੈ।
(Dr. Sarbjit Singh)
RH1 / E-8, Sector-8, Vashi, Navi Mumbai - 400703.
Email = sarbjitsingh@yahoo.com,
Web= http://www.geocities.ws/sarbjitsingh/
http://www.sikhmarg.com/article-dr-sarbjit.html
(ਡਾ: ਸਰਬਜੀਤ ਸਿੰਘ)
ਆਰ ਐਚ ੧/ਈ - ੮, ਸੈਕਟਰ - ੮, ਵਾਸ਼ੀ, ਨਵੀਂ ਮੁੰਬਈ - ੪੦੦੭੦੩.
Post a Comment on "ਗੁਰੂ ਗਰੰਥ ਸਾਹਿਬ ਅਨੁਸਾਰ ਬੀਜ ਮੰਤਰ, ਮੂਲ ਮੰਤਰ, ਮਹਾਂ ਮੰਤ੍ਰ ਅਤੇ ਗੁਰ ਮੰਤ੍ਰ ਕੀ ਹਨ?"  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.