ਕੈਟੇਗਰੀ

ਤੁਹਾਡੀ ਰਾਇ



ਅਮਨਪ੍ਰੀਤ ਸਿੰਘ
ਗੁਰਬਾਣੀ ਪ੍ਰਤੀ ਮਨੁੱਖ ਦਾ ਦੋਗਲਾਪਣ
ਗੁਰਬਾਣੀ ਪ੍ਰਤੀ ਮਨੁੱਖ ਦਾ ਦੋਗਲਾਪਣ
Page Visitors: 2526

ਗੁਰਬਾਣੀ ਪ੍ਰਤੀ ਮਨੁੱਖ ਦਾ ਦੋਗਲਾਪਣ
ਗੁਰਬਾਣੀ ਫੁਰਮਾਨ
'ਅਵਰ ਜੋਨਿ ਤੇਰੀ ਪਨਿਹਾਰੀ॥
 ਇਸੁ ਧਰਤੀ ਮਹਿ ਤੇਰੀ ਸਿਕਦਾਰੀ
॥'
ਦੇ ਮਹਾਂ ਵਾਕ ਅਨੁਸਾਰ ਮਨੁੱਖ ਆਪਣੇ ਜੀਵਣ ਕਾਲ ਵਿਚ ਸਿਰਦਾਰ ਜਾਂ ਰਾਜਾ ਹੈ । ਇਸ ਨੂੰ ਅਕਾਲ ਪੁਰਖ ਵਲੋਂ ਮਿਲੀਆਂ ਬੇਅੰਤ ਦਾਤਾਂ ਚੋਂ ਮਨੁੱਖੀ ਦਿਮਾਗ ਇਕ ਅਜਿਹਾ ਹਿੱਸਾ ਬਖਸਿਸ਼ ਹੋਇਆ ਹੈ ਜਿਸ ਰਾਂਹੀ ਮਨੁੱਖ ਅਪਾਣੇ ਬੁਰੇ ਭਲੇ ਬਾਰੇ ਫੈਂਸਲੇ ਲੈਣ ਦੀ ਸਮਰਥਾ ਰੱਖਦਾ ਹੈ । ਬੌਧਿਕ ਗਿਆਨ ਹੋਣ ਕਾਰਣ ਮਨੁੱਖ ਜਿਥੇ ਗਿਆਨਵਾਨ ਹੈ ਉਥੇ ਆਪਣੇ ਦਿਮਾਗ ਨੂੰ ਹਰੇਕ ਸਥਿਤੀ ਤੇ ਸਥਾਨ 'ਚ ਵਿਚਰਣ ਦੀ ਸੂਝ ਵੀ ਬਾਖੂਬੀ ਰੱਖਦਾ ਹੈ।
ਪਰ ਹੁਣ ਮਨੁੱਖ ਚਤੁਰ ਹੋ ਚੁੱਕਾ ਹੈ ਤੇ ਆਪਣੇ ਹੱਕ ਵਿੱਚ ਗੁਰਬਾਣੀ ਦੀ ਵਰਤੋਂ ਕਰਣ ਦੀ ਮੁਹਾਰਤ ਵੀ ਹਾਸਲ ਕਰ ਚੁਕਿਆ ਹੈ । ਉਦਾਹਰਣ ਦੇ ਤੌਰ 'ਤੇ ਜੇਕਰ ਮੈਂ ਕਿਸੇ ਪਾਸੋਂ ਆਪਣੇ ਦਿੱਤੇ ਹੋਏ ਪੈਸੇ ਲੈਣੇ ਹਨ ਤੇ ਅੱਗੋਂ ਓਹ ਆਪਣੀ ਮਜਬੂਰੀ ਦੱਸ ਕੇ ਦੇਣ ਦੀ ਮਨਾਹੀ ਕਰ ਰਿਹਾ ਹੈ ਤਾਂ ਮੈਂ ਉਸ ਨੂੰ ਬੁਰਾ ਭਲਾ ਕਹਾਂਗਾ ਤੇ ਗੁਰਬਾਣੀ ਦੀ ਵਰਤੋਂ ਵੀ ਆਪਣੇ ਹਿਸਾਬ ਨਾਲ ਕਰਦਿਆਂ ਕਹਾਂਗਾ
 'ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥'
 ਪਰ ਇਸ ਤੋਂ ਉਲਟ ਸਥਿਤੀ ਹੋਣ 'ਤੇ ਜੇਕਰ ਮੇਰੇ ਪਾਸੋਂ ਕਿਸੇ ਨੂੰ ਪੈਸੇ ਵਾਪਸ ਨਹੀਂ ਦਿੱਤੇ ਜਾ ਰਹੇ ਤਾਂ ਮੈਂ ਇਹ ਕਹਿ ਕੇ ਸੱਚਾ ਸਾਬਤ ਹੋਵਾਂਗਾ ਕਿ
'ਗਰੀਬਾ ਉਪਰਿ ਜਿ ਖਿੰਜੈ ਦਾੜੀ ॥
 ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ

 ਇਸ ਤੋਂ ਅੱਗੇ ਜੇਕਰ ਮੇਰੇ ਸੋਚ ਤੇ ਦੂਸਰੇ ਦੀ ਸੋਚ ਵਿਚ ਅੰਤਰ ਹੈ, ਉਹ ਮੇਰੇ ਸਮਝਾਇਆਂ ਵੀ ਨਹੀਂ ਸਮਝ ਰਿਹਾਂ ਜਾਂ ਮੈਂਨੂੰ ਸਮਝਾਉਣਾ ਹੀ ਨਹੀਂ ਆ ਰਿਹਾ ਤਾਂ ਇਸ ਦਾ ਵੀ ਠੀਕਰਾ ਮੈਂ ਓਹਦੇ ਸਿਰ 'ਤੇ ਭੰਨਦਿਆਂ ਕਹਾਂਗਾ
 'ਮੂਰਖੈ ਨਾਲਿ ਨ ਲੁਝੀਐ॥'
 ਭਾਵ ਮੈਂ ਹਰੇਕ ਸਥਿਤੀ ਤੇ ਹੀ ਸਹੀ ਜਾਂ ਸੰਪੂਰਨ ਮਨੁੱਖ ਰਹਾਂਗਾ ।
ਬੇਸ਼ਕ ਅਸੀਂ ਇਹ ਗੱਲ ਕਹੀ ਜਾਂਦੇ ਹਾਂ ਕਿ
 'ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ॥'
 ਜਾਂ 'ਗੁਰਬਾਣੀ ਜੁਗੋ ਜੁਗ ਅਟੱਲ’ ਪਰ ਫੇਰ ਵੀ ਗੁਰਬਾਣੀ ਸਮਝਣ ਲੱਗਿਆਂ ਜਾਂ ਗੁਰਬਾਣੀ ਦੀ ਵਰਤੋਂ ਕਰਨ ਸਮੇਂ ਅਸੀਂ ਆਪਣੇ ਫਾਇਦੇ ਦੀਆਂ ਤੁੱਕਾਂ ਲੱਭ ਕੇ ਆਪਣੇ ਆਪ ਨੂੰ ਸਹੀ ਸਾਬਤ ਕਰੀ ਜਾਂਦੇ ਹਾਂ ।
ਹੁਣ ਤਾਂ ਸਥਿਤੀ ਇਥੇ ਤੱਕ ਪਹੁੰਚ ਗਈ ਹੈ ਕਿ ਅਸੀਂ ਰੱਬੀ ਹੋਂਦ 'ਤੇ ਕਿੰਤੂ ਕਰਣ ਲਈ ਵੀ ਗੁਰਬਾਣੀ ਦੀ ਵਰਤੋਂ ਕਰਣੀ ਸਿਖ ਗਏ ਹਾਂ । ਗੁਰਬਾਣੀ ਦੀਆਂ ਕੁਝ ਕੁ ਤੁੱਕਾਂ ਦੀ ਵਰਤੋਂ ਕਰ ਕੇ ਅਸੀਂ ਧਰਮ ਨੂੰ ਵਪਾਰ ਤੇ ਵਪਾਰ ਨੂੰ ਅਧਰਮ ਦੇ ਸਥਾਨ ਵਿਚ ਤਬਦੀਲ ਕਰਣ ਵਿਚ ਕਾਫੀ ਹੱਦ ਤੱਕ ਸਫਲ ਹੋ ਰਹੇ ਹਾਂ ।
ਜੇਕਰ ਅਸੀਂ ਗੁਰਬਾਣੀ ਨੂੰ ਵਾਕਿਆ ਹੀ ਗੁਰੂ ਮੰਣਦੇ ਹਾਂ ਤਾਂ ਜਿਥੇ ਬਾਣੀ ਨੂੰ ਆਪਣੇ ਤੇ ਲਾਗੂ ਕਰੀਏ ਸਗੋਂ ਦੂਸਰੇ ਦੀ ਸਥਿਤੀ ਜਾਂ ਜ਼ਜ਼ਬਾਤਾਂ ਦੀ ਕਦਰ ਕਰਣ ਦੀ ਕੋਸਿਸ਼ ਕਰੀਏ । ਪਰ ਗੱਲ ਇਹ ਹੈ ਕੇ ਅਸੀ ਵਕੀਲ ਵੀ ਆਪ ਤੇ ਜੱਜ ਵੀ ਆਪ ਬਣ ਜਾਂਦੇ ਹਾਂ ਤੇ ਆਪਣੇ ਮੁਤਾਬਕ ਹਰੇਕ ਨੂੰ ਧਰਮੀ ਜਾਂ ਅਧਰਮੀ ਹੋਣ ਦਾ ਪ੍ਰਮਾਣ ਵੰਡੀ ਤੁਰੇ ਜਾਂਦੇ ਹਾਂ । ਅਸੀਂ ਭੁੱਲ ਜਾਂਦੇ ਹਾਂ ਕੇ ਗੁਰਬਾਣੀ ਜੀਵਨ ਜਾਚ ਹੈ । ਮੁਬਾਰਕ ਹੈ ਵੱਧ ਤੋਂ ਵੱਧ ਬਾਣੀ ਪੜ੍ਹਣਾ, ਕੰਠ ਕਰਣਾ, ਵੀਚਾਰਣਾ-ਸਮਝਣਾ ਪਰ ਆਪਣੇ ਜੀਵਣ 'ਤੇ ਰੋਜ਼ਾਨਾ ਕਾਰ-ਵਿਹਾਰ ਚ' ਲਾਗੂ ਕਰਣਾ ਅਤਿੰਅਤ ਜ਼ਰੂਰੀ ਹੈ । ਧਿਆਣ ਰਖੀਏ ਕਿ ਸਾਡੇ ਸੁਭਾਅ ਜਾਂ ਕਿਰਦਾਰ ਤੋਂ ਸਾਡੇ ਪਰਿਵਾਰ, ਸੱਜਣ ਮਿੱਤਰ ਜਾਂ ਆਲੇ ਦੁਆਲੇ ਵਾਲੇ ਵੀ ਖੁਸ਼ ਹਨ ਜਾਂ ਅਸੀਂ ਆਪਣੀ ਪਿੱਠ ਆਪੇ ਹੀ ਥਪਾਈ ਜਾਂ ਰਹੇ ਹਾਂ ।
ਸੋ ਲੋੜ ਹੈ ਕਿ ਗੁਰਬਾਣੀ ਨੂੰ ਸਮਝ ਵੀਚਾਰ ਕੇ ਆਪਣਾ ਕਾਰ-ਵੀਹਾਰ, ਬੋਲ-ਚਾਲ ਬਾਣੀ ਦੇ ਆਸ਼ੇ ਅਨੁਸਾਰ, ਜੀਵਣ ਜੀਊਣ ਦਾ ਯਤਨ ਕਰੀਏ ।
ਅਮਨਪ੍ਰੀਤ ਸਿੰਘ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.