ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਹੁਣ ਮਿਸ਼ਨਰੀ ਵੀ ਹੋਏ ਰੱਬ ਤੋਂ ਮੁਨਕਿਰ ।
ਹੁਣ ਮਿਸ਼ਨਰੀ ਵੀ ਹੋਏ ਰੱਬ ਤੋਂ ਮੁਨਕਿਰ ।
Page Visitors: 3227

ਹੁਣ ਮਿਸ਼ਨਰੀ ਵੀ ਹੋਏ ਰੱਬ ਤੋਂ ਮੁਨਕਿਰ ।
ਜ਼ਰਾ ਆਪ ਹੀ ਪੜ੍ਹ ਕੇ ਕਰੋ ਫੈਸਲਾ । 
ਵੈਬਸਾਈਟ ਵਾਲੇ ਵੀਰਾਂ ਨੂੰ ਬੇਨਤੀ , 
ਪੂਰਾ ਲੇਖ ਘੋਖ ਕੇ ਛਾਪਿਆ ਕਰੋ, ਖਾਲੀ ਮਿਸ਼ਨਰੀ ਲਿਖਣ ਨਾਲ ਕੋਈ ਬੰਦਾ ਮਿਸ਼ਨਰੀ ਨਹੀਂ ਬਣ ਜਾਂਦਾ । ਮਿਸ਼ਨਰੀ ਬਣਨ ਤੋਂ ਪਹਿਲਾਂ , ਉਸ ਮਿਸ਼ਨ ਬਾਰੇ, ਪੂਰੀ ਸੋਝੀ ਹੋਣੀ ਚਾਹੀਦੀ ਹੈ , ਜਿਸ ਮਿਸ਼ਨ ਦੇ ਤੁਸੀਂ ਮਿਸ਼ਨਰੀ ਹੋ ।
                                             ਅਮਰ ਜੀਤ ਸਿੰਘ ਚੰਦੀ 
                                                  16-4-2014
ਆਸਤਕ , ਨਾਸਤਕ, ਅਤੇ ਰੱਬ ਵਾਲਾ ਝਗੜਾ
ਅਵਤਾਰ ਸਿੰਘ ਮਿਸ਼ਨਰੀ
ਅੱਜ ਰੱਬ ਦੇ ਨਾਂ ਤੇ ਪੜ੍ਹੇ ਲਿਖੇ ਵੀ ਲੁੱਟ ਹੋ ਰਹੇ ਹਨ ਅਤੇ ਰੱਬ ਨੂੰ ਇੱਕ ਹਊਆ ਕਰਕੇ ਪੇਸ਼ ਕੀਤਾ ਜਾ ਰਿਹਾ ਹੈ। ਧਿਆਨ ਦਿਉ ਕਿ ਆਸਾ ਰੱਖਣ ਵਾਲਾ ਆਸਤਕ ਅਤੇ ਨਾਂ ਰੱਖਣ ਵਾਲਾ ਨਾਸਤਕ ਹੈ ਪਰ ਅੰਨ੍ਹੀ ਸ਼ਰਧਾ ਦੀ ਆਸਾ ਨਾਲੋਂ ਸੁਜਾਖੀ ਨਾਸਤਕਤਾ ਚੰਗੀ ਹੈ। ਗਿਆਨ ਨਾਲਜ ਵੱਲੋਂ ਅੱਖਾਂ ਅਤੇ ਕੰਨ ਬੰਦ ਕਰ ਲੈਣੇ ਹੀ ਅਸਲ ਨਾਸਤਕਤਾ ਹੈ। ਸਦੀਆਂ ਤੋਂ ਰੱਬ ਅਤੇ ਧਰਮ ਬਾਰੇ ਲੋਟੂ ਪੁਜਾਰੀਆਂ ਤੇ ਅਖੌਤੀ ਸੰਤਾਂ ਨੇ ਅਨੇਕਾਂ ਭਰਮ, ਭੁਲੇਖੇ ਤੇ ਭੰਬਲ ਭੂਸੇ ਪਾਏ ਹੋਏ ਹਨ ਜਿਨ੍ਹਾਂ ਨਾਲ ਉਨ੍ਹਾਂ ਦਾ ਹਲਵਾ ਮੰਡਾ ਖੂਬ ਚੱਲ ਰਿਹਾ ਹੈ। ਜਰਾ ਸੋਚੋ! ਮੰਨਿਆ ਗਿਆ ਰੱਬ ਐਡਾ ਹੀ ਤਾਕਤਵਰ ਹੁੰਦਾ ਤਾਂ ਘੱਟ ਤੋਂ ਘੱਟ ਧਰਮੀ ਅਖਵਾਉਣ ਵਾਲੇ ਲੋਕ ਤਾਂ ਚੋਰ, ਡਾਕੂ, ਡਕੈਤ, ਕਾਤਲ, ਭੇਖੀ ਅਤੇ ਬੇਇਨਸਾਫ ਨਾਂ ਹੁੰਦੇ। ਅੱਜ ਜਿਨਾਂ ਅਨਰਥ ਧਰਮ ਅਸਥਾਨਾਂ ਵਿੱਚ ਆਸਤਕ ਜਾਂ ਧਰਮੀ ਲੋਕ ਕਰ ਰਹੇ ਹਨ ਓਨ੍ਹਾਂ ਆਮ ਲੋਕ ਨਹੀਂ। ਭਲਿਓ! ਅਸਲ ਵਿੱਚ ਰੱਬ ਤਾਂ ਇੱਕ ਸਿਸਟਮ ਹੈ ਜੇ ਤੁਸੀਂ ਉਸ ਵਿੱਚ ਆ ਜਾਂਦੇ ਹੋ ਤਾਂ ਬਚਾ ਨਹੀਂ ਤਾਂ ਤਬਾਹੀ ਹੁੰਦੀ ਰਹਿੰਦੀ ਹੈ। ਦੀਪ ਗਿੱਲ ਜੀ! ਆਪ ਜੀ ਨੇ ਫੇਸ ਬੁੱਕ ਤੇ ਠੀਕ ਹੀ ਲਿਖਿਆ ਹੈ ਕਿ ਬੇਗਾਨੀਆਂ ਧੀਆਂ ਨਾਲ ਬਲਾਤਕਾਰ ਹੋ ਰਹੇ ਹਨ ਤੇ ਮੰਨਿਆ ਗਿਆ ਰੱਬ ਕਿਤੇ ਲੰਮੀਆਂ ਤਾਨ ਕੇ ਸੁੱਤਾ ਪਿਆ ਹੈ। ਉਸ ਅੰਤਰਜਾਮੀ ਰੱਬ ਨੂੰ ਭਲਾ ਦਿਸ ਨਹੀਂ ਰਿਹਾ ਕਿ ਕੀ ਕੀ ਜ਼ੁਲਮ, ਪਾਪ, ਧੱਕੇਸ਼ਾਹੀ, ਸੀਨਾਜੋਰੀ ਜਾਂ ਅਨਰਥ ਹੋ ਰਿਹਾ ਹੈ? ਜਿਨੀ ਮਾਰ ਦੁਨੀਆਂ ਨੇ ਧਰਮ ਅਤੇ ਰੱਬ ਦੇ ਨਾਂ ਤੇ ਖਾਧੀ ਹੈ ਓਨੀ ਤਰਕ ਜਾਂ ਸਾਂਇੰਸ (ਵਿਗਿਆਨ) ਦੇ ਨਾਂ ਤੇ ਨਹੀਂ। ਅੱਜ ਸੱਚ ਬੋਲਣ, ਲਿਖਣ, ਕਿਰਤ ਕਮਾਈ ਕਰਨ ਅਤੇ ਸਦਾਚਾਰੀ ਰਹਿਣ ਵਾਲਾ ਨਾਸਤਕ ਅਤੇ ਧਰਮ ਦੇ ਨਾਂ ਤੇ ਸਭ ਕੁਝ ਲੁੱਟਣ ਜਾਂ ਲੁਟਾ ਦੇਣ ਵਾਲਾ, ਇੱਥੋਂ ਤੱਕ ਕੇ ਬਲਾਤਕਾਰੀ ਸਾਧਾਂ ਦੇ ਡੇਰਿਆਂ ਤੇ ਜਵਾਨ ਧੀਆਂ ਸੇਵਾ ਲਈ ਛੱਡਣ ਵਾਲਾ ਆਸਤਕ ਮੰਨਿਆਂ ਜਾ ਰਿਹਾ ਹੈ।
ਸੋ ਮਿਤਰੋ! ਇਨਸਾਨੀਅਤ ਧਾਰਨ ਕਰਨਾ ਹੀ ਧਰਮੀ ਅਤੇ ਇਨਸਾਨੀਅਤ ਤੋਂ ਗਿਰਨਾ ਹੀ ਨਾਸਤਕ ਹੋਣਾ ਹੈ। ਕੁਦਰਤੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਕਿਰਤ ਕਰਨੀ, ਵੰਡ ਛਕਣਾ ਅਤੇ ਰੱਬੀ ਨਿਯਮਾਂ ਤੇ ਪਹਿਰਾ ਦੇਣਾ ਹੀ ਧਰਮੀ ਜਾਂ ਆਸਤਕ ਹੋਣਾਂ ਹੈ। ਸੋ ਕੁਦਰਤੀ ਨਿਯਮ ਹੀ ਰੱਬ ਹਨ ਨਾਂ ਕਿ ਕੋਈ ਗੈਬੀ ਸ਼ਕਤੀ। ਸਾਰੀ ਦੁਨੀਆਂ ਹੀ ਕੁਦਰਤਿ ਦਾ ਰੂਪ ਹੈ-
ਜੋ ਦੀਸੈ ਸੋ ਤੇਰਾ ਰੂਪੁ॥ ਗੁਣ ਨਿਧਾਨ ਗੋਵਿੰਦ ਅਨੂਪੁ॥ (724)
ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ॥
ਕੁਰਦਤਿ ਪਾਤਾਲੀਂ ਅਕਾਸੀ ਕੁਦਰਤਿ ਸਰਬ ਅਕਾਰੁ
॥.....॥ ॥੨॥ (464)
ਸੋ ਕੁਦਰਤਿ ਰਚਨਾ ਨੂੰ ਖੋਜਣਾ, ਸਮਝਣਾ ਤੇ ਕੁਦਰਤੀ ਜੀਵਨ ਜੀਣਾ ਹੀ ਆਸਤਕਪੁਣਾ ਤੇ ਇਸ ਦੇ ਉਲਟ ਚੱਲਣਾ ਹੀ ਨਾਸਤਕ ਹੋਣਾ ਹੈ। ਬਾਕੀ ਵੱਖ ਵੱਖ ਮਜ਼ਹਬਾਂ ਦੇ ਆਪੋ ਆਪਣੇ ਮੰਨੇ ਜਾਂ ਬਣਾਏ ਗਏ ਰੱਬ ਮਨੁੱਖਤਾ ਵਿੱਚ ਵੰਡੀਆਂ ਪਾ ਕੇ, ਨਫਰਤ ਦਾ ਕਾਰਨ ਬਣ ਰਹੇ ਹਨ ਜਦ ਕਿ ਰੱਬ ਸਾਰੀ ਦੁਨੀਆਂ ਦਾ ਇੱਕ ਹੀ ਹੈ ਅਤੇ ਆਪੋ ਆਪਣੀ ਭਾਸ਼ਾ ਅਨੁਸਾਰ ਉਸ ਦੇ ਨਾਮ ਵੱਖ ਵੱਖ ਜਾਪਦੇ (ਲੱਗਦੇ)ਹਨ। ਜਿਨ੍ਹਾਂ ਗਿਆਨੀਆਂ ਜਾਂ ਵਿਗਿਆਨੀਆਂ ਨੇ ਕੁਦਰਤੀ ਭੇਦਾਂ ਨੂੰ ਖੋਜਿਆ ਓਨ੍ਹਾਂ ਨੇ ਰੱਬੀ ਭੇਦ ਜਾਣ ਲਿਆ ਕਿ ਰੱਬ ਇੱਕ ਕੁਦਰਤੀ ਸਿਸਟਮ ਹੈ ਨਾਂ ਕਿ ਮੰਨੀ ਗਈ ਕੋਈ ਗੈਬੀ ਸ਼ਕਤੀ।
ਕਰਮਕਾਂਡੀ ਅਤੇ ਅੰਧਵਿਸ਼ਵਾਸ਼ੀ ਲੋਕ, ਆਪਣੇ ਆਪ ਨੂੰ ਆਸਤਕ ਅਤੇ ਕਰਮਯੋਗੀ ਗਿਆਵਾਨੀ ਕਿਰਤੀਆਂ ਨੂੰ ਨਾਸਤਕ ਆਖ ਕੇ ਨਫਰਤ ਭਰਿਆ ਪ੍ਰਚਾਰ ਕਰਦੇ ਹਨ। ਭਗਤ ਅਤੇ ਗੁਰੂ ਸਾਹਿਬਾਨ ਸਾਨੂੰ ਗੁਰਬਾਣੀ ਰਾਹੀਂ ਅਸਲੀ ਆਸਤਕ, ਨਾਸਤਕ ਅਤੇ ਕੁਦਰਤੀ ਰੱਬ ਦਾ ਭੇਦ ਦਸਦੇ ਹਨ। ਇਸ ਲਈ ਸਾਨੂੰ ਗੁਰੂਆਂ-ਭਗਤਾਂ ਦੀ ਬਾਣੀ ਜੋ “ਗੁਰੂ ਗ੍ਰੰਥ ਸਾਹਿਬ” ਵਿਖੇ ਅੰਕਿਤ ਹੈ ਨੂੰ ਫਾਲੋ ਕਰਨਾ ਚਾਹੀਦਾ ਹੈ ਨਾਂ ਕਿ ਵਿਹਲੜ, ਲੋਟੂ ਸਾਧਾਂ-ਸੰਤਾਂ ਪੁਜਾਰੀਆਂ ਦੀਆਂ ਗਪੌੜਾਂ ਮੱਗਰ ਲੱਗ, ਜੀਵਨ ਦਾ ਅਸਲ ਮਨੋਰਥ ਭੁੱਲ ਕੇ, ਵਹਿਮਾਂ, ਭਰਮਾਂ ਅਤੇ ਮਨਘੜਤ ਡਰਾਵਿਆਂ ਦੇ ਜਾਲ ਵਿੱਚ ਫਸ ਕੇ, ਖੂਨ ਪਸੀਨੇ ਦੀ ਕਮਾਈ ਨਾਲ ਕਮਾਇਆ ਧੰਨ ਅਤੇ ਕੁਦਰਤੀ ਰੱਬ ਵੱਲੋਂ ਦਿੱਤਾ ਦੁਰਲੱਭ ਮਾਨਸ ਜਨਮ ਬਰਬਾਦ ਕਰਨਾ ਚਾਹੀਦਾ ਹੈ? ਜਰਾ ਸੋਚੋ ਇਸ ਬਾਰੇ ਆਪਸ ਵਿੱਚ ਮਿਲ ਬੈਠੋ ਨਾਂ ਕਿ ਵਿਚਾਰਾਂ ਦੀ ਭਿੰਨਤਾ ਕਰਕੇ ਇੱਕ ਦੂਜੇ ਦੀਆਂ ਲੱਤਾਂ ਖਿੱਚੋ ਜਾਂ ਬਦਨਾਮ ਕਰੋ-
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ
॥ (੧੧੮੫)

ਅਵਤਾਰ ਸਿੰਘ ਮਿਸ਼ਨਰੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.