ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਮਿਸ਼ਨਰੀ :- ਕਿਸੇ ਵੀਰ ਦਾ ਇਕ ਸਵਾਲ:-
-: ਮਿਸ਼ਨਰੀ :- ਕਿਸੇ ਵੀਰ ਦਾ ਇਕ ਸਵਾਲ:-
Page Visitors: 2723

-: ਮਿਸ਼ਨਰੀ :- ਕਿਸੇ ਵੀਰ ਦਾ ਇਕ ਸਵਾਲ:-
 ਵੀਰ ਜੀ!“ਇਕ ਬੇਨਤੀ ਹੈ ਜੇ ਬੁਰਾ ਨਾ ਮਨੋ ਤਾਂ ਦਰਅਸਲ ਮੈਂ ਭੀ ਸਿੱਖ ਮਿਸ਼ਨਰੀ ਕਾਲਜ ਰਿਹਾ ਹਾਂ, ਦੋ ਸਾਲ ਦਾ ਕੋਰਸ ਭੀ ਕੀਤਾ ਹੈ । ਸਾਡੀ ਕਲਾਸ ਹਰ ਐਤਵਾਰ ਮਾਨ ਸਰੋਵਰ ਗਾਰਡਨ ਇਕ ਨਿਜੀ ਸਥਾਨ ਤੇ ਲਗਦੀ ਹੈ । …… ਪਰ ਇਹ ਦੱਸੋ ਕਿ …. ਸਿੰਘ ਦੇ ਜ਼ਾਤੀ ਕ੍ਰਈਮ ਦਾ ਦੋਸ਼ ਅਤੇ ਮਿਸ਼ਨਰੀਆਂ ਬਾਰੇ ਤੁਹਾਡਾ ਕੀ ਮਤਭੇਦ ਹੈ ਜੋ ਇਤਨਾ ਖਿੰਝ ਜਾਂਦੇ ਹੋ । ਜੇ ਕੋਈ ਠੋਸ ਵਜਹਾ ਹੈ ਤੇ ਕਹੋ ਮੈਂ ਉਹਨਾਂ ਦਾ ਸਾਥ ਸੰਗਤ ਛੱਡ ਦਿੰਦਾ ਹਾਂ ।
 ਜਸਬੀਰ ਸਿੰਘ ਵਿਰਦੀ:- ਵੀਰ ਜੀ! ਮੈਂ ਪੂਰੀ ਗੱਲ ਠੀਕ ਤਰ੍ਹਾਂ ਸਮਝ ਨਹੀਂ ਸਕਿਆ। ਮੋਟੇ ਤੌਰ ਤੇ ਮੈਂ ਦੱਸ ਦਿਆਂ ਕਿ ਮੈਂ ਸਿਖ ਮਿਸ਼ਨਰੀ ਦਿਲੀ ਅਤੇ ਸਿਖ ਫੁਲਵਾੜੀ ਵਾਲੇ, ਫੀਲਡ ਗੰਜ ਵਾਲੇ ਮਿਸ਼ਨਰੀਆਂ ਨੂੰ ਕਦੇ ਨਹੀਂ ਭੰਡਿਆ ਪਰ ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨਾਲ ਗੁਰਮਤਿ ਵਿਚਾਰ ਬਾਰੇ ਮੇਰਾ ਬਹੁਤ ਬਹੁਤ ਜਿਆਦਾ ਇਖਤਲਾਫ ਹੈ। ਤੁਸੀਂ ਆਪਣੀ ਗੱਲ ਜ਼ਰਾ ਖੋਲ੍ਹਕੇ ਲਿਖੋ ਜੀ।ਅਤੇ ਬੇ ਝਿਜਕ ਹੋ ਕੇ ਲਿਖੋ।
 ਸਵਾਲ-ਕਰਤਾ:-- ਵੀਰ ਜੀ ਗੱਲ ਇਹੋ ਜਹੀ ਕੋਈ ਨਹੀਂ ਕਿ ਆਪ ਅਪਸੈਟ ਹੋਵੋ । ਸ਼ਾਇਦ ਮੈਂ ਹੀ ਗਲਤ ਹੋਵਾਂ । ਮੈਂ ਸਿਰਫ ਇਹ ਹੀ ਪੁੱਛਣਾ ਚਾਹੁੰਦਾ ਹਾਂ ਕਿ ਮਿਸ਼ਨਰੀ ਲਫਜ਼ ਨਾਲ ਆਪ ਗੁੱਸੇ ਜਹੇ ਹੋ ਜਾਂਦੇ ਹੋ । ਗੁਰਮਤਿ ਮਿਸ਼ਨਰੀ ਕਾਲੇਜ, ਅਤੇ ਸਿੱਖ ਮਿਸ਼ਨਰੀ ਕਾਲਜ ਵਿੱਚ ਨਾਮ ਤੋਂ ਫਰਕ ਹੈ । ਮੈਂ ਫੀਲਡ ਗੰਜ ਵਾਲੇ ਪ੍ਰਿੰਸੀਪਲ ਹਰਭਜਨ ਸਿੰਘ ਦੇ ਲੈਕਚਰ ਵੱਖ ਵੱਖ ਕੈਂਪਾਂ ਵਿੱਚ ਅੱਜ ਤੋਂ 30 ਸਾਲ ਪਹਿਲਾਂ ਅਟੈਂਡ ਕੀਤੇ ਸੀ, ਜਿਸਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ । ਦਿੱਲੀ ਸਰਕਲ ਦੇ ਇੰਚਾਰਜ ਕਿਰਪਾਲ ਸਿੰਘ ਚੰਦਨ ਅਤੇ ਸਾਡੇ ਰੋਹਿਣੀ ਇੰਚਾਰਜ ਸ੍ਰ ਤੇਜਿੰਦਰ ਸਿੰਘ ਹਨ । ਅਸੀਂ ਸਿੱਖ ਫੁਲਵਾੜੀ ਮੈਗਜ਼ੀਨ ਵੀ ਪ੍ਰਮੋਟ ਕਰਦੇ ਹਾਂ । ਪਰ ਪਿਛਲੇ ਬਹੁਤ ਸਾਲਾਂ ਤੋਂ ਮਾਨ ਸਰੋਵਰ ਗਾਰਡਨ ਦਿੱਲੀ ਐਤਵਾਰ ਗੁਰਮਤਿ ਕਲਾਸ ਵੀ ਲਗਦੀ ਹੈ । ਮੈਂ ਇਹ ਸਭ ਇਸ ਲਈ ਕਹਿ ਰਿਹਾ ਹਾਂ, ਕਿਉਂਕਿ ਆਪ ਨੇ ਆਪਣੀ ਕੁਝ ਕਮੈਂਟਸ ਵਿੱਚ ਭਲਾ ਬੁਰਾ ਕਿਹਾ ਹੈ। ਆਪ ਨੇ ਇਕ ਵਾਰੀ ਇਕ ਮਿਸ਼ਨਰੀ ਨੂੰ ਬਲਾਤਕਾਰੀ ਕਿਹਾ ਸੀ । ਸ਼ਾਇਦ … ਸਿੰਘ ਨੂੰ । ਮੈਂ ਉਹਨਾਂ ਦੀ ਨਿਜੀ ਜਿੰਦਗੀ ਬਾਰੇ ਕੁਝ ਨਹੀਂ ਜਾਣਦਾ । ਮੇਰਾ ਹੁਣ ਵਾਹ ਦਿੱਲੀ ਨਾਲ ਹੀ ਪੈਂਦਾ ਹੈ । ਜੇਕਰ ਇਕ ਵਿਅਕਤੀ ਕਿਸੇ ਕਾਰਣ ਵਸ ਗਲਤ ਹੈ ਤੇ ਫਿਰ ਸਾਰੇ ਮਿਸ਼ਨਰੀ ਗਲਤ ਕਿਉਂ? ਜਾਂ ਫਿਰ ਕੋਈ ਹੋਰ ਕਾਰਣ ਹੈ ? ਬਸ ਇਹ ਹੀ ਪੁੱਛਣਾ ਸੀ । ਆਪ ਜੀ ਦੇ ਜੁਆਬ ਨਾਲ ਜੇਕਰ ਮਨ ਦੀ ਤੱਸਲੀ ਹੋਈ ਤੇ ਮੈਂ ਕਾਲੇਜ ਛੱਡ ਦੀਆਂ ਗਾ । ਮਿਸ਼ਨਰੀ ਜਾਤ ਨਾਲ ਕੋਈ ਵਿਚਾਰਕ ਮਤਭੇਦ ਹਨ ਤਾਂ ਉਹ ਵੀ ਦੱਸ ਦੇਣਾ । ਬੁਰਾ ਨਹੀਂ ਲਗੇਗਾ । ਭੁੱਲ ਚੁੱਕ ਦੀ ਫਿਰ ਤੋਂ ਮਾਫੀ । ਛੋਟਾ ਵੀਰ '…..।
 ਜਸਬੀਰ ਸਿੰਘ ਵਿਰਦੀ:- ਵੀਰ ਜੀ! ਮਿਸ਼ਨਰੀ ਲਫਜ਼ ਬਾਰੇ ਮੈਂ ਸਾਰੀ ਗੱਲ ਕਲੀਅਰ ਕਰ ਰਿਹਾ ਹਾਂ।ਬਲਕਿ ਬਹੁਤ ਵਾਰੀ ਮੈਂ ਫੇਸ ਬੁੱਕ ਤੇ ਗੱਲ ਕਲੀਅਰ ਕਰ ਚੁਕਾ ਹਾਂ ਅਤੇ ਇਕ-ਦੋ ਥਾਈਂ ਮੈਂ ਆਪਣੇ ਲੇਖਾਂ ਵਿੱਚ ਵੀ ਗੱਲ ਕਲੀਅਰ ਕਰ ਚੁੱਕਾ ਹਾਂ। ਫੇਸ ਬੁਕ ਤੇ ਖਾਸ ਕਰਕੇ ‘ਅਖੌਤੀ ਵਿਦਵਾਨਾਂ ਦੇ ਕੌਤਕ’ ਗਰੁਪ ਤੇ ਮਿਸ਼ਨਰੀਆਂ ਦੇ ਖਿਲਾਫ ਕਮੈਂਟ ਪੜ੍ਹਨ ਨੂੰ ਮਿਲਦੇ ਹਨ। ਪਰ ਮੈਂ ਹਮੇਸ਼ਾਂ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ- ਸਿੱਖ ਮਿਸ਼ਨਰੀ ਕੌਲੇਜ ਦਿੱਲੀ ਪ੍ਰਿੰ: ਸੁਰਜੀਤ ਸਿੰਘ ਜੀ ਵਾਲਾ ਅਤੇ ਸਿਖ ਮਿਸ਼ਨਰੀ ਕੌਲੇਜ ਫੀਲਡ ਗੰਜ ਲੁਧਿਆਣਾ ਵਾਲਾ, ਇਹ ਮੁਢਲੇ ਮਿਸ਼ਨਰੀ ਕੌਲੇਜ ਹਨ।ਇਹਨਾਂ ਦੀ ਸੋਚ 100% ਗੁਰਮਤਿ ਅਨੁਸਾਰੀ ਹੈ।ਮੈਂ ਇਹਨਾਂ ਮਿਸ਼ਨਰੀ ਕੌਲੇਜਾਂ ਅਤੇ ਇਹਨਾਂ ਨਾਲ ਜੁੜੇ ਸੱਜਣਾਂ ਦਾ ਦਿਲੋਂ ਸਤਿਕਾਰ ਕਰਦਾ ਹਾਂ।ਇਹ ਮਿਸ਼ਨਰੀ ਸੱਚੇ ਦਿਲੋਂ ਅਤੇ ਸਹੀ ਅਰਥਾਂ ਵਿੱਚ ਗੁਰਮਤਿ ਦੇ ਪ੍ਰਚਾਰਕ ਹੋਣ ਦੇ ਨਾਤੇ ਇਹਨਾਂ ਦਾ ਸਿੱਖ ਜਗਤ ਵਿੱਚ ਕਾਫੀ ਸਤਿਕਾਰ ਅਤੇ ਚੰਗਾ ਨਾਮ ਸੀ (ਅਤੇ ਹੁਣ ਵੀ ਹੈ)। ***ਪਰ*** ਇਸ *ਮਿਸ਼ਨਰੀ* ਸ਼ਬਦ ਦਾ ਲਾਭ ਉਠਾਉਣ ਦੇ ਮਕਸਦ ਨਾਲ ਗੁਰਮਤਿ ਗਿਆਨ ਮਿਸ਼ਨਰੀ ਕੌਲੇਜ ਜਵੱਦੀ, ਲੁਧਿਆਣਾ ਵਾਲਿਆਂ ਨੇ ਵੀ ਆਪਣੇ ਕੌਲੇਜ ਦਾ ਨਾਮ **ਮਿਸ਼ਨਰੀ** ਰੱਖ ਲਿਆ।ਕਰਮ ਕਾਂਡਾਂ ਬਾਰੇ ਇਹਨਾਂ ਦੀ ਸੋਚ ਜਰੂਰ ਗੁਰਮਤਿ ਅਨੁਸਾਰੀ ਹੀ ਹੈ।ਪਰ ਇਹ ਗੁਰਮਤਿ ਦੇ ਕਈ ਸੰਕਲਪਾਂ ਨੂੰ ਮੰਨਣ ਤੋਂ ਇਨਕਾਰੀ ਹਨ। ਇਕ ਤਾਂ ਇਹ ਲੋਕ ਰੱਬ ਦੀ ਹੋਂਦ ਦੀ ਗੱਲ ਕਰਦੇ ਜਰੂਰ ਹਨ ਪਰ ਕਿਸੇ ਵੀ ਸ਼ਬਦ ਦੀ ਵਿਆਖਿਆ ਕਰਨ ਵੇਲੇ ਕੁਦਰਤ ਨੂੰ ਹੀ ਰੱਬ ਕਹਿੰਦੇ ਹਨ ਅਤੇ ਕੁਦਰਤੀ ਨਿਯਮਾਂ ਨੂੰ ਇਹਨਾਂ ਨੇ ਰੱਬੀ ਹੁਕਮ ਨਾਮ ਦੇ ਰੱਖਿਆ ਹੈ।
 ਇਸ ਤੋਂ ਇਲਾਵਾ ਇਹ ਗੁਰਮਤਿ ਦੇ ਸੰਕਲਪਾਂ; ਆਤਮਾ, ਆਵਾਗਵਣ ਅਤੇ ਕਰਮ-ਫਲ਼ ਵਰਗੇ ਕਈ ਸਿਧਾਂਤਾਂ ਨੂੰ ਨਹੀਂ ਮੰਨਦੇ। ਗੁਰਮਤਿ ਦੇ ਆਵਾਗਵਣ ਸਿਧਾਂਤ ਨੂੰ ਰੱਦ ਕਰਦੇ ਹਨ ਅਤੇ ਗੁਰਬਾਣੀ ਵਿੱਚ ਜਿੱਥੇ ਵੀ ਆਵਾਗਵਣ ਨਾਲ ਸੰਬੰਧਤ ਕੋਈ ਗੱਲ ਆਉਂਦੀ ਹੈ, ਉਸ ਨੂੰ ਡਾਰਵਿਨ ਦੇ ਕਰਮ-ਵਿਕਾਸ ਸਿਧਾਂਤ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ। ਬਲਕਿ ਗੁਰਮਤਿ ਦੇ ਕਈ ਸਿਧਾਂਤਾਂ ਨੂੰ ਇਹ ਲੋਕ ਕਰਮ ਕਾਂਡ ਹੀ ਦੱਸਦੇ ਹਨ।ਅਤੇ ਗੁਰਮਤਿ ਦੇ ਇਹਨਾਂ ਸਿਧਾਂਤਾਂ ਨੂੰ ਮੰਨਣ ਵਾਲਿਆਂ ਨੂੰ ਬ੍ਰਹਮਣਵਾਦੀ ਅਤੇ ਪਗੜੀ-ਧਾਰੀ ਸਿੱਖ ਕਹਿਕੇ ਬਦਨਾਮ ਕਰਦੇ ਹਨ।
 ਆਪਣੇ ਕੌਲੇਜ ਦਾ ਨਾਮ *ਮਿਸ਼ਨਰੀ* ਰੱਖਣ ਪਿੱਛੇ ਇਹਨਾਂ ਦਾ ਖਾਸ ਮਕਸਦ ਹੈ।ਉਹ ਇਹ ਕਿ ਪੁਰਾਣੇ ਅਤੇ ਅਸਲੀ ਮਿਸ਼ਨਰੀਆਂ ਦੀ ਮਿਹਨਤ ਦਾ ਪੂਰਾ ਪੂਰਾ ਕਰੈਡਿਟ ਇਹ ਖੁਦ ਲਈ ਜਾਂਦੇ ਹਨ।ਅਤੇ ਦੂਜੇ ਪਾਸੇ ਗੁਰਮਤਿ ਦੇ ਉਲਟ ਪ੍ਰਚਾਰ ਕਰਨ ਵੇਲੇ, ਇਹਨਾਂ ਦੇ ਨਾਲ-ਨਾਲ ਅਸਲੀ ਮਿਸ਼ਨਰੀ ਵੀ ਬਦਨਾਮ ਹੁੰਦੇ ਹਨ।ਸੋ ਇਹਨਾਂ ਮਿਸ਼ਨਰੀਆਂ ਵੱਲੋਂ ਗੁਰਮਤਿ ਦੇ ਉਲਟ ਪ੍ਰਚਾਰ ਹੋਣ ਤੇ ਜਦੋਂ ਮਿਸ਼ਨਰੀਆਂ ਦਾ ਵਿਰੋਧ ਹੁੰਦਾ ਹੈ ਤਾਂ ਜਵਾਬੀ ਕਾਰਵਾਈ ਵਜੋਂ ਅਸਲੀ ਮਿਸ਼ਨਰੀਆਂ ਦੀ ਸੁਪੋਰਟ ਵੀ ਇਹਨਾਂ ਨੂੰ ਮਿਲ ਜਾਂਦੀ ਹੈ।ਜਾਣੀ ਕਿ ਕਰੇ ਕੋਈ ਤੇ ਭਰੇ ਕੋਈ।
 ਇਸ ਲਈ ਜਦੋਂ ਵੀ ਮਿਸ਼ਨਰੀਆਂ ਦੇ ਖਿਲਾਫ ਕੋਈ ਕਮੈਂਟ ਪਾਉਂਦਾ ਹੈ ਤਾਂ ਮੈਂ ਮਿਸ਼ਨਰੀਆਂ ਦਾ ਫਰਕ ਕਲੀਅਰ ਕਰਨ ਦੀ ਕੋਸ਼ਿਸ਼ ਕਰਦਾ ਹਾਂ।ਬਲਕਿ ਮੈਂ ਤਾਂ ਇਹਨਾਂ (ਗੁਰਮਤਿ ਗਿਆਨ ਮਿਸ਼ਨਰੀ ਕੌਲੇਜ ਜਵੱਦੀ ਲੁਧਿਆਣਾ ਵਾਲਿਆਂ) ਨੂੰ ਨਕਲੀ ਮਿਸ਼ਨਰੀ ਹੀ ਸਮਝਦਾ ਅਤੇ ਕਹਿੰਦਾ ਹਾਂ। ਜਿਹੜਾ ਤੁਸੀਂ ਸਮਝਦੇ ਹੋ ਕਿ ਕਿਸੇ ਮਿਸ਼ਨਰੀ ਨੂੰ ਮੈਂ ਬਲਾਤਕਾਰੀ ਕਿਹਾ ਹੈ।ਵੀਰ ਜੀ! ਇਹ ਤੁਹਾਡੀ ਗ਼ਲਤ ਫਹਿਮੀ ਹੈ।ਜਾਂ ਫੇਰ ਤੁਹਾਨੂੰ ਕਿਸੇ ਨੇ ਗ਼ਲਤ ਭੜਕਾਇਆ ਹੈ।ਪੁਰਾਣੇ ਅਸਲੀ ਮਿਸ਼ਨਰੀ ਹੋਣ ਜਾਂ ਇਹ ਨਵੇਂ ਨਕਲੀ ਮਿਸ਼ਨਰੀ, ਮੈਂ ਕਦੇ ਕਿਸੇ ਵੀ ਮਿਸ਼ਨਰੀ ਨੂੰ ਬਲਾਤਕਾਰੀ ਨਹੀਂ ਕਿਹਾ।ਹਾਂ ਵਿਚਾਰ ਵਟਾਂਦਰਿਆਂ ਦੌਰਾਨ ਇਕ ਦੋ ਵਾਰੀਂ ਸੱਚੇ (ਝੂਠੇ ਸੌਦ) ਵਾਲੇ ਗੁਰਮੀਤ ਰਾਮ ਰਹੀਮ ਬਾਰੇ ਜਰੂਰ ਇਹਨਾਂ ਨਕਲੀ ਮਿਸ਼ਨਰੀਆਂ ਨੂੰ ਸਵਾਲ ਕੀਤਾ ਹੈ ਕਿ ਕੀ ਗੁਰਬਾਣੀ ਵਿੱਚ ਜੀਵਨ ਮੁਕਤ ਹੋਣ ਦੀ ਗੱਲ ਕੀਤੀ ਹੋਣ ਨਾਲ ਹਰ ਬੰਦਾ ਜੀਵਨ ਮੁਕਤ ਹੈ? ਕੀ ਰਾਮ ਰਹੀਮ ਵਰਗੇ ਬਲਾਤਕਾਰੀ ਵੀ ਜੀਵਨ ਮੁਕਤ ਹਨ? ਜੇ ਨਹੀਂ ਤਾਂ ਜਿਹੜੇ ਜੀਵਨ ਮੁਕਤ ਨਹੀਂ ਹੁੰਦੇ, ਸਾਰੀ ਉਮਰ ਵਿਕਾਰਾਂ ਅਤੇ ਕੁਕਰਮਾਂ ਵਾਲਾ ਜੀਵਨ ਗੁਜ਼ਾਰ ਕੇ ਸੰਸਾਰ ਤੋਂ ਤੁਰ ਜਾਂਦੇ ਹਨ, ਉਹਨਾਂ ਦੇ ਕੁਕਰਮਾਂ ਦਾ ਕਦੇ ਕੋਈ ਫੈਸਲਾ ਹੁੰਦਾ ਹੈ ਜਾਂ ਜਿਵੇਂ ਜਿਸ ਨੂੰ ਠੀਕ ਲੱਗਦਾ ਹੈ ਆਪਣੀ ਮਨ ਮਰਜੀ ਦੀ ਜ਼ਿੰਦਗ਼ੀ ਗੁਜ਼ਾਰ ਗਿਆ ਅਤੇ ਸਭ ਲੇਖੇ ਖਤਮ?
 ਕਿਰਪਾਲ ਸਿੰਘ ਚੰਦਨ ਜੀ ਨਾਲ ਬਹੁਤ ਸਾਲ ਪਹਿਲਾਂ ਇਕ ਵਾਰੀਂ ਮੇਰੀ ਗੱਲ ਹੋਈ ਸੀ। ਗੱਲ ਬਾਤ ਵਿੱਚ ਉਹਨਾਂ ਨੇ ਮੈਨੂੰ ਦੱਸਿਆ ਕਿ ਗੁਰਮਤਿ ਗਿਆਨ ਮਿਸ਼ਨਰੀ ਕੌਲੇਜ ਵਾਲਿਆਂ ਨੇ ਸਮਝੌਤੇ ਦੀ ਗੱਲ ਕੀਤੀ ਹੈ । (ਸਮਝੋਤਾ ਕੀ ਅਤੇ ਕਿਹਨਾਂ ਸ਼ਰਤਾਂ ਤੇ ਹੋਣ ਦੀ ਗੱਲ ਹੋਈ ਹੈ, ਨਾ ਮੈਂ ਉਹਨਾਂ ਨੂੰ ਪੁਛਿਆ ਅਤੇ ਨਾ ਹੀ ਉਹਨਾਂ ਨੇ ਦੱਸਿਆ) ਪਰ ਮੈਂ ਕੜੇ ਸ਼ਬਦਾਂ ਵਿੱਚ ਆਪਣਾ ਸੁਝਾਵ ਦਿੱਤਾ ਸੀ ਕਿ ਗੁਰਬਾਣੀ ਅਰਥਾਂ ਸੰਬੰਧੀ ਕਿਸੇ ਕੀਮਤ ਤੇ ਸਮਝੌਤਾ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹਨਾਂ ਦਾ ਪ੍ਰਚਾਰ ਗੁਰਮਤਿ ਅਨੁਸਾਰੀ ਨਹੀਂ ਹੈ।
 ਕਈ ਸਾਲ ਬੀਤਣ ਤੇ ਮੈਂ ਕਿਰਪਾਲ ਸਿੰਘ ਚੰਦਨ ਜੀ ਨੂੰ ਗਿਲਾ ਕੀਤਾ ਕਿ ਤੁਸੀਂ ਗੁਰਮਤਿ ਗਿਆਨ ਕੌਲੇਜ ਦੇ ਪ੍ਰਚਾਰ ਦੇ ਖਿਲਾਫ ਕਿਉਂ ਨਹੀਂ ਲਿਖਦੇ। ਉਹਨਾਂ ਦਾ ਜੋ ਜਵਾਬ ਆਇਆ ਉਸ ਤੋਂ ਮੈਂ ਮਹਿਸੂਸ ਕੀਤਾ ਕਿ ਉਹਨਾਂ ਨੇ ਸਮਝੌਤਾ ਕੋਈ ਨਹੀਂ ਕੀਤਾ ਹੋਣਾ। ਪਰ ਜਿਹੜੇ ਪੇਪਰਾਂ ਤੇ ਉਹਨਾਂ ਨੇ ਮੈਨੂੰ ਜਵਾਬ ਲਿਖਕੇ ਭੇਜਿਆ ਉਸ ਤੋਂ ਉਹਨਾਂ ਦੀ ਖਸਤਾ ਹਾਲਤ ਤੇ ਮੈਨੂੰ ਤਰਸ ਜਰੂਰ ਆਇਆ। ਉਹਨਾਂ ਨੇ (ਸ਼ਾਇਦ ਪੇਪਰ ਦੀ ਕਮੀਂ ਹੋਣ ਕਰਕੇ) ਕਿਸੇ ਬੀਬੀ ਦੁਆਰਾ ਨੌਕਰੀ ਲਈ ਭਰੀ ਗਈ ਦੋ ਤਿੰਨ ਸਫਿਆਂ ਦੀ ਅਰਜੀ ਤੇ ਕਾਟਾ ਮਾਰਕੇ ਉਸਦੇ ਪਿਛਲੇ ਪਾਸੇ ਜਵਾਬ ਲਿਖਿਆ ਹੋਇਆ ਸੀ।
… ਸਿੰਘ ਜੀ ਨੂੰ ਮੈਂ ਬਲਾਤਕਾਰੀ ਕਿਹਾ ਹੈ???
ਮੇਰੀ ਤੌਬਾ ਹੈ ਵੀਰ ਜੀ! ਮੈਂ ਐਸੇ ਸੱਜਣ ਪੁਰਸ਼ ਲਈ ਐਸੀ ਗੱਲ ਭੁੱਲਕੇ ਵੀ ਨਹੀਂ ਕਹਿ ਸੱਕਦਾ। ਜਰੂਰ ਤੁਹਾਨੂੰ ਕੋਈ ਗ਼ਲਤ ਫਹਿਮੀ ਹੋਈ ਹੈ। ਹੋ ਸਕਦਾ ਹੈ ‘ਜਸਬੀਰ ਸਿੰਘ’ ਨਾਮ ਦਾ ਕੋਈ ਹੋਰ ਵਿਅਕਤੀ ਹੋਵੇ, ਜਿਸ ਨੇ ਇਸ ਤਰ੍ਹਾਂ ਦਾ ਦੂਸ਼ਣ ਲਗਾਇਆ ਹੋਵੇ ਅਤੇ ਗ਼ਲਤੀ ਨਾਲ ਤੁਸੀਂ ਮੈਨੂੰ ਸਮਝ ਬੈਠੇ ਹੋਵੋ। ਵੀਰ ਜੀ! ਜ਼ਰਾ ਚੰਗੀ ਤਰ੍ਹਾਂ ਚੇਤਾ ਕਰਕੇ ਦੱਸਣਾ ਕਿ ਇਹ ਗੱਲ ਤੁਸੀਂ ਖੁਦ ਕਿਤੇ ਪੜ੍ਹੀ ਸੀ ਜਾਂ ਤੁਹਾਨੂੰ ਕਿਸੇ ਨੇ ਦੱਸੀ ਸੀ। ਇਸ ਗੱਲ ਦਾ ਜਵਾਬ ਜਿੰਨੀ ਜਲਦੀ ਹੋ ਸਕੇ ਦੇਣਾ ਜੀ। ਤੁਸੀਂ ਸਿੱਖ ਮਿਸ਼ਨਰੀ ਕਾਲੇਜ ਛੱਡਣ ਦੀ ਗੱਲ ਕੀਤੀ ਹੈ। ਵੀਰ ਜੀ! ਸਿਖ ਮਿਸ਼ਨਰੀ ਦਿਲੀ ਪ੍ਰਿੰ: ਸੁਰਜੀਤ ਸਿੰਘ ਵਾਲੇ ਅਤੇ ਫੀਲਡਗੰਜ ਵਾਲਿਆਂ ਦਾ ਸਾਥ ਛੱਡਣ ਬਾਰੇ ਸੋਚਣਾ ਵੀ ਨਾ। ਇਹੀ ਤਾਂ ਹਨ ਜਿਹੜੇ ਗੁਰਮਤਿ ਦਾ ਸਹੀ ਪ੍ਰਚਾਰ ਕਰ ਰਹੇ ਹਨ।ਹਾਂ ਇਹਨਾਂ ਕੋਲ ਸੋਰਸਾਂ ਦੀ ਕਮੀਂ ਹੋਣ ਕਰਕੇ ਜਿਆਦਾ ਕੁਝ ਕਰ ਨਹੀਂ ਪਾਉਂਦੇ।ਪਰ ਜਿੰਨਾ ਵੀ ਇਹ ਕਰ ਰਹੇ ਹਨ, ਗੁਰਮਤਿ ਦਾ ਸਹੀ ਅਰਥਾਂ ਵਿੱਚ ਹੀ ਪ੍ਰਚਾਰ ਕਰ ਰਹੇ ਹਨ।
 ਸਵਾਲ ਕਰਤਾ ਵੀਰ:- ਵੀਰ ਜੀ, ਗੱਲ ਸ਼ਾਇਦ ਤਿੰਨ ਮਹੀਨੇ ਪੁਰਾਣੀ ਹੈ ਜਦ ਇਕ ਪੋਸਟ ਉਪਰ ਅਮਰੇਂਦਰ ਸਿੰਘ ਦੇ ਇਕ ਕਮੈਂਟ ਜਿਸ ਤੇ ਤੁਸੀਂ ਜਵਾਬ ਦਿੱਤਾ ਸੀ, ਜੱਦ ਤੁਸੀਂ ਉਸ ਤੇ ….. ਸਿੰਘ ਮਿਸ਼ਨਰੀ ਨੂੰ ਬਲਾਤਕਾਰੀ ਸ਼ਬਦ ਨਾਲ ਸੰਬੋਧਿਤ ਕੀਤਾ ਸੀ ।
 ਜਸਬੀਰ ਸਿੰਘ ਵਿਰਦੀ:- ਵੀਰ ਜੀ! ਚੰਗੀ ਤਰ੍ਹਾਂ ਯਾਦ ਕਰਕੇ ਦੱਸਿਓ ਕਿ ਬਲਾਤਕਾਰ ਵਾਲੀ ਗੱਲ ਤੁਸੀਂ ਖੁਦ ਪੜ੍ਹੀ ਸੀ ਜਾਂ ਕਿਸੇ ਨੇ ਤੁਹਾਨੂੰ ਦੱਸੀ ਸੀ। ਜੇ ਤੁਸੀਂ ਖੁਦ ਪੜ੍ਹੀ ਸੀ ਤਾਂ ਤੁਹਾਨੂੰ ਜਰੂਰ ਭੁਲੇਖਾ ਲੱਗਾ ਹੋਣਾ ਹੈ। ਪਰ ਜੇ ਕਿਸੇ ਨੇ ਤੁਹਾਨੂੰ ਦੱਸੀ ਸੀ ਤਾਂ ਮੈਂ ਉਸ ਸਖਸ਼ ਦਾ ਨਾਮ ਜਾਣਨਾ ਚਾਹੁੰਦਾ ਹਾਂ। ਮੇਰਾ ਫੇਰ ਇਹੀ ਕਹਿਣਾ ਹੈ ਕਿ ਸਿੱਖ ਮਿਸ਼ਨਰੀ ਕੌਲੇਜ ਫੀਲਡ ਗੰਜ ਲੁਧਿਆਣਾ ਅਤੇ ਸਿਖ ਮਿਸ਼ਨਰੀ ਦਿੱਲੀ ਵਾਲੇ ਗੁਰਮਤਿ ਦਾ ਸਹੀ ਅਰਥਾਂ ਵਿੱਚ ਪ੍ਰਚਾਰ ਕਰ ਰਹੇ ਹਨ। ਇਸ ਲਈ ਜਿੰਨਾ ਹੋ ਸਕੇ ਵਧ ਤੋਂ ਵੱਧ ਇਹਨਾਂ ਦਾ ਸਾਥ ਦਿੱਤਾ ਜਾਵੇ। ਅਤੇ ਗੁਰਮਤਿ ਗਿਆਨ ਮਿਸ਼ਨਰੀ ਕੌਲੇਜ ਜਵੱਦੀ ਲੁਧਿਆਣਾ ਵਾਲੇ ਗੁਰਮਤਿ ਦੇ ਉਲਟ ਆਪਣੀ ਸੋਚ ਗੁਰਮਤਿ ਵਿੱਚ ਵਾੜ ਰਹੇ ਹਨ ਇਸ ਲਈ ਉਹਨਾਂ ਦੇ ਪ੍ਰਚਾਰ ਤੋਂ ਸੁਚੇਤ ਹੋਣ ਅਤੇ ਸਿੱਖ ਜਗਤ ਨੂੰ ਸੁਚੇਤ ਕਰਨ ਦੀ ਜਰੂਰਤ ਹੈ।
  ਸਵਾਲ ਕਰਤਾ ਵੀਰ:- ਵੀਰ ਜੀ! ਮੈਂ ਪੁਰਾਣੀ ਪੋਸਟ ਲਭਕੇ ਦੇਖੀ ਹੈ। ਮੈਥੋਂ ਹੀ ਗਲਤੀ ਹੋਈ ਹੈ । ਤੁਸੀਂ ਗੁਰਮਤਿ ਮਿਸ਼ਨਰੀ ਕਾਲਜ ਦੀ ਬਹਿਸ ਵਿੱਚ ਸ਼ਾਯਦ ਕਿਸੇ ਹੋਰ ਧਰਮ ਪ੍ਰਚਾਰਕ ਬਾਬੇ ਦਾ ਜਿਕਰ ਕੀਤਾ ਹੈ । ਚਲੋ ਇਸੇ ਬਹਾਨੇ ਗੁਰਮਤਿ ਅਤੇ ਸਿੱਖ ਮਿਸ਼ਨਰੀ ਕਾਲੇਜ ਦਾ ਭੁਲੇਖਾ ਵੀ ਦੂਰ ਹੋ ਗਿਆ । (ਪੋਸਟ ਤੇ ਤੁਹਾਡੀ ਟਿੱਪਣੀ ਇਹ ਸੀ:- ਤਜਿੰਦਰ ਸਿੰਘ ਜੀ! ਜੇ ਅਸੀਂ ਜਾਣਦੇ ਹੋਈਏ ਕਿ ਕੋਈ ਬਲਾਤਕਾਰੀ ਬਾਬਾ ਧਰਮ ਪ੍ਰਚਾਰ ਦੇ ਨਾਂ ਤੇ ਲੋਕਾਂ ਦੀਆਂ ਇੱਜਤਾਂ ਅਤੇ ਧਨ ਲੁੱਟ ਰਿਹਾ ਹੈ, ਫੇਰ ਵੀ ਸਾਨੂੰ ਇਹੀ ਮੰਨ ਕੇ ਚੱਲਣਾ ਚਾਹੀਦਾ ਹੈ ਕਿ ‘ਸਾਨੂੰ ਕੀ, ਅਸੀਂ ਤਾਂ ਆਪਣਾ ਕੰਮ ਕਰੀਏ’?)
 ਜਸਬੀਰ ਸਿੰਘ ਵਿਰਦੀ:- ਵੀਰ ਜੀ! ਚਲੋ ਚੰਗੀ ਗੱਲ ਹੈ ਕਿ ਤੁਹਾਡਾ ਭੁਲੇਖਾ ਦੂਰ ਹੋ ਗਿਆ।ਪਰ ਮੈਨੂੰ ਕਿਸੇ ਕਿਸਮ ਤਾ ਤੋਖਲਾ ਜਾਂ ਤੁਹਾਡੇ ਬਾਰੇ ਗੁੱਸਾ ਗਿਲਾ ਨਾ ਉਸ ਵਕਤ ਸੀ ਜਦੋਂ ਤੁਸੀਂ ਸਵਾਲ ਕੀਤਾ ਸੀ ਨਾ ਅੱਜ ਹੈ।
  ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਹੀ ਨਹੀਂ।ਅਤੇ ਤੁਸੀਂ ਜਾਣ ਬੁਝਕੇ ਇਸ ਤਰ੍ਹਾਂ ਦੀ ਗੱਲ ਕਰ ਨਹੀਂ ਸਕਦੇ। ਤੁਹਾਨੂੰ ਜਰੂਰ ਭੁਲੇਖਾ ਲੱਗਾ ਹੈ। ਦਰ ਅਸਲ ਵਿਚਾਰ ਵਟਾਂਦਰੇ ਦੌਰਾਨ ਮੈਂ ਗੁਰਮਤਿ ਗਿਆਨ ਮਿਸ਼ਨਰੀ ਕੌਲੇਜ ਜਵੱਦੀ ਦੇ ਪ੍ਰਚਾਰ ਸੰਬੰਧੀ ਕੋਈ ਗੱਲ ਲਿਖੀ ਸੀ। ਕਿਸੇ ਵੀਰ ਨੂੰ ਮੇਰੀ ਗੱਲ ਚੰਗੀ ਨਹੀਂ ਸੀ ਲੱਗੀ। ਤਾਂ ਉਸ ਵੀਰ ਨੇਂ ਗਿਲਾ ਪ੍ਰਗਟ ਕਰਦੇ ਹੋਏ ਲਿਖਿਆ ਸੀ ਕਿ ਕੋਈ ਜਿਵੇਂ ਪ੍ਰਚਾਰ ਕਰਦਾ ਹੈ ਕਰੀ ਜਾਣ ਦੇਣਾ ਚਾਹੀਦਾ ਹੈ, ਸਾਨੂੰ ਕਿਸੇ ਦੇ ਪ੍ਰਚਾਰ ਦੇ ਖਿਲਾਫ ਕੋਈ ਗੱਲ ਨਹੀਂ ਕਹਿਣੀ ਚਾਹੀਦੀ। ਸੋ ਉਸ ਵੀਰ ਦੇ ਕਮੈਂਟ ਦੇ ਜਵਾਬ ਵਿੱਚ ਮੈਂ (ਕਿਸੇ ਦਾ ਵੀ ਨਾਮ ਨਹੀਂ ਸੀ ਲਿਖਿਆ) ਕਿਸੇ ਧਰਮ ਪ੍ਰਚਾਰ ਕਰਨ ਵਾਲੇ ਬਲਾਤਕਾਰੀ ਬਾਬੇ ਬਾਰੇ ਲਿਖਿਆ ਸੀ। ਵੀਰ ਜੀ! ਆਪਣੇ ਇਸ ਵਿਚਾਰ ਵਟਾਂਦਰੇ ਤੋਂ ਇਕ ਗੱਲ ਜਰੂਰ ਸਾਹਮਣੇ ਆਈ ਹੈ, ਜੋ ਕਿ ਮੈਂ ਹਮੇਸ਼ਾਂ ਖਦਸ਼ਾ ਪ੍ਰਗਟ ਕਰਦਾ ਰਿਹਾ ਹਾਂ। ਉਹ ਇਹ ਕਿ *ਮਿਸ਼ਨਰੀ* ਲਫਜ਼ ਤੋਂ ਹੋਰ ਵੀ ਬਹੁਤ ਸਾਰੇ ਵੀਰਾਂ ਨੂੰ ਭੁਲੇਖਾ ਲੱਗਦਾ ਹੋਣਾ ਹੈ। ਇਸ ਲਈ ਹਰ ਗੁਰਮਤਿ ਪ੍ਰੇਮੀ ਵੀਰ ਨੂੰ *ਅਸਲੀ ਮਿਸ਼ਨਰੀ* ਅਤੇ *ਨਕਲੀ ਮਿਸ਼ਨਰੀ* ਦੀ ਪਛਾਣ ਕਰਨ ਦੀ ਜਰੂਰਤ ਹੈ। ਕਈ ਪ੍ਰਚਾਰਕ ਗੁਰਮਤਿ ਪ੍ਰਚਾਰ ਦੇ ਨਾਂ ਤੇ ਆਪਣੀ ਵੱਖਰੀ ਸੋਚ ਗੁਰਮਤਿ ਵਿੱਚ ਵਾੜਨ ਲੱਗੇ ਹੋਏ ਹਨ। ਇਹਨਾਂ ਦੀ ਪਛਾਣ ਦਾ ਸਹੀ ਅਤੇ ਸੌਖਾ ਤਰੀਕਾ ਹੈ ਕਿ ਖੁਦ ਪ੍ਰੋ: ਸਾਹਿਬ ਸਿੰਘ ਜੀ ਦੇ ਅਰਥ ਪੜ੍ਹੋ। ਅਤੇ ਉਹਨਾਂ ਦੇ ਅਰਥਾਂ ਨਾਲ ਇਹਨਾਂ ਨਵੇਂ ਪ੍ਰਚਾਰਕਾਂ ਦੇ ਅਰਥ ਮਿਲਾ ਕੇ ਦੇਖੋ। ਫਰਕ ਪਤਾ ਲੱਗ ਜਾਏਗਾ।
(ਬਹੁਤ ਜਰੂਰੀ ਨੋਟ:- ਮੇਰਾ ਕਮੈਂਟ ਗੁਰਮਤਿ ਗਿਆਨ ਮਿਸ਼ਨਰੀ ਕੌਲੇਜ ਬਾਰੇ ਚੱਲ ਰਹੀ ਵਿਚਾਰ ਤੇ ਸੀ। ਇਸ ਲਈ ਹੋ ਸਕਦਾ ਹੈ ਕਿ ਕਿਸੇ ਸੱਜਣ ਨੂੰ ਬਲਾਤਕਾਰ ਵਾਲਾ ਮੇਰਾ ਕਮੈਂਟ ਸਿੱਧੇ-ਅਸਿੱਧੇ ਤਰੀਕੇ ਨਾਲ ਗੁਰਮਤਿ ਗਿਆਨ ਮਿਸ਼ਨਰੀ ਕੌਲੇਜ ਵਾਲਿਆਂ ਨੂੰ ਬਦਨਾਮ ਕਰਨ ਵਾਲਾ ਲੱਗਾ ਹੋਵੇ। ਪਰ ਮੇਰਾ ਐਸਾ ਕੋਈ ਮਕਸਦ ਜਾਂ ਇਰਾਦਾ ਨਹੀਂ ਸੀ ਅਤੇ ਨਾ ਹੀ ਹੁਣ ਹੈ।ਜੇ ਮੇਰੇ ਕਮੈਂਟ ਨਾਲ ਕਿਸੇ ਨੂੰ ਕੋਈ ਭੁਲੇਖਾ ਪੈਂਦਾ ਹੈ ਤਾਂ ਮੈਂ ਮੁਆਫੀ ਚਾਹੁੰਦਾ ਹਾਂ)
 ਜਸਬੀਰ ਸਿੰਘ ਵਿਰਦੀ"

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.