ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਡਰੱਗ ਮਾਮਲੇ ‘ਚ ਡੀਜੀਪੀ ਸੁਰੇਸ਼ ਅਰੋੜਾ ਤੇ ਦਿਨਕਰ ਗੁਪਤਾ ਦੀ ਭੂਮਿਕਾ ਆਈ ਸਾਹਮਣੇ
ਡਰੱਗ ਮਾਮਲੇ ‘ਚ ਡੀਜੀਪੀ ਸੁਰੇਸ਼ ਅਰੋੜਾ ਤੇ ਦਿਨਕਰ ਗੁਪਤਾ ਦੀ ਭੂਮਿਕਾ ਆਈ ਸਾਹਮਣੇ
Page Visitors: 2312

ਡਰੱਗ ਮਾਮਲੇ ‘ਚ ਡੀਜੀਪੀ ਸੁਰੇਸ਼ ਅਰੋੜਾ ਤੇ ਦਿਨਕਰ ਗੁਪਤਾ ਦੀ ਭੂਮਿਕਾ ਆਈ ਸਾਹਮਣੇਡਰੱਗ ਮਾਮਲੇ ‘ਚ ਡੀਜੀਪੀ ਸੁਰੇਸ਼ ਅਰੋੜਾ ਤੇ ਦਿਨਕਰ ਗੁਪਤਾ ਦੀ ਭੂਮਿਕਾ ਆਈ ਸਾਹਮਣੇ

April 06
21:21 2018

ਚੰਡੀਗੜ੍ਹ, 6 ਅਪ੍ਰੈਲ (ਪੰਜਾਬ ਮੇਲ)- ਪੰਜਾਬ ’ਚ ਨਸ਼ਿਆਂ ਦੇ ਕਾਰੋਬਾਰ ਸਬੰਧੀ ਇਕ ਕੇਸ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਅੱਜ ਮਾਮਲਾ ਇਕ ਤਰ੍ਹਾਂ ਪੰਜਾਬ ਪੁਲੀਸ ਦੇ ਵੱਖ-ਵੱਖ ਡੀਜੀਪੀਜ਼ ਦਰਮਿਆਨ ਟਕਰਾਅ ਦਾ ਰੂਪ ਧਾਰ ਗਿਆ। ਡੀਜੀਪੀ ਰੈਂਕ ਦੇ ਅਫ਼ਸਰ ਸਿਧਾਰਥ ਚਟੋਪਾਧਿਆਏ, ਜੋ ਹਾਈ ਕੋਰਟ ਦੇ ਹੁਕਮਾਂ ’ਤੇ ਨਸ਼ਿਆਂ ਸਬੰਧੀ ਜਾਂਚ ਕਰ ਰਹੀ ਸਿੱਟ ਦੇ ਅਗਵਾਈ ਕਰ ਰਹੇ ਹਨ, ਨੇ ਉਨ੍ਹਾਂ ਨੂੰ ਇੰਦਰਪ੍ਰੀਤ ਸਿੰਘ ਚੱਢਾ ਖ਼ੁਦਕੁਸ਼ੀ ਕੇਸ ਵਿੱਚ ‘ਝੂਠਾ ਫਸਾਏ’ ਜਾਣ ਦੇ ਦੋਸ਼ ਲਾਉਂਦਿਆਂ ਆਪਣੇ ਸਾਥੀ ਅਫ਼ਸਰਾਂ- ਡੀਜੀਪੀ ਸੁਰੇਸ਼ ਅਰੋੜਾ (ਪੰਜਾਬ ਪੁਲੀਸ ਮੁਖੀ) ਤੇ ਡੀਜੀਪੀ (ਇੰਟੈਲੀਜੈਂਸ) ਦਿਨਕਰ ਗੁਪਤਾ ਨੂੰ ਨਸ਼ਿਆਂ ਦੇ ਕਾਰੋਬਾਰ ਦੇ ਮਾਮਲੇ ’ਚ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਇਸ ਪਿੱਛੋਂ ਅਦਾਲਤ ਨੇ ਸ੍ਰੀ ਚਟੋਪਾਧਿਆਏ ਖ਼ਿਲਾਫ਼ ਜਾਂਚ ਉਤੇ ਰੋਕ ਲਾ ਦਿੱਤੀ ਹੈ।
ਸ੍ਰੀ ਚਟੋਪਾਧਿਆਏ ਨੇ ਆਪਣੀ ਦਸ ਸਫ਼ਿਆਂ ਦੀ ਅਰਜ਼ੀ ਵਿੱਚ ਦਾਅਵਾ ਕੀਤਾ ਕਿ ਉਨ੍ਹਾਂ ਦੀ ਅਗਵਾਈ ਵਾਲੀ ਸਿੱਟ (ਵਿਸ਼ੇਸ਼ ਜਾਂਚ ਟੀਮ) ਵੱਲੋਂ ਨਸ਼ਿਆਂ ਸਬੰਧੀ ਕੀਤੀ ਜਾ ਰਹੀ ਜਾਂਚ ਪੰਜਾਬ ਦੇ ਇਨ੍ਹਾਂ ਦੋ ਚੋਟੀ ਦੇ ਪੁਲੀਸ ਅਫ਼ਸਰਾਂ ਵੱਲ ਵਧ ਰਹੀ ਸੀ। ਇਸ ਤਿੰਨ ਮੈਂਬਰੀ ਸਿੱਟ ਨੂੰ ਹਾਈ ਕੋਰਟ ਨੇ ਬਰਤਰਫ਼ ਇੰਸਪੈਕਟਰ ਇੰਦਰਜੀਤ ਸਿੰਘ ਤੇ ਮੋਗਾ ਦੇ ਐਸਐਸਪੀ ਰਾਜ ਜੀਤ ਸਿੰਘ ਦੇ ਸਬੰਧਾਂ ਦੀ ਜਾਂਚ ਦਾ ਕੰਮ ਸੌਂਪਿਆ ਹੋਇਆ ਹੈ, ਤਾਂ ਕਿ ਸੂਬੇ ਵਿੱਚ ‘ਨਸ਼ੇ ਦੇ ਕਾਰੋਬਾਰੀਆਂ ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਗੱਠਜੋੜ’ ਨੂੰ ਤੋੜਿਆ ਜਾ ਸਕੇ। ਸ੍ਰੀ ਚਟੋਪਾਧਿਆਏ ਮੁਤਾਬਕ ਇਸ ਜਾਂਚ ਦੌਰਾਨ ਸ੍ਰੀ ਅਰੋੜਾ ਤੇ ਸ੍ਰੀ ਗੁਪਤਾ ਦੀ ਭੂਮਿਕਾ ‘ਸਾਹਮਣੇ ਆਈ’ ਸੀ।
ਉਨ੍ਹਾਂ ਲਿਖਿਆ ਹੈ: ‘‘ਕੇਸ ਵਿੱਚ ਸਿਖਰਲੇ ਅਫ਼ਸਰਾਂ ਦੀ ਇੰਸਪੈਕਟਰ ਇੰਦਰਜੀਤ ਸਿੰਘ ਤੇ ਮੋਗਾ ਦੇ ਐਸਐਸਪੀ ਰਾਜ ਜੀਤ ਸਿੰਘ ਨਾਲ ਮਿਲੀਭੁਗਤ ਦੀ ਪੁਸ਼ਟੀ ਲਈ ਕਈ ਅਹਿਮ ਤੱਥਾਂ ਤੇ ਸੰਕੇਤਾਂ ਦੀ ਘੋਖ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿੱਚ ਇਕ ਡੀਜੀਪੀ ਦਾ ਬੇਨਾਮੀ ਘਰ ਵੀ ਸ਼ਾਮਲ ਹੈ।’’ ਇਸ ਸਬੰਧੀ ਸ੍ਰੀ ਚਟੋਪਾਧਿਆਏ ਨੇ ਇਕ ‘ਸੀਲਬੰਦ ਲਿਫ਼ਾਫ਼ੇ’ ਵਿੱਚ ਅਦਾਲਤ ਨੂੰ ਛੇ ਹੋਰ ਦਸਤਾਵੇਜ਼ ਵੀ ਸੌਂਪੇ ਹਨ। ਉਨ੍ਹਾਂ ਕਿਹਾ ਕਿ ਜਿਸ ਕੇਸ ਵਿੱਚ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ, ਉਸ ਦੀ ਜਾਂਚ ਕਰਨ ਵਾਲੀ ਸਿੱਟ ਦੇ ਮੈਂਬਰਾਂ ਦੀਆਂ ‘ਤਰੱਕੀਆਂ, ਤਾਇਨਾਤੀਆਂ ਤੇ ਸਮੁੱਚਾ ਕਰੀਅਰ’ ਇਨ੍ਹਾਂ ਦੋਵੇਂ ‘ਸਭ ਤੋਂ ਸੀਨੀਅਰ ਅਫ਼ਸਰ’ ਸ੍ਰੀ ਅਰੋੜਾ ਤੇ ਸ੍ਰੀ ਗੁਪਤਾ ਦੇ ਹੱਥ ਵਿੱਚ ਹੋਣ ਕਾਰਨ ਜਾਂਚ ਦੇ ਨਤੀਜੇ ਉਨ੍ਹਾਂ ਖ਼ਿਲਾਫ਼ ਕੱਢੇ ਜਾ ਸਕਦੇ ਹਨ। ਸ੍ਰੀ ਚਟੋਪਾਧਿਆਏ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ‘ਉਨ੍ਹਾਂ ਸੀਨੀਅਰ ਪੁਲੀਸ ਅਫ਼ਸਰਾਂ ਦੀ ਸ਼ਹਿ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਨ੍ਹਾਂ (ਅਫ਼ਸਰਾਂ) ਦੀਆਂ ਰਾਜ ਜੀਤ ਸਿੰਘ ਤੇ ਇੰਦਰਜੀਤ ਸਿੰਘ ਨਾਲ ਨਜ਼ਦੀਕੀਆਂ’ ਦੀ ਜਾਂਚ ਚੱਲ ਰਹੀ ਹੈ। ਇਨ੍ਹਾਂ ਖ਼ੁਦ ਨੂੰ ਇੰਦਰਪ੍ਰੀਤ ਸਿੰਘ ਚੱਢਾ ਦੀ ਖ਼ੁਦਕੁਸ਼ੀ ਸੰਬਧੀ ਦਰਜ ਕੇਸ ਵਿੱਚ ਫਸਾਏ ਜਾਣ ਦੀ ਗੱਲ ਕਹੀ ਹੈ, ਜਿਸ ਸਬੰਧੀ ਸਿੱਟ ਦੀ ਅਗਵਾਈ ਆਈਜੀਪੀ (ਕ੍ਰਾਈਮ) ਐਲ.ਕੇ. ਯਾਦਵ ਕਰ ਰਹੇ ਹਨ। ਉਨ੍ਹਾਂ ਲਿਖਿਆ ਹੈ, ‘‘ਨਿਮਨਹਸਤਾਖਰੀ (ਸ੍ਰੀ ਚਟੋਪਾਧਿਆਏ) ਦਾ ਨਾਂ ਭਾਵੇਂ ਨਾ ਉਸ (ਚੱਢਾ) ਵੱਲੋਂ ਆਪਣੀ ਮੌਤ ਤੋਂ ਫ਼ੌਰੀ ਪਹਿਲਾਂ ਲਿਖੇ ਖ਼ੁਦਕੁਸ਼ੀ ਨੋਟਾਂ ਵਿੱਚ ਹੈ, ਨਾ ਇਹ ਮੂਲ ਐਫ਼ਆਈਆਰ ਵਿੱਚ ਪਰ ਨਿਮਨ ਹਸਤਾਖਰੀ ਨੂੰ ਲਗਾਤਾਰ ਜਾਂਚ ਦੇ ਨਾਂ ’ਤੇ ਤੰਗ ਕੀਤਾ ਜਾ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨਾਂ ਉਦੋਂ ਜਾਂਚ ਵਿੱਚ ਘੜੀਸਿਆ ਗਿਆ, ਜਦੋਂ ਉਨ੍ਹਾਂ ਨਸ਼ਿਆਂ ਦੇ ਮਾਮਲੇ ’ਚ ਆਪਣੀ ਸਿੱਟ ਵੱਲੋਂ ਪਹਿਲੀ ਪ੍ਰਗਤੀ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ।
ਉਨ੍ਹਾਂ ਤੇ ਅਦਾਲਤ ਦੇ ਮਿੱਤਰ ਵਕੀਲ ਅਨੁਪਮ ਗੁਪਤਾ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਸ਼ੇਖਰ ਧਵਨ ਦੇ ਬੈਂਚ ਨੇ ਸ੍ਰੀ ਚੱਟੋਪਾਧਿਆਏ ਖ਼ਿਲਾਫ਼ ਜਾਂਚ ’ਤੇ ਰੋਕ ਲਾਉਂਦਿਆਂ ਹੋਰ ਮੁਲਜ਼ਮਾਂ ਖ਼ਿਲਾਫ਼ ਜਾਂਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.