ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
ਚੀਨ ਦੇ ਛਪੇ ਗੁਰੂ ਗ੍ਰੰਥ ਸਾਹਿਬ ਬਾਰੇ ਕੇਸ ਦਰਜ ਕਰਵਾ ਕੇ ਐਸ ਜੀ ਪੀ ਸੀ ਫ਼ਸ ਗਈ
ਚੀਨ ਦੇ ਛਪੇ ਗੁਰੂ ਗ੍ਰੰਥ ਸਾਹਿਬ ਬਾਰੇ ਕੇਸ ਦਰਜ ਕਰਵਾ ਕੇ ਐਸ ਜੀ ਪੀ ਸੀ ਫ਼ਸ ਗਈ
Page Visitors: 2656

ਚੀਨ ਦੇ ਛਪੇ ਗੁਰੂ ਗ੍ਰੰਥ ਸਾਹਿਬ ਬਾਰੇ ਕੇਸ ਦਰਜ ਕਰਵਾ ਕੇ ਐਸ ਜੀ ਪੀ ਸੀ ਫ਼ਸ ਗਈ
ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਏਕਾਧਿਕਾਰ ‘ਤੇ ਸਵਾਲ ਉੱਠ ਪਏ
ਚੰਡੀਗੜ੍ਹ, 23 ਫਰਵਰੀ (ਪੰਜਾਬ ਮੇਲ)- ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ਨ ਦੇ ਮਾਮਲੇ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ ਜੀ ਪੀ ਸੀ) ਵਲੋਂ ਇੱਕ ਅਮਰੀਕੀ ਨਾਗਰਿਕ ‘ਤੇ ਐਫ ਆਈ ਆਰ ਦਰਜ ਕਰਾਉਣ ਦੀ ਇਕ ਪਟੀਸ਼ਨ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਐਸ ਜੀ ਪੀ ਸੀ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਜਵਾਬ ਤਲਬ ਕੀਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 30 ਮਾਰਚ ਨੂੰ ਹੋਵੇਗੀ।
ਅਮਰੀਕਾ ਨਿਵਾਸੀ ਟੀ ਐਸ ਆਨੰਦ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਚੀਨ ਤੋਂ ਪ੍ਰਕਾਸ਼ਨ ਕਰਵਾ ਕੇ ਅਮਰੀਕਾ ਤੇ ਕੈਨੇਡਾ ‘ਚ ਵੰਡਣ ਦਾ ਦੋਸ਼ ਲਾਇਆ ਗਿਆ ਹੈ। ਇਸ ਬਾਰੇ ਆਨੰਦ ਦੇ ਖਿਲਾਫ ਐਸ ਜੀ ਪੀ ਸੀ ਨੇ ਧਾਰਮਿਕ ਨਫਰਤ ਫੈਲਾਉਣ ਅਤੇ ਕਾਪੀ ਰਾਈਟ ਐਕਟ ਹੇਠ ਅੰਮ੍ਰਿਤਸਰ ‘ਚ ਮਾਮਲਾ ਦਰਜ ਕਰਵਾਇਆ ਸੀ। ਆਨੰਦ ਨੇ ਇਸ ਦੇ ਖਿਲਾਫ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਸੁਣਵਾਈ ਦੌਰਾਨ ਹਾਈ ਕੋਰਟ ਵਿੱਚ ਪਟੀਸ਼ਨ ਕਰਤਾ ਦੇ ਵਕੀਲ ਐਮ ਐਸ ਖਹਿਰਾ ਅਤੇ ਬੀ ਐਸ ਸੇਵਕ ਨੇ ਇਹ ਦਲੀਲ ਦਿੱਤੀ ਕਿ ਆਨੰਦ ਅਮਰੀਕਾ ਦਾ ਵਾਸੀ ਹੈ ਅਤੇ ਉਸ ‘ਤੇ ਭਾਰਤੀ ਦੰਡਾਵਲੀ ਲਾਗੂ ਨਹੀਂ ਹੁੰਦੀ। ਉਸ ਨੇ ਭਾਰਤ ਦੀ ਜ਼ਮੀਨ ‘ਤੇ ਕੋਈ ਅਪਰਾਧ ਨਹੀਂ ਕੀਤਾ, ਅਜਿਹੇ ‘ਚ ਉਸ ਦੇ ਖਿਲਾਫ ਕੇਸ ਦਰਜ ਕਰਵਾਉਣਾ ਹਾਸੋਹੀਣੀ ਗੱਲ ਹੈ।
ਵਕੀਲ ਨੇ ਬੈਂਚ ਨੂੰ ਦੱਸਿਆ ਕਿ ਪਟੀਸ਼ਨ ਕਰਤਾ ਅਮਰੀਕਾ ਦਾ ਪੱਕਾ ਨਾਗਰਿਕ ਹੈ। ਪਟੀਸ਼ਨ ਕਰਤਾ ਨੇ ਨਾ ਕੋਈ ਧਾਰਮਿਕ ਨਫਰਤ ਫੈਲਾਈ ਹੈ ਅਤੇ ਨਾ ਉਸ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਕਾਪੀਆਂ ਛਪਵਾ ਕੇ ਮੁਫਤ ਵੰਡ ਕੇ ਕਾਪੀ ਰਾਈਟ ਐਕਟ ਦਾ ਉਲੰਘਣ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦੀ ਕਾਪੀ ਚੀਨ ਤੋਂ ਛਪਵਾ ਕੇ ਧਾਰਮਿਕ ਭਾਵਨਾਵਾਂ ਕਾਰਨ ਅਮਰੀਕਾ ਤੇ ਕੈਨੇਡਾ ਵਿੱਚ ਮੁਫਤ ਵੰਡੀਆਂ ਹਨ। ਪਟੀਸ਼ਨ ਕਰਤਾ ਨੇ ਬੈਂਚ ਨੂੰ ਇਹ ਵੀ ਹਵਾਲਾ ਦਿੱਤਾ ਹੈ ਕਿ ਸਿੱਖ ਗੁਰਦੁਆਰਾ ਐਕਟ 1925 ਦੇ ਹੋਂਦ ਵਿੱਚ ਆਉਣ ਦੇ ਬਾਅਦ ਅਤੇ ਭਾਰਤ-ਪਾਕਿ ਵੰਡ ਤੋਂ ਪਹਿਲਾਂ ਲਾਹੌਰ ‘ਚ ਮੁਨਸ਼ੀ ਹੀਰਾ ਨੰਦ ਯੰਤਰਾਲਿਆ ਵਿਦਿਆ ਪ੍ਰਕਾਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ਨ ਕਰਦੀ ਸੀ। ਮੈਸਰਜ ਭਾਈ ਚਤਰ ਸਿੰਘ ਜੀਵਨ ਸਿੰਘ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਟਕਾ ਦਾ ਪ੍ਰਕਾਸ਼ਨ ਕੀਤਾ ਸੀ। ਸਿੱਖ ਗੁਰਦੁਆਰਾ ਐਕਟ ‘ਚ ਕਿਤੇ ਵੀ ਕਿਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ਨ ਤੇ ਵੰਡਣ ‘ਤੇ ਰੋਕਿਆ ਨਹੀਂ ਗਿਆ। ਕਾਪੀ ਰਾਈਟ ਦੇ ਉਲੰਘਣ ਦੇ ਦੋਸ਼ ਵਿੱਚ ਜੋ ਐਫ ਆਈ ਆਰ ਦਰਜ ਹੈ, ਉਸ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਾਪੀ ਰਾਈਟ ਦੇ ਅਧਿਕਾਰ ਕਿਸ ਦੇ ਕੋਲ ਹਨ। ਦਸਵੇਂ ਗੁਰੂ ਸਾਹਿਬ ਨੇ ਕਿਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕਾਪੀ ਰਾਈਟ ਦਾ ਅਧਿਕਾਰ ਨਹੀਂ ਸੀ ਦਿੱਤਾ ਸੀ। ਐਸ ਜੀ ਪੀ ਸੀ 1925 ‘ਚ ਹੋਂਦ ਵਿੱਚ ਆਈ ਸੀ, ਉਸ ਨੂੰ ਕਾਪੀ ਰਾਈਟ ਦਾ ਅਧਿਕਾਰ ਰੱਖਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ। ਉਹ ਪਟੀਸ਼ਨ ਕਰਤਾ ਜਾਂ ਹੋਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ਨ ਅਤੇ ਵੰਡਣ ਤੋਂ ਰੋਕ ਨਹੀਂ ਸਕਦੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.