ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਗੁਰਬਾਣੀ-ਰਮਜਾਂ !!
ਗੁਰਬਾਣੀ-ਰਮਜਾਂ !!
Page Visitors: 2592

ਗੁਰਬਾਣੀ-ਰਮਜਾਂ !!
ਗੁਰਬਾਣੀ ਨੂੰ ਜਦ ਵੀ ਸੱਜਣੋ, ਦੁਨੀਆਂ ਨਾਲ ਵਿਚਾਰੋ ।
ਅਟੱਲ ਬ੍ਰਹਿਮੰਡੀ ਨਿਯਮਾਂ ਨੂੰ,  ਨਾ ਭੁੱਲਕੇ ਕਦੇ ਵਿਸਾਰੋ ।

ਸ਼ਬਦੀ ਅਰਥ ਇਕੱਲਿਆਂ ਦੇ ਨਾਲ, ਜੇਕਰ ਬਣੇ ਦੁਚਿੱਤੀ,
ਗੁਰਸ਼ਬਦਾਂ ਦੇ ਅਰਥਾਂ ਦੇ ਨਾਲ, ਭਾਵ ਅਰਥ ਚਿਤਾਰੋ ।

ਸ਼ਬਦ-ਕੋਸ਼ਾਂ ਦੇ ਅਰਥ ਸਦਾ, ਗੁਰਬਾਣੀ ਨਹੀਂ ਅਰਥਾਉਂਦੇ,
ਗੁਰਬਾਣੀ ਦੇ ਅਰਥਾਂ ਨੂੰ, ਗੁਰਬਾਣੀ ਰਾਹੀਂ ਨਿਹਾਰੋ ।

ਗੁਰ-ਸਿਧਾਂਤ ਸਪੱਸ਼ਟੀ ਖਾਤਿਰ, ਅਨਮਤ ਦੀਆਂ ਮਸਾਲਾਂ,
ਅਤੇ ਪ੍ਰਚਲਤ ਮੁਹਾਵਰਿਆਂ ਨੂੰ ਗੁਰਮਤਿ ਨਾ ਸਵੀਕਾਰੋ ।

ਇੱਕ ਹੀ ਸ਼ਬਦ ਦੇ ਵਿੱਚੋਂ ਜੇਕਰ, ਨੁਕਤਾ ਸਮਝ ਨਾ ਆਵੇ,
ਓਸ ਵਿਸ਼ੇ ਦੇ ਬਾਕੀ ਸ਼ਬਦਾਂ, ਵੱਲ ਨਿਗਾਹ ਵੀ ਮਾਰੋ ।

ਇੱਕੋ ਹੀ ਪ੍ਰਕਰਣ ਦੇ ਸਾਰੇ, ਸ਼ਬਦ ਇਕੱਠੇ ਕਰਕੇ,
ਗੁਰਮਤਿ ਦਾ ਸਿਧਾਂਤ ਜੋ ਉੱਘੜੇ, ਉਸਨੂੰ ਹੀ ਸਤਿਕਾਰੋ ।

ਗੁਰੂਆਂ ਭਗਤਾਂ ਭਾਵੇਂ ਸੀ, ਪਰਚਲਤ ਸ਼ਬਦ ਹੀ ਵਰਤੇ,
ਪਰ ਦੇਕੇ ਸੀ ਅਰਥ ਨਵੇਂ, ਸਮਝਾਇਆ ਬ੍ਰਹਮ ਪਸਾਰੋ ।

ਕੁਦਰਤ ਦੇ ਨਿਯਮਾਂ ਨੂੰ ਦੁਨੀਆਂ, ਹੁਕਮ ਰੱਬ ਦਾ ਮੰਨਦੀ,
ਨਾਮ-ਧਰਮ ਵੀ ਇੱਕ ਨਿਯਮ ਹੈ, ਵੱਖਰਾ ਨਾ ਪਰਚਾਰੋ ।

ਕੁਦਰਤ ਵਾਲੇ ਨਿਯਮ ਜਗਤ ਤੇ, ਸਦਾ ਹੀ ਸੱਚੇ ਰਹਿਣੇ,
ਗੁਰਬਾਣੀ ਉਪਦੇਸ਼ ਵੀ ਇੰਝ ਹੀ, ਦੁਨੀਆਂ ਵਿੱਚ ਸ਼ੰਗਾਰੋ ।

ਗੁਰਬਾਣੀ ਤਾਂ ਕੁਦਰਤ ਅੰਗ-ਸੰਗ, ਹੋਕੇ ਜੀਣਾ ਦੱਸੇ,
ਕੁਦਰਤ ਉਲਟ ਨਾ ਚਿਤਵ ਕਦੇ ਵੀ, ਧਰਮ ਵਿਖਾਵਾ ਧਾਰੋ ।

ਗੁਰਬਾਣੀ ਦੀਆਂ ਰਮਜਾਂ ਵਿੱਚੋਂ, ਜੀਵਨ ਜਾਂਚ ਨੂੰ ਸਿੱਖਕੇ,
ਆਪਣਾ ਜੀਵਨ ਅਤੇ ਚੁਗਿਰਦਾ, ਬਣ ਇਨਸਾਨ ਸਵਾਰੋ ।


ਡਾ ਗੁਰਮੀਤ ਸਿੰਘ ਬਰਸਾਲ ( ਕੈਲੇਫੋਰਨੀਆਂ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.