ਕਿਹੜਾ ਦਰ ਖੜਕਾਈਏ ਦੱਸੋ, ਜਿਹੜਾ ਸਾਡੇ ਦਰਦ ਪਛਾਣੇ।
ਇੱਕ ਪੁੜ ਉੱਤੇ ਦੂਜਾ ਥੱਲੇ ਪੀਸ ਰਹੇ ਚੱਕੀ ਵਿੱਚ ਦਾਣੇ।
ਕਦ ਕੁ ਤੀਕ ਅਲਾਪਣਗੇ ਇਹ ਸਭ ਕੁਝ ਰੱਬਾ ਤੇਰੇ ਭਾਣੇ।
ਸਾਡਾ ਆਟਾ ਸਾਨੂੰ ਵੰਡ ਕੇ ਆਖੀ ਜਾਣ ਵਜਾਓ ਤਾੜੀ,
ਕਿੰਨੇ ਚਾਤਰ ਹੋ ਗਏ ਏਥੇ ਕੁਰਸੀਧਾਰੀ, ਜ਼ਰ ਜਰਵਾਣੇ।
ਕਣਕ ਵੀ ਸਾਡੀ ਹੱਥ ਵੀ ਸਾਡੇ ਪੀਸਿਆ ਹੋਇਆ ਕੌਣ ਸਮੇਟੇ,
ਧਰਤੀ-ਧਰਮ ਗਵਾਚ ਗਿਆ ਹੈ ਰਖਵਾਲਾ ਨਾ ਫ਼ਰਜ਼ ਪਛਾਣੇ।
ਚਿੜੀਆਂ ਮੌਤ ਗੰਵਾਰਾਂ ਹਾਸਾ ਇਹ ਵਰਤਾਰਾ ਮੁੱਕਦਾ ਨਹੀਂਓ ਂ,
ਫਿਰਨ ਸ਼ਿਕਾਰੀ ਕੱਸ ਗੁਲੇਲੇ ਧਰਮ ਨਗਰੀਓ ਂ ਧੁਰ ਲੁਧਿਆਣੇ।
ਅੰਨਾ ਬੋਲ਼ਾ ਮਾਇਆਧਾਰੀ, ਸ਼ਸ਼ਤਰਧਾਰੀ ਤੇ ਅਧਿਕਾਰੀ,
ਕਿਹੜਾ ਦਰ ਖੜਕਾਈਏ ਦੱਸੋ, ਜਿਹੜਾ ਸਾਡੇ ਦਰਦ ਪਛਾਣੇ।
ਫਿਰ ਬੁੱਤਾਂ ਨੂੰ ਪੂਜ ਰਹੇ ਹਾਂ ਮੁਕਤ ਕਰਾਇਆ ਜਿਸ ਤੋਂ ਗੁਰੂਆਂ ,
ਕਿੱਧਰ ਘੇਰ ਲਿਆਏ ਸਾਨੂੰ ਧਰਮ ਦੇ ਨਾਂ ਤੇ ਮਾਨਸ ਖਾਣੇ।
ਭੇਡਾਂ ਮੁੰਨਣ ਵਾਲਿਆਂ ਦੀ ਵੀ ਨਸਲ ਬਦਲ ਗਈ ਇਹ ਕੀ ਹੋਇਆ,
ਉੱਨ ਉਤਾਰਨ ਵਾਲੇ ਰੱਜ ਗਏ, ਆਜੜੀਆਂ ਦੇ ਪਾਟੇ ਬਾਣੇ।
ਗੁਰਭਜਨ ਗਿੱਲ