ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
* = ਅਸੀਂ ਤੇ ਰੂਹ !! = *
* = ਅਸੀਂ ਤੇ ਰੂਹ !! = *
Page Visitors: 2543

*  =  ਅਸੀਂ ਤੇ ਰੂਹ !!  =  *

ਅਸੀਂ ਰੂਹਾਂ ‘ਚ ਰਹਿਕੇ ਵੀ ਰੂਹ ਨਾ ਬਣੇ,
ਉਹ ਸ਼ਰੀਰਾਂ ‘ਚ ਰਹਿਕੇ ਵੀ ਰੂਹ ਹੀ ਰਹੇ ।

ਸਾਡੀ ਚਾਹਤ ਹੀ ਮ੍ਰਿਗ-ਤ੍ਰਿਸ਼ਨਾ ਰਹੀ,
ਉਹ ਤਾਂ ਸੁਪਨੇ ਦੇ ਵਾਂਗੂ ਅਛੂਹ ਹੀ ਰਹੇ ।

ਮੈਂ ਜਮਾਨੇ ਤੋਂ ਇਹੋ ਹੀ ਸਿਖਿਆ ਸੁਣੀ,
ਉਹਦੇ ਹੁਕਮਾਂ ‘ਚ ਨੱਚੋ ਤਾਂ ਖੁਸ਼ ਹੋਣਗੇ ।

ਉਹਦੀ ਚਾਹਤ ਤੋਂ ਬਾਹਰੇ ਇਸ਼ਾਰੇ ਬਿਨਾ,
ਦਿਲੋਂ ਕੀਤੇ ਤਰੱਦਦ ਵੀ ਠੁਸ ਹੋਣਗੇ ।

ਪਰ ਹਕੀਕਤ ਤੇ ਸੁਪਨੇ ‘ਚ ਅੰਤਰ ਰਿਹਾ,
ਮੇਰੀ ਤੇਰੀ ਰਹੀ ਮੈਂ ਤੇ ਤੂੰ ਹੀ ਰਹੇ ।

ਅਸੀਂ ਰੂਹਾਂ,,,,,,,,,,,,,,,।

ਅਸਾਂ ਉਹਨਾਂ ਨੂੰ ਮੰਨਿਆ ਨਜਰ ਤੋਂ ਪਰਾਂ,
ਜਦੋਂ ਨਜਰਾਂ ‘ਚ ਆ ਗਏ ਤਾਂ ਕੀ ਬੋਲਦੇ ।

ਸਾਡੀ ਇੱਛਾ ਸੀ ਉਹਨਾਂ ਨੂੰ ਪਾ ਲੈਣ ਦੀ,
ਉਹਨਾਂ ਚਾਹਿਆ ਸੀ ਅੱਖਾਂ ਅਸੀਂ ਖੋਲਦੇ ।

ਸਾਨੂੰ ਦੇਕੇ ਨਜ਼ਰੀਆਂ ਦੇਖਣ ਦਾ ਨਵਾਂ,
ਤਾਂ ਵੀ ਦੇਖਣ ਦੀ ਉਹ ਆਰਜੂ ਹੀ ਰਹੇ ।

ਅਸੀਂ ਰੂਹਾਂ,,,,,,,,,,,,,,,,,,।

ਲੱਗਾ ਮੰਜਿਲ ਦੀ ਮੰਜਿਲ ਦਾ ਜਦ ਸੀ ਪਤਾ,
ਦਿਲ ਮੇਰੇ ਦੇ ਵੱਲ ਹੀ ਇਸ਼ਾਰੇ ਹੋਏ ।

ਜਿਹਦੇ ਪਿੱਛੇ ਮੈਂ ਅੰਬਰਾਂ ‘ਚ ਭਾਉਂਦਾ ਰਿਹਾ,
ਮੇਰੇ ਦਰ ਤੇ ਮੈਂ ਸੁਣਿਆ ਉਤਾਰੇ ਹੋਏ ।

ਹੁੰਦੀ ਜੱਗ ਤੇ ਪਿਆਸੇ ਨੂੰ ਖੂਹ ਦੀ ਤਾਲਾਸ਼,
ਪਏ ਤੱਕਦੇ ਪਿਆਸੇ ਨੂੰ ਖੂਹ ਵੀ ਰਹੇ ।

ਅਸੀਂ ਰੂਹਾਂ,,,,,,,,,,,,,,,,,,,।

ਉਹਨੂੰ ਜਦ ਵੀ ਮੈਂ ਤੱਕਣ ਦੀ ਕੋਸ਼ਿਸ਼ ਕਰੀ,
ਇਹਨਾਂ ਅੱਖਾਂ ਦੇ ਸਾਹਵੇਂ ਹਨੇਰਾ ਰਿਹਾ ।

ਮੈਨੂੰ ਹੋਰਾਂ ਦੇ ਦੱਸਣ ਤੇ ਲੱਗਿਆ ਜਿਵੇਂ,
ਸਦਾ ਮੇਰੇ ‘ਨਾ ਉਸਦਾ ਵਸੇਰਾ ਰਿਹਾ ।

ਮੈਨੂੰ ਭਾਵੇਂ ਨਾ ਗੱਲ ਦੀ ਕੋਈ ਸਮਝ ਪਈ,
ਉਹਦੇ ਦਰਸ਼ਣ ਕਿਓਂ ? ਖੁਸ਼ਬੂ ਹੀ ਰਹੇ ।

ਅਸੀਂ ਰੂਹਾਂ ‘ਚ ਰਹਿਕੇ ਵੀ ਰੂਹ ਨਾ ਬਣੇ,
ਉਹ ਸ਼ਰੀਰਾਂ ‘ਚ ਰਹਿਕੇ ਵੀ ਰੂਹ ਹੀ ਰਹੇ ।

ਸਾਡੀ ਚਾਹਤ ਹੀ ਮ੍ਰਿਗ-ਤ੍ਰਿਸ਼ਨਾ ਰਹੀ,
ਉਹ ਤਾਂ ਸੁਪਨੇ ਦੇ ਵਾਂਗੂ ਅਛੂਹ ਹੀ ਰਹੇ ।

ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ
gsbarsal@gmail.com
            

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.