ਕਵਿਤਾਵਾਂ
ਕਾਹਤੋਂ ਬਣੀ ਨਾ ਗੱਲ, ਨਾ ਹੋਇਆ ਕਮਾਲ ਦੱਸੀਂ
Page Visitors: 2619
ਕਾਹਤੋਂ ਬਣੀ ਨਾ ਗੱਲ, ਨਾ ਹੋਇਆ ਕਮਾਲ ਦੱਸੀਂ
ਤਲਖੀਆਂ ਕਿ ਤੇਜ਼ੀਆਂ ਆਇਆ ਉਬਾਲ ਦੱਸੀਂ
ਕਾਫਲਾ ਕਿਓਂ ਹੋ ਗਿਆ ਏਨਾ ਬੇਤਾਲ ਦੱਸੀਂ
ਰਹਿਤੋਂ ਵਿਗੁੱਚੇ ਖਾਹ ਮਖਾਹ ਉਲਝੇ ਨੇ ਰਹਿਤ ਵਿਚ
ਮੈਂ ਮੈਂ ਤੇ ਤੂੰ ਤੂੰ ਬਾਹਰੇ ਪੁਖਤਾ ਖਿਆਲ ਦੱਸੀਂ
ਬਾਬੇ ਨੇ ਸਹਿਜੇ ਸਾਰਖੀ ਆਖੀ ਕਦੀ ਜੋ ਗੱਲ ਸੀ
ਕਾਹਤੋਂ ਬਣੀ ਨਾ ਗੱਲ, ਨਾ ਹੋਇਆ ਕਮਾਲ ਦੱਸੀਂ
ਸ਼ੈਲਫਾਂ ਤੇ ਢੇਰਾਂ ਗੋਲੀਆਂ ਤੇ ਕੰਬਦੇ ਜੁੱਸੇ ਪਏ
ਵਿਗੜੀ ਬਣੂਗੀ ਮੁੜ ਕਿਵੇਂ ਰੁਕਣਾ ਭੂਚਾਲ ਦੱਸੀਂ
ਵੈਦਾਂ ਦਾ ਪੂਰਾ ਵੈਦ ਹੈ ਜੱਗ ਦਾ ਸਾਂਝਾ ਗੁਰੂ
ਸਾਧਾਂ ਦੇ ਹੋਏ ਸਮਾਜ ਹੁਣ ਕਿੰਨੇ ਦਲਾਲ ਦੱਸੀਂ
ਸਾਹਾਂ ਦੇ ਰਿਸ਼ਤੇ ਚਾਰ ਪੈਰ ਟੁਰਕੇ ਹੀ ਤਿੜਕ ਗਏ
ਸਬਰੋਂ ਸਰਾਪੀ ਪ੍ਰੀਤ ਕੀ ਕੱਢੂ ਰੁਮਾਲ ਦੱਸੀਂ
ਰੂਹਾਂ ਨੇ ਦੇਖੋ ਜੰਮੀਆਂ ਸਿਵਿਆਂ ‘ਚ ਅਗਨੀ ਤੇਜ਼ ਹੈ
ਇਸ ਕਾਲ ਖਾਣੇ ਜੱਗ ਨੂੰ ਸ਼ਬਦੀ ਅਕਾਲ ਦੱਸੀਂ
ਜੋ ਪੈਂਟ ਟਾਈ ਪਹਿਨ ਕੇ ਪ੍ਰਵਚਨ ਹੈ ਕਰਦਾ ਪਿਆ
‘ਢੇਸੀ’ ਨੂੰ ਹੋਵੇ ਇਲਮ ਨਾ ਔਖਾ ਸਵਾਲ ਦੱਸੀਂ
ਕੁਲਵੰਤ ਸਿੰਘ ਢੇਸੀ