< < < < ਨਵੰਬਰ 84 ਦਿੱਲੀ > > > >
ਗਲਾ ਭਰਿਆ ਤੇ ਅੱਖਾਂ ਵਿੱਚ ਪਾਣੀ,ਕਿੰਝ ਕਰਾਂ ਮੈਂ ਬਿਆਨ ਇਹ ਕਹਾਣੀ,
ਸੱਚ ਆਖਦਾਂ ਨਹੀਂ ਮੈਥੋਂ ਦੱਸੀ ਜਾਣੀ, ਉਹ ਹੋਲੀ ਜਿਹੜੀ ਖੇਡੀ ਖੂਨ ਦੀ।
ਘਰ ਪਾਪੀਆਂ ਜਲਾਏ ਸਿੱਖ ਮਾਰ 'ਤੇ, ਗੱਲ ਕੋਈ ਨਾ ਕਨੂੰਨ ਦੀ।
ਸਭ ਘਰ ਘਾਟ ਸਿੱਖਾਂ ਦੇ ਜਲਾ 'ਤੇ,ਟਾਇਰ ਅੱਗ ਲਾ ਕੇ ਗਲਾਂ ਵਿੱਚ ਪਾ 'ਤੇ,
ਕਈ ਤੇਲ ਪਾ ਕੇ ਸਾੜ ਕੇ ਮੁਕਾ 'ਤੇ, ਸੀ ਘਾਣੀ ਹੋਗੀ ਮਿੱਝ ਖੂਨ ਦੀ।
ਘਰ ਪਾਪੀਆਂ ਜਲਾਏ ਸਿੱਖ ਮਾਰ 'ਤੇ, ਗੱਲ ਕੋਈ ਨਾ ਕਨੂੰਨ ਦੀ।
ਪੱਗਾਂ ਲਾਹ ਕੇ ਨਾਲੀਆਂ ਦੇ ਵਿਚ ਸੁਟੀਆਂ,ਸਾਂਝਾਂ ਹਿੰਦੂ ਸਿੱਖ ਪਿਆਰ ਦੀਆਂ ਟੁਟੀਆਂ,
ਗਈਆਂ ਇੱਜ਼ਤਾਂ ਹਜ਼ਾਰਾਂ ਉਥੇ ਲੁੱਟੀਆਂ,ਸੀ ਹੱਦ ਕੋਈ ਨਾ ਜਨੂੰਨ ਦੀ।
ਘਰ ਪਾਪੀਆਂ ਜਲਾਏ ਸਿੱਖ ਮਾਰ 'ਤੇ, ਗੱਲ ਕੋਈ ਨਾ ਕਨੂੰਨ ਦੀ।
ਗੁੰਡੇ ਸਿੱਖਾਂ ਦੇ ਮੁਹੱਲਿਆਂ ਵਿੱਚ ਵਾੜ 'ਤੇ,ਉਹਨਾ ਵਰਕੇ ਸ਼ਰਮ ਵਾਲੇ ਪਾੜ 'ਤੇ,
ਘਰੋਂ ਕੱਢ ਕੱਢ ਜਿਉਂਦੇ ਸਿੱਖ ਸਾੜ 'ਤੇ, ਬੇਕਦਰੀ ਮਨੁੱਖਾ ਜੂਨ ਦੀ।
ਘਰ ਪਾਪੀਆਂ ਜਲਾਏ ਸਿੱਖ ਮਾਰ 'ਤੇ, ਗੱਲ ਕੋਈ ਨਾ ਕਨੂੰਨ ਦੀ।
'ਨੇਰੀ ਕਹਿਰ ਵਾਲੀ ਦਿੱਲੀ ਵਿੱਚ ਝੁੱਲਦੀ,ਲਾਸ਼ ਸਿੱਖ ਦੀ ਬਜ਼ਾਰਾਂ ਵਿੱਚ ਰੁਲਦੀ,
ਸਾਨੂੰ ਯਾਦ ਨਹੀਂ ਚੁਰਾਸੀ ਵਾਲੀ ਭੁੱਲਦੀ, ਨਵੰਬਰ ਤੇ ਮਹੀਨੇ ਜੂਨ ਦੀ।
ਘਰ ਪਾਪੀਆਂ ਜਲਾਏ ਸਿੱਖ ਮਾਰ 'ਤੇ, ਗੱਲ ਕੋਈ ਨਾ ਕਨੂੰਨ ਦੀ।
ਰਾਜ ਮਿਲ ਗਿਆ ਮਾਣ ਨਾਲ ਫੁੱਲ ਗਏ,ਨੌਂਵੇਂ ਗੁਰੂ ਵਾਲੀ ਕੁਰਬਾਨੀ ਭੁੱਲ ਗਏ,
ਓਸੇ ਕੌਮ ਤਾਈਂ ਮਾਰਨੇ 'ਤੇ ਤੁੱਲ ਗਏ, ਸਿਖਾਈ ਜਿੰਨੇ ਜਾਚ ਜਿਊਣ ਦੀ।
ਘਰ ਪਾਪੀਆਂ ਜਲਾਏ ਸਿੱਖ ਮਾਰ 'ਤੇ, ਗੱਲ ਕੋਈ ਨਾ ਕਨੂੰਨ ਦੀ।
ਛੱਬੀ ਸਾਲ ਹੋ ਗਏ ਨਿਆਂ ਨੂੰ ਉਡੀਕਦੇ,ਅਜੇ ਮਨ ਮਿਹਰ ਪਈ ਨਹੀਂ ਸ਼ਰੀਕ ਦੇ,
ਲਾਰੇ ਲਾਉਣ ਜੱਜ ਅਗਲੀ ਤਰੀਕ ਦੇ, ਉਹ ਘੜੀ ਆਈ ਨਾ ਸਕੂਨ ਦੀ।
ਘਰ ਪਾਪੀਆਂ ਜਲਾਏ ਸਿੱਖ ਮਾਰ 'ਤੇ, ਗੱਲ ਕੋਈ ਨਾ ਕਨੂੰਨ ਦੀ।
ਕਾਹਤੋਂ ਸੌਂ ਗਿਆ ਰਟੌਲ ਲੰਮੀ ਤਾਣ ਉਇ,ਹੁੰਦਾ ਸਿੱਖਾਂ ਦੀਆਂ ਸਧਰਾਂ ਦਾ ਘਾਣ ਉਇ,
ਖੋਟ ਦਿਲ ਵਾਲੀ ਗੰਗੂ ਦੀ ਪਛਾਣ ਉਇ, ਜਿਸ ਨੂੰ ਨਾ ਲਾਜ ਲੂਣ ਦੀ।
ਘਰ ਪਾਪੀਆਂ ਜਲਾਏ ਸਿੱਖ ਮਾਰ 'ਤੇ, ਗੱਲ ਕੋਈ ਨਾ ਕਨੂੰਨ ਦੀ।
ਸੁਖਵਿੰਦਰ ਸਿੰਘ ਰਟੌਲ