ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
# - ਗੁਰਬਾਣੀ-ਸ਼ਕਤੀ!!
# - ਗੁਰਬਾਣੀ-ਸ਼ਕਤੀ!!
Page Visitors: 2545

# - ਗੁਰਬਾਣੀ-ਸ਼ਕਤੀ!!

ਦਸਵੇਂ ਗੁਰਾਂ ਨੇ ਜਿਹਨੂੰ ਗੁਰੂ ਸੀ ਬਣਾਇਆ ਸਾਡਾ,ੳਹੀ ਬਾਣੀ ਅੱਜ ਗੁਰਬਾਣੀ ਅਖਵਾਉਂਦੀ ਹੈ ।
ਖਾਲਸੇ ਦਾ ਪੂਰਾ ਗੁਰੂ ਬਣੀ ਗੁਰਬਾਣੀ ਇਹੋ,ਇਹੋ ਗੁਰਬਾਣੀ ਰਹਿਤ ਸਿੱਖ ਦੀ ਕਹਾਉਂਦੀ ਹੈ ।

ਮਨੁੱਖਤਾ ਦੇ  ਨਾਲ ਹੀ ਇਹ ਦੁੱਖ-ਸੁੱਖ ਬਣਦੇ ਨੇ,ਨਰਕ-ਸਵਰਗ ਵੀ ਏਥੇ ਦਰਸਾਉਂਦੀ ਹੈ ।
ਅਗਲਿਆਂ-ਪਿਛਲਿਆਂ ਜਨਮਾਂ ਦਾ ਡਰ ਕੱਢ,ਬਾਕੀ ਬਚੀ ਜਿੰਦਗੀ ਸਵਾਰਨਾ ਸਿਖਾਉਂਦੀ ਹੈ ।

ਮਜ਼ਹਬਾਂ ਨੇ ਜਿਹੜਾ ਰੱਬ ਅਸਮਾਨੀ ਚਾਹੜਿਆ ਸੀ,ਗੁਰਬਾਣੀ  ਜ਼ਰੇ-ਜ਼ਰੇ ਵਿੱਚੋਂ ਪ੍ਰਗਟਾਉਂਦੀ ਹੈ ।
ਭੋਲੇ ਸ਼ਰਧਾਲੂਆਂ ਦੀ ਲੁੱਟ ਲਈ ਪੁਜਾਰੀਆਂ ਦੇ,ਵੱਲੋਂ ਮਾਰੇ ਸੰਗਲ ਤੇ ਜੰਦਰੇ ਤੜਾਉਂਦੀ ਹੈ ।

ਡਰ ਅਤੇ ਲਾਲਚਾਂ ਲਈ ਕਰੀ ਜਾਂਦੀ ਪੂਜਾ ਛੱਡ,ਰੱਬ ਨਾਲ ਬੰਦੇ ਦੀ ਮੁਹੱਬਤ ਨਿਭਾਉਂਦੀ ਹੈ ।
ਧਰਮ ਦੇ ਨਾਂ ਤੇ ਜਿਹਨੂੰ ਲੁੱਟ ਕੋਈ ਸਕਦਾ ਨਾ,ਬੰਦੇ ਨੂੰ ਵਿਵੇਕ-ਸ਼ੀਲ ਬਾਣੀ ਹੀ ਬਣਾਉਂਦੀ ਹੈ ।

ਗੁਰਬਾਣੀ ਕਦੇ ਖੋਜ-ਕਾਰਜਾਂ ਵਿਰੁੱਧ ਨਾਹੀਂ,ਗਿਆਨ-ਵਿਗਿਆਨ ਨੂੰ ਇਹ ਰਸਤੇ ਦਿਖਾਉਂਦੀ ਹੈ ।
ਜੋ ਵੀ ਗੁਰਬਾਣੀ ਨੂੰ ਸਮਝ ਨਾਲ ਪੜ੍ਹਦਾ ਹੈ ,ਗੁਰਬਾਣੀ ਉਹਨੂੰ ਸਦਾ ਸੱਚ ਦ੍ਰਿੜਾਉਂਦੀ ਹੈ ।

ਸੁਰ-ਨਰ-ਮੁਨ-ਜਨ ਖੋਜਦੇ ਨੇ ਜਿਹਨੂੰ ਸਾਰੇ,ਅਮ੍ਰਿਤ ਹਰ ਪਲ ਬੰਦੇ ਨੂੰ ਛਕਾਉਂਦੀ ਹੈ ।
ਸਿੱਖੀ ਦਾ ਅਸੂਲ ਪਹਿਲਾ ਕਰਨੀ ਕਿਰਤ ਹੁੰਦੀ,ਕਿਰਤ ਨੂੰ ਸੁਕਿਰਤ ਵਿੱਚ ਬਾਣੀ ਹੀ ਵਟਾਉਂਦੀ ਹੈ ।

ਜਿਸਦੇ ਦਿਮਾਗ ਵਿੱਚ ਵੱਸ ਜਾਵੇ ਇੱਕ ਵਾਰ,ਉਸ ਨੂੰ ਖੰਡੇ ਦੀ ਤਿੱਖੀ ਧਾਰ ਤੇ ਨਚਾਉਂਦੀ ਹੈ ।
ਜੀਵੋ ਅਤੇ ਜੀਣ ਦੇਵੋ ਨਾਲੋਂ ਇਹ ਤਾਂ ਅੱਗੇ ਜਾਕੇ,ਦੂਜਿਆਂ ਨੂੰ ਜੀਣ ਵਾਲੀ ਪੌੜੀ ਤੇ ਚੜਾਉਂਦੀ ਹੈ ।

ਜਾਦੂ-ਟੂਣੇ-ਜੋਤਸ਼ ਤੇ ਵਹਿਮ-ਭਰਮ ਛੱਡ ਸਾਰੇ,ਵਿਪਰੀ ਝਮੇਲਿਆਂ ਨੂੰ ਸਿੱਧੇ ਰਾਹੇ ਪਾਉਂਦੀ ਹੈ ।
ਗੁਰਬਾਣੀ ਵਾਲੇ ਭਾਵ ਅਰਥ ਵਿਚਾਰ ਦੇਖੋ,ਗੁਰਬਾਣੀ ਸੱਚ ਦੀਆਂ ਗੱਲਾਂ ਹੀ ਸੁਣਾਉਂਦੀ ਹੈ ।

ਅੰਧ-ਵਿਸ਼ਵਾਸ ਤੇ ਕਰਮ-ਕਾਂਢ ਸੁੱਟ ਪਾਸੇ,ਸਾਂਝੇ ਰੱਬ ਵਾਲੀ ਸਾਂਝੀ ਭਗਤੀ ਬਤਾਉਂਦੀ ਹੈ ।
ਸਾਰੀ ਦੁਨੀੳ ਦੇ ਵਿੱਚ ਇੱਕ ਹੀ ਦਿਖਾਕੇ ਜੋਤ,ਤੇਰੇ-ਮੇਰੇ ਵਾਲਾ ਸਾਰਾ ਭਰਮ ਮਿਟਾਉਂਦੀ ਹੈ ।

ਗੈਰ-ਵਿਗਿਆਨਿਕ ਕਰਿਸ਼ਮੇ ਤੇ ਕਰਾਮਾਤਾਂ,ਛੱਡਕੇ ਹਕੀਕਤਾਂ ਦੇ ਨਾਲ ਟਕਰਾਉਂਦੀ ਹੈ ।
ਕੁਦਰਤ ਵਾਲੇ ਨਿਯਮਾਂ ਦੇ ਅੰਗ-ਸੰਗ ਰੱਖ,ਰੱਬ ਦਾ ਹੁਕਮ ਆਖ ਸਾਨੂੰ ਸਮਝਾਉਂਦੀ ਹੈ ।

ਸਾਧ-ਸੰਤ-ਡੇਰੇਦਾਰ ਬਣਦੇ ਵਿਚੋਲੇ ਜਿਹੜੇ,ਬਾਬੇ ਇਹ ਅਖੌਤੀਆਂ ਨੂੰ ਦੂਰ ਤੋਂ ਭਜਾਉਂਦੀ ਹੈ ।
ਗੁਰਬਾਣੀ ਧਾਰ ਬੰਦਾ ਗੁਰਬਾਣੀ ਬਣ ਜਾਂਦਾ,ਜੀਵਨ 'ਚ ਧਾਰੀ ਬਾਣੀ ਰੱਬ ਜੀ ਨੂੰ ਭਾਉਂਦੀ ਹੈ ।

ਬੰਦੇ ਵਿੱਚੋਂ ਗੁਰੂ ਚੇਲਾ ਹੋਣ ਵਾਲਾ ਭਰਮ ਕੱਢ,ਸੁਰਤੀ ਨੂੰ ਚੇਲਾ ਗੁਰੂ ਗਿਆਨ ਨੂੰ ਧਰਾਂਉਂਦੀ ਹੈ ।
ਬੰਦੇ ਅਤੇ ਰੱਬ ਦੀਆਂ ਪਰਤਾਂ ਨੂੰ ਦੂਰ ਕਰ,ਦੋਨਾਂ ਦੀਆਂ ਆਪੋਂ ਵਿੱਚ ਗੱਲਾਂ ਕਰਵਾਉਂਦੀ ਹੈ ।

ਇੱਕੋ ਗੁਰਬਾਣੀ ਦੀ ਵਿਚਾਰ ਜਦੋਂ ਕਰੀਦੀ ਏ,ਇੱਕ ਨਾਲ ਹੀ ਉਹ ਸਾਡਾ ਰਾਬਤਾ ਰਖਾਉਂਦੀ ਹੈ ।
ਇੱਕ ਨਾਲ ਬੰਦਾ ਜਦ ਜੁੜਦਾ ਏ ਇੱਕੋ ਰਾਹੀਂ,ਇੱਕ-ਮਿੱਕ ਵਾਲੀ ਉਹ ਅਵਸਥਾ ਸਦਾਉਂਦੀ ਹੈ ।

ਇੱਕ ਹੀ ਗ੍ਰੰਥ-ਪੰਥ ਇੱਕ ਗੁਰ-ਰੱਬ ਸਾਡਾ,ਇੱਕੋ ਮਰਿਆਦਾ ਗੁਰਬਾਣੀ ਫਰਮਾਉਂਦੀ ਹੈ ।
ਇੱਕ ਹੀ ਤਖਤ ਉਹਦਾ ਜਿੱਥੋਂ ਸੱਚਾ ਸੇਧ ਦੇਵੇ,ਸ਼ਕਤੀ-ਨਿਯਮ ਰੂਪੀ ਜੱਗ ਨੂੰ ਚਲਾਉਂਦੀ ਹੈ ।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ) 


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.