ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਕਾਗਜ਼ੀ ਅਸੂਲਾਂ ਦਾ ਬਥੇਰਾ ਗੁਣਗਾਨ ਹੈ , ਲੋੜ ਹੈ ਜਿਊਣ ਦੀ ਕਿ ਜੀਵਨ ਮਹਾਨ ਹੈ
ਕਾਗਜ਼ੀ ਅਸੂਲਾਂ ਦਾ ਬਥੇਰਾ ਗੁਣਗਾਨ ਹੈ , ਲੋੜ ਹੈ ਜਿਊਣ ਦੀ ਕਿ ਜੀਵਨ ਮਹਾਨ ਹੈ
Page Visitors: 2620

ਕਾਗਜ਼ੀ ਅਸੂਲਾਂ ਦਾ ਬਥੇਰਾ ਗੁਣਗਾਨ ਹੈ , ਲੋੜ ਹੈ ਜਿਊਣ ਦੀ ਕਿ ਜੀਵਨ ਮਹਾਨ ਹੈ

ਇੱਕੋ ਹੀ ਵਚਨ ਦਾ ਅਮਲ ਰੰਗ ਲਾ ਦਵੇ, ਔਖ ਸੌਖ ਵਿਚ ਸਾਡੇ ਨਾਲ ਉਹੋ ਆ ਬਹੇ
ਪਾਠ ਤਾਂ ਬਥੇਰੇ ਹੁੰਦੇ ਕਥਾ ਵੀ ਬਥੇਰੀ ਏ,ਅਮਲਾਂ ਦੇ ਬਾਝੋਂ ਸਾਡੀ ਆਤਮਾਂ ਹਨੇਰੀ ਏ
ਸਾਡੀ ਹੀ ਉਡੀਕ ਵਿਚ ਬੈਠਾ ਭਗਵਾਨ ਹੈ--- ਲੋੜ ਹੈ ਜਿਊਣ ਦੀ ਕਿ ਜੀਵਨ ਮਹਾਨ ਹੈ

ਕਹਿੰਦੇ ਰੱਬ ਨਾਲ ਟੁਰੂ ਜਿਹੜਾ ਖੁਦ ਆਪ ਤੁਰੂ, ਗੱਲਾਂ ਦੀ ਕਮਾਈ ਨਾਲ ਕਿਹਦਾ ਕਿਹਦਾ ਪੇਟ ਭਰੂ
ਕਹਿਣੀ ਅਤੇ ਕਥਨੀ ਦਾ ਹੋਇਆ ਨਾ ਸੁਮੇਲ ਜਦੋਂ, ਐਸੇ ਪ੍ਰਚਾਰਕਾਂ ਦਾ ਉਡੇਗਾ ਮਖੋਲ ਤਦੋਂ
ਏਹਨਾ ਹੀ ਚਿੰਤਾਵਾਂ ਵਿਚ ਧਰਮੀ ਸਮਾਨ ਹੈ-- ਲੋੜ ਹੈ ਜਿਊਣ ਦੀ ਕਿ ਜੀਵਨ ਮਹਾਨ ਹੈ

ਮਾਰਤੇ ਮੋਟਾਪੇ ਨੇ ਸਵਾਦਾਂ ਸਾਨੂੰ ਪੱਟਿਆ, ਨਰਕ ਬਣਾਇਆ ਜੀਣਾਂ ਮਨ ਨਹੀਓਂ ਹਟਿਆ
ਮਾਰ ਪੀਟ ਟੈਲੀ ਤੇ ਹੈ ਜਾਂ ਹੈ ਭੋਗ ਵਾਸ਼ਨਾਂ, ਹੋਵੇ ਪ੍ਰਵਚਨ ਜੇ ਚਿੱਤ ਨੂੰ ਉਹ ਰਾਸ ਨਾਂ
ਕਹਿਣੀ ਜਹੀ ਕਰਨੀ ਨਹੀਂ ਝੂਠਾ ਹੀ ਗੁਮਾਨ ਹੈ--- ਲੋੜ ਹੈ ਜਿਊਣ ਦੀ ਕਿ ਜੀਵਨ ਮਹਾਨ ਹੈ

ਮਨ ਜਾਂ ਨਾਂ ਮਨ ਤੇਰੇ ਪੁੱਤ ਧੀ ਪਰਾਏ ਹੋਏ, ਮੋਹ ਮਾਇਆ ਵਾਸਤੇ ਹੀ ਬਹੁਤੇ ਲਲਚਾਏ ਹੋਏ
ਫੋਕਾ ਦੁਨਿਆਵੀ ਚਾਰਾ ਸਾਂਝ ਨਹੀਂਓਂ ਗੁਣਾ ਕੇਰੀ, ਔਖਾ ਘਰ ਵਾਲਾ ਹੈ ਜੇ ਸੁਖੀ ਨਹੀਂਓਂ ਘਰ ਵਾਲੀ
ਐਵੇਂ ਹੈ ਜੰਜਾਲ ਸਾਰਾ ਕਾਹਦਾ ਦੱਸ ਮਾਨ ਹੈ-- ਲੋੜ ਹੈ ਜਿਊਣ ਦੀ ਕਿ ਜੀਵਨ ਮਹਾਨ ਹੈ

ਗੁਰੂ ਘਰਾਂ ਵਿਚ ਵੀ ਤਾਂ ਡਾਂਗ ਦਾ ਈ ਜੋਰ ਹੈ, ਪਤਾ ਸਾਨੂੰ ਹੁੰਦਾ ਕਿਹੜਾ ਸਾਧ ਕਿਹੜਾ ਚੋਰ ਹੈ
ਸੱਚ ਦੀ ਬਜਾਏ ਹਾਂ ਲਿਹਾਜਾਂ ਨੂੰ ਹੀ ਪਾਲਦੇ, ਉਹੀਓ ਸਾਨੂੰ ਚੰਗੇ ਜਿਹੜੇ ਹੁੰਦੇ ਸਾਡੇ ਨਾਲ ਦੇ
ਦੇਖ ਇਹ ਤਮਾਸ਼ਾ ਹਰ ਕੋਈ ਪ੍ਰੇਸ਼ਾਨ ਹੈ--- ਲੋੜ ਹੈ ਜਿਊਣ ਦੀ ਕਿ ਜੀਵਨ ਮਹਾਨ ਹੈ

ਰੱਬ ਦਾ ਹੈ ਵਾਸਤਾ ਕਿ ਰੱਬ ਤੇ ਨਾਂ ਸਭ ਛੱਡੋ, ਪੁੱਠੇ ਕੰਮ ਕਰਨੇ ਜੇ ਐਵੇਂ ਨਾਂ ਫਿਰ ਹੱਥ ਅੱਡੋ
ਸਾਲਾਂ ਬੱਧੀ ਹਾਲੇ ਵੀ ਜੇ ਨਾਮ ਜਪ ਹੋਇਆ ਨਹੀਂ, ਮੋਹ ਮਾਇਆ ਵਲੋਂ ਪਾਪੀ ਮਨ ਜੇ ਖਲੋਇਆ ਨਹੀਂ
ਬਾਹਰ ਤਾਂ ਕਿਤੇ ਨਹੀਂ ਤੁਹਾਡੇ ਵਿਚ ਹੀ ਸ਼ੈਤਾਨ ਹੈ--- ਲੋੜ ਹੈ ਜਿਊਣ ਦੀ ਕਿ ਜੀਵਨ ਮਹਾਨ ਹੈ

ਮਨ ਬਚ ਕਰਮਾਂ ਦੀ ਜਿਥੇ ਇੱਕਸਾਰਤਾ ਨਹੀਂ, ਜਿਹੜਾ ਰੂਹ ਨੂੰ ਰੂਪ ਵਾਂਗੂ ਰੱਜ ਕੇ ਸੰਵਾਰਦਾ ਨਹੀਂ
ਧਰਮੀ ਮਖੌਟਾ ਉਹਦੇ ਵਾਸਤੇ ਜੰਜੀਰ ਹੈ, ਆਪਣੇ ਲਈ ਵੀ ਅਤੇ ਹੋਰਾਂ ਲਈ ਉਹ ਪੀੜ ਹੈ
ਸਭ ਕੁਝ ਜਾਣ ਬੰਦਾ ਹੁੰਦਾ ਅਣਜਾਣ ਹੈ--- ਲੋੜ ਹੈ ਜਿਊਣ ਦੀ ਕਿ ਜੀਵਨ ਮਹਾਨ ਹੈ

ਲੋੜ ਬਸ ਜਾਗਣੇ ਦੀ ਜਾਗ ਕੇ ਗੁਜ਼ਾਰਾ ਹੋਣਾਂ, ਜਿਹੜਾ ਜਾਗ ਗਿਆ ਉਹਦਾ ਚੜ੍ਹਿਆ ਸਿਤਾਰਾ ਹੋਣਾਂ
ਸਾਡਾ ਇਤਹਾਸ ਸਾਨੂੰ ਰੱਜ ਕੇ ਵੰਗਾਰਦਾ, ਕੋਈ ਵੀ ਸਾਨੀ ਨਹੀਂਓਂ ਗੁਰੂ ਗ੍ਰੰਥ ਦੇ ਪਿਆਰ ਦਾ
ਵਿਰਸੇ ਦੇ ਬਲ ਤੇ ਹੀ ਸਿੱਖਾ ਤੇਰੀ ਸ਼ਾਨ ਹੈ--- ਲੋੜ ਹੈ ਜਿਊਣ ਦੀ ਕਿ ਜੀਵਨ ਮਹਾਨ ਹੈ

ਜਿਹੋ ਜਿਹਾ ਬਣਾ ਲਓ ਜੀਣਾਂ ਉਹੋ ਜਿਹਾ ਹੋ ਜਵੇ, ਹੋਸ਼ ਜੇ ਨਾਂ ਕੀਤੀ ਫਿਰ ਰੱਬ ਬੂਹਾ ਢੋ ਲਵੇ
ਸਾਰੇ ਦੁੱਖਾਂ ਸੁੱਖਾਂ ਦਾ ਤੂੰ ਖੁਦ ਜ਼ਿੰਮੇਵਾਰ ਏਂ, ਕਰਨੀ ਦੇ ਨਾਲ ਈ ਤੂੰ ਸੱਚਾ ਸਰਦਾਰ ਏਂ
ਤੇਰੇ ਕਿਰਦਾਰ ਨਾਲ ਤੇਰਾ ਸਵੈਮਾਨ ਹੈ--- ਲੋੜ ਹੈ ਜਿਊਣ ਦੀ ਕਿ ਜੀਵਨ ਮਹਾਨ ਹੈ

kulwantsinghdhesi@hotmail.com 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.