ਆਏ ਹਾਂ ਤੇਰੇ ਦਰ ਤੇ ਸਾਨੂੰ ਕਰਾਰ ਦੇ
ਆਏ ਹਾਂ ਤੇਰੇ ਦਰ ਤੇ ਸਾਨੂੰ ਕਰਾਰ ਦੇ
ਸੁਰ ਤਾਲ ਦੇ ਹਰ ਵਾਰ ਦੇ ਪੁਖਤਾ ਵਿਚਾਰ ਦੇ
ਸੁਣਿਆ ਕਿ ਰੂਪ ਦੇ ਕੇ ਆਪਣਾਂ ਨਿਵਾਜਦਾ ਏਂ
ਤੇਰਾ ਨਾ ਕੋਈ ਸਾਨੀ ਉਹੀ ਮਿਆਰ ਦੇ
ਮਿੱਟੀ ਔਕਾਤ ਮੇਰੀ ਤੇਰੀ ਰੀਸ ਕੀ ਕਰਾਂ ਮੈਂ
ਨਹੀਂ ਜੀਣ ਦਾ ਵੀ ਫਾਇਦਾ ਹੋਣਾਂ ਖੁਆਰ ਜੇ
ਤੇਰਾ ਮਾਣ ਮਰਤਬਾ ਹੈ ਤੂੰ ਹੀ ਜਵਾਬ ਦੇਵੀਂ
ਲੋਕਾਂ ਨੇ ਕਹਿਣਾ ਆਉਂਦਾ ਸਾਂ ਤੇਰੇ ਦੁਆਰ ਤੇ
ਕਿਣਕਾ ਨਦੀ ਸਮਾਕੇ ਜਾਵੇ ਸਮੁੰਦਰਾਂ ਨੂੰ
ਕੁਝ ਵੀ ਬਚੇ ਨਾਂ ਬਾਕੀ ਏਨਾਂ ਲਿਤਾੜ ਦੇ
ਜੀਵਨ ਗਜ਼ਲ ਹੋ ਜਾਏ ਕੁਝ ਸ਼ਿਅਰ ਬੀੜਨੇ ਲਈ
ਮੈਂ ਵੀ ਕਰਾਂਗਾ ਕੋਸ਼ਿਸ ਕੁਝ ਤੂੰ ਨਿਖਾਰ ਦੇ
ਮੇਰੇ ਇਸ਼ਕ ਰੱਤੇ ਨੈਣਾਂ ਦੀ ਇਸ ਜੋਤ ਨੂੰ ਨਾਂ ਛੇੜੀਂ
ਮਰਜ਼ੀ ਵਿਸਾਰ ਦੇ ਤੂੰ ਮਰਜ਼ੀ ਪਿਆਰ ਦੇ
ਏਨਾਂ ਕੁ ਦੱਸੀਂ ਮਾਹੀਆ ਮੇਰੀ ਨਜ਼ਮ ਕੀ ਕਹੇਗੀ
ਮੇਰਾ ਨਾਮ ਗੈਰਾਂ ਵਿਚ ਵੀ ਹੋਣਾਂ ਸ਼ੁਮਾਰ ਜੇ
ਸਾਹ ਮੁੱਕ ਗਏ ਨੇ ਬਾਕੀ ਬਾਜੀ ਮੁਹੱਬਤਾਂ ਦੀ
ਤੇਰਾ ਕੀ ਜਾਂਦਾ ਸਾਨੂੰ ਥੋੜ੍ਹੇ ਉਧਾਰ ਦੇ
ਸੰਸਾਰ ਫਾਨੀਏ ਵਿਚ ਬਾਕੀ ਕੀ ਬਚ ਰਹੂਗਾ
ਸਾਹਾਂ ਦੀ ਪ੍ਰੀਤ ਨੇ ਵੀ ਹੋਣਾਂ ਬੇਕਾਰ ਜੇ
ਮਿੱਟੀ ਦੇ ਬਾਵਿਆਂ ਤੋਂ ਕੀ ਆਸ ਰਖਨਾਂ ਏਂ
ਉਹਨਾਂ ਦੀ ਓਹੀ ਜਾਨਣ ਕਿੱਦਾਂ ਗੁਜ਼ਾਰਦੇ
ਇਹ ਭੇਤ ਹੈ ਖਿਜ਼ਾਂ ਦਾ ਕੋਈ ਜਾਣੇ ਜਾਂ ਨਾ ਜਾਣੇ
ਰੰਗ ਲੱਗਦੇ ਨਾਂ ਐਵੇਂ ਸੋਹਣੇ ਬਹਾਰ ਦੇ
ਇੰਝ ਜਾਪਦਾ ਹੈ ਈਸਾ ਮੁੜ ਕੇ ਨੇ ਪਰਤ ਆਏ
ਕੋਈ ਹਾਲ ਆ ਕੇ ਪੁੱਛਦਾ ਜੇਕਰ ਬਿਮਾਰ ਦੇ
ਜਿਊਣੇ ਨੂੰ ਲੋਚਦਾ ਏ ਤਾਂ ਫਿਰ ਜੀਣ ਦੀ ਕਲਾ ਦੇ
ਤੇਰੀ ਮੌਜ ਹੈ ਤੂੰ ਵਰਨਾ ‘ਢੇਸੀ’ ਨੂੰ ਮਾਰ ਦੇ
kulwantsinghdhesi@hotmail.com